ਮਾਲਵਾ ਸਭਿਆਚਾਰਕ ਮੰਚ ਵੱਲੋਂ ਭਰੂਣ ਹੱਤਿਆ, ਨਸ਼ੇ ਅਤੇ ਸੜਕ ਹਾਦਸੇ ’ਤੇ ਸੈਮੀਨਾਰ

ਲੁਧਿਆਣਾ : ਮਾਲਵਾ ਸਭਿਆਚਾਰਕ ਮੰਚ, ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ‘ਭਰੂਣ ਹੱਤਿਆ, ਨਸ਼ੇ ਅਤੇ ਸੜਕ ਹਾਦਸੇ’ ’ਤੇ ਸੈਮੀਨਾਰ ਪੰਜਾਬੀ ਭਵਨ ਵਿਖੇ ਕਰਵਾ ਕੇ ਤੇਜ਼ਾਬ ਕਾਂਡ ਦੀ ਪੀੜਤ ਹਰਪ੍ਰੀਤ ਕੌਰ ਨੂੰ ਸਮਰਪਿਤ ਲੜਕੀਆਂ ਦੇ 18ਵੇਂ ਲੋਹੜੀ ਮੇਲੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੁੰਜੀਵਤ ਭਾਸ਼ਨ ਦਿੰਦੇ ਹੋਏ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅੱਜ ਸਾਡੇ ਕੋਲੋਂ ਕਿਤਾਬ, ਰਬਾਬ ਅਤੇ ਲਿਆਕਤ ਦੀ ਥਾਂ ਅਨੈਤਿਕ ਕਦਰਾਂ ਕੀਮਤਾਂ ਨੇ ਸਾਡੀ ਜੀਵਨ ਸ਼ੈਲੀ ਨੂੰ ਏਨਾ ਗੰਧਲਾ ਕਰ ਦਿੱਤਾ ਹੈ ਜਿਸ ਕਾਰਨ ਅੱਜ ਸਮਾਜ ਵਿਚ ਨਸ਼ੇ, ਭਰੂਣ ਹੱਤਿਆ ਅਤੇ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਬਲ ਟੀ.ਵੀ. ਨੇ, ਤੇ ਹੁਣ ਜੇਬੀ ਫ਼ੋਨ ਨੇ ਸਾਡੇ ਅੰਦਰ ਅਜਿਹੀ ਉਤੇਜਨਾ ਭਰ ਦਿੱਤੀ ਹੈ ਕਿ ਅਸੀਂ ਸਰਪੱਟ ਦੌੜੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਦੌੜ ਦੇ ਕਾਰਨ ਸਮਾਜ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਅਸੀਂ ਭੁੱਲ ਗਏ ਹਾਂ, ਜਿਸ ਕਾਰਨ ਅਣਕਿਆਸੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਆਪਣਾ ਚਰਚਿਤ ਗੀਤ ‘ਮਾਏ ਨੀ ਅਣਜੰਮੀ ਧੀ ਨੂੰ ਇਕ ਲੋਰੀ ਦੇ ਦੇ’ ਵੀ ਸੁਣਾਇਆ। ਪ੍ਰੋ. ਮੋਹਨ ਸਿੰਘ ਫ਼ਾਊਂਡੇਸ਼ਨ ਦੇ ਬਾਨੀ ਜਥੇਦਾਰ ਸ. ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਅਜੇ ਤੱਕ ਨਾ ਕਿਸੇ ਵਿਧਾਇਕ ਨੇ ਤੇ ਨਾ ਕਿਸੇ ਐਮ.ਪੀ. ਨੇ ਭਰੂਣ ਹੱਤਿਆ ਬਾਰੇ ਸਦਨ ਵਿਚ ਬਿਆਨ ਨਹੀਂ ਦਿੱਤਾ ਜਦਕਿ ਭਰੂਣ ਹੱਤਿਆ ਲਈ 302 ਦੀ ਧਾਰਾ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਲਾਤਕਾਰ ਕਾਨੂੰਨ ਵਿਚ ਸਖਤੀ ਹੋਈ ਹੈ ਜੇਕਰ ਇਸ ਤਰ੍ਹਾਂ ਭਰੂਣ ਹੱਤਿਆ ਲਈ ਕਾਨੂੰਨ ਬਣ ਸਕੇ ਤਾਂ ਇਸ ਸਮੱਸਿਆ ਨੂੰ ਠੱਲ ਪੈ ਸਕਦੀ ਹੈ। ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਪੁੱਤਰਾਂ ਦੀ ਲੋਹੜੀ ਮਨਾਉਂਦੇ ਹਾਂ ਮਾਲਵਾ ਸਭਿਆਚਾਰਕ ਮੰਚ ਨੇ 20 ਵਰ੍ਹੇ ਪਹਿਲਾਂ ਧੀਆਂ ਦੀ ਲੋਹੜੀ ਮਨਾ ਕੇ ਅੱਜ ਸਮਾਜ ਵਿਚ ਲਹਿਰ ਪੈਦਾ ਕਰ ਦਿੱਤੀ ਹੈ। ਉਜਾਗਰ ਸਿੰਘ ਕੰਵਲ ਨੇ ਸੜਕ ਹਾਦਸਿਆਂ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਦਾ ਮੁੱਖ ਕਾਰਨ ਨਸ਼ੇ ਅਤੇ ਟ੍ਰੈਫਿਕ ਨਿਯਮਾਂ ਵਿਚ ਲਚਕਤਾ ਹੋਣ ਕਾਰਨ ਇਹ ਹਾਦਸੇ ਵੱਧ ਰਹੇ ਹਨ। ਜੇਕਰ ਲਾਇਸੈਂਸ ਲੈਣ ਤੋਂ ਪਹਿਲਾਂ ਲਿਖਤੀ ਟੈਸਟ ਹੋਵੇ ਤਾਂ ਅਜਿਹੇ ਹਾਦਸੇ ਰੋਕੇ ਜਾ ਸਕਦੇ ਹਨ। ਮਾਲਵਾ ਸਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸ੍ਰੀ ਕੇ. ਕੇ. ਬਾਵਾ ਅਤੇ ਪ੍ਰਧਾਨ ਸ੍ਰੀ ਪਵਨ ਦੀਵਾਨ ਨੇ ਪਿਛਲੇ 18 ਵਰ੍ਹਿਆਂ ਤੋਂ ਲਗਾਏ ਜਾ ਰਹੇ ਲੜਕੀਆਂ ਦੇ ਲੋਹੜੀ ਮੇਲੇ ਸੰਬੰਧੀ ਦਸਿਆ ਕਿ ਇਸ ਦਾ ਉਦੇਸ਼ ਕੇਵਲ ਇਕੋ ਹੀ ਹੈ ਕਿ ਸਮਾਜ ਅੰਦਰੋਂ ਲੜਕੇ ਅਤੇ ਲੜਕੀ ਦੇ ਜਨਮ ਵਿਚਾਲੇ ਸਮਝੇ ਜਾਂਦੇ ਅੰਤਰ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਸਮਾਜ ਦੇ ਹਰ ਖੇਤਰ ਵਿਚ ਲੜਕਿਆਂ ਨਾਲੋਂ ਅੱਗੇ ਹਨ। ਉਨ੍ਹਾਂ ਦਸਿਆ ਕਿ 11 ਜਨਵਰੀ ਨੂੰ ਜਿੱਥੇ ਵੱਖ ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉਥੇ ਲੋਹੜੀ ਮੇਲੇ ’ਤੇ ਜ¦ਧਰ ਦੂਰਦਰਸ਼ਨ ਦੀ ਸੀਨੀਅਰ ਰਿਪੋਰਟਰ ਸ੍ਰੀਮਤੀ ਊਸ਼ਾ ਪਵਾਰ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ।

ਇਸ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤਿਆਂ ਰਾਹੀਂ ਭਰੂਣ ਹੱਤਿਆ ਨੂੰ ਕਤਲ ਕੇਸ ਦੇ ਬਰਾਬਰ ਗਿਣ ਕੇ ਦੋਸ਼ੀ ਮਾਪਿਆਂ ਅਤੇ ਡਾਕਟਰ ਦੇ ਖ਼ਿਲਫ਼ ਕੇਸ ਦਰਜ ਕੀਤਾ ਜਾਵੇ, ਭਰੂਣ ਹੱਤਿਆ ਦੇ ਖ਼ਿਲਾਫ਼ ਚੇਤਨਾ ਲਹਿਰ ਪਸਾਰਨ ਲਈ ਪਾਠ ਪੁਸਤਕਾਂ ਵਿਚ ਵਿਸ਼ਾ ਸ਼ਾਮਲ ਕੀਤਾ ਜਾਵੇ, ਸੜਕ ਸੁਰੱਖਿਆ ਲਈ ਲਾਇਸੈਂਸ ਵਿਧੀ ਨੂੰ ਲੀਹਾਂ ’ਤੇ ਚਲਾਇਆ ਜਾਵੇ। ਕੋਤਾਹੀ ਕਰਨ ਵਾਲਿਆਂ ਨੂੰ ਪੰਜ ਗਲਤੀਆਂ ਕਰਨ ਉਪਰੰਤ ਲਾਇਸੈਂਸ ਰੱਦ ਕੀਤਾ ਜਾਵੇ, ਸ਼ਰਾਬੀ ਹਾਲਤ ਵਿਚ ਵਹੀਕਲ ਚਲਾਉਣ ਵਾਲਿਆਂ ਦੇ ਲਾਇਸੈਂਸ ਰੱਦ ਕਰਕ ਆਜੀਵਨ ਪਾਬੰਦੀ ਲਗਾਈ ਜਾਵੇ, ਸੜਕ ਸੁਰੱਖਿਆ ਯਕੀਨੀ ਬਣਾਉਣ ਲਈ ਇੰਜਨੀਅਰਿੰਗ, ਸਹੀ ਚੇਤਨਾ ਅਤੇ ਸਹੀ ਸਰਵੇਖਣ ਲਈ ਸਰਕਾਰ ਮਜਬੂਤ ਢਾਂਚਾ ਤਿਆਰ ਕਰੇ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੌਮੀ ਨਸ਼ਾ ਵਿਰੋਧੀ ਏਜੰਸੀਆਂ ਨਾਲ ਤਾਲਮੇਲ ਕੀਤਾ ਜਾਵੇ ਅਤੇ ਨਸ਼ਾ ਵਿਰੋਧੀ ਚੇਤਨਾ ਪ੍ਰਚੰਡ ਕਰਨ ਲਈ ਵਿੱਦਿਅਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕੀਤਾ ਜਾਵੇ ਦੀ ਮੰਗ ਕੀਤੀ ਗਈ।
ਇਸ ਮੌਕੇ ਕੁਲਵਿੰਦਰ ਕੌਰ ਕਿਰਨ,ਪਰਮਜੀਤ ਕੌਰ ਮਹਿਕ, ਗੁਰਵਿੰਦਰ ਸਿੰਘ, ਰਵਿੰਦਰ ਦੀਵਾਨਾ, ਹਰਦੇਵ ਸਿੰਘ ਕਲਸੀ ਨੇ ਭਰੂਣ ਹੱਤਿਆ ਨਾਲ ਸੰਬੰਧਿਤ ਗੀਤ, ਕਵਿਤਾਵਾਂ ਪੇਸ਼ ਕੀਤੀਆਂ। ਇਸ ਦੌਰਾਨ ਉਜਾਗਰ ਸਿੰਘ ਕੰਵਲ, ਸ. ਜਗਦੇਵ ਸਿੰਘ ਜੱਸੋਵਾਲ, ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ. ਪ੍ਰਗਟ ਸਿੰਘ ਗਰੇਵਾਲ, ਸ੍ਰੀ ਐਨ. ਐਸ. ਨੰਦਾ, ਬਲਵੰਤ ਸਿੰਘ ਧਨੋਆ, ਅਰਵਿੰਦਰ ਕੋਸ਼ਿਕ ਹੈਪੀ, ਰੇਸ਼ਮ ਸਿੰਘ ਸੱਗੂ, ਬਲਜਿੰਦਰ ਸਿੰਘ ਹੂੰਝਣ, ਪ੍ਰਿੰ. ਪ੍ਰੇਮ ਸਿੰਘ ਬਜਾਜ,  ਟੀ. ਐਸ. ਬਖਸ਼ੀ, ਗੁਰਵਿੰਦਰ ਸਿੰਘ, ਪ੍ਰਿੰ. ਹ.ਸ. ਚਾਵਲਾ, ਸੁਰਿੰਦਰ ਕੌਰ, ਮੁਖਤਿਆਰ ਸਿੰਘ, ਬੁੱਧ ਸਿੰਘ ਨੀਲੋਂ, ਅਜਮੇਰ ਸਿੰਘ, ਨਿਰਮਲ ਕੈੜਾ, ਅਕਸ਼ੇ ਭਨੋੜ, ਹਰਚੰਦ ਸਿੰਘ ਧੀਰ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>