ਬਲਿਓ ਚਰਾਗ ਅੰਧਿਯਾਰ ਮਹਿ………

ਗੁਰੂ ਨਾਨਕ ਦੇਵ ਜੀ ਕੇਵਲ ਇੱਕ ਇਤਿਹਾਸਕ ਨਾਇਕ ਹੀ ਨਹੀੇਂ ਬਲਕਿ ਇਲਾਹੀ ਜੋਤ, ਖੁਦਾਈ ਨੂਰ ਅਤੇ ਰੱਬੀ ਰਹਿਮਤਾਂ ਅਤੇ ਬਖਸ਼ਿਦਾ ਅਤੁੱਟ ਭੰਡਾਰ ਹਨ।ਉਨ੍ਹਾਂ ਦਾ ਸੰਸਾਰ  ਆਗਮਨ, ਮਨੁੱਖੀ ਆਤਮਾਂ ਦਾ ਜਾਗਰਤ ਹੋਣਾ ਤੇ ਮਾਨਵਵਾਦ ਦਾ ਉਦੈ ਹੈ ।ਇਹ ਵਿਸ਼ਵ ਜਿਹੜਾ ਅੰਧ ਵਿਸ਼ਵਾਸ਼ ਦੀਆਂ ਘੁੰਮਣ ਘੇਰੀਆਂ ਜਾਂ ਖੁਆਬ  ਅਵਸਥਾ ਵਿੱਚ ਸੀ ਉਸਨੂੰ ਗੁਰੂ ਪਾਤਸ਼ਾਹ ਨੇ ਹਕੀਕਤ ਦਾ ਜੀਵਨ ਮਾਰਗ ਦਰਸਾਇਆ।ਡਾ: ਇਕਬਾਲ ਅਨੁਸਾਰ

ਆਸ਼ਕਾਰ ਉਸਨੇ ਕੀਆ ਜੋ ਜਿੰਦਗੀ ਕਾ ਰਾਜ਼ ਥਾ
ਹਿੰਦ ਕੋ ਲੇਕਿਨ ਖਿਆਲੀ ਫਲਸਫੇ ਪਰ ਨਾਜ਼ ਥਾ

ਅਨੇਕਾਂ ਅਵਤਾਰਾਂ ਅਥਵਾ ਬ੍ਰਹਮਾਂ, ਵਿਸ਼ਨੂੰ, ਮਹੇਸ਼ ਅਤੇ ਫੇਰ ਵਿਸ਼ਨੂੰ ਦੇ 24 ਅਵਤਾਰ ਦੇਵੀ ਦੇਵਤੇ ਅਤੇ ਉਹਨਾਂ ਦੇ ਕਿਰਤਮ ਬੁੱਤ ਬਣਾ ਕੇ ਉਹਨਾਂ ਦੀ ਪੂਜਾ ਹੋ ਰਹੀ ਸੀ ਜਿਸਨੇ ਸਾਰੇ ਦੇਸ਼ ਸਮਾਜ ਨੂੰ ਵੰਡਿਆ ਹੋਇਆ ਸੀ।ਇਸ ਦੇਸ਼ ਸਮਾਜ ਵਿੱਚ ਰੱਬੀ ਏਕਤਾ ਦਾ ਨਾਅਰਾ ਪਹਿਲੀ ਵਾਰ ਗੁਰੂ ਨਾਨਕ ਜੀ ਨੇ ਬੁਲੰਦ ਕੀਤਾ ਜਿਸਦਾ  ਡਾ: ਇਕਬਾਲ ਨੇ ਕਥਨ ਇਉਂ ਕੀਤਾ ਹੈ:

ਫਿਰ ਉਠੀ ਆਖਿਰ ਸਦ੍ਹਾ ਤੌਹੀਦ ਕੀ ਪੰਜਾਬ ਸੇ
ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖੁਆਬ ਸੇ

ਰੱਬੀ ਏਕਤਾ ਤੋਂ ਹੀ ਮਨੁੱਖੀ ਬਰਾਬਰਤਾ, ਸਹਿਹੋਂਦ ਅਤੇ ਅਜਾਦੀ ਦੀ ਇਨਕਲਾਬੀ ਵਿਚਾਰਧਾਰਾ ਦਾ ਆਗਾਜ ਹੋਇਆ।ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਆਗਮਨ ਨੂੰ ਸੂਰਜ ਦਾ ਉਦੈ ਹੋਣਾਂ ਅਥਵਾ ਸੱਚ ਦਾ ਪ੍ਰਕਾਸ਼ ਅਤੇ ਉਹਨਾਂ ਦੇ ਰੱਬੀ ਬੋਲਾਂ ਨੂੰ ‘‘ਸਿੰਘ ਗਰਜ਼” (ਸ਼ੇਰ ਦੀ ਨਿਰਭੈ ਆਵਾਜ਼ ਦੱਸਿਆ) ਜ਼ੋ ਅੱਤ ਬਿਖਮ ਹਾਲਾਤ ਵਿੱਚ ਵੀ ਸੱਚ ਸੁਨਾਉਣ ਦੇ ਸਮਰੱਥ ਹੋਈ….

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣ ਹੋਆ……
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ……..
ਗੁਰਮੁਖ ਕਲ ਵਿੱਚ ਪ੍ਰਗਟੁ ਹੋਆ

ਮਨੁੱਖੀ ਸਮਾਜ ਦੀ ਹੋ ਰਹੀ ਅਧੋਗਤੀ ਅਤੇ ਮਨੁੱਖ ਦੀ ਦਰਦ ਭਰੀ ਪੁਕਾਰ ਸੁਣ ਜਿਸਨੂੰ ਸਵਾਮੀ ਵਿਵੇਕਾਨੰਦ ਦੇ ਸ਼ਬਦਾਂ ਵਿਚ
‘ ਪ੍ਰਮਾਤਮਾਂ ਨੇ ਸੰਸਾਰ ਦੀ ਅੱਤ ਭੈੜੀ ਦਸ਼ਾ ਦੇਖ ਤੇ ਮਨੁੱਖ ਦੀ ਦਰਦਭਰੀ ਆਵਾਜ਼ ਸੁਣੀਂ ਤਾਂ ਪ੍ਰਮਾਤਮਾਂ ਦੀ ਅੱਖ ਵਿੱਚੋਂ ਇੱਕ ਹੰਝੂ ਵਗਿਆ ਜੋ ਗੁਰੂ ਨਾਨਕ ਦਾ ਰੂਪ ਧਾਰ ਜਗਤ ਵਿੱਚ ਪ੍ਰਗਟ ਹੋਇਆ’:

‘‘ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਇਆ”(ਭਾਈ ਗੁਰਦਾਸ)

ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਲਹੋਰ ਦੇ ਨਜ਼ਦੀਕ ਰਾਇ ਭੋਇ ਦੀ ਤਲਵੰਡੀ (ਜੋ ਅੱਜ ਨਨਕਾਣਾਂ ਸਾਹਿਬ ਦੇ ਨਾਮ ਨਾਲ ਜਗਤ ਪ੍ਰਸਿੱਧ ਹੈ) ਦੀ ਸੁਭਾਗ ਧਰਤੀ ਤੇ ਸੰਨ 1469 ਈਸਵੀ ਵਿੱਚ ਪਿਤਾ ਕਲਿਆਣ ਦਾਸ ਅਥਵਾ ਮਹਿਤਾ ਕਾਲੂ ਜੀ ਦੇ ਗ੍ਰਹਿ, ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਅਗੰਮੀ ਨੂਰ ਦਾ ਆਗਮਨ ਹੋਇਆ:

‘‘ਆਪ ਨਰਾਇਣ ਕਲਾ ਧਾਰਿ ਜਗਿ ਮੇ ਪਰਵਰਰਿਓ”…….
ਗੁਰੂ ਨਾਨਕ ਆਮਦ ਨਾਰਾਇਣ ਸਰੂਪ

ਤਲਵੰਡੀ ਅਰਥਾਤ ਨਨਕਾਣਾਂ ਸਾਹਿਬ ਵਿੱਚ ਗੁਰੂ ਨਾਨਕ ਦੀ ਅਜ਼ਮਤ ਨੂੰ ਜਲਵਾਗਰ ਕਰਨ ਲਈ ਕਰਤਾ ਪੁਰਖ ਨੇ ਅਨੇਕਾ ਕ੍ਰਿਸ਼ਮੇ ਵਰਤਾਏ ਜਿਨ੍ਹਾਂ ਦਾ ਵਰਤਾਰਾ ਪੁਰਾਤਣ ਜਨਮ ਸਾਖੀ ਵਿੱਚ ਵਿਸਥਾਰਤ ਰੂਪ ਵਿੱਚ ਦਰਜ ਹੈ। ਇਹ ਪਾਵਨ ਧਰਤੀ ਸਤਿਗੁਰੂ ਦੇ ਕ੍ਰਿਸ਼ਮਈ ਦੀਦਾਰ ਨਾਲ ਸਰਸ਼ਾਰ ਹੈ। ਜਿਸਨੇ ਵੀ ਗੁਰੂ ਨਾਨਕ ਜੀ ਦੇ ਦਰਸ਼ਨ ਕੀਤੇ ਤੇ ਬੋਲ ਸੁਨਣ ਦਾ ਸੁਭਾਗ ਪ੍ਰਾਪਤ ਕੀਤਾ ਉਹ ਕਹਿ ਉਠੇ ‘‘ਦੇਖੇ ਤੋ ਜੋਤ ਸਰੂਪ ਬੋਲੇ ਤੋ ਗਿਆਨ ਸਰੂਪ।”ਪਾਠਸ਼ਾਲਾ ਗਏ ਤਾਂ ਪਾਂਧੇ ਕੋਲੋਂ ਦੇਵਨਾਗਰੀ ਤੇ ਮੁੱਲਾਂ ਕੋਲੋਂ ਫਾਰਸੀ ਤੇ ਅਰਬੀ ਪੜ੍ਹੀ, ਪਰ ਬਾਲਕ ਨਾਨਕ ਦੇ ਸੁਆਲ ਸੁਣ ਪਾਂਧਾ ਤੇ ਮੁੱਲਾਂ ਅਸਚਰਜ ਚਿੱਤ ਰਹਿ ਗਏ ਤੇ ਮਹਿਤਾ ਜੀ ਨੂੰ ਕਿਹਾਕਿ ਇਹ ਤਾਂ ਅਗਮ ਨਿਗਮ ਦੀਆਂ ਬਾਤਾਂ ਕਰਦਾ ਹੈ, ਇਲਮ ਦਾ ਖਜਾਨਾਂ ਧੁਰ ਦਰਗਾਹੋਂ ਲੈ ਕੇ ਆਇਆ ਹੈ।ਇਸ ਪਾਵਨ ਧਰਤੀ ਨੇ ਹੀ ਪਹਿਲੇ ਇਨਕਲਾਬੀ ਬਚਨ ਸਰਵਨ ਕੀਤੇ ਜਦੋਂ 9 ਸਾਲ ਦੀ ਉਮਰ ਵਿੱਚ ਪੰਡਤ ਹਰਦਿਆਲ ਜਨੇਊ ਪਾਉਣ ਦੀ ਰਸਮ ਅਦਾ ਕਰਨ ਲਈ ਆਇਆ। ਬੇਦੀ, ਖੱਤਰੀਆਂ ਦੀ ਭਰੀ ਬਰਾਦਰੀ ਵਿੱਚ ਇਨਕਾਰ ਕਰ ਸੱਚ ਸੁਣਾਇਆ ਕਿ ਇਹ ਜਨੇਊ ਮਨੁੱਖੀ ਸਮਾਜ ਵਿੱਚ ਵੰਡੀਆਂ ਪਾਉਂਦਾ ਹੈ। ਬ੍ਰਾਹਮਣ ਦਾ ਤਿੰਨ ਸੂਤਰ ਦਾ, ਖੱਤਰੀਆਂ ਦਾ ਦੋ ਸੂਤਰ, ਵੈਸ਼ ਦਾ ਇੱਕ ਸੂਤਰ ਤੇ ਦਲਿਤ ਜਾਤੀਆਂ ਤੇ ਇਸਤਰੀਆਂ ਨੂੰ ਪਾਉਣ ਦਾ ਅਧਿਕਾਰ ਨਹੀਂ। ਪਾਤਸ਼ਾਹ ਨੇ ਜੋ ਉਸ ਸਮੇਂ ਬਚਨ ਉਚਾਰੇ ਉਹ ਬਾਅਦ ਵਿੱਚ ਗੁਰਬਾਣੀਂ ਵਿੱਚ ਇਉਂ ਅੰਕਿਤ ਹੋਏ

‘‘ਦਇਆ ਕਪਾਹ ਸੰਤੋਖ ਸੂਤ ਜਤੁ ਗੰਢੀ ਸਤਿ ਵੱਟੁ

ਏਹ ਜਨੇਊ ਜੀਅ ਕਾ ਹਈ ਤਾ ਪਾਂਡੇ ਘਤਿ”………

ਸਤਿਗੁਰੂ ਦੇ ਜੀਵਨ ਦਾ ਅਗਲਾ ਪੜਾਅ ਸੁਲਤਾਨਪੁਰ ਲੋਧੀ ਦਾ ਹੈ, ਜਿੱਥੇ ਵੱਡੀ ਭੈਣ ਤੇ ਭਾਈਆ ਜੈ ਰਾਮ ਗੁਰੂ ਜੀ ਨੂੰ ਆਪਣੇਂ ਪਾਸ ਲੈ ਆਏ। ਇੱਥੇ ਹੀ ਨਵਾਬ ਦੌਲਤ ਖਾਂ ਨੇ ਸਰਕਾਰੀ ਅੰਨ ਭੰਡਾਰ ਦਾ ਕਾਰ ਵਿਹਾਰ ਗੁਰੂ ਨਾਨਕ ਜੀ ਨੂੰ ਸੰਭਾਲ ਦਿੱਤਾ ਤੇ ਅੰਨ ਤੋਲਦਿਆਂ ਤੋਲਦਿਆਂ ਗੁਰੂ ਜੀ ਦੇ ਮੁੱਖੋਂ ਤੇਰਾ ਤੇਰਾ ਦੀ ਅਵਾਜ ਸੁਣਾਈ ਦਿੱਤੀ। ਇੱਥੇ ਹੀ ਨਾਲ ਵਗਦੀ ਵੇਈਂ ਨਦੀ ਵਿੱਚ ਰੋਜ਼ ਵਾਂਗ ਇਸ਼ਨਾਨ ਕਰਨ ਲਈ ਗੁਰੂ ਪਾਤਸ਼ਾਹ ਜਦ ਗਏ ਤਾਂ ਤਿੰਨ ਦਿਨ ਤੇ ਤਿੰਨ ਰਾਤਾਂ ਜਲ ਸਮਾਧੀ ਦੌਰਾਨ ਪਰਮ ਪਿਤਾ ਪਰਮੇਸ਼ਰ ਦਾ ‘‘ਪ੍ਰਭ ਕਾ ਧਰਮ ਪੰਥ ਪ੍ਰਗਟ ਕਰਨਾਂ” ਦਾ ਆਦੇਸ ਪ੍ਰਾਪਤ ਹੋਇਆ। ਗੁਰ ਪਰਮੇਸ਼ਰ ਦੀ ਪੱਦਵੀ ਦੀ ਬਖਸ਼ਿਸ਼ ਹੋਈ।ਪੁਰਾਤਨ ਜਨਮ ਸਾਖੀ ਅਨੁਸਾਰ ਕਿਰਤਮ ਦੀ ਪੂਜਾ ਤੋਂ ਹਟਾ ਕੇ ਕਰਤੇ ਨਾਲ ਜੋੜਨ ਲਈ ਨਾਮ ਧੰਨ ਦੀ ਪ੍ਰਾਪਤੀ ਹੋਈ, ਆਦੇਸ਼ ਸੀ ‘‘ਆਪ ਜਪਹੁ ਅਵਰਾ ਨਾਮ ਜਪਾਵਹੁ” ਅਤੇ ਨਾਲ ਹੀ ਜੀਵਨ ਮੁਕਤ ਕਰਨ ਅਤੇ ਨਦਰੀ ਨਦਰ ਨਿਹਾਲ ਕਰਨ ਦੀ ਸਕਪ੍ਰਦਾਨ ਕੀਤੀ। ਵੇਈਂ ਨਦੀ ਵਿੱਚੋਂ ਬਾਹਰ ਆ ਜਨਮ ਸਾਖੀ ਦੇ ਸ਼ਬਦਾਂ ਵਿੱਚ ਖੱਫਨੀਂ ਸਿਰ ਤੇ ਬੰਨ ਕਿਹਾ ਨਾ ਹਿੰਦੂ ਨਾ ਮੁਸਲਮਾਨ। ਇੱਥੇ ਹੀ ਮੂਲ ਮੰਤਰ ਇੱਕ ਓਅੰਕਾਰ ਤੋਂ ਗੁਰ ਪ੍ਰਸਾਦਿ ਤੀਕ ਉਚਾਰਿਆ। ਪ੍ਰਮਾਤਮਾਂ ਦੀ ਹਸਤੀ ਨਾ ਹਿੰਦੂ ਤੇ ਨਾ ਮੁਸਲਮਾਨ ਹੈ। ਉਹ ਤਾਂ ਅਮਜਬੇ ਹੈ। ਸਾਰੇ ਧਰਮ ਮਜਹਬ ਪ੍ਰਮਾਤਮਾਂ ਤੋਂ ਹੀ ਉਪਜੇ ਹਨ ਪਰ ਪ੍ਰਮਾਤਮਾਂ ਦਾ ਆਪਣਾਂ ਕੋਈ ਵਿਸ਼ੇਸ਼ ਧਰਮ ਨਹੀਂ। ਇਸ ਲਈ ਆਪਣੇਂ ਮਜਹਬ ਨੂੰ ਉਚਾ ਅਤੇ ਪਾਕ ਅਤੇ ਦੂਸਰੇ ਧਰਮ ਨੂੰ ਨੀਵਾਂ ਦਿਖਾਉਣ ਦਾ ਹੰਕਾਰ ਧਰਮ ਦੇ ਪੱਤਨ ਦਾ ਕਾਰਣ ਹੈ ਅਤੇ ਲੋਕਾਈ ਨੂੰ ਵੰਡਦਾ ਹੈ।

1) ਮੂਲ ਮੰਤਰ ਵਿੱਚ ਦ੍ਰਿੜ ਕਰਵਾਇਆ ਕਿ ਪਰਮ ਸੱਤ ਕੇਵਲ ਇੱਕ ਹੈ, ਉਸਦਾ ਆਪਣਾਂ ਕੋਈ ਵਿਸੇਨਾਮ ਨਹੀਂ। ਮੂਲ ਮੰਤਰ ਵਿੱਚ ਸਾਰੇ ਸਿਫਤੀ ਗੁਣ ਅਤੇ ਨਾਮ ਹੀ ਦਰਸਾਏ ਗਏ।

2) ਗੁਰੂ ਨਾਨਕ ਨੇ ਆਪਣੇਂ ਬਾਰੇ ਦੱਸਿਆ ਹੈ ਕਿ ਮੈਂ ਨਾ ਮੁਸਲਮਾਨ ਹਸਤੀ ਤੇ ਨਾ ਹੀ ਹਿੰਦੂ ਹਸਤੀ ਹਾਂ ਬਲ ਕਿ ਸਾਰਿਆ ਨਾਲ ਚੱਲਣਾਂ ਅਤੇ ਸਭ ਨੂੰ ਨਾਲ ਲੈ ਕੇ ਚੱਲਣਾਂ ਹੀ ਮੇਰਾ ਧਰਮ ਹੈ।

‘‘ਏਕੋ ਧਰਮੁ ਦ੍ਰਿੜਉ ਸਚਿ ਕੋਇ”

ਭਾਈ ਗੁਰਦਾਸ ਜੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਇਸ ਉਚ ਉਪਦੇਸ਼ ਨੂੰ ਸੁਣਾ ਜਗਤ ਦੇ ਦੁੱਖ ਨੂੰ ਅਨੁਭਵ ਕਰ ਧਰਤ ਲੋਕਾਈ ਸੋਧਣ ਲਈ ਗੁਰੂ ਨਾਨਕ ਨੇ ਗੁਰੂ ਰੂਪ ਵਿੱਚ ਕਾਰਜ ਆਰੰਭ ਕੀਤਾ

‘‘ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ”
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ
ਚੜ੍ਹਿਆ ਸੋਧਣ ਧਰਤਿ ਲੁਕਾਈ”

ਤਲਵੰਡੀ ਤੋਂ ਹੀ ਸੰਗੀਤ ਦੀ ਡਾਢੀ ਸਮਝ ਰੱਖਣ ਵਾਲੇ ‘ਦਾਨਾ’ਨਾਮ ਦੇ ਮਿਰਾਸੀ ਦਾਸਾਥਪ੍ਰਾਪਤਕਰ ਆਪਣੀ ਪਹਿਲੀ ਸਿੱਖ ਵਡੀ ਭੈਣ ਬੇਬੇ ਨਾਨਕੀ ਜੀ ਤੋਂ ਨੌਂ ਰੁਪਈਏ ਲੈ,ਨਵੀਂ ਰਬਾਬ ਲੈ ਕੇ ਭਾਈ ਮਰਦਾਨਾਂ ਨੂੰ ਦਿੱਤੀਅ ਤੇ ਬਖ਼ਸ਼ਿਸ਼ ਕਰਦਿਆਂ ਫ਼ੁਰਮਾਇਆ,‘ਦਾਨਿਆਜੇਬਾਣੀਨੂੰਰਾਗਵਿਚਮਿਲਾਕੇਗਾਵੇਂਤਾਂ‘ਮਰਦਾਨਾ’ਕਹਾਏਂ।

ਭਾਈ ਮਰਦਾਨੇ ਦੀ ਸਾਥੀ ਦੇ ਤੌਰ ਤੇ ਚੋਣ ਕਰਦਿਆਂ ‘ਸਾਬਤਸੂਰਤ” ਅਰਥਾਤ ਕੇਸਾਧਾਰੀ ਅਤੇ ਦਸਤਾਰ ਸਿਰਾ ਰਹਿਣ,‘ਅੰਮ੍ਰਿਤ ਵੇਲੇ ਜਾਗਣ’ ਅਤੇ ਕਿਸੇ ਤੋਂ ਕੋਈ ਭੇਟਾ ਨਾ ਲੈਣ ਦੀਆਂ ਤਿੰਨ ਸ਼ਰਤਾਂ ਦਾ ਪਾਬੰਦ ਕੀਤਾ ।ਦੀ ਜਿੰਮੇਵਾਰੀ ਗੁਰੂ ਪਾਤਸ਼ਾਹ ਨੇ ਆਪ ਲਈ।

ਮਨੁਖੀ ਸਮਾਜ ਦਾ ਪਤਨ,ਧਰਮਵਿਚਆਈਗਿਲਾਨੀਤੇਗਿਰਾਵਟ,ਤੀਰਥਾਂਅਤੇਪਾਵਨਸਥਾਨਾਂਵਿਚਫੈਲੇਭ੍ਰਿਸ਼ਟਾਚਾਰ ਕਾਰਣ ਹੀ ਹੁੰਦਾ ਹੈ।ਧਰਤ ਲੋਕਾਈ ਸੋਧਣ ਲਈ ਜਰੂਰੀ ਸੀ ਕਿ ਧਰਮ ਤੇ ਇਖਲਾਕ ਦੇ ਚਸ਼ਮਿਆਂ ਅਥਵਾ ਤੀਰਥਾਂ ਅਤੇ ਧਰਮ ਕੇਂਦਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਦੂਰ ਕੀਤਾ ਜਾਵੇ ਕਿਉਂ ਕਿ ਜਿੱਥੋਂ ਮਨੁੱਖ ਨੇ ਧਰਮ ਇਖਲਾਕ ਦੀ ਪ੍ਰੇਰਣਾਂ ਲੈਣੀਂ ਹੈ। ਇਸ ਲਈ ਪਹਿਲੀ ਪ੍ਰਚਾਰ ਯਾਤਰਾ ਹਿੰਦੂ ਤੀਰਥਾਂ ਵੱਲ ਕੀਤੀ

‘‘ਬਾਬਾ ਗਿਆ ਤੀਰਥੀਂ ਤੀਰਥ ਪੁਰਬ ਸਭੇ ਫਿਰ ਦੇਖੈ”

ਇੱਥੋਂ ਗੁਰੂ ਜੀ ਨੇਇਸਲਾਮੀ ਮਜਹਬੀ ਅਸਥਾਨਾਂ ਮੱਕਾ, ਮਦੀਨਾ, ਬਗਦਾਦ ਅਤੇ ਅਰਬ ਦੇਸ਼ਾਂ ਦੀ ਉਦਾਸੀ ਕੀਤੀੇ।
“ਬਾਬਾ ਫਿਰਿ ਮੱਕੇ ਗਇਆ”

ਗੁਰੁ ਨਾਨਕ ਜੀ ਦੀ ਤੀਸਰੀ ਉਦਾਸੀ ਸੁਮੇਰ ਪਰਬਤ ਅਤੇ ਤਿੱਬਤ ਆਦਿ ਅਸਥਾਨਾਂ ਵੱਲ ਹੋਈ

“ਫਿਰਿ ਜਾਏ ਚੜਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟੀ ਆਈ”

ਗੁਰੂ ਜੀ ਦੀਆਂ ਯਾਤਰਾਂਵਾਂ ਕਮਾਲ ਦੀਆਂ ਹੱਦਾਂ ਨੂੰ ਛੋਂਹਦੀਆਂ ਹਨ। ਹਰ ਅਵਤਾਰ, ਪੈਗੰਬਰ ਦਾ ਪ੍ਰਚਾਰ ਖੇਤਰ ਕੁਝ ਕੁ ਮੀਲਾਂ ਦਾ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ ਵੀਹ ਸਾਲਾਂ ਵਿੱਚ ਤਕਰੀਬਨ 22000 ਮੀਲ ਸਫਰ ਤਹਿ ਕੀਤਾ। ਪੂਰਬ ਵੱਲ ਢਾਕਾ, ਅਸਾਮ ਅਤੇ ਬ੍ਰਹਮਾਂ ਤੀਕ, ਪੱਛਮ ਵੱਲ ਅਫਗਾਨਿਸਤਾਨ, ਇਰਾਨ ਅਤੇ ਇਰਾਕ ਤੀਕ, ਦੱਖਣ ਵੱਲ ਰਮੇ’ਸ਼ਵਰਮ ਅਤੇ ਲੰਕਾ ਤੇ ਉਤਰ ਵੱਲ ਸੁਮੇਰ ਪਰਬਤ, ਤਿੱਬਤ ਅਤੇ ਮਾਨਸਰੋਵਰ ਤੀਕ ਪੁੱਜਣਾਂ ਇਤਿਹਾਸਕ ਤੌਰ ਤੇ ਹੈਰਾਨਕੁੰਨ ਹੈ। ਇਸੇ ਲਈ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ: ‘‘ਬਾਬੇ ਤਾਰੇ ਚਾਰ ਚੱਕ, ਨੋ ਖੰਡ ਪ੍ਰਿਥਵੀ ਸੱਚਾ ਢੋਆ”।ਇਸ ਸਾਰੀਆਂ ਯਾਤਰਾਂਵਾਂ ਦਾ ਤੱਤ ਇਉਂ ਬਿਆਨ ਕੀਤਾ। ਪ੍ਰਥਮ ਸਮਕਾਲੀਨ ਸਮਾਜ ਦੀ ਇਖਲਾਕਹੀਣ ਅਵਸਥਾ ਦਾ ਜਿਕਰ ਇਉਂ ਕੀਤਾ:

‘‘ਨਾਨਕ ਦੁਨੀਆ ਕੈਸੀ ਹੋਈ, ਸਾਲਿਕ ਮਿਤੁ ਨ ਰਹਿਓ ਕੋਈ
ਭਾਈ ਬੰਦੀ ਹੇਤੁ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ।।

ਹਿੰਦੂ ਮੁਸਲਿਮ ਅਤੇ ਜੋਗੀਆਂ ਦੀਆਂ ਧਰਮ ਸੰਸਥਾਵਾਂ ਦੇ ਤਿੰਨਾਂ ਮੁਖੀਆਂ ਨੂੰ ਵੇਖ ਪਰਖ ਉਚਾਰਿਆ

‘‘ਕਾਦੀ ਕੂੜ ਬੋਲਿ ਮਲੁ ਖਾਵੈ, ਬ੍ਰਾਹਮਣ ਨਾਵੈ ਜ਼ੀਆ ਘਾਏ
ਜੋਗੀ ਜੁਗਤਿ ਨ ਜਾਣੈ ਅੰਧਿ, ਤੀਨੇ ਓਜਾੜੇ ਕਾ ਬੰਧੁ।।

ਮਨੁੱਖੀ ਜੀਵਨ ਨੂੰ ਗੁਰੂ ਪਾਤਸ਼ਾਹ ਨੇ ਇੱਕ ਇਕਾਈ ਦੇ ਤੌਰ ਤੇ ਦੇਖਿਆ ਤੇ ਪਰਵਾਣ ਕੀਤਾ ਜਿਸ ਵਿੱਚ ਧਰਮ, ਅਰਥ ਅਤੇ ਰਾਜਨੀਤੀ ਵਿੱਚ ਵੰਡ ਨਹੀਂ ਕੀਤੀ ਜਾ ਸਕਦੀ। ਇਸ ਲਈ ਧਰਮ ਵਿੱਚ ਫੈਲੇ ਕੂੜ ਕੁਸੱਤ, ਫੌਕੇ ਕਰਮ ਕਾਂਡ ਅਤੇ ਭ੍ਰਿਸ਼ਟਾਚਾਰ ਦੀ ਨਿਖੇਧੀ ਕੀਤੀ ਉਥੇ ਸਧਾਰਣ ਮਨੁੱਖ ਦੀ ਰਜਵਾੜਿਆਂ, ਬਿਸਵੇਦਾਰਾਂ ਅਤੇ ਧਨਾਢ ਵਪਾਰੀਆਂ ਦੀ ਲੁੱਟ ਖਸੁੱਟ ਵਿਰੁੱਧ ਵੀ ਹਰ ਜਗ੍ਹਾ ਪਹੁੰਚ ਕੇ ਅਵਾਜ ਬੁਲੰਦ ਕੀਤੀ।ਬ੍ਰਹਮ ਭੋਜ ਵਿੱਚੋਂ ਗਰੀਬਾਂ ਦਾ ਖੂਨ ਨਿਚੱੜਦਾ ਅਤੇ ਭਾਈ ਲਾਲੋ ਵਰਗੇ ਕਿਰਤੀ ਦੀ ਰੁੱਖੀ ਰੋਟੀ ਵਿੱਚੋਂ ਦੁੱਧ ਨਿਚੜਦਾ ਦਖਾਇਆ। ਧੰਂਨ ਇਕੱਠਾ ਕਰਨ ਵਾਲੇ ਹੰਕਾਰੀਆਂ ਨੂੰ ਇੱਕ ਸੂਈ ਦੇ ਕੇ ਸਮਝਾਇਆ ਕਿ ਮਰਨ ਉਪਰੰਤ ਅੱਗੇ ਤਾਂ ਨਾਂਗੇ ਹੀ ਜਾਣਾ ਪੈਣਾਂ ਹੈ:

“ਇਸੁ ਜਰ (ਦੌਲਤ) ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥”

ਜਿਹੜੇ ਐਸੀ ਪਾਪ ਭਰੀ ਕਮਾਈ ਤੇ ਭ੍ਰਿਸ਼ਟਾਚਾਰ ਨਾਲ ਪੂਜਾ ਜਾਂ ਅਰਾਧਨਾ ਕਰਦੇ ਹਨ ਉਹ ਰੱਬ ਪਾਸ ਪ੍ਰਵਾਨ ਨਹੀਂ:
‘‘ਜੇ ਰਤਿ ਲਗੇ ਕਪੜੇ ਜਾਮਾ ਹੋਇ ਪਲੀਤ, ਜੋ ਰਤਿ ਪੀਵੇ ਮਾਨਸਾ (ਜੋ ਸਧਾਰਨ ਮਨੁੱਖ ਦੀ ਕਿਰਤ ਤੇ ਡਾਕਾ ਮਾਰ ਧੰਨ ਇਕੱਠਾ ਕਰਦਾ ਹੈ) ਤਿਨਿ ਕਿਉ ਨਿਰਮਲ ਚੀਤਿ।। ਨਾਨਕ ਨਾਓ ਖੁਦਾਏ ਕਾ ਦਿਲ ਹਛੇ ਮੁਖਿ ਲੇਇ।।”

ਸੱਜਣ ਵਰਗੇ ਠੱਗਾਂ ਦੀ ਕਤਲਗਾਹ ਨੂੰ ਸਿੱਖੀ ਦੀ ਪਹਿਲੀ ਧਰਮਸਾਲ ਬਣਾ ਦਿੱਤਾ ਤੇ ਕੌਡੇ ਰਾਖਸ਼ ਵਰਗਿਆਂ ਨੂੰ ਜਦ ਪਹਿਲੀ ਵੇਰ ਗੁਰੂ ਨਾਨਕ ਦੇ ਰੂਪ ਵਿੱਚ ਇੱਕ ਸੱਚੇ ਮਨੁੱਖ ਦੇ ਖੁਦਾਈ ਦੀਦਾਰ ਹੋਏ ਤਾਂ ਚਰਨੀ ਢਹਿ ਪਿਆ ਤੇ ਇਉਂ ‘‘ਜਿਣੁ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ” ਦਾ ਸਚ ਸਾਖਿਆਤ ਹੋਇਆ।

ਇਸਲਾਮਿਕ ਕੇਂਦਰਾਂ ਦੇ ਵਿੱਚ ਵੀ ਉਸੇ ਸੱਚ ਨੂੰ ੳਜਾਗਰ ਕੀਤਾ ਜੋ ਪੈਗੰਬਰ ਨੇ ਕੁਰਾਨ ਸ਼ਰੀਫ ਵਿੱਚ ਦਰਜ ਕੀਤਾ ਸੀ। ਜੇਕਰ ਰੱਬ ਲਾ ਮੁਕਾਮ ਹੈ ਤਾਂ ਖੁਦਾ ਦਾ ਘਰ ਪੱਛਮ ਵੱਲ ਕਿਵੇਂ ਹੋ ਸਕਦਾ ਹੈ। ਜੇਕਰ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਕਿ ‘‘ਗੜ ਬਗਦਾਦ ਨਿਵਾਏ ਕੇ ਮੱਕਾ ਮਦੀਨਾ ਸਭ ਨਿਵਾਇਆ” ਤਾਂ ਇਸਦਾ ਅਰਥ ਇਹ ਨਹੀਂ ਜਿਵੇਂ ਪਰਚਾਰਿਆ ਜਾਂ ਸਮਝਿਆ ਜਾਂਦਾ ਹੈ। ਖੁਦਾਈ ਹੱਕ ਸੱਚ ਜੋ ਪੈਗੰਬਰ ਨੇ ਪ੍ਰਗਟਾਏ ਉਸਨੂੰ ਯਾਦ ਕਰਵਾ ਉਹਨਾਂ ਪੈਗੰਬਰੀ ਬੋਲਾਂ ਅੱਗੇ ਹੀ ਸੱਜਦਾ ਕਰਨ ਨੂੰ ਕਿਹਾ। ਇਸੇ ਤਰ੍ਹਾਂ ਹਿੰਦੂਆਂ ਨੂੰ ਕਿਹਾ ਕਿ ਜੇ ਰਾਮ ਕਣ ਕਣ ਵਿੱਚ ਰਮਿਆਂ ਹੋਇਆ ਹੈ ਤਾਂ ਦੱਖਣ ਦੇਸ਼ ਹਰੀ ਕਾ ਵਾਸਾ ਕਿਵੇਂ ਕਹਿੰਦੇ ਹੋ। ਅਯੁੱਧਿਆ ਦਾ ਰਾਜਾ ਰਾਮ ਚੰਦਰ ਜੋ ਦਸਰੱਥ ਦਾ ਸਪੁੱਤਰ ਅਤੇ ਸੀਤਾ ਦਾ ਪਤੀ ਹੈ ਉਹ ਤਾਂ ਮਾਤ ਗਰਭ ਵਿੱਚ ਆਏ ਅਤੇ ਚਲੇ ਗਏ, ਜਿਵੇਂ ਰਾਵਣ ਗਿਆ। ਗੁਰਬਾਣੀਂ ਦੇ ਬੋਲ ਇਉਂ ਸਪਸ਼ਟ ਕਰਦੇ ਹਨ: ‘‘ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮੇ ਲੇਟਾ।” ਗੁਰੂ ਨਾਨਕ ਜੀ ਨੇ ਰੱਬ ਦੇ ਸਾਰੇ ਨਾਂਵਾਂ ਨੂੰ ਪ੍ਰਵਾਨ ਕੀਤਾ। ਗੁਰਬਾਣੀਂ ਵਿੱਚ ਰਾਮ ਵੀ ਹੈ, ਰਹੀਮ ਵੀ, ਭਗਵਾਨ ਵੀ ਹੈ, ਖੁਦਾ ਵੀ, ਗੁਸਾਈ ਵੀ ਹੈ ਅਤੇ ਅੱਲਾਹ ਵੀ: ‘‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ, ਕੋਈ ਸੇਵਹਿ ਗੁਸਈਆਂ ਕੋਈ ਅਲਾਹਿ”।

ਸਮਾਜ ਦਾ ਸਾਰਾ ਤਾਣਾਂ ਬਾਣਾਂ ਉਲਝਿਆ ਹੋਇਆ ਅਤੇ ਵੰਡਿਆ ਹੋਇਆ ਸੀ। ਮੰਨੂ ਸ਼ਾਸ਼ਤਰ ਅਨੁਸਾਰ ਜਾਤ ਪਾਤ, ਵਰਣ ਵਿੱਚ ਸਾਰਾ ਹਿੰਦੂ ਸਮਾਜ ਵਿੱਚ ਬੁਰੀ ਤਰ੍ਹਾਂ ਪਾਟੋ ਧਾੜ ਸੀ। ਸਾਰੇ ਅਧਿਕਾਰ ਬ੍ਰਾਹਮਣ ਪਾਸ ਸੀ ਅਤੇ ਦਲਿਤ ਅਤੇ ਅਛੂਤ ਜਾਤੀਆਂ ਸਾਰੇ ਅਧਿਕਾਰਾਂ ਤੋਂ ਵੰਚਿਤ ਸਨ। ਗੁਰੂ ਨਾਨਕ ਪਾਤਸ਼ਾਹ ਨੇ ਮੰਨੂ ਦੇ ਧਰਮ ਸ਼ਾਸ਼ਤਰ ਨੂੰ ਮੁੱਢੋਂ ਹੀ ਚੈਲੰਜ ਕਰ ਰੱਦ ਕਰ ਦਿੱਤਾ। ਗੁਰਮਤ ਅਨੁਸਾਰ ਬ੍ਰਾਹਮਣ ਨੂੰ ਜਗਤ ਗੁਰੂ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਨੇ ਬੁਲੰਦ ਅਵਾਜ ਵਿੱਚ ਕਿਹਾ ਕਿ ਮੈਂ ਕਥਿਤ ਉਚੀਆਂ ਜਾਤਾਂ ਪ੍ਰਨਹੀਂ ਕਰਦਾ, ਦਲਿਤ ਅਤੇ ਨੀਵੇਂ ਕੁਚਲੇ ਲੋਕਾਂ ਦਾ ਸਾਥੀ ਹਾਂ ‘‘ਨੀਚਾਂ ਅੰਦਰਿ ਨੀਚ ਜਾਤ ਨੀਚੀ ਹੂੰ ਅਤਿ ਨੀਚ।। ਨਾਨਕ ਤਿਨ ਕੇ ਸੰਗਿ ਸਾਥ ਵਡਿਆਂ ਸਿਉ ਕਿਆ ਰੀਸ……..।।

ਪਰਮਾਤਮਾਂ ਦੀ ਦਰਗਾਹ ਵਿੱਚ ਜਾਤ ਪਾਤ ਦੇ ਅਧਾਰ ਤੇ ਫੈਸਲਾ ਨਹੀਂ ਹੁੰਦਾ, ਕਰਮਾਂ ਤੇ ਹੀ ਨਿਬੇੜਾ ਹੈ: ‘‘ਓਥੇ ਸਚਹੁ ਹੀ ਸਚੁ ਨਿਬੜੇ ਚੁਣਿ ਵਖ ਕਢੇ ਜਜਮਾਲਿਆ…..।।” ਜਿਹੜੀਆਂ ਇਹਨਾਂ ਦਲਿਤ ਜਾਤੀਆਂ ਨੂੰ ਧਰਮ ਕਰਮ,ਵੇਦ ਸ਼ਾਸ਼ਤਰ ਸੁਨਣ ਅਤੇ ਪੜਨ ਦਾ ਅਧਿਕਾਰ ਨਹੀਂ ਸੀ ਗੁਰੂ ਪਾਤਸ਼ਾਹ ਜਿੱਥੇ ਜਿੱਥੇ ਵੀ ਗਏ ਉਹਨਾਂ ਭਗਤਾਂ ਦਾ ਕਲਾਮ ਪੋਥੀ ਸਾਹਿਬ ਵਿੱਚ ਦਰਜ ਕਰਦੇ ਰਹੇ ਜਿਵੇਂ ਜੁਲਾਹੇ, ਨਾਈ, ਝਿਊਰ, ਛੀਂਬਾ, ਚਮਾਰ, ਕਸਾਈ ਆਦਿ ਜਾਤਾਂ ਵਿੱਚੋਂ ਹੋਏ ਸੱਚੇ ਭਗਤਾਂ ਦਾ ਕਲਾਮ ਦਰਜ ਕਰਦੇ ਗਏ ਜੋ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀਂ ਦਾ ਸਤਿਕਾਰਤ ਹਿੱਸਾ ਹਨ।

ਤਤਕਾਲੀਨ ਸਮਾਜ ਵਿਚ ਇਕ ਹੋਰ ਵੰਡ ਇਸਤਰੀ ਮਰਦ ਦੀ ਸੀ,ਇਸਤਰੀ ਨੂੰ ਪੈਰ ਦੀ ਜੁਤੀ ਜਾਂ ਨਿਜੀ ਮਲਕੀਅਤ ਸਮਝਿਆ ਜਾਂਦਾ ਸੀ ।ਇਸਤਰੀ ਨੂੰ ਵੈਦਿਕ ਮੰਤਰਾਂ ਦਾ ਉਚਾਰਣ ਕਰਨ ਦਾ ਹੱਕ ਨਹੀ ਸੀ ।ਹੁਣ ਤੀਕ ਵੀ ਹਾਲਾਤ ਅਜੇਹੇ ਹੀ ਹਨ ,ਕੁਝ ਸਮਾਂ ਪਹਿਲਾਂ ਹੀ ਕਲਕੱਤੇ ਵਿਖੇ ਇਕ ਵੈਦਿਕ ਕਾਨਫਰੰਸ ਮੌਕੇ ਸੰਗੀਤ ਵਿਚ ਮਾਸਟਰ ਦੀ ਡਿਗਰੀ ਹਾਸਲ ਕਰਨ ਵਾਲੀ ਇਕ ਮਹਿਲਾਨੂੰ ਜਦੋਂ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਵੇਦ ਮੰਤਰਾਂ ਦਾ ਗਾਇਨ ਆਰੰਭ ਕਰਨ ਸਮੇ ਉਥੇ ਮੌਜੂਦ ਸ਼ੰਕਰਾ ਚਾਰੀਆ ਨੇ ਰੋਕ ਦਿੱਤਾ ਸੀ ਕਿ ਕਿਸੇ ਇਸਤਰੀ ਨੂੰ ਵੇਦ ਮੰਤਰਪੜ੍ਹਨ ਦਾ ਹੱਕ ਨਹੀ ਹੈ। ਕੋਈ ਇਸਤਰੀ ਹੱਜ ਨਹੀ ਕਰ ਸਕਦੀ,ਮਸਜਿਦ ਵਿਚ ਨਮਾਜ ਨਹੀ ਪੜ੍ਹ ਸਕਦੀ ਰਮਾਇਣ ਦੇ ਰਚੇਤਾ ਤੁਲਸੀ ਦਾਸ ਜਦ ਮੱਧ ਭਾਰਤ ਵਿੱਚ ਕਹਿ ਰਹੇ ਸੀ ‘ਢੋਰ ਗਵਾਰ ਸੂਦਰ ਪਸ ਨਾਰੀ ਪਾਂਚਹੁੰ ਤਾੜਨ ਕੇ ਅਧਿਕਾਰੀ’।ਅਜੇਹੇ ਸਮੇਂ ਹੀ ਮੱਧ  ਪੰਜਾਬ ਵਿਚੋਂ ਆਵਾਜ ਗੂੰਜੀ, ‘ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ‘ਸਭਿ ਪ੍ਰੀਵਾਰ ਮਾਹਿ ਸ੍ਰੇਸ਼ਟ…..’।ਅੱਜ ਸਿਖ ਧਰਮ ਵਿਚ ਔਰਤ ਨੂੰ ਗੁਰਬਾਣੀ ਦਾ ਪਾਠ,ਕੀਰਤਨ ਕਰਨ ਤੇ ਸੰਗਤ ਕਰਨ ਦਾ, ਲੰਗਰ ਤਿਆਰ ਕਰਨ ਅਤੇ ਵਰਤਾਨ ਦੇ ਹੱਕ ਪ੍ਰਾਪਤ ਹਨ ।

ਦੇਸ਼ ਗੁਲਾਮ ਸੀ। ਵਿਦੇਸ਼ੀ ਹੁਕਮਰਾਨ ਸਧਾਰਨ ਮਨੁੱਖਾਂ ਦੀ ਰੱਤ ਪੀਣ ਵਾਲੇ ਸ਼ੀਂਹ ਸਨ। ‘‘ਰਾਜੇ ਸ਼ੀਂਹ ਮੁਕੱਦਮ ਕੁੱਤੇ” ‘‘ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ”।

ਗੁਰੂ ਨਾਨਕ ਸਾਹਿਬ ਸੈਦਪੁਰ ਸਨ ਜਦ ਬਾਬਰ ਦਾ ਹਮਲਾ ਹੋਇਆ। ਹਮਲੇ ਤੋਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਵਾਸੀਆਂ ਨੂੰ ਸਾਵਧਾਨ ਕੀਤਾ ਸੀ। ਬਾਬਰ ਦਾ ਹਮਲਾ ਹੁੰਦਾ ਹੈ ਪਰ ਕਿਸੇ ਭਗਤ, ਸੰਤ ਫਕੀਰ ਨੇ ਅਵਾਜ ਨਹੀਂ ਉਠਾਈ ਪਰ ਬਾਬੇ ਨੇ ਸ਼ਬਦ ਉਚਾਰਿਆ ‘‘ਪਾਪ ਕੀ ਜੰਝ ਲੈ ਕਾਬਲੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ…….”।ਬਾਬਰ ਨੂੰ ਜਾਬਰ ਕਿਹਾ ਅਤੇ ਜੇਲ੍ਹ ਗਏ। ਸਾਰਾ ਹਿੰਦੁਸਤਾਨ ਮੁਗਲੀਅਤ ਸਲਤਨਤ ਦਾ ਗੁਲਾਮ ਹੋ ਗਿਆ। ਇਸ ਸਾਰੀ ਅਧੋਗਤੀ ਨੂੰ ਖਤਮ ਕਰਨ ਲਈ ਜਦ ਦੇਸ਼ ਵਾਸੀਆਂ ਚੋਂ ਕੋਈ ਨਾ ਉਠਿਆ ਤਾਂ ਗੁਰੂ ਜੀ ਨੇ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਦੀ ਸ਼ਰਤ ਹੀ ਇਹ ਲਾ ਦਿੱਤੀ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰੁ ਤਲੀ ਗਲੀ ਮੇਰੀ ਆੳ….”। ਸ਼ਾਅਦ ਦਾ ਸਿੱਖ ਇਤਿਹਾਸ ਸੀਸ ਭੇਟ ਕਰਨ ਦਾ ਇਤਿਹਾਸ ਹੀ ਹੈ।ਰਾਜਸੀ ਸ਼ਕਤੀ ਜਦ ਵੀ ਕਿਸੇ ਕੋਲ ਆਉਂਦੀ ਹੈ ਤਾਂ ਉਹ ਸਾਰੇ ਧਰਮਾਂ ਨੂੰ ਮੁਕਾ ਉਹ ਹੁਕਮਰਾਨਾਂ ਦਾ ਧਰਮ ਮਜਹਬ ਹੀ ਲਾਗੂ ਕਰਦਾ ਹੈ। ਭਾਵੇਂ ਦੇਸ਼ ਅੱਜ ਅਜਾਦ ਵੀ ਹੋ ਗਿਆ ਹੈ ਪਰ ਫਿਰਕੂ ਬਹੁ ਗਿਣਤੀ ਵੱਲੋਂ ਆਪਣੇਂ ਧਰਮ ਨੂੰ ਉਚਾ ਸੁਚਾ ਕਹਿਣ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਮ ਹੇਠ ਘੱਟ ਗਿਣਤੀਆਂ ਦੇ ਧਰਮ ਨੂੰ ਖਤਮ ਕਰਨ ਦਾ ਰੁਝਾਨ ਅਜੇ ਵੀ ਜਾਰੀ ਹੈ। ਇਸ ਲਈ ਹਿੰਦੁਸਤਾਨ ਦੇ ਵਿਧਾਨ ਦੀ ਸਿਰਜਣਾ ਵੇਲੇ ਸਿੱਖਾਂ ਦਾ ਨਿਆਰਾ ਅਤੇ ਸੁਤੰਤਰ ਧਰਮ ਕੌਮ ਪ੍ਰਵਾਨ ਨਹੀਂ ਕੀਤੇ ਗਏ ਅਤੇ ਹਿੰਦੂ ਹੀ ਤਸੱਵਰ ਕੀਤਾ ਗਿਆ।

ਐਸੇ ਮਹਾਨ ਸਤਿਗੁਰੂ ਨੇ ਆਪਾ ਕਦੇ ਨਹੀਂ ਜਤਾਇਆ, ਅਵਤਾਰੀ ਪੁਰਸ਼ ਜਾਂ ਪੈਗੰਬਰ ਹੋਣ ਦਾ ਦਾਅਵਾ ਨਹੀਂ ਕੀਤਾ ਅਤੇ ਫੁਰਮਾਇਆ ਕਿ ਸਧਾਰਨ ਮਨੁੱਖੀ ਜਾਮਾਂ ਹੈ ਤੇ ਨਾਮ ਹੈ ਨਾਨਕ ‘‘ਮਾਨਸੁ ਮੂਰਤਿ ਨਾਨਕ ਨਾਮ”।

ਗੁਰੂ ਨਾਨਕ ਨੇ ਸੱਚਖੰਡ ਤੋਂ ਗਰੀਬੀ ਹੀ ਮੰਗੀ ਤੇ ਪਾਈ, ‘‘ਬਾਬਾ ਪੈਧਾ ਸਚਿਖੰਡ ਨਉ ਨਿਧਿ ਨਾਮ ਗਰੀਬੀ ਪਾਈ”। ਕਿਸੇ ਯੰਤਰ ਮੰਤਰ ਨਾਲ ਨਹੀਂ ਬਲਕਿ ਰੱਬੀ ਬਾਣੀਂ ਨਾਲ ਹੀ ਜਗਤ ਦਾ ਉਧਾਰ ਕੀਤਾ। ਮਨੁੱਖੀ ਜੀਵਨ ਦਾ ਮਨੋਰਥ ਅਉਗਣਾ ਦਾ ਤਿਆਗ ਅਤੇ ਗੁਣਾਂ ਨੂੰ ਗ੍ਰਹਿਣ ਕਰਨਾ ਦੱਸਿਆ। ਜੀਵਨ ਮਨੋਰਥ ਸੁਰਗ ਜਾਂ ਮੁਕਤੀ ਨਹੀਂ ਸਗੋਂ ਜੀਵਨ ਮੁਕਤ ਦਾ ਆਦਰਸ਼ ਰੱਖਿਆ ਤੇ ਆਤਮ ਬੱਲ ਨਾਲ ਸਮਾਜਕ ਕਲਿਆਣ ਕਰਨ ਦਾ।

ਗੁਰੂ ਨਾਨਕ ਸਾਹਿਬ ਨੇ ਆਦਰਸ਼ ਮਨੁਖ ਦੀ ਸਿਰਜਣਾ ਲਈ ਜੋ ਸਿਧਾਂਤ ਬਖਸ਼ੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਣ ਲਈ ਸੰਗਤ ਦੀ ਕਾਇਮੀ ਕੀਤੀ ਤਾਂ ਜੋ ਕਿਧਰੇ ਇਹ ਸਿਧਾਂਤ ਮਹਿਜ ਖਿਆਲੀ  ਫਲਸਫਾ ਹੀ ਨਾ ਰਹਿ ਜਾਣ ।ਅੱਜ ਵੀ ਲੋੜ ਹੈ ਕਿ ਅਸੀਂ ਸਿੱਖੀ ਦੇ ਵਡਮਲੇ ਸਿਧਾਂਤਾਂ ਨੂੰ ਸਮਝਣ ਲਈ ਅਮਲੀ ਰੂਪ ਵਿਚ ਆਪ ਪਹਿਰਾ ਦੇਈਏ ਤੇ ਹੋਰਾਂ ਲਈ ਪ੍ਰੇਰਣਾ ਸਰੋਤ ਬਣੀਏ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>