ਪੰਥ ਰਤਨ ਦਾ ਖਿਤਾਬ ਪ੍ਰਾਪਤ ਕਰਕੇ ਵੀ ਝੂਠ-ਦਰ-ਝੂਠ ਬੋਲਣ ਦੇ ਸ. ਬਾਦਲ ਦੇ ਅਮਲ ਸੋਭਾ ਨਹੀਂ ਦਿੰਦੇ : ਮਾਨ

ਫ਼ਤਹਿਗੜ੍ਹ ਸਾਹਿਬ – “ਜੇਕਰ ਕਿਸੇ ਇਨਸਾਨ ਤੋ ਜਿੰਦਗੀ ਵਿਚ ਕੋਈ ਵੱਡੀ ਗਲਤੀ ਜਾਂ ਪਾਪ ਹੋ ਜਾਵੇ ਅਤੇ ਉਹ ਆਪਣੀ ਆਤਮਾਂ ਦੀ ਆਵਾਜ਼ ਸੁਣਕੇ ਉਸ ਗਲਤੀ ਨੂੰ ਪ੍ਰਵਾਨ ਕਰ ਲਵੇ ਤਾਂ ਉਹ ਛੋਟਾ ਨਹੀਂ ਸਗੋ ਵੱਡਾ ਹੋ ਜਾਂਦਾ ਹੈ । ਜੇਕਰ ਰਾਹੁਲ ਗਾਂਧੀ ਨੇ ਸਿੱਖ ਕਤਲੇਆਮ ਵਿਚ ਕਾਂਗਰਸੀਆਂ ਦੀ ਸਮੂਲੀਅਤ ਦੇ ਸੱਚ ਨੂੰ ਪ੍ਰਵਾਨ ਕੀਤਾ ਹੈ ਤਾਂ ਬੇਸ਼ੱਕ ਕਾਂਗਰਸ ਜਮਾਤ ਅਤੇ ਕਾਂਗਰਸੀਆਂ ਨੂੰ ਇਖ਼ਲਾਕੀ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ ਪਰ ਉਸ ਨੇ ਇਸ ਸੱਚ ਨੂੰ ਪ੍ਰਵਾਨ ਕਰਕੇ ਆਪਣੇ ਸਾਫਗੋਈ ਸੋਚ ਦੇ ਮਾਲਕ ਹੋਣ ਨੂੰ ਵੀ ਪ੍ਰਤੱਖ ਕਰ ਦਿੱਤਾ ਹੈ । ਇਸੇ ਤਰ੍ਹਾਂ ਜਦੋ ਸ. ਪ੍ਰਕਾਸ਼ ਸਿੰਘ ਬਾਦਲ “ਬਲਿਊ ਸਟਾਰ” ਦੇ ਫ਼ੌਜੀ ਹਮਲੇ ਦੌਰਾਨ ਕਿਸੇ ਜੇਲ੍ਹ ਜਾਂ ਹੋਰ ਕਿਸੇ ਤਰ੍ਹਾਂ ਦੀ ਕੈਦ ਵਿਚ ਨਹੀਂ ਸਨ, ਹੁਣ ਉਹਨਾਂ ਵੱਲੋਂ ਆਪਣੇ ਆਪ ਨੂੰ ਬਲਿਊ ਸਟਾਰ ਦੀ ਸਾਜਿ਼ਸ ਵਿਚ ਸਮੂਲੀਅਤ ਦੇ ਸੱਚ ਨੂੰ ਦਬਾਉਣ ਹਿੱਤ ਜੇਲ੍ਹ ਵਿਚ ਬੰਦੀ ਹੋਣ ਦਾ ਝੂਠ ਬੋਲਕੇ ਸਿੱਖ ਕੌਮ ਨੂੰ ਆਪਣੀ ਦਾਗੀ ਹੋਈ ਸਖਸ਼ੀਅਤ ਸੰਬੰਧੀ ਗੁੰਮਰਾਹ ਕਰਨ ਦੇ ਅਮਲ, “ਪੰਥ ਰਤਨ” ਦਾ ਰੁਤਬਾ ਪ੍ਰਾਪਤ ਕਰਨ ਵਾਲੀ ਇਸ ਸਖਸ਼ੀਅਤ ਨੂੰ ਬਿਲਕੁਲ ਸੋਭਾ ਨਹੀਂ ਦਿੰਦਾ । ਜਦੋਕਿ ਪਰਦੇ ਉਤੇ ਪਰਦਾ ਪਾਕੇ ਵੀ ਉਹ ਉਸੇ ਤਰ੍ਹਾਂ ਸੱਚ ਨੂੰ ਨਹੀਂ ਦਬਾਅ ਸਕਣਗੇ, ਜਿਸ ਤਰ੍ਹਾਂ ਬਰਤਾਨੀਆ ਵੱਲੋਂ ਸੱਚ ਨੂੰ ਦਬਾਉਣ ਉਤੇ ਵੀ ਆਖਿਰ ਸੱਚ ਸਾਹਮਣੇ ਆ ਗਿਆ । ਸਿੱਖ ਕੌਮ ਦੀ ਨਜ਼ਰ ਵਿਚ ਉਹ ਬਲਿਊ ਸਟਾਰ ਸਮੇਂ ਵੀ ਅਤੇ ਅੱਜ ਵੀ ਸਾਜਿ਼ਸ ਦੇ ਦੋਸ਼ੀ ਹਨ ਅਤੇ ਦੋਸ਼ੀ ਹੀ ਰਹਿਣਗੇ । ਇਸ ਲਈ ਬਹਿਤਰ ਹੋਵੇਗਾ ਕਿ ਉਹ ਆਪਣੀ ਆਤਮਾਂ ਉਤੇ ਬੋਝ ਲੈਕੇ ਜਾਣ ਦੀ ਬਜਾਇ ਸੱਚ ਨੂੰ ਦਲੇਰੀ ਨਾਲ ਪ੍ਰਵਾਨ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਜਮੀਰ ਦੀ ਆਵਾਜ਼ ਸੁਣਕੇ ਬੀਤੇ ਸਮੇਂ ਵਿਚ ਹੋਈ ਬਜਰ ਗਲਤੀ ਦੇ ਸੱਚ ਨੂੰ ਪ੍ਰਵਾਨ ਕਰਨ ਦੀ ਗੁਜ਼ਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਉਹਨਾਂ ਨੇ ਐਮਰਜੈਸੀ ਦੌਰਾਨ ਆਪਣੀ ਇਖ਼ਲਾਕੀ ਜਿੰਮੇਵਾਰੀ ਨਿਭਾਈ ਹੈ । ਪਰ ਬਲਿਊ ਸਟਾਰ ਦੀ ਸਾਜਿ਼ਸ ਵਿਚ ਆਪਣੀ ਸਮੂਲੀਅਤ ਤੋ ਇਨਕਾਰ ਕਰਕੇ ਅਤੇ ਉਸ ਸਮੇਂ ਜੇਲ੍ਹ ਵਿਚ ਬੰਦੀ ਹੋਣ ਦਾ ਝੂਠ ਬੋਲਕੇ ਖ਼ਾਲਸਾ ਪੰਥ ਦੀ ਕਚਹਿਰੀ ਵਿਚ ਬਰੀ ਨਹੀਂ ਹੋ ਸਕਣਗੇ । ਉਹਨਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ. ਦੀ ਮੁਤੱਸਵੀ ਸੋਚ ਅਨੁਸਾਰ ਖ਼ਾਲਸਾ ਪੰਥ ਦੇ ਨਾਨਕਸਾਹੀ ਕੈਲੰਡਰ ਨੂੰ ਬਿਕ੍ਰਮੀ ਸੋਚ ਵਿਚ ਤਬਦੀਲ ਕਰਕੇ, ਫਿਰਕੂ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਮੋਦੀ ਜਿਸ ਨੇ 60 ਹਜ਼ਾਰ ਜਿੰਮੀਦਾਰਾਂ ਦਾ ਉਜਾੜਾ ਕੀਤਾ ਹੈ, ਉਸ ਨੂੰ ਪੰਜਾਬ ਦੀ ਪਵਿੱਤਰ ਧਰਤੀ ਤੇ ਬੁਲਾਕੇ, ਸਜ਼ਾ ਪੂਰੀ ਕਰ ਚੁੱਕੇ ਪੇਰੋਲ ਤੇ ਆਏ ਸਿੱਖ ਨੌਜ਼ਵਾਨਾਂ ਨੂੰ ਫਿਰ ਗ੍ਰਿਫ਼ਤਾਰ ਕਰਵਾਕੇ, ਪੰਜਾਬੀ ਸਿੱਖ ਨੌਜ਼ਵਾਨਾਂ ਨੂੰ ਨਸ਼ੀਲੀਆਂ ਵਸਤਾਂ ਦੇ ਸੇਵਨ ਕਰਨ ਦੀ ਡੂੰਘੀ ਖਾਈ ਵਿਚ ਧਕੇਲਣ ਵਾਲੇ ਭੋਲੇ, ਚਾਹਲ, ਬਿੱਟੂ, ਔਲਖ ਵਰਗੇ ਸਮੱਗਲਰਾਂ ਅਤੇ ਵਜ਼ੀਰਾਂ ਦੀ ਸਰਪ੍ਰਸਤੀ ਕਰਕੇ ਉਹ ਕਿਹੜੇ ਖ਼ਾਲਸਾ ਪੰਥ ਦੇ ਮਿਸ਼ਨ ਦੀ ਸੇਵਾ ਕਰ ਰਹੇ ਹਨ ?

ਉਹਨਾਂ ਕਿਹਾ ਕਿ ਜਦੋ ਸ. ਬਾਦਲ ਦਾ ਗਵਰਨਰ ਪਾਂਡੇ ਨਾਲ ਚੰਡੀਗੜ੍ਹ ਵਿਖੇ ਅਤੇ ਦਿੱਲੀ ਦੇ ਆਈ.ਬੀ. ਦੇ ਸੇਫ ਹਾਊਂਸ ਵਿਚ ਸ੍ਰੀ ਨਰਸਿਮਾ ਰਾਓ ਉਸ ਸਮੇਂ ਦੇ ਗ੍ਰਹਿ ਵਜ਼ੀਰ ਨਾਲ ਗੁਪਤ ਮੁਲਾਕਾਤ ਕਰਨ ਦਾ ਸੱਚ ਜਗ-ਜ਼ਾਹਰ ਹੋ ਚੁੱਕਾ ਹੈ ਤਾਂ ਹੁਣ ਉਹਨਾਂ ਵੱਲੋਂ ਖ਼ਾਲਸਾ ਪੰਥ ਨਾਲ ਦਿਖਾਇਆ ਜਾ ਰਿਹਾ ਹੇਜ “ਫਫੇਕੁੱਟਣੀ” ਦੀ ਭੂਮਿਕਾ ਵਾਲੇ ਹਨ, ਜਿਸ ਨੂੰ ਸਿੱਖ ਕੌਮ ਅੱਛੀ ਤਰ੍ਹਾਂ ਸਮਝ ਚੁੱਕੀ ਹੈ । ਉਹਨਾਂ ਕਿਹਾ ਕਿ ਜਿਵੇ 30 ਸਾਲ ਬਾਅਦ ਬਰਤਾਨੀਆ ਦੀ ਬਲਿਊ ਸਟਾਰ ਵਿਚ ਸਮੂਲੀਅਤ ਦਾ ਸੱਚ ਸਾਹਮਣੇ ਆਇਆ ਹੈ, ਉਸੇ ਤਰ੍ਹਾਂ ਸ. ਬਾਦਲ ਦੀ ਇਸ ਸਾਜਿ਼ਸ ਵਿਚ ਸਮੂਲੀਅਤ ਨੂੰ ਕੋਈ ਨਹੀਂ ਛੁਪਾ ਸਕੇਗਾ । ਉਹਨਾਂ ਕਿਹਾ ਕਿ ਹਿੰਦੂਤਵ ਦੀਆਂ ਹੱਥਠੋਕੇ ਬਣੀਆਂ ਅੰਗਰੇਜ਼ੀ ਅਖ਼ਬਾਰਾਂ ਟਾਈਮਜ਼ ਆਫ਼ ਇੰਡੀਆ, ਇੰਡੀਅਨ ਪੋਸਟ ਅਤੇ ਦਾ ਟ੍ਰਿਬਿਊਨ ਵਿਚ ਉਹ (ਸ. ਬਾਦਲ) ਆਪਣੀ, ਸੁਮੇਧ ਸੈਣੀ ਅਤੇ ਅਡਵਾਨੀ ਆਦਿ ਆਗੂਆਂ ਦੀ ਜਾਨ ਨੂੰ ਖ਼ਤਰੇ ਦਾ ਰੌਲਾ ਪਵਾਕੇ ਕੇਵਲ ਹਿੰਦੂਤਵ ਤਾਕਤਾਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿ਼ਸ ਦਾ ਹੀ ਹਿੱਸਾ ਨਹੀਂ ਬਣ ਰਹੇ, ਬਲਕਿ ਇਹਨਾਂ ਤਾਕਤਾਂ ਨੂੰ ਸਿੱਖ ਕੌਮ ਵਿਰੁੱਧ ਉਤਸਾਹਿਤ ਵੀ ਕਰ ਰਹੇ ਹਨ । ਇਕ ਪਾਸੇ ਸ. ਬਾਦਲ ਕਹਿ ਰਹੇ ਹਨ ਕਿ ਸਾਨੂੰ ਬੱਬਰਾਂ ਤੋ ਖ਼ਤਰਾਂ ਹੈ । ਦੂਸਰੇ ਪਾਸੇ ਸ. ਬਲਦੇਵ ਸਿੰਘ ਬੱਬਰ ਅਖੰਡ ਕੀਰਤਨੀ ਜਥੇ ਵਾਲੇ ਨੂੰ ਇਹਨਾਂ ਨੇ ਧਰਮ ਪ੍ਰਚਾਰ ਕਮੇਟੀ ਦਾ ਮੁੱਖੀ ਬਣਾਇਆ ਹੋਇਆ ਹੈ ਅਤੇ ਸ. ਵਿਰਸਾ ਸਿੰਘ ਵਲਟੋਹਾ ਵਰਗੇ ਬੱਬਰ ਨੂੰ ਐਮ.ਐਲ.ਏ. ਅਤੇ ਸੰਸਦੀ ਸਕੱਤਰ ਬਣਾਕੇ ਨਿਵਾਜਿਆ ਹੋਇਆ ਹੈ । ਇਹਨਾਂ ਦੇ ਅਜਿਹੇ ਅਮਲਾਂ ਤੋ ਸਾਬਤ ਹੋ ਜਾਂਦਾ ਹੈ ਕਿ ਆਪਣੀ ਜਾਨ ਦੇ ਖ਼ਤਰੇ ਦਾ ਝੂਠਾਂ ਰੋਲਾ ਪਾਕੇ ਸਿੱਖ ਕੌਮ ਅਤੇ ਪੰਜਾਬੀਆਂ ਦੀ ਹਮਦਰਦੀ ਲੈਣ ਦਾ ਅਸਫਲ ਢੌਗ ਕਰ ਰਹੇ ਹਨ । ਇਥੇ ਕਿਸੇ ਦੀ ਜਾਨ ਨੂੰ ਕੋਈ ਖ਼ਤਰਾਂ ਨਹੀਂ । ਕੇਵਲ ਸਿਆਸੀ ਸਤਰੰਜ਼ੀ ਖੇਡਾਂ ਅਧੀਨ ਪੰਜਾਬ ਸੂਬੇ ਦੇ ਮਾਹੌਲ ਨੂੰ ਵਿਸਫੋਟਿਕ ਬਣਾਉਣ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਹਿੱਤ ਸ਼ਰਮਨਾਕ ਹੱਥਕੰਡੇ ਵਰਤੇ ਜਾ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀਆਂ ਸਾਜਿ਼ਸਾਂ ਨੂੰ ਬਿਲਕੁਲ ਕਾਮਯਾਬ ਨਹੀਂ ਹੋਣ ਦੇਵੇਗਾ । ਸਮੁੱਚੀ ਸਿੱਖ ਕੌਮ ਅਜਿਹੀਆਂ ਸਾਜਿ਼ਸਾਂ ਦਾ ਇਕੱਤਰ ਹੋ ਕੇ ਦ੍ਰਿੜਤਾ ਨਾਲ ਮੁਕਾਬਲਾ ਕਰਨ ਲਈ ਅੱਜ 12 ਫਰਵਰੀ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਮਨਾਏ ਜਾ ਰਹੇ 67ਵੇਂ ਜਨਮ ਦਿਹਾੜੇ ਦੇ ਮੌਕੇ ਤਿੰਨਾਂ ਤਖ਼ਤਾਂ ਤੋ ਚੱਲ ਰਹੇ ਫ਼ਤਹਿ ਮਾਰਚਾਂ ਵਿਚ ਸਮੂਲੀਅਤ ਕਰਕੇ ਹੁੰਮ-ਹਮਾਕੇ ਪਹੁੰਚੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>