ਰਾਏਕੋਟ ਵਿਖੇ 3.20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਤਹਿਸੀਲ ਕੰਪਲੈਕਸ ਦਾ ਉਦਘਾਟਨ

ਰਾਏਕੋਟ/ ਲੁਧਿਆਣਾ,(ਪ੍ਰੀਤੀ ਸ਼ਰਮਾ) ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਅਤੇ ਸੰਸਦ ਮੈਂਬਰ ਸ੍ਰੀ ਰਾਹੁਲ ਗਾਂਧੀ ਨੂੰ ਸਿਆਸਤ ਦਾ ਅਨਾੜ੍ਹੀ ਖਿਡਾਰੀ ਕਰਾਰ ਦਿੰਦਿਆਂ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਕੇਂਦਰ ਵਿੱਚੋਂ ਕਾਂਗਰਸ ਪਾਰਟੀ ਦਾ ਬੋਰੀਆ ਬਿਸਤਰਾ ਗੋਲ ਕਰ ਦੇਣ। ਅੱਜ ਸਥਾਨਕ ਜਗਰਾਉਂ ਸੜਕ ’ਤੇ 3 ਕਰੋੜ 20 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਤਿਆਰ ਹੋਏ ਐਸ. ਡੀ. ਐਮ. ਕਮ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੋਂ ਬਾਅਦ ਹਲਕਾ ਰਾਏਕੋਟ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਮਜੀਠੀਆ ਨੇ ਦਾਅਵੇ ਨਾਲ ਕਿਹਾ ਕਿ ਪੰਜਾਬ ਦੇਸ਼ ਦਾ ਇਕੱਲਾ ਉਹ ਸੂਬਾ ਹੈ, ਜਿਥੇ ਲੋਕਾਂ ਨੂੰ ਸਭ ਤੋਂ ਵਧੇਰੇ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਦਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੈਰ-ਪੈਰ ’ਤੇ ਸੂਬੇ ਨਾਲ ਮਤਰੇਈ ਮਾਂ ਵਾਲਾ ਵਤੀਰਾ ਕਰਦੀ ਆ ਰਹੀ ਹੈ।

ਸ੍ਰ. ਮਜੀਠੀਆ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਐਨ. ਡੀ. ਏ. ਵੱਲੋਂ ਐਲਾਨੇ ਗਏ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਨੂੰ ਵਿਕਾਸ ਪੁਰਸ਼ ਦਾ ਦਰਜਾ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਅਤੇ ਦੇਸ਼ ਦੇ ਸਰਬਪੱਖੀ ਵਿਕਾਸ ਲਈ ਆਗਾਮੀ ਲੋਕ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਸ੍ਰੀ ਮੋਦੀ ਦਾ ਮੁਕਾਬਲਾ ਕਰਨ ਲਈ ਕੋਈ ਯੋਗ ਉਮੀਦਵਾਰ ਨਹੀਂ ਲੱਭ ਰਿਹਾ ਹੈ। ਕਾਂਗਰਸ ਵੱਲੋਂ ਲੁਕਵੇਂ ਤਰੀਕੇ ਨਾਲ ਪਾਰਟੀ ਦੇ ਉਪ ਪ੍ਰਧਾਨ ਅਤੇ ਸੋਨੀਆ ਗਾਂਧੀ ਦੇ ਬੇਟੇ ਸ੍ਰੀ ਰਾਹੁਲ ਗਾਂਧੀ ਨੂੰ ਉਭਾਰਿਆ ਜਾ ਰਿਹਾ ਹੈ ਪਰ ਕਾਂਗਰਸ ਪਾਰਟੀ ਉਸ ਨੂੰ ਸਪੱਸ਼ਟ ਰੂਪ ਵਿੱਚ ਉਮੀਦਵਾਰ ਐਲਾਨਣ ਤੋਂ ਕੰਨੀ ਕਤਰਾ ਰਹੀ ਹੈ। ਸ੍ਰ. ਮਜੀਠੀਆ ਨੂੰ ਸਿਆਸਤ ਦਾ ਅਨਾੜੀ ਖ਼ਿਡਾਰੀ ਮੰਨਦਿਆਂ ਦਾਅਵੇ ਨਾਲ ਕਿਹਾ ਹੈ ਕਿ ਉਹ ਆਪਣੀ ਲੋਕ ਸਭਾ ਸੀਟ ਨਹੀਂ ਬਚਾ ਸਕੇਗਾ।

ਉਨ੍ਹਾਂ ਕਾਂਗਰਸੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਸੂਬੇ ਦੇ ਹੋ ਰਹੇ ਬੇਅਥਾਹ ਵਿਕਾਸ ਤੋਂ ਪੰਜਾਬ ਦੇ ਕਾਂਗਰਸੀ ਆਗੂ ਬੌਖਲਾ ਗਏ ਹਨ, ਤਾਂ ਹੀ ਤਾਂ ਰੋਜ਼ਾਨਾ ਨਵੇਂ-ਨਵੇਂ ਸ਼ਗੂਫੇ ਛੱਡ ਕੇ ਲੋਕਾਂ ਦਾ ਧਿਆਨ ੁਖਿੱਚਣ ਦੀ ਕੋਸ਼ਿਸ਼ ਕਰਨ ’ਤੇ ਲੱਗੇ ਹੋਏ ਹਨ। ਉਨ੍ਹਾਂ ਕੇਂਦਰੀ ਮੰਤਰੀ ਤੇ ਪੰਜਾਬ ਤੋਂ ਸੰਸਦ ਮੈਂਬਰ ਸ੍ਰੀ ਮੁਨੀਸ਼ ਤਿਵਾੜੀ ਅਤੇ ਸ੍ਰ. ਸੁਖਦੇਵ ਸਿੰਘ ਲਿਬੜਾ ’ਤੇ ਪੰਜਾਬ ਦੇ ਹਿੱਤਾਂ ਨੂੰ ਅਣਗੌਲ਼ਿਆਂ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਆਗੂਆਂ ਨੇ ਆਪਣੇ-ਆਪਣੇ ਹਲਕਿਆਂ ਦੇ ਵਿਕਾਸ ਲਈ ਕੁਝ ਵੀ ਉਪਰਾਲਾ ਨਹੀਂ ਕੀਤਾ। ਜਦਕਿ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਆਏ ਦਿਨ ਨਿੱਤ ਨਵੀਂਆਂ ਲੋਕ ਹਿੱਤ ਯੋਜਨਾਵਾਂ ਸ਼ੁਰੂ ਕੀਤੀਆਂ ਅਤੇ ਲਗਾਤਾਰ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰ. ਬਾਦਲ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਸਾਲਾਨਾ 9000 ਕਰੋੜ ਰੁਪਏ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੁਰਾਕ ਸੁਰੱਖਿਆ ਬਿੱਲ ਨੂੰ ਕਾਗਜ਼ੀ ਖਰੜਾ ਕਰਾਰ ਦਿੰਦਿਆਂ ਕਿਹਾ ਕਿ ਇਸ ਬਿੱਲ ਨਾਲ ਆਮ ਲੋਕਾਂ ਨੂੰ ਹਾਲੇ ਤੱਕ ਕੋਈ ਲਾਭ ਨਹੀਂ ਮਿਲਿਆ ਹੈ, ਜਦਕਿ ਪੰਜਾਬ ਦੇ ਲੱਖਾਂ ਲੋਕ ਸੂਬਾ ਸਰਕਾਰ ਦੀ ਆਟਾ ਦਾਲ ਸਕੀਮ ਦਾ ਭਰਪੂਰ ਲਾਹਾ ਲੈ ਰਹੇ ਹਨ।
ਇਸ ਤੋਂ ਪਹਿਲਾਂ ਸ੍ਰ. ਮਜੀਠੀਆ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਦਾ ਸਵਾਗਤ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਇੰਚਾਰਜ ਸ੍ਰ. ਬਿਕਰਮਜੀਤ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਸੀਲ ਕੰਪਲੈਕਸ ਦੇ ਬਣਨ ਨਾਲ ਹਲਕੇ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ। ਪਹਿਲਾਂ ਲੋਕ ਜਿੱਥੇ ਆਪਣੇ ਕੰਮ ਕਰਾਉਣ ਲਈ ਅਲੱਗ-ਅਲੱਗ ਤੇ ਦੂਰ ਦੁਰਾਡੇ ਦਫ਼ਤਰਾਂ ਵਿੱਚ ਜਾਂਦੇ ਸਨ, ਹੁਣ ਲੋਕਾਂ ਦੇ ਕੰਮ ਇੱਕੋ ਛੱਤ ਹੇਠਾਂ ਹੋਣ ਲੱਗ ਜਾਣਗੇ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਆਧੁਨਿਕ ਇਮਾਰਤ ਦੀ ਉਸਾਰੀ 3.20 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਹੈ, ਜਿਸ ਨਾਲ ਇਲਾਕੇ ਦੇ ਕਰੀਬ 75 ਪਿੰਡਾਂ ਨੂੰ ਫਾਇਦਾ ਪਹੁੰਚੇਗਾ। ਇਸ ਮੌਕੇ ਉਨ੍ਹਾਂ ਹਲਕੇ ਦੀਆਂ ਪ੍ਰਮੁੱਖ ਮੰਗਾਂ ਦਾ ਵੀ ਜ਼ਿਕਰ ਕੀਤਾ ਅਤੇ ਅਪੀਲ ਕੀਤੀ ਕਿ ਉਹ ਇਨ੍ਹਾਂ ਲੋੜਾਂ ਨੂੰ ਪੂਰਾ ਕਰਾਉਣ ਲਈ ਯਤਨ ਕਰਨ।

ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਹਲਕਾ ਦਾਖਾ ਦੇ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਆਪਣੇ ਸੈਂਕੜੇ ਸਾਥੀਆਂ ਨਾਲ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਸ੍ਰ. ਜਗਦੇਵ ਸਿੰਘ ਉਪ ਚੇਅਰਮੈਨ ਲੈਂਡ ਮਾਰਗੇਜ ਬੈਂਕ, ਸ੍ਰ. ਜਿਉਣ ਸਿੰਘ ਪ੍ਰਧਾਨ ਸਹਿਕਾਰੀ ਸੁਸਾਇਟੀ ਆਂਡਲੂ ਤੇ ਸ੍ਰ. ਕੁਲਦੀਪ ਸਿੰਘ ਪੰਚ ਦਾ ਸ੍ਰ. ਮਜੀਠੀਆ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਚੇਅਰਮੈਨ ਅਧੀਨ ਸੇਵਾਵਾਂ ਬੋਰਡ ਸ੍ਰ. ਸੰਤਾ ਸਿੰਘ ਉਮੈਦਪੁਰੀ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਏ. ਆਈ. ਜੀ. ਸ੍ਰ. ਗੁਰਪ੍ਰੀਤ ਸਿੰਘ ਤੂਰ, ਐਸ. ਡੀ. ਐ¤ਮ. ਸ੍ਰੀ ਰਾਕੇਸ਼ ਪੋਪਲੀ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰ. ਭਾਗ ਸਿੰਘ ਮਾਨਗੜ੍ਹ, ਯੂਥ ਅਕਾਲੀ ਆਗੂ ਸ੍ਰ. ਕਮਲਜੀਤ ਸਿੰਘ ਮੱਲ੍ਹਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰ. ਮਨਪ੍ਰੀਤ ਸਿੰਘ ਤਲਵੰਡੀ, ਸ੍ਰ. ਅਮਰਜੀਤ ਸਿੰਘ ਸਹਿਬਾਜਪੁਰਾ, ਸਤੀਸ਼ ਕੁਮਾਰ ਅਗਰਵਾਲ ਸੂਬਾ ਕਮੇਟੀ ਮੈਂਬਰ ਭਾਜਪਾ, ਕਰਮਜੀਤ ਕੌਰ ਸੁਖਾਣਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸ੍ਰੀ ਵਿਜੇ ਜੈਨ ਸੂਬਾ ਕਮੇਟੀ ਮੈਂਬਰ ਭਾਜਪਾ ਅਤੇ ਹੋਰ ਆਗੂ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>