ਨਵੀਂ ਦਿੱਲੀ : ਅੰਗ੍ਰੇਜ਼ੀ ਨਵੇਂ ਸਾਲ ਦੀ ਸ਼ੁਰੂਆਤ ਕਲੱਬਾਂ, ਹੋਟਲਾਂ ਅਤੇ ਬੀਅਰ ਬਾਰਾਂ ਦੀ ਬਜਾਏ ਗੁਰੂ ਦੀ ਗੋਦ ਵਿਚ ਬੈਠ ਕੇ ਕਰਨ ਦੇ ਮਕੱਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ 7 ਇਤਿਹਾਸਿਕ ਗੁਰਦੁਆਰਿਆਂ ਵਿਚ ਨਵੇਂ ਸਾਲ 2014 ਦੀ ਆਮਦ ਦੇ ਮੌਕੇ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਸਮਾਗਮਾਂ ਵਿਚ ਹਜਾਰਾਂ ਦੀ ਤਾਦਾਦ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਨਾਨਕ ਪਿਆਓ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਬਾਲਾ ਸਾਹਿਬ ਅਤੇ ਗੁਰਦੁਆਰਾ ਮਜਨੂੰ ਟਿਲਾ ਸਾਹਿਬ ਵਿਖੇ ਸੰਗਤਾਂ ਨੇ ਗੁਰੂ ਚਰਨਾਂ ਵਿਚ ਅਕੀਦਾ ਭੇਟ ਕਰਕੇ ਪੰਥ ਦੇ ਪ੍ਰਸਿੱਧ ਕੀਰਤਨੀਆਂ ਅਤੇ ਕਥਾ ਵਾਚਕਾਂ ਪਾਸੋਂ ਗੁਰਮਤਿ ਅਨੁਸਾਰ ਜੀਵਨ ਜੀਣ ਦੀ ਜਾਂਚ ਸਿਖੀ।
ਇਸ ਮੌਕੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਸੰਗਤਾਂ ਦੇ ਜੀਵਨ ਵਿਚ ਚੜ੍ਹਦੀ ਕਲਾ ਦੀ ਵੀ ਕਾਮਨਾ ਕੀਤੀ। ਮਨਜੀਤ ਸਿੰਘ ਜੀ.ਕੇ. ਨੇ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਡੇ ਜਾ ਰਹੇ ਨਗਰ ਕੀਰਤਨ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਪਾਲਕੀ ਸਾਹਿਬ ਸਭ ਤੋਂ ਅੱਗੇ ਚਲਣ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਬੀਬੀ ਦਲਜੀਤ ਕੌਰ ਖਾਲਸਾ, ਗੁਰਬਚਨ ਸਿੰਘ ਚੀਮਾ, ਰਵੇਲ ਸਿੰਘ, ਪਰਮਜੀਤ ਸਿੰਘ ਚੰਢੋਕ, ਜਤਿੰਦਰ ਪਾਲ ਸਿੰਘ ਗੋਲਡੀ, ਮਨਮੋਹਨ ਸਿੰਘ, ਰਵਿੰਦਰ ਸਿੰਘ ਲਵਲੀ, ਨਿਗਮ ਪਾਰਸ਼ਦ ਬੀਬੀ ਸਤਵਿੰਦਰ ਕੌਰ ਸਿਰਸਾ ਅਤੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਵੀ ਇਸ ਮੌਕੇ ਮੌਜੂਦ ਸਨ।