ਵਿਦਿਅਕ ਅਦਾਰੇ ਅਤੇ ਸਰਕਾਰਾਂ ਮੁਜਰਮ ਪੈਦਾ ਕਰਨ ਦੀ ਜੁੰਮੇਵਾਰੀ ਵੀ ਲੈਣ ?

ਗੁਰਚਰਨ ਪੱਖੋਕਲਾਂ

ਕਿਸੇ ਵੀ ਵਿਦਿਅਕ ਅਦਾਰੇ ਵਿੱਚ ਚਲੇ ਜਾਉ ਤਦ ਉੱਥੋਂ ਦੇ ਪਰਬੰਧਕ ਉਹਨਾਂ ਲੋਕਾਂ ਦੇ ਨਾਂ ਗਿਣਾਉਣੇ ਸੁਰੂ ਕਰ ਦਿੰਦੇ ਹਨ ਜਿੰਹਨਾਂ ਲੋਕਾਂ ਨੇ ਜਿੰਦਗੀ ਵਿੱਚ ਕੋਈ ਤਰੱਕੀ ਹਾਸਲ ਕਰੀ ਹੁੰਦੀ ਹੈ।ਇਹ ਤਰੱਕੀ ਹਾਸਲ ਕਰਨ ਵਾਲਿਆ ਵਿੱਚ ਵੱਧ ਤੋਂ ਵੱਧ ਆਮ ਤੌਰ ਤੇ ਦੋ ਚਾਰ ਪਹਿਲਾ ਦਰਜਾ ਮੁਲਾਜਮ ਹੁੰਦੇ ਹਨ। ਇਸ ਤੋਂ ਬਾਦ ਦਸ ਬੀਹ ਦੂਜੇ ਤੀਜੇ ਦਰਜੇ ਦੇ ਮੁਲਾਜਮ ਹੋ ਸਕਦੇ ਹਨ ਪਰ ਇੰਹਨਾਂ ਹੀ ਵਿਦਿਅਕ ਅਦਾਰਿਆਂ ਵਿੱਚ ਮੁਲਜਮ, ਚੋਰ ਲੁਟੇਰੇ , ਨਸੇਬਾਜ ਆਦਿ ਬਣਨ ਵਾਲਿਆਂ ਦਾ ਕੋਈ ਰਿਕਾਰਡ ਕਦੇ ਵੀ ਨਹੀਂ ਦੱਸਿਆ ਜਾਂਦਾਂ। ਅੱਜ ਦੇਸ ਦੀ ਜੇਲਾਂ ਵਿੱਚ ਪੜੇ ਲਿਖੇ ਮੁਜਰਮਾਂ ਦੀ ਗਿਣਤੀ ਬਹੁਤ ਹੀ ਜਿਆਦਾ ਹੈ । ਇੰਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੀ ਅੱਜ ਤੱਕ ਤੁਸੀ ਕੋਈ ਇਹੋ ਜਿਹਾ ਅਦਾਰਾ ਦੇਖਿਆ ਹੈ ਜੋ ਸੱਚ ਦੱਸਦਾ ਹੋਵੇ ? ਵਿਦਿਆ ਨੂੰ ਵਪਾਰ ਬਣਾਕਿ ਅਸਲੀਅਤ ਤੇ ਪਰਦਾ ਪਾਉਣ ਵਾਲੇ ਵਿਦਿਅਕ ਅਦਾਰਿਆਂ ਨਾਲੋਂ ਤਾਂ ਅੱਤਵਾਦ ਦੇ ਸਕੂਲ ਚਲਾਉਣ ਵਾਲੇ ਵੀ ਸੱਚੇ ਹਨ ਜੋ ਆਪਣੇ ਸਕੂਲਾਂ ਵਿੱਚੋਂ ਨਿਕਲੇ ਅੱਤਵਾਦੀ , ਮੁਲਜਮਾਂ ਅਤੇ ਜੁਰਮ ਕਰਨ ਵਾਲਿਆਂ ਦਾ ਨਾਂ ਹਮੇਸਾਂ ਮਾਣ ਨਾਲ ਦੱਸਦੇ ਹਨ ਅਤੇ ਬਹੁਤ ਹੀ ਘੱਟ ਝੂਠ ਬੋਲਦੇ ਹਨ । ਦੁਨੀਆਂ ਵਿੱਚ ਜਦ ਭਾਰਤ ਦੇਸ ਦੀ ਤਸਵੀਰ ਭਿ੍ਰਸਟ ਮੁਲਕਾਂ ਵਿੱਚ ਸਿਖਰਲਿਆਂ ਵਿੱਚ ਕੀਤੀ ਜਾਂਦੀ ਹੈ ਤਦ ਵੀ ਸਾਡਾ ਮੁਲਕ ਇਹ ਮਾਣਯੋਗ ਪਰਾਪਤੀ ਇੰਹਨਾਂ ਵਿਦਿਅਕ ਅਦਾਰਿਆਂ ਵਿੱਚੋਂ ਨਿਕਲੇ ਭਿ੍ਰਸਟ ਮੁਲਾਜਮ ਵਰਗ ਦੇ ਕਾਰਨ ਹੀ ਹਾਸਲ ਕਰਦਾ ਹੈ। ਅੱਜ ਦੇਸ ਤਰੱਕੀ ਵਿਦਿਅਕ ਅਦਾਰਿਆਂ ਕਾਰਨ ਨਹੀਂ ਬਲਕਿ ਆਮ ਲੋਕਾਂ ਦੀ ਕਿਰਤ ਕਰਨ ਦੀ ਰੁਚੀ ਕਾਰਨ ਕਰ ਰਿਹਾ ਹੈ ਭਾਵੇਂ ਇਸ ਤਰੱਕੀ ਦੇ ਉੱਪਰ ਮੋਹਰਾਂ ਅਖੌਤੀ ਯੂਨੀਵਰਸਿਟੀਆਂ ਦੇ ਸਿੱਖਿਆ ਸਾਸਤਰੀ  ਲੋਕ ਅਤੇ ਵਿਦਿਅਕ ਅਦਾਰਿਆਂ ਦੇ ਵਪਾਰੀ ਮਾਲਕ ਲਾੳਂਦੇ ਰਹਿੰਦੇ ਹਨ। ਜਦ ਦੇਸ ਦੇ ਪਰਧਾਨ ਮੰਤਰੀ , ਮੁੱਖ ਮੰਤਰੀ ਜਾਂ ਕੋਈ ਹੋਰ ਵੱਡੀਆਂ ਪੋਸਟਾਂ ਤੇ ਪਹੁੰਚਦਾ ਹੈ ਤਦ ਉਸਦੀ ਪੜਾਈ ਕਰਵਾਉਣ ਵਾਲੇ ਬਹੁਤ ਸਾਰੇ ਵਿਦਿਅਕ ਅਦਾਰੇ ਅਤੇ ਅਧਿਆਪਕ ਸਾਹਿਬਾਨ ਸਾਹਮਣੇ ਆ ਜਾਂਦੇ ਹਨ ਪਰ ਜਦ ਉਹਨਾਂ ਵਿੱਚੋਂ ਕੋਈ ਵੱਡੇ ਘੁਟਾਲਿਆਂ ਦਾ ਦੋਸੀ ਸਿੱਧ ਹੋ ਜਾਂਦਾ ਹੈ ਤਦ ਕੋਈ ਵੀ ਉਹਨਾਂ ਦੀ ਭਿ੍ਰਸਟਤਾ ਦਾ ਤਮਗਾ ਪਰਾਪਤ ਕਰਨ ਵਿੱਚ ਆਪਣੇ ਸਹਿਯੋਗ ਦੀ ਗੱਲ ਕਰਨੀਂ ਹੀ ਭੁੱਲ ਜਾਂਦੇ ਹਨ। ਦੇਸ ਦੇ ਵਿੱਚ ਦਿੱਤੀ ਜਾਣ ਵਾਲੀ ਵਿਦਿਆਂ ਦੇ ਵਿੱਚੋਂ ਨੈਤਿਕਤਾ ਸਿਖਾਉਣ ਦੀ ਥਾਂ ਮੁਨਾਫਿਆਂ ਦੀ ਖੇਡ ਸਿਖਾਉਣ ਨਾਲ ਹੀ ਤਾਂ ਇਹ ਸਾਰਾ ਕੁੱਝ ਪੈਦਾ ਹੋ ਰਿਹਾ ਹੈ। ਸਰਮਾਇਆ ਅਧਾਰਤ ਸਿਰਜੇ ਜਾ ਰਹੇ ਸਮਾਜ ਵਿੱਚ ਇਨਸਾਨ ਤੋਂ ਮਸੀਨ ਬਣਿਆ ਮਨੁੱਖ ਬੇਰਹਿਮ ਹੋਣ ਦੀ ਪੌੜੀ ਤੇ ਚੜਦਾ ਜਾ ਰਿਹਾ ਹੈ । ਹਰ ਵਿਅਕਤੀ ਪੈਸੇ ਦੇ ਪਹਾੜ ਖੜੇ ਕਰਨ ਦੇ ਲਈ ਹੀ ਤਿਆਰ ਕੀਤਾ ਜਾ ਰਿਹਾ ਹੈ । ਆਮ ਮਨੁੱਖ ਪੈਸੇ ਦੇ ਪਹਾੜ ਤੇ ਤਾਂ ਕਦੇ ਚੜ ਨਹੀਂ ਸਕਦਾ ਪਰ ਇਸ ਤੇ ਚੜਨ ਵਿੱਚ ਲੁੱਟਿਆ ਜਰੂਰ ਜਾਂਦਾ ਹੈ।

ਦੇਸ ਦੇ ਹਰ ਵਿਦਿਅਕ ਅਦਾਰੇ ਤੇ ਲਿਖਿਆ ਜਾਣਾਂ ਚਾਹੀਦਾ ਹੈ ਕਿ ਇਸ ਵਿਦਿਆ ਨੂੰ ਪਰਾਪਤ ਕਰਨ ਤੋਂ ਬਾਅਦ ਰੋਜਗਾਰ ਦੀ ਕੋਈ ਗਰੰਟੀ ਨਹੀਂ । ਵਿਦਿਆ ਮਨੁੱਖ ਨੂੰ ਨਵਾਂ ਗਿਆਨ ਸਿੱਖਣ ਦੇ ਲਈ ਹੋਣੀ ਚਾਹੀਦੀ ਹੈ ਨਾਂ ਕਿ ਵਿਦਿਆ ਦੇ ਰਾਂਹੀ ਲੁੱਟਣ ਲਈ । ਦਸਵੀਂ ਜਾਂ ਬਾਰਵੀਂ ਤੱਕ ਵਿਦਿਆ  ਅੱਖਰੀ ਗਿਆਨ ਅਤੇ ਨੈਤਿਕਤਾ ਸਿਖਾ ਦੇਣ ਵਾਲੀ ਹੀ ਹੋਵੇ । ਇਸ ਲੈਵਲ ਤੋਂ ਬਾਅਦ ਹੀ ਕਿਸੇ ਟੈਸਟ ਨੂੰ ਪਾਸ ਕਰਨ ਵਾਲੇ ਨੂੰ ਹੀ ਉਸਦੀ ਡਿਗਰੀ ਜਾਂ ਡਿਪਲੋਮੇ ਹਾਸਲ ਕਰਨ ਦੀ ਆਗਿਆ ਹੋਵੇ ਅਤੇ ਉਸ ਨੂੰ ਪਾਸ ਕਰਨ ਤੋਂ ਬਾਦ ਰੋਜਗਾਰ ਦੀ ਗਰੰਟੀ ਵੀ ਹੋਣੀ ਚਾਹੀਦੀ ਹੈ । ਬਿਨਾਂ ਰੋਜਗਾਰ ਦੀ ਗਰੰਟੀ ਦੇ ਉੱਚ ਲੈਵਲ ਦੀ ਵਿਦਿਆਂ ਸਿਰਫ ਲੁੱਟਣ ਦਾ ਸਾਧਨ ਮਾਤਰ ਹੀ ਹੈ। ਜਦ ਉੱਚ ਲੈਵਲ ਦੀ ਵਿਦਿਆ ਹਾਸਲ ਕਰਨ ਵਾਲੇ ਪਰਾੀਵੇਟ ਜਾਂ ਸਰਕਾਰੀ ਰੋਜਗਾਰ ਹਾਸਲ ਨਹੀਂ ਕਰ ਪਾਉਂਦੇ ਫਿਰ ਉਹ ਉਦਾਸੀਆਂ ਦੇ ਸਿਕਾਰ ਹੋਕੇ ਗਲਤ ਰਸਤਿਆਂ ਜਾਂ ਹਾਰੇ ਹੋਏ ਲੋਕਾਂ ਦੀ ਲਾਈਨ ਵਿੱਚ ਜਾ ਖੜਦੇ ਹਨ । ਗਲਤ ਰਸਤਿਆਂ ਤੇ ਤੁਰਨ ਵਾਲੇ ਪੜੇ ਲਿਖੇ ਨੌਜਵਾਨ ਅੱਜਕਲ ਬੈਂਕ ਡਕੈਤੀਆਂ ਚੋਰੀਆਂ ਨਸੇ ਵੇਚਣ ਦੇ ਧੰਦੇ ,ਕਤਲ , ਅਤੇ ਹੋਰ ਜੁਰਮਾਂ ਦੀ ਦੁਨੀਆਂ ਵਿੱਚ ਆਮ ਹੀ ਸਾਮਲ ਹੋਈ ਜਾ ਰਹੇ ਹਨ ਜਾਂ ਫਿਰ ਆਪਣੇ ਸਟੇਟਸ ਤੋਂ ਹੇਠਾਂ ਡਿੱਗਕੇ ਨੀਂਵੇਂ ਦਰਜੇ ਦੇ ਕੰਮ ਕਰਦਿਆਂ ਆਤਮ ਗਿਲਾਨੀ ਦੀ ਦਲਦਲ ਵਿੱਚ ਧੱਸ ਜਾਂਦੇ ਹਨ। ਇਸ ਤਰਾਂ ਦੇ ਬਹੁਗਿਣਤੀ ਨੌਜਵਾਨ ਪੈਦਾ ਕਰਨ ਦੀ ਜੁੰਮੇਵਾਰੀ ਵਿਦਿਅਕ ਅਦਾਰਿਆਂ ਦੀ ਹੈ ਜੋ ਕਦੇ ਵੀ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਇਹੋ ਜਿਹੇ ਪੈਦਾ ਹੋਣ ਵਾਲੇ ਹਾਲਾਤ ਲਈ ਤਿਆਂਰ ਹੀ ਨਹੀਂ ਕਰਦੇ । ਦੇਸ ਦਆਂ ਸਰਕਾਰਾਂ ਅਤੇ ਬੇਅਕਲੇ ਬੇਈਮਾਨ ਰਾਜਨੀਤਕ ਵਿਦਿਅਕ ਅਦਾਰਿਆਂ ਅਤੇ ਵਿਦਿਆ ਰਾਂਹੀ ਨੌਜਵਾਨਾਂ ਨੂੰ ਲੁੱਟਾਕੇ ਭਵਿੱਖ ਲਈ ਖਤਰਨਾਕ ਫਸਲ ਬੀਜ ਰਹੇ ਹਨ। ਜੇ ਵਿਦਿਆ ਰੋਜਗਾਰ ਨਹੀਂ ਦੇ ਪਾਉਂਦੀ ਤਦ ਦੇਸ ਦੀ ਨੌਜਵਾਨੀ ਨੂੰ ਹਵਾਈ ਘੋੜਿਆਂ ਤੇ ਚੜਾਉਣ ਦੀ ਥਾਂ ਕਿਰਤ ਸਿਖਾਉਣ ਦੇ ਰਸਤੇ ਤੇ ਪਾਉਣਾਂ ਚਾਹੀਦਾ ਹੈ। ਵਿਦਿਅਕ ਅਦਾਰਿਆਂ ਦੇ ਵਿੱਚ ਲੱਖਾਂ ਲੈਕੇ ਪੇਸਾਵਰ ਕੋਰਸ ਕਿਰਤ ਨਹੀਂ ਸਿਖਾਉਂਦੇ ਸਿਰਫ ਸਰਟੀਫਿਕੇਟ ਹੀ ਦਿੰਦੇ ਹਨ। ਕਿਰਤ ਖੇਤਾਂ ਵਿੱਚ ,ਛੋਟੇ ਛੋਟੇ ਕਾਰਖਾਨਿਆਂ ਵਿੱਚ ਜਾਂ ਮੁਰੰਮਤ ਕਰਨ ਵਾਲੀਆਂ ਦੁਕਾਨਾਂ  ਵਿੱਚ ਮੁਫਤ ਵਿੱਚ ਮਿਲਦੀ ਹੈ।  ਅੱਜ ਦੇਸ ਦੇ ਕੋਈ ਵੀ ਵਿਦਿਅਕ ਅਦਾਰਾ ਪੰਜ ਪ੍ਰਤੀਸਤ ਤੋਂ ਵੱਧ ਰੋਜਗਾਰ ਪਰਾਪਤ ਕਰਨ ਵਾਲੇ ਵਿਦਿਆਰਥੀ ਪੈਦਾ ਨਹੀਂ ਕਰ ਰਿਹਾ । ਵਿਦਿਆ ਪਰਾਪਤ ਕਰਨ ਵਾਲਿਆਂ ਵਿੱਚੋਂ 95% ਨਿੱਜੀ ਕੰਮ ਧੰਦਿਆਂ ਵਿੱਚ ਹੀ ਜਾਕੇ ਜਿੰਦਗੀ ਬਸਰ ਕਰਦੇ ਹਨ। ਇਸ ਤਰਾਂ ਦੇ ਵਿਦਿਆਰਥੀ ਆਪਣੀਆਂ ਡਿਗਰੀਆਂ ਕਾਰਨ ਲੁੱਟੇ ਜਾਣ ਤੋਂ ਬਿਨਾਂ ਹੋਰ ਕੋਈ ਸਹਾਇਤਾ ਨਹੀਂ ਪਰਾਪਤ ਕਰਦੇ। ਸਰਕਾਰਾਂ ਦਾ ਸਹਿਯੋਗੀ ਅਮੀਰ ਲੇਖਕ ਵਰਗ ਕਦੇ ਵੀ ਆਮ ਲੋਕਾਂ ਦੀ ਇਸ ਸਮੱਸਿਆ ਨੂੰ ਅੰਨਾਂ ਤੇ ਬੋਲਾ ਹੋਣ ਕਾਰਨ ਮਹਿਸੂਸ ਹੀ ਨਹੀਂ ਕਰ ਸਕਦਾ ਅਤੇ ਸਾਇਦ ਗੂੰਗਾਂ ਵੀ ਹੈ ਜੋ ਕਦੇ ਬੋਲਦਾ ਵੀ ਨਹੀਂ । ਰੋਜਗਾਰ ਦੇਣ ਤੋਂ ਬਿਨਾਂ ਵਿਦਿਆਂ ਸਿਰਫ ਅੱਖਰੀ ਗਿਆਨ ਦਾ ਮਾਧਿਅਮ ਹੀ ਹੈ । ਸੋ ਵਿਦਿਆ ਨੂੰ ਹਿੰਦੋਸਤਾਨ ਵਿੱਚ ਵਪਾਰ ਬਣਾਉਣਾਂ ਆਮ ਲੋਕਾਂ ਨਾਲ ਧੋਖਾ ਹੈ ਜੋ ਬੰਦ ਹੋਣਾਂ ਚਾਹੀਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>