ਮੋਦੀ ਦੀ ਰੈਲੀ ਦਾ ਪੰਜਾਬੀਆਂ ਅਤੇ ਸਿੱਖ ਕੌਮ ਵੱਲੋਂ ਬਾਈਕਾਟ ਕਰਨ ਅਤੇ ਮੋਦੀ ਵਿਰੋਧੀ ਰੱਖੇ ਗਏ ਮਾਰਚਾਂ ਵਿਚ ਸਾਥ ਦੇਣ ਲਈ ਧੰਨਵਾਦ : ਮਾਨ

ਫਤਿਹਗੜ੍ਹ ਸਾਹਿਬ – ‘‘ ਪੰਜਾਬ ਦੇ  ਸਮੁੱਚੇ ਵਜੀਰਾਂ, ਪਾਰਲੀਮੈਂਟ ਸਕੱਤਰਾਂ, ਸਰਕਾਰੀ ਅਫਸਰਸ਼ਾਹੀ, ਐਸਜੀਪੀਸੀ ਦੇ ਸਾਧਨਾਂ, ਪੰਜਾਬ ਅਤੇ ਗੁਰੂਘਰਾਂ ਦੇ ਖਜ਼ਾਨਿਆਂ ਦੀ ਦੁਰਵਰਤੋਂ ਕਰਕੇ ਸੰਤ ਸਮਾਜ, ਟਕਸਾਲ, ਸਿੱਖ ਸਟੂਡੈਂਟ ਫੈਡਰੇਸ਼ਨਾਂ , ਬਾਬਾ ਮਾਨ ਸਿੰਘ ਪਿਹੋਵੇ ਵਾਲੇ ਅਤੇ ਹੋਰ ਸੰਤਾਂ ਵੱਲੋਂ ਆਪਣੇ ਸਾਰੇ ਸਾਧਨ ਝੌਕ ਕੇ, 7500 ਪ੍ਰਾਈਵੇਟ ਬੱਸਾਂ ਨੂੰ ਜਬਰੀ ਖੋਹ ਕੇ ਮੋਦੀ ਦੀ ਜਗਰਾਓਂ ਵਿਖੇ ਬੀਤੇ ਕੱਲ੍ਹ ਰੈਲੀ ਨੂੰ ਕਾਮਯਾਬ ਕਰਨ ਲਈ ਸਭ ਤਰਾਂ ਦੇ ਹਥਕੰਡੇ ਵਰਤਣ ਦੇ ਬਾਵਜੂਦ ਵੀ ਬਾਦਲ-ਬੀਜੇਪੀ ਵਾਲੇ ਲੱਖਾਂ ਦਾ ਇਕੱਠ ਕਰਨ ਦਾ ਦਾਅਵਾ ਕਰਨ ਵਾਲੇ ਇਕ ਲੱਖ ਦਾ ਇਕੱਠ ਵੀ ਨਹੀਂ ਕਰ ਸਕੇ। ਜਿਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਮੋਦੀ ਅਤੇ ਬਾਦਲ ਦੀ ਹਰਮਨ ਪਿਆਰਤਾ ਕੇਵਲ ਅਖਬਾਰਾਂ ਅਤੇ ਟੀਵੀ ਚੈਨਲਾਂ ਵਿਚ ਹੀ ਹੈ। ਜਦੋਂ ਕਿ ਅਮਲੀ ਤੌਰ ਉੱਤੇ ਪੰਜਾਬ ਦੇ ਹਰ ਵਰਗ ਨਾਲ ਸੰਬੰਧਤ ਬਸਿੰਦੇ ਮੁਸਲਿਮ, ਇਸਾਈ ਅਤੇ ਸਿੱਖ ਕੌਮ ਦੇ ਕਾਤਲ ਮੋਦੀ ਦੇ ਨਾਲ ਨਾਲ ਉਨ੍ਹਾਂ  ਫਿਰਕੂਆਂ ਦੇ ਗੁਲਾਮ ਬਣ ਚੁੱਕੇ ਬਾਦਲ ਨੂੰ ਵੀ ਸਿਆਸੀ ਤੌਰ ਉੱਤੇ ਨਕਾਰ ਚੁੱਕੇ ਹਨ। ਜਦੋਂ ਸ਼੍ਰੀ ਮੋਦੀ ਤਕਰੀਰ ਸ਼ੁਰੂ ਕਰਨ ਲੱਗੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਸ ਪੰਡਾਲ ਵਿਚ ਬੈਠੇ ਇਕੋ ਇਕ ਸ਼ੇਰ ਪੱਟੀ ਦੇ ਆਹੁਦੇਦਾਰ ਸ. ਸੱਜਣ ਸਿੰਘ ਨੇ ਮੋਦੀ ਗੋ ਬੈਕ, ਪੰਥਕ ਗੱਦਾਰਾਂ ਦਾ ਬਾਈਕਾਟ ਕਰੋ ਦੇ ਨਾਅਰਿਆਂ ਨਾਲ ਉੱਚੀ ਆਵਾਜ਼ ਵਿਚ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਤਾਂ ਉਥੇ ਹਾਜਰੀਨ ਇਕੱਠ ਵਿਚੋਂ ਅੱਧਾ ਪੰਡਾਲ ਜੋ ਕਿ ਬਾਦਲ ਦਲੀਆਂ ਦਾ ਹੀ ਸੀ ਵੱਲੋਂ ਪੰਡਾਲ ਤੋ ਬਾਹਰ ਆ ਜਾਣ ਦੇ ਵਰਤਾਰੇ ਨੇ ਵੀ ਪ੍ਰਤੱਖ ਕਰ ਦਿੱਤਾ ਹੈ ਕਿ ਬਾਦਲ ਦਲੀਆਂ ਵਿਚ ਵੀ ਬਹੁਤੀ ਗਿਣਤੀ ਮੋਦੀ ਨੂੰ ਨਫਰਤ ਕਰਨ ਵਾਲੀ ਸੀ। ‘‘

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬੀਆਂ ਅਤੇ ਸਿੱਖ ਕੌਮ ਵੱਲੋਂ ਮਤੱਸਵੀ ਮੋਦੀ ਅਤੇ ਗੈਰ ਦਲੀਲ ਤਰੀਕੇ ਉਨ੍ਹਾਂ ਦੇ ਪਿਛਲੱਗ ਬਣ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਲੀਡਰਸ਼ਿਪ ਨੂੰ ਰੱਦ ਕਰਨ ਦੇ ਹੋਏ ਅਮਲਾਂ ਅਤੇ ਇਥੋਂ ਦੇ ਨਿਵਾਸੀਆਂ ਵੱਲੋਂ ਮੋਦੀ ਦੀ ਰੈਲੀ ਦਾ ਬਾਈਕਾਟ ਕਰਕੇ ਫੇਲ੍ਹ ਕਰਨ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਦੇ ਹਰ ਜਿਲ੍ਹਾ ਪੱਧਰ ਉੱਤੇ ਰੱਖੇ ਗਏ ਰੋਸ ਮਾਰਚਾਂ ਵਿਚ ਪੂਰੇ ਉਤਸ਼ਾਹ ਨਾਲ ਸਹਿਯੋਗ ਕਰਨ ਦਾ ਉਚੇਚਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਸ ਵੱਡੀ ਗਿਣਤੀ ਵਿਚ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਨੇ ਪੰਜਾਬ ਦੇ ਸਮੁੱਚੇ ਜਿਲ੍ਹਿਆਂ ਵਿਚ ਸ਼ਮੂਲੀਅਤ ਕਰਕੇ ਮੋਦੀ ਵਿਰੋਧੀ ਅਤੇ ਪੰਥਕ ਗੱਦਾਰਾਂ ਵਿਰੋਧੀ ਨਾਅਰੇ ਲਾਉਂਦੇ ਹੋਏ, ਆਪਣੇ ਰੋਹ ਨੂੰ ਉਜਾਗਰ ਕੀਤਾ ਹੈ , ਉਸ ਤੋਂ ਮੋਦੀ ਵਰਗੇ ਫਿਰਕੂ, ਬੀਜੇਪੀ ਅਤੇ ਆਰਐਸਐਸ ਵਰਗੀਆਂ ਮਨੁੱਖਤਾ ਵਿਰੋਧੀ ਜਮਾਤਾਂ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਜੋ ਦਿਨ ਰਾਤ ਸੁਪਨਿਆਂ ਵਿਚ ਵੀ ਮੋਦੀ ਨੂੰ ਹਿੰਦ ਦਾ ਵਜੀਰੇ ਆਜ਼ਮ ਬਣਾਈ ਫਿਰਦੇ ਹਨ, ਉਨ੍ਹਾਂ ਨੂੰ ਗਿਆਨ ਹੋ ਜਾਣਾ ਚਾਹੀਦਾ ਹੈ ਕਿ ਹੁਣ ਪੰਜਾਬ ਦੇ ਬਸ਼ਿੰਦੇ ਅਤੇ ਸਿੱਖ ਕੌਮ ਝੂਠੀਆਂ ਤਕਰੀਰਾਂ ਅਤੇ ਬਿਆਨਬਾਜੀ ਉੱਤੇ ਬਿਲਕੁਲ ਵਿਸ਼ਵਾਸ ਨਹੀ  ਕਰਦੇ ਅਤੇ ਆਉਣ ਵਾਲੀ ਪਾਰਲੀਮੈਂਟ ਚੋਣਾਂ ਵਿਚ ਇਨ੍ਹਾਂ ਦਾ ਜ ੋ ਹਸ਼ਰ ਹੋਣ ਵਾਲਾ ਹੈ, ਉਸ ਨੂੰ ਸਮਝ ਕੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਦਾ ਸਾਥ ਛੱਡ ਦੇਣ ਤਾਂ ਬਿਹਤਰ ਹੋਵੇਗਾ। ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਚੰਡੀਗੜ੍ਹ ਵਿਖੇ ਆਪਣੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਕਰਕੇ ‘‘ਪਾਰਲੀਮੈਂਟ ਬੋਰਡ‘‘ ਦਾ ਐਲਾਨ ਕਰ ਰਹੀ ਹੈ। ਜੋ ਬੇਦਾਗ, ਲੋਕਾਈ ਅਤੇ ਮਨੁੱਖਤਾ ਦੀ ਨਿਰਸਵਾਰਥ ਹੋ ਕੇ ਸੇਵਾ ਕਰਨ ਲਈ ਤੱਤਪਰ ਹੋਣਗੇ, ਉੱਨਾਂ ਪੜ੍ਹੇ ਲਿਖੇ ਅਤੇ ਹਰ ਪੱਧਰ ਦੀ ਜਾਣਕਾਰੀ ਰੱਖਣ ਵਾਲੇ ਲਿਆਕਤਮੰਦਾਂ ਦੀ ਚੋਣ ਕਰਕੇ ਪੰਜਾਬ ਦੀਆਂ 13, ਚੰਡੀਗੜ੍ਹ, ਹਰਿਆਣਾ , ਰਾਜਸਥਾਨ ਦੀਆਂ ਕਈ ਸੀਟਾਂ ਉੱਤੇ ਆਪਣੇ ਉਮੀਦਵਾਰਾਂ ਦਾ ਬੋਰਡ ਐਲਾਨ ਕਰੇਗਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਸੂਝਵਾਨ ਵੋਟਰ ਆਪਣੀ ਵੋਟ ਦੇ ਕੇ ਇਥੇ ਰਿਸ਼ਵਤ ਤੋਂ ਰਹਿਤ, ਇਨਸਾਫ ਪਸੰਦ, ਸਭ ਨੂੰ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਦੇਣ ਵਾਲਾ ਨਿਜਾਮ ਕਾਇਮ ਕਰਨ ਵਿਚ ਯੋਗਦਾਨ ਪਾਉਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>