ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰਸਿੱਧ ਸ਼ਾਇਰ ਸ. ਅਮਰੀਕ ਸਿੰਘ ਪੂੰਨੀ ਦੀ ਯਾਦ ਵਿਚ ਦੂਸਰਾ ਅੰਤਰ-ਕਾਲਜ ਪੰਜਾਬੀ ਗ਼ਜ਼ਲ ਗਾਇਨ ਮੁਕਾਬਲਾ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿਖੇ ਅਕਾਡਮੀ ਦੇ ਸਾਬਕਾ ਪ੍ਰਧਾਨ ਸਵਰਗੀ ਸ. ਅਮਰੀਕ ਸਿੰਘ ਪੂੰਨੀ ਜੀ ਦੀ ਯਾਦ ਵਿਚ ਦੂਸਰਾ ਅੰਤਰ-ਕਾਲਜ ਪੰਜਾਬੀ ਗ਼ਜ਼ਲ ਗਾਇਨ ਮੁਕਾਬਲਾ ਆਯੋਜਿਤ ਕੀਤਾ ਗਿਆ। ਅਮਰੀਕ ਸਿੰਘ ਪੂੰਨੀ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਸੁਯੋਗ ਸਾਸ਼ਕ, ਚੇਤੰਨ ਬੁੱਧ ਦੇ ਮਾਲਕ ਇਕ ਮਿਲਣਸਾਰ ਸ਼ਖ਼ਸੀਅਤ ਸਨ। ਉਨ੍ਹਾਂ ਨੇ ਪੰਜਾਬੀਆਂ ਦੀ ਹਰ ਸਮੱਸਿਆ ਅਤੇ ਸਰੋਕਾਰਾਂ ਨੂੰ ਆਪਣੀ ਗ਼ਜ਼ਲ ਦਾ ਵਿਸ਼ਾ ਬਣਾਇਆ। ਵਿਸ਼ੇ ਪੱਖੋਂ ਹੀ ਨਹੀਂ ਰੂਪਕ ਪੱਖੋਂ ਵੀ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ ਉਨ੍ਹਾਂ ਦਾ ਇਕ ਸਤਿਕਾਰਯੋਗ ਅਤੇ ਜ਼ਿਕਰਯੋਗ ਸਥਾਨ ਹੈ। ਇਸ ਮੁਕਾਬਲੇ ਵਿਚ ਪੰਜਾਬ ਭਰ ਤੋਂ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਸਮਾਗਮ ਦੇ ਆਰੰਭ ਵਿਚ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਅਜੋਕੇ ਸਮੇਂ ਗਾਇਕੀ ਦੇ ਖੇਤਰ ਵਿਚ ਆਏ ਨਿਘਾਰ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਅਤੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਸੰਗੀਤ ਅਧਿਆਪਕਾਂ ਇਸ ਗੰਧਲੇ ਮਾਹੋਲ ਦੇ ਖ਼ਿਲਾਫ਼ ਅੱਗੇ ਆਉਣਾ ਚਾਹੀਦਾ ਹੈ। ਸੰਗੀਤ ਨੂੰ ਪ੍ਰਨਾਏ ਵਿਦਿਆਰਥੀਆਂ ਨੂੰ ਉਨ੍ਹਾਂ ਨੇ ਮਿੱਟੀ ਦੇ ਦੀਵੇ ਤੁਲ ਸਮਝਦਿਆਂ ਕਿਹਾ ਕਿ ਜਿਵੇਂ ਕੱਚੀ ਮਿੱਟੀ ਦਾ ਦੀਵਾ ਆਵੇ ਵਿਚ ਪੱਕ ਕੇ ਕਠੋਰ ਸ਼ਕਲ ਧਾਰਣ ਕਰਦਾ ਹੈ ਅਤੇ ਫਿਰ ਰੌਸ਼ਨ ਹੋ ਹਨੇਰੇ ਦੇ ਖ਼ਿਲਾਫ਼ ਆਪਣਾ ਯੋਗਦਾਨ ਪਾਉਂਦਾ ਹੈ। ਵਿਦਿਆਰਥੀਆਂ ਨੂੰ ਵੀ ਇਸੇ ਤਰ੍ਹਾਂ ਇਸ ਗੰਧਲੇ ਤੇ ਹਨੇਰੇ ਮਾਹੋਲ ਦੇ ਖ਼ਿਲਾਫ਼ ਆਪਣੀ ਰੌਸ਼ਨੀ ਲੈ ਕੇ ਤੁਰਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਡਮੀ ਹਮੇਸ਼ਾ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਆਪਣੇ ਪ੍ਰੋਗ੍ਰਾਮ ਉਲੀਕਦੀ ਰਹਿੰਦੀ ਹੈ। ਇਹ ਪ੍ਰੋਗ੍ਰਾਮ ਵੀ ਇਨ੍ਹਾਂ ਹੀ ਸਾਰਥਿਕ ਲੀਹਾਂ ਦੀ ਉਸਾਰੀ ਹਿਤ ਉਲੀਕਿਆ ਗਿਆ ਹੈ।

ਇਸ ਮੁਕਾਬਲੇ ਵਿਚ ਜੇਤੂ ਟਰਾਫ਼ੀ ਖ਼ਾਲਸਾ ਕਾਲਜ ਫ਼ਾਰ ਵਿਮਨ, ਸਿਵਲ ਲਾਈਨਜ਼ ਲੁਧਿਆਣਾ ਦੀ ਅਮਰਪ੍ਰੀਤ ਕੌਰ ਅਤੇ ਮਿਨਾਕਸ਼ੀ ਰਾਣੀ ਨੇ ਹਾਸਲ ਕੀਤੀ। ਵਿਅਕਤੀਗਤ ਪੱਧਰ ਦੇ ਪੁਰਸਕਾਰਾਂ ਵਿਚ ਪਹਿਲਾ ਇਨਾਮ ਰਾਮਗੜ੍ਹੀਆ ਗਰਲਜ਼ ਕਾਲਜ ਦੀ ਵਿਦਿਆਰਥਣ ਮਹਿਕ ਜਮਾਲ ਨੇ ਪ੍ਰਾਪਤ ਕੀਤਾ। ਦੂਸਰਾ ਇਨਾਮ ਖ਼ਾਲਸਾ ਕਾਲਜ ਫ਼ਾਰ ਵਿਮਨ ਲੁਧਿਆਣਾ ਦੀ ਅਮਰਪ੍ਰੀਤ ਕੌਰ ਅਤੇ ਤੀਸਰਾ ਇਨਾਮ ਆਰੀਆ ਕਾਲਜ ਲੁਧਿਆਣਾ ਦੇ ਵਿਦਿਆਰਥੀ ਪ੍ਰਦੀਪ ਸਿੰਘ ਕਲੇਰ ਨੇ ਹਾਸਲ ਕੀਤਾ। ਉਤਸ਼ਾਹ ਵਧਾਊ ਪੁਰਸਕਾਰ ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ ਲੁਧਿਆਣਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਹਾਸਲ ਕੀਤਾ। ਇਨਾਮਾਂ ਦੀ ਵੰਡ ਪ੍ਰਸਿੱਧ ਗ਼ਜ਼ਲਗੋ ਸ. ਰਾਮ ਸਿੰਘ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਅਮਰਜੀਤ ਸਿੰਘ ਭੁੱਲਰ ਅਤੇ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਾਂਝੇ ਤੌਰ ’ਤੇ ਕੀਤੀ। ਇਸ ਸਮੇਂ ਜੱਜ ਦੀ ਭੂਮਿਕਾ ਨਿਭਾ ਰਹੇ ਪ੍ਰਸਿੱਧ ਸੰਗੀਤ ਅਧਿਆਪਕ ਅਤੇ ਨਿਰਦੇਸ਼ਕ ਪ੍ਰੋ. ਚਮਨ ਲਾਲ ਭੱਲਾ ਨੇ ਪੰਜਾਬੀ ਗ਼ਜ਼ਲ ਗਾਇਕੀ ਦੇ ਸੰਬੰਧ ਵਿਚ ਆਪਣੇ ਵਡਮੁੱਲੇ ਵਿਚਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਪ੍ਰੋਗ੍ਰਾਮ ਦੇ ਕਨਵੀਨਰ ਮਨਜਿੰਦਰ ਸਿੰਘ ਧਨੋਆ ਨੇ ਆਏ ਸਰੋਤਿਆਂ, ਪ੍ਰਤੀਯੋਗੀਆਂ, ਅਧਿਆਪਕਾਂ ਅਤੇ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਗ੍ਰਾਮ ਦੀ ਸਫ਼ਲਤਾ ਵਿਚ ਭਰਵਾਂ ਸਹਿਯੋਗ ਦਿੱਤਾ ਅਤੇ ਮੰਚ ਸੰਚਾਲਕ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਨੇ ਬਾਖ਼ੂਬੀ ਨਿਭਾਈ। ਨਿਰਣਾਇਕ ਵਜੋਂ ਪ੍ਰੋ. ਸੀ. ਐਲ.ਭੱਲਾ, ਤ੍ਰੈਲੋਚਨ ਲੋਚੀ, ਮਿਊਜ਼ਿਕ ਡਾਇਰੈਕਟਰ ਜੋਆਏ ਅਤੁਲ ਨੇ ਨਿਭਾਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਡਮੀ ਦੇ ਮੈਂਬਰ ਅਤੇ ਇਲਾਕੇ ਦੇ ਪ੍ਰਸਿੱਧ ਲੇਖਕ ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਸਤੀਸ਼ ਗੁਲਾਟੀ, ਤਰਸੇਮ ਨੂਰ, ਦੇਵਿੰਦਰ ਦਿਲਰੂਪ, ਇੰਦਰਜੀਤਪਾਲ ਕੌਰ, ਦਲਬੀਰ ਲੁਧਿਆਣਵੀ, ਤਰਲੋਚਨ ਸਿੰਘ ਨਾਟਕਕਾਰ, ਬਲਕੌਰ ਸਿੰਘ, ਰਵੀ ਰਵਿੰਦਰ, ਰੂਪ ਨਿਮਾਣਾ, ਸੁਰਜਨ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>