ਕਾਂਗਰਸ-ਪੀਪੀਪੀ ਗਠਜੋੜ ਦਾ ਪੰਜਾਬ ਵਿਚ ਕੋਈ ਸਿਆਸੀ ਭ੍ਯਵਿੱਖ ਨਹੀਂ‑ਸੁਖਬੀਰ ਸਿੰਘ ਬਾਦਲ

ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕਰਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਨਾਲ ਮਨਜੀਤ ਬਰਕੰਦ, ਰੋਜ਼ੀ ਬਰਕੰਦੀ ਤੇ ਹੋਰ।(ਫੋਟੋ: ਸੁਨੀਲ ਬਾਂਸਲ)

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) : ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਪੰਜਾਬ ਵਿਚ ਸਿਆਸੀ ਤੌਰ ਪੂਰੀ ਤਰਾਂ ਨਾਲ ਅਪਾਹਜ ਹੋ ਚੁੱਕੀ ਹੈ ਅਤੇ ਪਹਿਲਾਂ ਤੋਂ ਹੀ ਪੰਜਾਬ ਵਿਚੋਂ ਆਪਣਾ ਸਿਆਸੀ ਵਜੂਦ ਗੁਆ ਚੁੱਕੀ ਪੀ.ਪੀ.ਪੀ. ਪਾਰਟੀ ਨਾਲ ਗਠਜੋੜ ਕਰਕੇ ਕਾਂਗਰਸ ਆਪਣੀ ਡੁੱਬਦੀ ਸਾਖ਼ ਨੂੰ ਬਚਾਉਣ ਦੀ ਨਾਕਾਮ ਕੋਸ਼ਿਸ ਕਰ ਰਹੀ ਹੈ।

ਅੱਜ ਇੱਥੇ ਸ੍ਰੀ ਮੁਕਤਸਰ ਸਾਹਿਬ ਜਲਾਲਾਬਾਦ ਰੋਡ ਤੇ 24.31 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰ ਬ੍ਰਿਜ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਭਰਵੀਂ ਧੰਨਵਾਦ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚੋਂ ਖਤਮ ਹੋਣ ਦੇ ਕਗਾਰ ਤੇ ਪਹੁੰਚ ਚੁੱਕੀ ਹੈ ਅਤੇ ਆਪਣਾ ਸਿਆਸੀ ਅਧਾਰ ਗੁਆ ਚੁੱਕੀ ਕਾਂਗਰਸ ਪਾਰਟੀ ਨੂੰ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਊਮੀਦਵਾਰ ਨਹੀਂ ਮਿਲ ਰਹੇ ਹਨ। ਸ: ਬਾਦਲ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੂੰ, ਜਿੱਥੇ ਉਸਦੀ ਪਾਰਟੀ ਦੇ  ਲੋਕ ਹੀ ਪ੍ਰਧਾਨ ਮੰਨਨ ਨੂੰ ਤਿਆਰ ਨਹੀਂ ਉੱਥੇ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਪਾਰਟੀ ਦੀ ਹਾਰ ਨੂੰ ਭਾਂਪਦਿਆਂ ਖੁਦ ਲੋਕ ਸਭਾ ਚੋਣਾਂ ਵਿਚ ਊਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ ਜਦ ਕਿ ਕਾਂਗਰਸ ਦੇ ਹੋਰ ਦਿੱਗਜ ਵੀ ਚੋਣ ਲੜਨ ਨੂੰ ਤਿਆਰ ਨਹੀਂ ਹੋ ਰਹੇ ਹਨ। ਉਨ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਕਿਸੇ ਵੀ ਗਠਬੰਧਨ ਦਾ ਸ਼੍ਰੋਮਣੀ ਅਕਾਲੀ ਦਲ‑ਭਾਰਤੀ ਜਨਤਾ ਪਾਰਟੀ ਗਠਜੋੜ ਤੇ ਕੋਈ ਅਸਰ ਨਹੀ ਹੋਵੇਗਾ ਅਤੇ ਅਕਾਲੀ ਭਾਜਪਾ ਗਠਜੋੜ ਸਾਰੀਆਂ 13 ਸੀਟਾਂ ਵੱਡੇ ਫਰਕ ਨਾਲ ਜਿੱਤੇਗਾ। ਬਠਿੰਡਾ ਤੋਂ ਪੀਪੀਪੀ ਆਗੂ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਲੜਨ ਸਬੰਧੀ ਪੁੱਛੇ ਸਵਾਲ ਤੇ ਸ: ਬਾਦਲ ਨੇ ਕਿਹਾ ਕਿ ਲੋਕਾਂ ਵੱਲੋਂ ਰੱਦ ਕੀਤੀਆਂ ਪਾਰਟੀਆਂ ਦੇ ਗਠਜੋੜ ਦਾ ਅਕਾਲੀ ਦਲ ਦੀ ਜਿੱਤ ਤੇ ਕੋਈ ਅਸਰ ਨਹੀਂ ਪੈਣ ਵਾਲਾ। ਇਕ ਹੋਰ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਨ੍ਹਾਂ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ ਉਹ ਸਾਰੇ ਪ੍ਰੋਜੈਕਟ 18 ਮਹੀਨਿਆਂ ਵਿਚ ਮੁਕੰਮਲ ਹੋ ਜਾਣਗੇ।

ਇਸ ਤੋਂ ਪਹਿਲਾਂ ਧੰਨਵਾਦ ਰੈਲੀ ਨੂੰ ਸੰਬੋਧਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ੍ਰੀ ਮੁਕਤਸਰ ਸਾਹਿਬ ਸਮੇਤ ਰਾਜ ਦੇ ਦੱਖਣੀ ਪੱਛਮੀ ਜ਼ਿਲ੍ਹਿਆਂ ਵਿਚੋਂ ਸੇਮ ਦੇ ਖਾਤਮੇ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਹਨ ਅਤੇ ਹੁਣ ਇਸ ਸਮੱਸਿਆ ਦੇ ਸਥਾਈ ਹੱਲ ਲਈ  ਵਿਆਪਕ ਮਾਸਟਰ ਪਲਾਨ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਹੈ ਜਿਸ ਅਨੁਸਾਰ ਕੰਮ ਆਰੰਭ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਤੇ ਮੁਕੰਮਲ ਹੋਣ ਨਾਲ ਇਸ ਨਾਮੁਰਾਦ ਪਰੇਸ਼ਾਨੀ ਦਾ ਪੱਕਾ ਹੱਲ ਹੋ ਜਾਵੇਗਾ।

ਸ: ਬਾਦਲ ਨੇ ਅੱਗੇ ਕਿਹਾ ਕਿ  ਪੰਜਾਬ ਸਰਕਾਰ ਨੇ ਆਮ ਲੋਕਾਂ ਲਈ ਜਿਹੋ ਜਿਹੀਆਂ ਕਲਿਆਣਕਾਰੀ ਸਕੀਮਾਂ ਸ਼ੁਰੂ ਕੀਤੀਆਂ ਹਨ ਅਜਿਹੀਆਂ ਸਕੀਮਾਂ ਹੋਰ ਕਿਸੇ ਸਰਕਾਰ ਨੇ ਸ਼ੁਰੂ ਨਹੀਂ ਕੀਤੀਆਂ ਹਨ। ਬਲਕਿ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਯੁ.ਪੀ.ਏ. ਸਰਕਾਰ ਨੇ ਤਾਂ ਦੇਸ਼ ਨੂੰ ਘਪਲਿਆਂ ਰਾਹੀਂ ਲੁੱਟਿਆ ਹੈ ਅਤੇ ਆਮ ਲੋਕਾਂ ਨੂੰ ਕੁੱਟਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਖਾਦਾਂ, ਬੀਜਾਂ, ਡੀਜ਼ਲ, ਰਸੋਈ ਗੈਸ ਅਤੇ ਹੋਰ ਜਰੂਰੀ ਵਸਤਾਂ ਦੀਆਂ ਕੀਮਤਾਂ ਵਧਾ ਕੇ ਆਮ ਲੋਕਾਂ ਤੇ ਬੋਝ ਪਾਉਂਦੀ ਰਹੀ ਹੈ ਅਤੇ ਕਾਂਗਰਸ ਦੇ 10 ਸਾਲ ਦੇ ਮਾੜੇ ਰਾਜ ਕਾਰਨ ਅੱਜ ਦੇਸ਼ ਹਰ ਮੁਹਾਜ ਤੇ ਪਿਛੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੁੱਜੇ ਪਾਸੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ‑ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਬਣਾ ਕੇ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਨਵੀਂ ਆਟਾ ਦਾਲ ਸਕੀਮ ਤਹਿਤ ਹੁਣ ਲਾਭਪਾਤਰੀਆਂ ਨੂੰ 1 ਰੁਪਏ ਕਿਲੋ ਦੀ ਦਰ ਨਾਲ ਕਣਕ ਮਿਲੇਗੀ ਅਤੇ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਹੀ 14 ਹਜਾਰ ਨਵੇਂ ਕਾਰਡ ਬਣੇ ਹਨ। ਉਨ੍ਹਾਂ ਕਿਹਾ ਕਿ ਨੀਲੇ ਕਾਰਡ ਧਾਰਕਾਂ ਨੂੰ 30 ਹਜਾਰ ਰੁਪਏ ਤੱਕ ਦੀ ਨਗਦੀ ਰਹਿਤ ਸਿਹਤ ਬੀਮੇ ਦੀ ਸਹੁਲਤ ਵੀ ਉਪਲਬੱਧ ਕਰਵਾਈ ਜਾ ਰਹੀ ਹੈ।  ਇਸੇ ਤਰਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇ ਰਹੀ ਹੈ।

ਸ: ਸੁਖਬੀਰ ਸਿੰਘ ਬਾਦਲ ਨੇ ਐਨ.ਡੀ.ਏ. ਦੀ ਅਗਵਾਈ ਕਰ ਰਹੇ ਸ੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੇਂਦਰ ਵਿਚ ਅਕਾਲੀ ਦਲ ਦੀ ਭਾਈਵਾਲੀ ਵਾਲੀ ਸਰਕਾਰ ਬਣਨ ਨਾਲ ਕੇਂਦਰ ਤੋਂ ਪੰਜਾਬ ਦੇ ਵਿਕਾਸ ਲਈ ਵਧੇਰੇ ਗ੍ਰਾਂਟਾਂ ਆ ਸਕਣਗੀਆਂ ਅਤੇ ਸੂਬੇ ਦੇ ਵਿਕਾਸ ਨੂੰ ਨਵੀਂ ਗਤੀ ਮਿਲ ਸਕੇਗੀ।

ਇਸ ਮੌਕੇ ਉਪ ਮੁੱਖ ਮੰਤਰੀ ਨੇ ਨਵੀਂ ਆਟਾ ਦਾਲ ਯੋਜਨਾਂ ਦੇ ਲਾਭਪਾਤਰੀਆਂ ਨੂੰ ਰਾਸ਼ਨ ਕਾਰਡ ਵੀ ਤਕਸੀਮ ਕੀਤੇ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਹਲਕਾ ਇੰਚਾਰਜ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਉਪ ਮੁੱਖ ਮੰਤਰੀ ਨੂੰ ਇੱਥੇ ਆਉਣ ਤੇ ਨਿੱਘੀ ਜੀ ਆਇਆਂ ਨੂੰ ਆਖੀ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਰੇਲਵੇ ਓਵਰ ਬ੍ਰਿਜ਼ ਦੀ ਮੰਗ ਪੂਰੀ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਬਰਕੰਦੀ, ਨਗਰ ਕੌਂਸ਼ਲ ਦੇ ਸਾਬਕਾ ਪ੍ਰਧਾਨ ਸ: ਮਿੱਤ ਸਿੰਘ ਬਰਾੜ,  ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਐਸ.ਐਸ.ਪੀ. ਸ: ਸੁਰਜੀਤ ਸਿੰਘ, ਸਰਕਲ ਪ੍ਰਧਾਨ ਸ: ਮਨਜਿੰਦਰ ਸਿੰਘ ਬਿੱਟੂ, ਐਸ.ਜੀ.ਪੀ.ਸੀ. ਮੈਂਬਰ ਸ: ਸੁਖਦਰਸ਼ਨ ਸਿੰਘ ਮਰਾੜ, ਸ: ਸੰਤ ਸਿੰਘ ਬਰਾੜ, ਸ: ਵਰਦੇਵ ਸਿੰਘ ਮਾਨ, ਸ: ਲਵੀ ਬਰਕੰਦੀ, ਸ:ਹੀਰਾ ਸਿੰਘ ਚੜੇਵਾਨ, ਬਿੰਦਰ ਗੋਨੇਆਨਾ, ਰਾਜਨ ਸੇਤੀਆ, ਸ੍ਰੀ ਸੌਰਭ ਰਾਜ ਆਦਿ ਵੀ ਹਾਜਰ ਸਨ।

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>