ਜਸਟਿਸ ਕੁਲਦੀਪ ਸਿੰਘ ‘ਤੇ ਅਧਾਰਿਤ ਟ੍ਰਿਬਿਊਨਲ ਦੀ ਰਿਪੋਰਟ ਅਨੁਸਾਰ ਚੰਡੀਗੜ੍ਹ ਦੇ ਨਜ਼ਦੀਕ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਵੱਲੋਂ ਕੀਤੇ ਨਜ਼ਾਇਜ ਕਬਜਿਆਂ ਨੂੰ ਖਤਮ ਕੀਤਾ ਜਾਵੇ : ਮਾਨ

ਚੰਡੀਗੜ੍ਹ – “ਕੁਝ ਸਮਾਂ ਪਹਿਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਹਦਾਇਤ ਅਨੁਸਾਰ ਜਸਟਿਸ ਕੁਲਦੀਪ ਸਿੰਘ (ਸੇਵਾ-ਮੁਕਤ) ‘ਤੇ ਅਧਾਰਿਤ ਚੰਡੀਗੜ੍ਹ ਦੇ ਆਲੇ-ਦੁਆਲੇ ਸਾਮਲਾਟੀ ਅਤੇ ਸਰਕਾਰੀ ਜਮੀਨਾਂ ਉਤੇ ਇਥੋ ਦੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਵੱਲੋਂ ਕੀਤੇ ਗਏ ਨਜ਼ਾਇਜ ਕਬਜਿਆਂ ਦੇ ਸੱਚ ਨੂੰ ਸਾਹਮਣੇ ਲਿਆਉਣ ਅਤੇ ਇਹਨਾਂ ਕਬਜਿਆਂ ਨੂੰ ਖ਼ਤਮ ਕਰਨ ਹਿੱਤ ਟ੍ਰਿਬਿਊਨਲ ਕਾਇਮ ਕੀਤਾ ਗਿਆ ਸੀ । ਜਿਸ ਦੀ ਰਿਪੋਰਟ ਜਨਤਕ ਹੋਣ ‘ਤੇ ਪੰਜਾਬ ਦੇ ਵੱਡੇ-ਵੱਡੇ ਸਿਆਸਤਦਾਨਾਂ ਅਤੇ ਅਫ਼ਸਰਾਂ ਦੇ ਨਾਮ ਸਾਹਮਣੇ ਆਏ ਸਨ । ਇਸ ਰਿਪੋਰਟ ਵਿਚ ਜਸਟਿਸ ਕੁਲਦੀਪ ਸਿੰਘ ਨੇ ਤੱਥਾਂ ਅਤੇ ਦਲੀਲਾਂ ਸਾਹਿਤ ਐਨ.ਪੀ.ਐਸ.ਔਲਖ, ਐਸ.ਐਸ. ਵਿਰਕ, ਕੇ.ਪੀ.ਐਸ. ਗਿੱਲ, ਸੁਮੇਧ ਸੈਣੀ ਵਰਗੇ ਵੱਡੇ ਪੁਲਿਸ ਅਫ਼ਸਰਾਂ ਅਤੇ ਬਹੁਤ ਸਾਰੇ ਸਿਆਸਤਦਾਨਾਂ ਦਾ ਵੇਰਵਾ ਦਿੰਦੇ ਹੋਏ ਨਜ਼ਾਇਜ ਕਬਜਿਆਂ ਸੰਬੰਧੀ ਰਿਪੋਰਟ ਜਾਰੀ ਕੀਤੀ ਸੀ । ਫਿਰ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋਂ ਇਹਨਾਂ ਦੋਸ਼ੀ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਵਿਰੁੱਧ ਕਾਨੂੰਨੀ ਕਾਰਵਾਈ ਅੱਜ ਤੱਕ ਕਿਉ ਨਹੀ ਕੀਤੀ ਗਈ ਅਤੇ ਇਹਨਾਂ ਜਨਤਾ ਨਾਲ ਧੋਖੇ ਕਰਨ ਵਾਲਿਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਕਰਨ ਦੀ ਬਜ਼ਾਇ ਤਰੱਕੀਆਂ ਅਤੇ ਸੁਰੱਖਿਆ ਛਤਰੀਆ ਕਿਉ ਦਿੱਤੀਆਂ ਜਾ ਰਹੀਆਂ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋ ਚੰਡੀਗੜ੍ਹ ਦੇ ਨਜ਼ਦੀਕ ਹਜ਼ਾਰਾਂ ਏਕੜ ਜਮੀਨਾਂ ਉਤੇ ਕੀਤੇ ਗਏ ਗੈਰ ਕਾਨੂੰਨੀ ਕਬਜਿਆਂ ਨੂੰ ਖ਼ਤਮ ਕਰਵਾਉਣ ਦੀ ਪੁਰਜੋਰ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਹਨਾਂ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੇ ਕੇਵਲ ਕਰੋੜਾਂ-ਅਰਬਾਂ ਰੁਪਏ ਦੀਆਂ ਜ਼ਮੀਨਾਂ ਉਤੇ ਹੀ ਨਜ਼ਾਇਜ ਕਬਜੇ ਨਹੀ ਕੀਤੇ ਹੋਏ, ਬਲਕਿ ਇਹਨਾਂ ਜ਼ਮੀਨਾਂ ਵਿਚ ਸਿਆਸਤਦਾਨ ਆਪੋ-ਆਪਣੇ ਉੱਚ ਅਹੁਦਿਆਂ ਅਤੇ ਅਫ਼ਸਰਸ਼ਾਹੀ ਆਪਣੀ ਤਾਕਤ ਦੀ ਦੁਰਵਰਤੋ ਕਰਕੇ ਕਈ ਤਰ੍ਹਾਂ ਦੇ ਗੈਰ ਕਾਨੂੰਨੀ ਧੰਦੇ ਵੀ ਕਰਵਾ ਰਹੇ ਹਨ । ਜਿਸ ਨਾਲ ਚੰਡੀਗੜ੍ਹ ਵਿਚ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਅਪਰਾਧਿਕ ਕਾਰਵਾਈਆਂ ਜੋਰਾ ਤੇ ਚੱਲ ਰਹੀਆਂ ਹਨ । ਜਿਸ ਨਾਲ ਇਥੋ ਦਾ ਸਮਾਜ, ਸਮਾਜਿਕ ਬੁਰਾਈਆਂ ਦੀ ਬਦੌਲਤ ਦਿਨ-ਬ-ਦਿਨ ਗੰਧਲਾ ਹੁੰਦਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜੋ ਇਮਾਨਦਾਰ ਅਫ਼ਸਰਸ਼ਾਹੀ ਅਜਿਹੀਆਂ ਗੈਰ ਕਾਨੂੰਨੀ ਅਪਰਾਧਿਕ ਕਾਰਵਾਈਆਂ ਨੂੰ ਖ਼ਤਮ ਕਰਨ ਲਈ ਆਪਣੀ ਜਿੰਦ-ਜਾਨ ਸਭ ਕੁਝ ਦਾਅ ਤੇ ਲਗਾਉਣ ਲਈ ਤਤਪਰ ਹੈ, ਅਜਿਹੀ ਇਮਾਨਦਾਰ ਅਫ਼ਸਰਸ਼ਾਹੀ ਨੂੰ ਤੁਰੰਤ ਅਜਿਹੇ ਥਾਂ ਤੇ ਬਦਲ ਦਿੱਤਾ ਜਾਂਦਾ ਹੈ, ਜਿਥੇ ਉਹਨਾਂ ਨੂੰ ਆਪਣੇ ਮਿਸਨ ਵਿਚ ਸਹਿਯੋਗ ਨਾ ਮਿਲੇ । ਉਹਨਾਂ ਕਿਹਾ ਕਿ ਹਰਿਆਣੇ ਦਾ ਫੜਿਆ ਗਿਆ ਜਗਦੀਸ ਭੋਲਾ ਡੀ.ਐਸ.ਪੀ, ਹਰਿਆਣੇ ਅਤੇ ਪੰਜਾਬ ਦੇ ਸਿਆਸਤਦਾਨਾਂ-ਅਫ਼ਸਰਸ਼ਾਹੀ ਦੇ ਪੁੱਤਰਾਂ, ਸੰਬੰਧੀਆਂ ਵੱਲੋਂ ਅਜਿਹੀਆਂ ਅਪਰਾਧਿਕ ਕਾਰਵਾਈਆਂ ਦੇ ਸਰਗਣੇ ਬਣਨਾ ਇਸ ਗੱਲ ਦੀ ਪ੍ਰਤੱਖ ਮਿਸਾਲ ਹੈ ਕਿ ਅਜਿਹੇ ਧੰਦੇ ਰਿਸ਼ਵਤਖੋਰ ਵਜ਼ੀਰਾਂ ਅਤੇ ਅਫ਼ਸਰਸ਼ਾਹੀ ਦੀ ਸਰਪ੍ਰਸਤੀ ਤੋ ਬਿਨ੍ਹਾਂ ਪ੍ਰਫੁੱਲਿਤ ਨਹੀ ਹੋ ਸਕਦੇ । ਇਸ ਲਈ ਜਿਥੇ ਗੈਰ ਕਾਨੂੰਨੀ ਕਾਰਵਾਈਆਂ ਕਰਨ ਵਾਲੇ ਸਮਾਜ ਨੂੰ ਗੰਧਲਾ ਕਰਨ ਦੇ ਦੋਸ਼ੀ ਹਨ, ਉਥੇ ਗੈਰ ਇਖ਼ਲਾਕੀ ਸਿਆਸਤਦਾਨ ਅਤੇ ਅਫ਼ਸਰਸ਼ਾਹੀ ਮੁੱਖ ਦੋਸ਼ੀ ਹੈ । ਜੇ ਇੰਝ ਕਹਿ ਲਿਆ ਜਾਵੇ ਕਿ ਇਥੇ ਤਾਂ “ਵਾੜ ਹੀ ਖੇਤ ਨੂੰ ਖਾ ਰਹੀ ਹੈ” ਵਿਚ ਕੋਈ ਅਤਿਕਥਨੀ ਨਹੀ ਹੋਵੇਗੀ । ਇਸ ਲਈ ਪੰਜਾਬੀਆਂ ਅਤੇ ਸਿੱਖ ਕੌਮ ਦੀ ਅਜਿਹੇ ਸਮੇਂ ਹੋਰ ਵੀ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਅਪਰਾਧਿਕ ਕਾਰਵਾਈਆਂ ਵਿਚ ਸ਼ਾਮਿਲ ਸਿਆਸਤਦਾਨ ਅਤੇ ਅਫ਼ਸਰਸ਼ਾਹੀ ਨੂੰ ਕਿਸੇ ਡਰ ਜਾਂ ਆਪਣੇ ਸਵਾਰਥ ਲਈ ਬਿਲਕੁਲ ਸਾਥ ਨਾ ਦੇਣ । ਬਲਕਿ ਅਪਰਾਧੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਹਿੱਤ ਆਪਣੀਆਂ ਸਿੱਖੀ ਪ੍ਰੰਪਰਾਵਾਂ ਅਨੁਸਾਰ ਨਿਡਰਤਾ ਨਾਲ ਆਪਣੇ ਫਰਜ ਅਦਾ ਕਰਨ ਤਾਂ ਜੋ ਅਸੀਂ ਇਕ ਅੱਛੇ ਸਮਾਜ ਦੀ ਸਿਰਜਣਾ ਕਰ ਸਕੀਏ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>