ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ

ਪਾਲ ਸਿੰਘ ਪੁਰੇਵਾਲ ਦੇ (ਅਖੌਤੀ) ਨਾਨਕਸ਼ਾਹੀ ਕੈਲੰਡਰ ਬਾਰੇ ਬਹੁਤ ਰੌਲਾ ਪਾਇਆ ਜਾ ਰਿਹਾ ਹੈ। ਮੈਂ ਹੈਰਾਨ ਹਾਂ ਕਿ ਇਸ ਦੇ ਹਿਮਾਇਤੀਆਂ ਵਿਚੋਂ 99% ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਕੀ ਹੈ। ਉਨ੍ਹਾਂ ਨੂੰ ਦੋ ਹੀ ਵੱਡੇ ਭਰਮ ਪਾਏ ਹੋਏ ਹਨ ਕਿ: 1. ਇਹ ਸਿੱਖਾਂ ਦੀ ਅਡਰੀ ਪਛਾਣ ਦਾ ਚਿੰਨ੍ਹ (ਪ੍ਰਤੀਕ) ਹੈ ਅਤੇ 2. ਇਹ ਗੁਰਪੁਰਬਾਂ ਨੂੰ ਇਕਸਾਰ ਕਰਦਾ ਹੈ (ਦਰਅਸਲ ਸਿਰਫ਼ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁਰਬ ਸਾਲ ਵਿਚ ਦੋ ਵਾਰ ਜਾਂ ਬਿਲਕੁਲ ਨਾ ਆਉਣ ਦਾ ਰੌਲਾ)। ਪਰ ਇਹ ਸਾਰਾ ਡਰਾਮਾ ਹੀ ਹੈ। ਇਸ ਕੈਲੰਡਰ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ। ਮੇਰਾ ਚੈਲੰਜ ਹੈ ਕਿ ਕੋਈ ਇਹ ਸਾਬਿਤ ਕਰ ਕੇ ਦਿਖਾਵੇ ਕਿ ਇਸ ਕੈਲੰਡਰ ਦਾ ਸਿੱਖੀ ਨਾਲ ਜ਼ਰਾ ਮਾਸਾ ਵੀ ਸਬੰਧ ਹੈ। ਮੈਂ ਇਸ ਕੈਲੰਡਰ ਬਾਰੇ ਹੇਠ ਲਿਖੇ ਸਵਾਲ ਪੁੱਛੇ ਹਨ ਪਰ ਕਿਸੇ ਕੈਲੰਡਰ ਹਿਮਾਇਤੀ ਕੋਲ ਇਨ੍ਹਾਂ ਦਾ ਕੋਈ ਜਵਾਬ ਨਹੀਂ ਹੈ। ਮੈਂ ਹੁਣ ਫਿਰ ਚੈਲੰਜ ਕਰਦਾ ਹਾਂ ਕਿ ਇਹ ਸਾਰੇ ਰਲ ਕੇ ਹੀ ਇਨ੍ਹਾਂ ਦਾ ਜਵਾਬ ਦੇ ਲੈਣ; ਪਰ ਜਵਾਬ ਸਿੱਧਾ ਪਧਰਾ ਦੇਣ ਨਾ ਕਿ ਇਧਰ ਉਧਰ ਦੀਆਂ ਮਾਰਨ।
1. ਇਸ ਕੈਲੰਡਰ ਵਿਚ ਵੀ ਬਿਕਰਮੀ ਅਤੇ (ਭਾਰਤ ਸਰਕਾਰ ਦੇ) ਸਾਕਾ/ਸ਼ਕ ਸੰਮਤ ਦੇ ਬਾਰਾਂ ਮਹੀਨੇ ਚੇਤਰ ਤੋਂ ਫੱਗਣ ਤਕ ਹਨ। ਫਿਰ ਇਹ ਬਿਕਰਮੀ ਅਤੇ ਸਾਕਾ ਸੰਮਤ ਤੋਂ ਵਖਰਾ ਕਿਵੇਂ ਹੈ?
2. ਬਿਕਰਮੀ ਅਤੇ ਸਾਕਾ ਸੰਮਤ ਵਾਂਙ ਇਸ ਦਾ ਨਵਾਂ ਸਾਲ ਵੀ ਚੇਤ ਵਦੀ ਪਹਿਲੀ ਜਾਂ ਪਹਿਲੀ ਚੇਤਰ ਤੋਂ ਸ਼ੁਰੂ ਹੁੰਦਾ ਹੈ; ਪਹਿਲੀ ਵਿਸਾਖ (ਜਾਂ ਕਿਸੇ ਹੋਰ ਮਹੀਨੇ) ਤੋਂ ਨਹੀਂ। ਫਿਰ ਇਹ ਬਿਕਰਮੀ ਅਤੇ ਸਾਕਾ ਸੰਮਤ ਤੋਂ ਵਖਰਾ ਕਿਵੇਂ ਹੈ? ਜੇ ਇਹ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਹੈ ਤਾਂ ਇਹ ਕਤਕ ਤੋਂ ਸ਼ੁਰੂ ਹੋਣਾ ਚਾਹੀਦਾ ਹੈ (ਚਲੋ ਜੇ ਪੁਰੇਵਾਲ ਜੀ ਵਿਸਾਖ ਦਾ ਜਨਮ ਮੰਨਦੇ ਹਨ ਤਾਂ ਫਿਰ ਵਿਸਾਖ ਤੋਂ ਸ਼ੁਰੂ ਹੋਣਾ ਚਾਹੀਦਾ ਹੈ)।
3. ਪਾਲ ਸਿੰਘ ਦੇ ਬਣਾਏ ਕੈਲੰਡਰ ਵਿਚ ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆਂ ਵੀ ਬਿਕਰਮੀ ਤੇ ਸ਼ੱਕ ਸੰਮਤ ਦੇ ਕੈਲੰਡਰ ਵਾਂਗ ਦਿਤੀਆਂ ਹੋਈਆਂ ਹਨ (ਪੁਰੇਵਾਲ ਦਾ ਕੈਲੰਡਰ ਸੱਕ ਸੰਮਤ ਦੀ ਨਕਲ ਵਰਗਾ ਹੀ ਹੈ; ਉਸ ਨੇ ਉਸ ਦੀਆਂ ਸੰਗਰਾਂਦਾਂ ਵਿਚ 13-15 ਦਿਨ ਦਾ ਫ਼ਰਕ ਪਾ ਕੇ ਆਪਣੀਆਂ ਸੰਗਰਾਂਦਾਂ ਘੜ ਲਈਆਂ ਹਨ)। ਦੂਜਾ, ਕੀ ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆਂ ਸਿੱਖਾਂ ਦੇ ਤਿਉਹਾਰ ਹਨ? ਦਰਅਸਲ, ਇਹ ਕਰ ਕੇ ਪੁਰੇਵਾਲ ਦੇ ਕੈਲੰਡਰ ਨੇ ਬ੍ਰਾਹਮਣਵਾਦੀ ਦਿਹਾੜਿਆਂ (ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆਂ) ‘ਤੇ ਪੱਕੀ ਮੋਹਰ ਲਾ ਕੇ ਇਸ ਪੰਥ ਨੂੰ ਪੱਗਾਂ ਵਾਲੇ ਬ੍ਰਾਹਮਣਵਾਦੀਆਂ ਦਾ ਧਰਮ ਬਣਾ ਦਿਤਾ। ਮੈਂ ਇਸੇ ਕਰ ਕੇ ਇਸ ਨੂੰ ਬ੍ਰਾਹਮਣਵਾਦੀ ਕੈਲੰਡਰ ਕਹਿੰਦਾ ਹਾਂ। 28 ਮਾਰਚ 2003 ਵਾਲੀ ਮੀਟਿੰਗ ਵਿਚ ਇਸ ਨੂੰ ਸਰਬਸੰਤੀ ਨਾਲ ਪਾਸ ਕੀਤੇ ਜਾਣ ਦਾ ਗ਼ਲਤ ਦਾਅਵਾ ਕੀਤਾ ਗਿਆ ਹੈ; ਇਸ ਵਿਚ ਪਾਸ ਨਹੀਂ ਕੀਤਾ ਗਿਆ ਸੀ, ਵਿਚਾਰਿਆ ਗਿਆ ਸੀ। ਇਸ ਮੀਟਿੰਗ ਵਿਚ ਇਸ ਦਾ ਵਿਰੋਧ ਸਿਰਫ਼ ਮੈਂ ਹੀ ਨਹੀਂ ਕੀਤਾ ਸੀ ਬਲਕਿ ਕੇਵਲ ਸਿੰਘ ਗੰਥੀ, ਜਸਵਿੰਦਰ ਸਿੰਘ ਐਡਵੋਕੇਟ, ਤਰਸੇਮ ਸਿੰਘ ਦਿੱਲੀ ਤੇ ਕਈ ਮਿਸ਼ਨਰੀਆਂ ਨੇ ਵੀ ਵਿਰੋਧ ਕੀਤਾ ਸੀ ਤੇ ਉਸ ਮੀਟਿੰਗ ਵਿਚ ਹੀ ਮੈਂ ਇਸ ਕੈਲੰਡਰ ਨੂੰ ਬ੍ਰਾਹਮਣੀ ਸਾਜ਼ਿਸ਼ ਕਿਹਾ ਸੀ। ਉਸ ਵੇਲੇ ਦੀ ਵੀਡੀਓ ਬਣੀ ਸੀ ਜੋ ਦੇਖੀ ਜਾ ਸਕਦੀ ਹੈ।
4. ਇਸ ਕੈਲੰਡਰ ਦਾ ਆਧਾਰ 1999 ਹੈ ਤੇ 1469 (ਗੁਰੂ ਨਾਨਕ ਸਾਹਿਬ ਦਾ ਜਨਮ ਵਰ੍ਹਾ) ਨਹੀਂ, 1699 (ਖਾਲਸਾ ਪਰਗਟ ਵਰ੍ਹਾ) ਵੀ ਨਹੀਂ ਸੋ ਇਸ ਦਾ ਨਾਂ ‘ਨਾਨਕਸ਼ਾਹੀ ਕੈਲੰਡਰ’ ਗ਼ਲਤ ਹੈ; ਇਸ ਨੂੰ ‘1999-ਸ਼ਾਹੀ’ ਜਾਂ ‘ਪੁਰੇਵਾਲ-ਸ਼ਾਹੀ’ ਕੈਲੰਡਰ ਜ਼ਰੂਰ ਕਿਹਾ ਜਾ ਸਕਦਾ ਹੈ। 1469 ਦੀ ਜਗਹ 1999 ਨੂੰ ਅਧਾਰ ਮੰਨਣ ਦਾ ਮਤਲਬ 330 ਸਾਲ ਦੀ ਤਵਾਰੀਖ਼ ਨੂੰ ਨਜ਼ਰ-ਅੰਦਾਜ਼, ਬਲਕਿ ਰੱਦ ਕਰਨਾ ਹੈ।
5. ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਕੈਲੰਡਰ ਕੈਲੰਡਰ ਗੁਰੂ ਗ੍ਰੰਥ ਸਾਹਿਬ ਵਿਚਲੇ ਕੈਲੰਡਰ ‘ਤੇ ਅਧਾਰਤ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲਾ ‘ਬਾਰਹ ਮਾਹ’ ਕੈਲੰਡਰ ਨਹੀਂ ਬਲਕਿ ਬਿਕਰਮੀ ਕੈਲੰਡਰ ਦੇ ਆਧਾਰ ਵਾਲਾ ਕਾਵਿ ਰੂਪ ਹੈ। ਦੂਜਾ ਜੇ ਉਸ ਨੂੰ ਅਧਾਰ ਮੰਨਣਾ ਹੈ ਤਾਂ ਵੀ ਪੁਰੇਵਾਲ ਦੇ ਕੈਲੰਡਰ ਦੇ ਮਹੀਨਿਆਂ ਦੇ 12 ਵਿਚੋਂ 6 ਨਾਂ ਗੁਰੂ ਗ੍ਰੰਥ ਸਾਹਿਬ ਵਿਚਲੇ ਕੈਲੰਡਰ ਵਾਲੇ ਨਹੀਂ ਹਨ। ਇਹ ਵੀ ਖਿਆਲ ਰਹੇ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ‘ਬਾਰਹ ਮਾਹ’ ਵਿਚ ਜਿਨ੍ਹਾਂ ਰੁਤਾਂ ਦਾ ਜ਼ਿਕਰ ਕੀਤਾ ਗਿਆ ਹੈ (ੳ) ਉਹ ਸਾਰੀ ਦੁਨੀਆਂ ਵਿਚ ਇਕ ਸਾਰ ਨਹੀਂ ਹਨ। ‘ਅਸਾੜ ਤਪੰਦਾ…’ ਅਤੇ ‘ਪੋਖੁ ਤੁਖਾਰ…’ ਪੰਜਾਬ ਦਾ ਮੌਸਮ ਹਨ। ਇਹ ਰੁੱਤਾਂ ਯੂਰਪ, ਅਫ਼ਰੀਕਾ, ਅਮਰੀਕਾ ਤੇ ਅਸਟਰੇਲੀਆ ਵਿਚ ਇੰਞ ਨਹੀਂ ਹਨ ਅਤੇ (ਅ) ਉਂਞ ਗਲੋਬਲ ਵਾਰਮਿੰਗ ਕਾਰਨ ਪੰਜਾਬ ਵਿਚ ਵੀ ਮੌਸਮ ‘ਬਾਰਹ ਮਾਹ’ ਵਾਲਾ ਨਹੀਂ ਰਿਹਾ ਤੇ ਅੱਗੋਂ ਹੋਰ ਵੀ ਬਦਲ ਜਾਣਾ ਹੈ। ਪੰਜਾਬ ਵਿਚ ਵੀ ਸ਼ਾਇਦ ਹਰ ਸਾਲ ਸਨੋਅ (ਬਰਫ਼) ਵੀ ਪਿਆ ਕਰੇਗੀ।
6. ਇਹ ਗੱਲ ਗ਼ਲਤ ਹੈ ਕਿ ਬਿਕਰਮੀ ਕੈਲੰਡਰ ਹਿੰਦੂ ਕੈਲੰਡਰ ਹੈ। ਕੁਝ ਲੋਕ ਇਸ ਨੂੰ ਹਿੰਦੂ ਕੈਲੰਡਰ ਕਹਿਣ ਦੀ ਗ਼ਲਤੀ ਕਰਦੇ ਹਨ। ਇਹ ਕੈਲੰਡਰ ਰਾਜਾ ਬਿਕਰਮ ਤੋਂ ਚੱਲਿਆ ਸੀ ਜੋ ਹਿੰਦੂ ਨਹੀਂ ਸੀ। ਹਿੰਦੂ ਧਰਮ ਦਾ ਅਸਲ ਮੁਢ ਤਾਂ ਬਹੁਤ ਬਾਅਦ ਵਿਚ ਬੱਝਾ ਸੀ। ਇਹ ਤਾਂ ਬ੍ਰਾਹਮਣਾਂ ਨੇ ਉਸ ਕਾਲ ਦੇ ਵੈਸ਼ਨੋ ਮੱਤ ਤੇ ਸ਼ੈਵ ਮੱਤ (ਅਤੇ ਹੋਰ ਕਈ ਮੱਤਾਂ ਨੂੰ ਇਕੱਠਾ ਕਰਕੇ) ਹਿੰਦੂ ਧਰਮ ਬਣਾ ਦਿੱਤਾ ਹੈ।
7.  ਫਿਰ ਇਹ ਵੀ ਗ਼ਲਤ ਹੈ ਕਿ ਇਸ ਨੂੰ ਬ੍ਰਾਹਮਣ ਬਣਾਉਂਦੇ ਹਨ। ਇਹ ਤਾਂ ਚੰਨ ‘ਤੇ ਅਧਾਰਤ ਕੈਲੰਡਰ ਹੈ। ਇਸ ਦੀਆਂ ਅਗਲੇ 300 ਸਾਲ ਤਕ (2300 ਸਮੇਂ ਤਕ) ਦੀਆਂ ਤਾਰੀਖ਼ਾਂ ਕੈਂਬਰਿਜ ਯੂਨੀਵਰਸਿਟੀ ਨੇ ਕਈ ਚਿਰ ਪਹਿਲਾਂ ਹੀ ਛਾਪ ਦਿੱਤੀਆਂ ਸਨ (ਉਹ ਤਾਰੀਖ਼ਾਂ ਕੱਢਣ ਵਾਲੇ ਬ੍ਰਾਹਮਣ ਨਹੀਂ ਹਨ)। ਇਹ ਕਿਤਾਬ 2002 ਵਿਚ ਛਪੀ ਸੀ।
8. ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੁਰੇਵਾਲ ਦੇ ਕੈਲੰਡਰ ਹੇਠ ਗੁਰਪੁਰਬਾਂ ਦੇ ‘ਪੱਕੇ’ ਦਿਨ ਨੀਅਤ ਹੋ ਜਾਣਗੇ। ਮੇਰਾ ਇਤਰਾਜ਼ ਸੀ (ਤੇ ਹੈ) ਕਿ ਇਸ ਨਾਲ ਕੀ ਫ਼ਰਕ ਪੈਂਦਾ ਹੈ? ਬਾਕੀ ਧਰਮਾਂ ਵਿਚ ਧਾਰਮਿਕ ਦਿਹਾੜੇ ਚੰਨ ਦੇ ਕੈਲੰਡਰ ‘ਤੇ ਅਧਾਰਤ ਹਨ; ਅਤੇ ਜੇ ਈਦ, ਗੁਡ ਫ਼ਰਾਈ ਡੇਅ ਤੇ ਕਈ ਹੋਰ ਦਿਨ ਹਰ ਸਾਲ ਵੱਖ-ਵੱਖ ਦਿਨ ‘ਤੇ ਆਉਂਦੇ ਹਨ ਤਾਂ ਸਿੱਖਾਂ ਨੂੰ ਚੰਨ ਦੇ ਅਧਾਰ ਵਾਲੇ ਬਿਕਰਮੀ ਕੇਲੰਡਰ ਹੇਠ ਮਨਾਉਣ ਨਾਲ ਕੀ ਫ਼ਰਕ ਪੈਂਦਾ ਹੈ? ਦੂਜਾ ਸਾਨੂੰ ਹਰ ਸਾਲ ਅਗਲਾ ਪੁਰਬ ਕਦੋਂ ਹੈ ਉਡੀਕਣ ਦਾ ਕੋਈ ਮਸਲਾ ਨਹੀਂ ਕਿਉਂਕਿ ਕੇਂਬਰਿਜ ਯੂਨੀਵਰਸਿਟੀ ਦੀ ਕਿਤਾਬ ਵਿਚ ਸੰਨ 2300 ਸਾਲ ਤਕ ਦੇ ਦਿਨ ਤਾਂ ਪਹਿਲਾਂ ਹੀ ਦੱਸੇ ਹੋਏ ਹਨ।
9. ਇਹ ਕਿਹਾ ਜਾ ਰਿਹਾ ਹੈ ਕਿ “ਕੈਲੰਡਰ ਦਾ ਮੁੱਦਾਅ ਇਤਿਹਾਸ ਨਹੀਂ ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਹੈ” (ਉਨ੍ਹਾਂ ਦਾ ਅਸਲ ਮਤਲਬ ਤ ਇਹ ਹੈ ਕਿ ਮੈਂ ਇਤਿਹਾਸਕਾਰ ਹਾਂ ਤੇ ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਮਾਹਿਰ ਨਹੀਂ ਤੇ ਮੈਂ ਕੈਲੰਡਰ ਦੇ ਮਸਲੇ ‘ਤੇ ਚੁਪ ਰਹਾਂ। ਪਰ ਕੀ ਇਹ ਦੱਸਣ ਦੀ ਖੇਚਲ ਕਰਨਗੇ ਕਿ ਇਸ ਕੈਲੰਡਰ ਵਾਸਤੇ ਸ਼੍ਰੋਮਣੀ ਕਮੇਟੀ ਨੇ ਜਿਹੜੀ ਕਮੇਟੀ ਡਾ: ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਬਣਾਈ ਸੀ ਕੀ ਉਸ ਵਿਚ ਇਕ ਵੀ ਬੰਦਾ ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਜਾਣੂ ਸੀ?)। ਖ਼ੈਰ ਕੋਈ ਨਹੀਂ ਇਸ ਢੁੱਚਰ ਦਾ ਜਵਾਬ ਉਲਟਾ ਇਸ ਸਵਾਲ ਵਿਚ ਹੈ ਕਿ ਹੈ ਕਿ “ਭੂਗੋਲ, ਖਗੋਲ ਤੇ ਅੰਕ ਗਣਿਤ ਦਾ ਸਿੱਖ ਫ਼ਲਸਫ਼ੇ ਨਾਲ ਕੀ ਸਬੰਧ ਹੈ?” ਗੱਲ ਤਾਂ ਕੈਲੰਡਰ ਦੇ ਸਿੱਖੀ ਨਾਲ ਸਬੰਧ ਦੀ ਚਲ ਰਹੀ ਹੈ।
10. ਇਕ ਹੋਰ ਬਹਾਨਾ ਇਹ ਲਾਇਆ ਜਾ ਰਿਹਾ ਹੈ ਕਿ ਪੰਜ ਸਤ ਸੌ ਸਾਲ ਮਗਰੋਂ ਵਿਸਾਖੀ ਕਦੇ ਜੂਨ ਤੇ ਕਦੇ ਜੁਲਾਈ ਤੇ ਫਿਰ ਕਦੇ ਦਸੰਬਰ ਵਿਚ ਵੀ ਆ ਸਕਦੀ ਹੈ। ਉਨ੍ਹਾਂ ਦੀ ਦਲੀਲ ਦਾ ਆਧਾਰ ਹੈ ਕਿ ਦਿਨ 24 ਘੰਟੇ ਨਹੀਂ ਬਲ ਕਿ 23 ਘੰਟੇ 56 ਮਿੰਟ ਅਤੇ 4.1 ਸਕਿੰਟ ਦਾ ਹੁੰਦਾ ਹੈ। ਪੁਰੇਵਾਲ ਜੀ ਤਾਂ ਸ਼ਾਇਦ ਜਾਣਦੇ ਹੀ ਹੋਣਗੇ (ਪਰ, ਉਨ੍ਹਾਂ ਦੇ ਹਿਮਾਇਤੀਆਂ ਵਿਚੋਂ ਸ਼ਾਇਦ ਇਕ ਜਾਂ ਦੋ ਜਣਿਆਂ ਨੂੰ ਵੀ ਪਤਾ ਨਹੀਂ ਹੋਣਾ) ਕਿ ਕਦੇ ਦਿਨ 24 ਘੰਟੇ ਨਹੀਂ ਬਲਕਿ 21 ਘੰਟੇ ਦਾ, ਅਤੇ ਸਾਲ 365 ਨਹੀਂ ਬਲ ਕਿ 410 ਦਿਨ ਦਾ, ਹੁੰਦਾ ਸੀ। ਇਸ ਦਾ ਕਾਰਨ ਇਹ ਹੈ ਕਿ ਗਲੋਬ (ਧਰਤੀ) ਦੀ ਚਾਲ ਘਟਦੀ ਜਾ ਰਹੀ ਹੈ ਅਤੇ ਕੁਝ ਸੌ/ਹਜ਼ਾਰ ਸਾਲ ਮਗਰੋਂ ਦਿਨ 26 ਘੰਟੇ ਦਾ ਤੇ ਫਿਰ 30 ਘੰਟੇ ਦਾ ਹੋ ਜਾਵੇਗਾ ਅਤੇ ਸਾਲ 350 ਦਿਨ ਦਾ ਤੇ ਫਿਰ ਕਦੇ 300 ਦਿਨ ਦਾ ਰਹਿ ਜਾਵੇਗਾ। ਫ਼ਿਰ, ਉਦੋਂ ਸਾਰੇ ਕੈਲੰਡਰ ਫੇਲ੍ਹ ਹੋ ਜਾਣਗੇ; ਪੁਰੇਵਾਲ ਦਾ ਕੈਲੰਡਰ ਵੀ ਫੇਲ੍ਹ ਹੋ ਜਾਵੇਗਾ। ਧਰਤੀ ਦੀ ਹਾਲਤ, ਗਤੀ, ਚਾਲ, ਭਵਿੱਖ ਬਾਰੇ ਕੋਈ ਸ਼ਖ਼ਸ ਪੇਸ਼ੀਨਗੋਈ (ਭਵਿੱਖਬਾਣੀ) ਨਹੀਂ ਕਰ ਸਕਦਾ। {ਹਾਂ ਭਾਰਤ ਦੇ ਸਾਧੂ, ਜੋਤਸ਼ੀ, ਬ੍ਰਹਮਗਿਆਨੀ, ਬਾਬੇ ਜ਼ਰੂਰ ਕਰ ਸਕਦੇ ਹਨ (ਹਾ ਹਾ ਹਾ)।}
11. ਇਸ ਦੇ ਨਾਲ ਪੁਰੇਵਾਲ ਜੀ ਦੇ ਹਿਮਾਇਤੀਆਂ ‘ਤੇ ਸਵਾਲ ਇਹ ਵੀ ਹੈ ਕਿ ਮਿੰਟਾਂ, ਸਕਿੰਟਾਂ, ਮਹੂਰਤ, ਸਮਾਂ, ਘੜੀ, ਪਲ ਦੀ ਸਿੱਖੀ ਵਿਚ ਕੋਈ ਅਹਮੀਅਤ ਨਹੀਂ। ਫਿਰ ਜੇ ਵਿਸਾਖ ਦਸੰਬਰ ਵਿਚ ਆਵੇਗੀ ਤਾਂ ਇਸ ਨਾਲ ਸਿੱਖੀ ਫ਼ਿਲਾਸਫ਼ੀ ਨੂੰ ਕੀ ਫ਼ਰਕ ਪਵੇਗਾ?ਫਿਰ, ਕੀ ਪੁਰੇਵਾਲ ਜੀ ਦੱਸਣਗੇ ਕਿ ਜੇ ਵਿਸਾਖ ਗਰਮੀਆਂ ਵਿਚ ਨਾ ਆਵੇ ਤੇ ਸਰਦੀਆਂ ਵਿਚ ਆਵੇ ਤਾਂ ਕੀ ਇਸ ਨਾਲ ਸਿੱਖ ਫ਼ਿਲਾਸਫ਼ੀ ਨੂੰ ਕੋਈ ਫ਼ਰਕ ਪੈਂਦਾ ਹੈ ਜਾਂ ਗੁਰਬਾਣੀ ਦੀ ਕੋਈ ਤੁਕ ਝੂਠੀ ਪੈ ਜਾਂਦੀ ਹੈ? ਉਂਞ ਸੱਜਣੋ, ਅਸਟਰੇਲੀਆ ਵਿਚ ਵਿਸਾਖੀ ਦੇ ਮੌਕੇ ‘ਤੇ ਬਰਫ਼ ਪੈਂਦੀ ਹੈ। ਯੂਰਪ ਵਿਚ ਵੀ ਬਹੁਤ ਜਗਹ ‘ਤੇ ਵਿਸਾਖੀ ਗੁਰੂ ਗ੍ਰੰਥ ਸਾਹਿਬ ਨਾਲੋਂ ਵਖਰੀ ਹੈ।
12. ਇਹ “ਵੱਡੀ ਗੱਪ” ਮਾਰੀ ਜਾ ਰਹੀ ਹੈ ਕਿ ਇਹ ਕੈਲੰਡਰ “ਸਿੱਖਾਂ ਦੀ ਵਖਰੀ ਪਛਾਣ” ਦਾ ਚਿੰਨ੍ਹ ਹੈ। ਵਾਹ ਬਈ ਵਾਹ! ਮੈਨੂੰ ਇਹ ਗੱਲ ਹੁਣ ਪਤਾ ਲੱਗੀ ਹੈ ਕਿ ਸਿੱਖੀ ਦੀ ਅਡਰੀ ਪਛਾਣ ਤਾਂ ਪੁਰੇਵਾਲ ਜੀ ਨੇ ਹੀ ਕਾਇਮ ਕੀਤੀ ਹੈ ਅਤੇ ਇਹ ਉਨ੍ਹਾਂ ਦੇ ਕੈਲਲ਼ਡਰ ਕਰ ਕੇ ਹੈ। ਯਾਨਿ, ਜੇ ਇਹ ਕੈਲੰਡਰ ਨਹੀਂ ਰਹਿੰਦਾ ਤਾਂ ਸਿੱਖਾਂ ਦੀ ਅਡਰੀ ਹਸਤੀ ਖ਼ਤਮ ਹੋ ਜਾਂਦੀ ਹੈ। ਫਿਰ ਤਾਂ, ਭਾਈ, ਪੁਰੇਵਾਲ ਹੀ ‘ਅਸਲ ਗੁਰੂ’ ਹੋਇਆ ਜਿਸ ਨੇ ਸਿੱਖੀ ਦੀ ਅਡਰੀ ਪਛਾਣ ਕਾਇਮ ਕੀਤੀ ਹੈ। ਚਲੋ ਉਨ੍ਹਾਂ ਨੂੰ ਘਟੋ-ਘਟ ਯਾਰ੍ਹਵਾਂ ਗੁਰੂ ਹੀ ਮੰਨ ਲਓ! ਕਿਉਂ ਕਿ ਪੁਰੇਵਾਲ ਦੇ ਕੈਲੰਡਰ ਤੋਂ ਪਹਿਲਾਂ ਸਿੱਖਾਂ ਤੇ ਸਿੱਖੀ ਦੀ ਅਡਰੀ ਪਛਾਣ ਹੀ ਕੋਈ ਨਹੀਂ ਸੀ!! ਦਸ ਗੁਰੂ ਸਾਹਿਬ ਵੀ ਸਿੱਖੀ ਦੀ ਲਾਸਾਨੀ, ਅਡਰੀ, ਵਿੱਲਖਣ ਪਛਾਣ ਕਾਇਮ ਨਹੀਂ ਸਨ ਕਰ ਸਕੇ। ਮੈਂ ਤਾਂ ਸਮਝਦਾ ਸੀ ਕਿ ਸਿੱਖਾਂ ਦੀ ਅਡਰੀ ਪਛਾਣ ਉਨ੍ਹਾਂ ਦੇ ਕੇਸ-ਦਾੜ੍ਹੀ-ਮੁੱਛਾਂ, ਦਸਤਾਰ, ਗੁਰਦੁਆਰਿਆਂ, ਗੁਰੂ ਗ੍ਰੰਥ ਸਾਹਿਬ, ਸਿੱਖ ਤਵਾਰੀਖ਼ ਕਰ ਕੇ ਹੈ; ਹੁਣ ਪਤਾ ਲੱਗਾ ਕਿ ਮੈਂ ਗ਼ਲਤ ਸੀ; ਸਿੱਖੀ ਦੀ ਪਛਾਣ ਤਾਂ ਸਿਰਫ਼ ਪੁਰੇਵਾਲ ਜੀ ਦੇ ਕੈਲੰਡਰ ਕਰ ਕੇ ਹੀ ਹੈ! ਇਸ ਕੈਲੰਡਰ ਦਾ ਹੀ ਕਮਾਲ ਹੈ ਕਿ ਜੇ ਕਿਸੇ ਗ਼ੈਰ ਸਿੱਖ ਨੂੰ ਸਿੱਖਾਂ ਬਾਰੇ ਪੁੱਛੋ ਤਾਂ ਉਹ ਕਹਿੰਦਾ ਹੈ “ਸਿੱਖ ਉਸ ਨੂੰ ਕਹਿਮਦੇ ਹਨ ਜਿਨ੍ਹਾਂ ਦਾ ਅਖੌਤੀ ਨਾਨਕਸ਼ਾਹੀ ਕੈਲੰਡਰ ਹੈ”। ਯਾਨਿਹਰ ਗ਼ੈਰ ਸਿੱਖ ਪੁਰੇਵਾਲ ਦੇ ਕੈਲੰਡਰ ਕਰ ਕੇ ਹੀ ਸਿੱਖਾਂ ਦਾ ਵਜੂਦ, ਸਿੱਖਾਂ ਦੀ ਪਛਾਣ ਦਾ ਜਾਣੂੰ ਹੈ (ਹਾ ਹਾ ਹਾ)। ਜਦ ਕਿ ਹਕੀਕਤ ਇਹ ਹੈ ਕਿ ਇਕ ਵੀ ਗ਼ੈਰ ਸਿੱਖ ਇਸ ਕੈਲੰਡਰ ਦਾ ਨਾਂ ਤਕ ਨਹੀਂ ਜਾਣਦਾ।
13. ਇਹ ਕਿਹਾ ਜਾ ਰਿਹਾ ਹੈ ਕਿ ਹਰ ਧਰਮ, ਹਰ ਕੌਮ ਦਾ ਆਪਣਾ ਕੈਲੰਡਰ ਹੁੰਦਾ ਹੈ। ਵਾਹ! ਦੁਨੀਆਂ ਵਿਚ ਮੁਖ ਕੈਲੰਡਰ ਹਨ: (ੳ). ਗਰੈਗੋਰੀਅਨ (ਤੇ ਜੂਲੀਅਨ ਵੀ) – ਜੋ ਅਜ ਸਾਰੀ ਦੁਨੀਆਂ ਦਾ ਸਾਂਝਾ ਕੈਲੰਡਰ ਹੈ (ਭਾਵੇਂ ਇਸ ਨੂੰ ਬਣਾਉਣ ਵਾਲਾ ਇਕ ਇਸਾਈ ਪਾਦਰੀ ਸੀ, ਪਰ, ਇਹ ਈਸਾਈ ਕੈਲੰਡਰ ਨਹੀਂ ਹੈ). (ਅ). ਹਿਜਰੀ (ਮੁਸਲਮਾਨਾਂ ਦਾ, ਜੋ ਉਹ ਸਿਰਫ਼ ਰੋਜ਼ਿਆਂ ਅਤੇ ਈਦ ਦੇ ਦਿਨ ਕੱਢਣ ਵਾਸਤੇ ਵਰਤਦੇ ਹਨ) (ੲ). ਬਿਕਰਮੀ (ਜੋ ਸਾਊਥ ਏਸ਼ੀਆ ਵਿਚ ਸਾਂਝਾ ਚੰਨ ਕੈਲੰਡਰ ਹੈ; ਇਹ ਹਿੰਦੂਆਂ ਦਾ ਕੈਲੰਡਰ ਨਹੀਂ ਹੈ ਤੇ ਹਿੰਦੂ ਧਰਮ ਤੋਂ ਕਈ ਸਦੀਆਂ ਪਹਿਲਾਂ ਦਾ ਚਲ ਰਿਹਾ ਹੈ). (ਸ). ਸਾਕਾ/ਸ਼ਕ ਕੈਲੰਡਰ (ਜੋ ਭਾਰਤ ਸਰਕਾਰ ਨੇ 1957 ਵਿਚ ਤਿਆਰ ਕਰਵਾਇਆ ਸੀ ਪਰ ਅਮਲੀ ਤੌਰ ‘ਤੇ ਇਹ ਵੀ ਕਿਤੇ ਵੀ ਲਾਗੂ ਨਹੀਂ ਹੁੰਦਾ) (ਹ). ਚੀਨੀਆਂ ਦਾ ਵੀ ਇਕ ਕੈਲੰਡਰ ਹੈ (ਪਰ ਉਹ ਧਾਰਮਿਕ ਕੈਲੰਡਰ ਨਹੀਂ ਹੈ; ਉਂਞ ਉਹ ਵਰਤਦੇ ਸਿਰਫ਼ ਗਰੈਗੋਰੀਅਨ ਕੈਲੰਡਰ ਹੀ ਹਨ)। ਦੁਨੀਆਂ ਦੇ 200 ਮੁਲਕ ਅਜਿਹੇ ਹਨ ਜਿਨ੍ਹਾਂ ਦਾ ਆਪਣਾ ਕਦੇ ਵੀ ਕੋਈ ਕੇੈਲੰਡਰ ਹੀ ਨਹੀਂ ਸੀ।ਬੁਧ ਧਰਮ (ਜੋ ਦੁਨੀਆਂ ਦਾ ਚੌਥਾ ਵੱਡਾ ਧਰਮ ਹੈ), ਜੈਨ ਧਰਮ, ਯਹੂਦੀ (ਜੋ ਸਾਰੀ ਦੁਨੀਆਂ ‘ਤੇ ਅਸਿੱਧੀ ਹਕੂਮਤ ਕਰ ਰਹੇ ਹਨ ਅਤੇ ਦੁਨੀਆਂ ਦੀਆਂ ਸਾਰੀਆਂ ਮਹਾਨ ਕਾਢਾਂ ਉਨ੍ਹਾਂ ਨੇ ਕੱਢੀਆਂ ਹਨ), ਪਾਰਸੀ, ਕਨਫ਼ਿਊਸ਼ੂਅਸ ਧਰਮ ਵਾਲੇ ਅਤੇ ਹੋਰ ਦਰਜਨਾਂ ਧਰਮ ਹਨ ਜਿਨ੍ਹਾਂ ਦਾ ਆਪਣਾ ਕੋਈ ਕੈਲੰਡਰ ਨਹੀਂ ਹੈ। ਕੀ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਦੀ ਕੋਈ ਪਛਾਣ ਹੀ ਨਹੀਂ ਹੈ?
14. ਪੁਰੇਵਾਲ ਦੇ ਕੈਲੰਡਰ ਬਾਰੇ ਤਾਂ ਕਿਸੇ ਗ਼ੈਰ-ਸਿੱਖ ਨੂੰ ਸ਼ਾਇਦ ਹੀ ਪਤਾ ਹੋਵੇਥ ਬਹੁਤੇ ਸਿੱਖਾਂ ਨੇ ਇਸ ਦਾ ਨਾਂ ਤਾਂ ਸਣਿਆ ਹੋਵੇਗਾ, ਪਰ, ਮੇਰਾ ਖ਼ਿਆਲ ਹੈ ਕਿ ਢਾਈ ਕਰੋੜ ਸਿੱਖਾਂ ਵਿਚੋਂ ਢਾਈ ਸੌ ਸਿੱਖ ਵੀ ਅਜਿਹੇ ਨਹੀਂ ਹੋਣਗੇ ਜੋ ਇਸ ਬਾਰੇ ਕੋਈ ਗੱਲ ਕਰ ਸਕਦੇ ਹੋਣ ਜਾਂ ਇਸ ਸਬੰਧੀ ਕਿਸੇ ਸਵਾਲ ਦਾ ਜ਼ਰਾ-ਮਾਸਾ ਵੀ ਜਵਾਬ ਦੱਸ ਸਕਦੇ ਹੋਣ।
15. ਫਿਰ, ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸ਼ਾਇਦ ਇਕ ਵੀ ਸਿੱਖ ਇਸ ਕੈਲੰਡਰ ਮੁਤਾਬਿਕ ਆਪਣੇ ਘਰ ਦੇ ਸਮਾਗਮ ਨਹੀਂ ਮਨਾਉਂਦਾ ਹੋਵੇਗਾ। ਕੋਈ ਸਿੱਖ ਪਰਵਾਰ ਵੀ ਆਪਣੇ ਘਰ ਵਿਚ ਸ਼ਾਦੀ, ਮੰਗਣੀ, ਜਨਮ ਦਿਨ, ‘ਅਖੰਡ’ ਪਾਠ, ਕੀਰਤਨ, ਚੱਠ ਵਗ਼ੈਰਾ (ਇਹ ਸਾਰੀਆਂ ਦੀਆਂ ਸਾਰੀਆਂ ਰਸਮਾਂ ਮੈਂ ਗੁਰਮਤਿ ਦੀਆਂ ਰਸਮਾਂ ਨਹੀਂ ਮੰਨੀਆਂ) ਮਨਾਉਣ ਸਮੇਂ ਕਾਰਡ ਜਾਂ ਸੁਨੇਹੇ ਵਿਚ ਇਹ ਨਹੀਂ ਲਿਖਦਾ ਕਿ ਅਸੀਂ ਸ਼ਾਦੀ/ਜਨਮ ਦਿਨ ‘ਫਲਾਣੀ ਵਿਸਾਖ’ ਜਾਂ ‘ਫਲਾਣੀ ਮਾਘ’ ਨੂੰ ਮਨਾ ਰਹੇ ਹਾਂ; ਬਲਕਿ ਉਹ ਇਹ ਲਿਖਦੇ ਹੋਣਗੇ ਕਿ ਅਸੀ ‘ਫਲਾਣੀ ਅਪ੍ਰੈਲ ਨੂੰ’, ਜਾਂ ‘ਫਲਾਣੀ ਸਤੰਬਰ ਨੂੰ’ ਮਨਾ ਰਹੇ ਹਾਂ। ਯਾਨਿ ਇਸ ਕੈਲੰਡਰ ਨੂੰ ਆਪਣੇ ਘਰ ਵਿਚ ਸ਼ਾਇਦ ਇਕ ਵੀ ਸਿੱਖ ਨਹੀਂ ਵਰਤਦਾ ਹੋਵੇਗਾ। ਹੈਂ! ਫਿਰ ਵੀ ਇਹ ਸਿੱਖਾਂ ਦਾ ‘ਆਪਣਾ’ ਕੈਲੰਡਰ ਹੈ? ਕੌਮੀ ਕੈਲੰਡਰ ਤਾਂ ਉਹ ਹੁੰਦਾ ਹੈ ਜਿਸ ਨੂੰ ਲੋਕ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਵਰਤਦੇ ਹਨ।
16. ਹਾਂ, ਪੁਰੇਵਾਲ ਜੀ ਦੇ ਕੈਲੰਡਰ ਨਾਲ ਲੋਕ ਕੁਝ ਸਮਾਂ ਸੰਗਰਾਂਦਾਂ ਜ਼ਰੂਰ ਮਨਾਉਂਦੇ ਰਹੇ ਸਨ। ਪਰ ‘ਸਿੱਖ ਰਹਿਤ ਮਇਆਦਾ’ ਮੁਤਾਬਿਕ ਸੰਗਰਾਂਦ ਮਨਾਉਣਾ ਤਾਂ ਗੁਰਮਤਿ ਨਹੀਂ ਬਲਕਿ ਮਨਮਤਿ ਹੈ; ਇਸ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ। ਚਲੋ, ਇਕ ਗੱਲ ਤਾਂ ਸਾਫ਼ ਹੋ ਗਈ ਕਿ ਇਸ ਕੈਲੰਡਰ ਦਾ ਮਕਸਦ ‘ਸੰਗਰਾਂਦਾ ਦੇ ਦਿਨ ਨੀਅਤ ਕਰਨਾ’ ਹੈ। ਇਸ ਹਿਸਾਬ ਨਾਲ ਵੀ ਇਹ ਸਿੱਖ ਕੈਲੰਡਰ ਤਾਂ ਨਾ ਹੋਇਆ ਬਲਕਿ ‘ਸੰਗਰਾਂਦਾ ਵਾਲਿਆਂ ਦਾ ਕੈਲੰਡਰ’ ਹੋਇਆ! ਇਕ ਵਾਰ ਮੇਰੇ ਸੁਝਾਅ ‘ਤੇ ਇਕ ਮਿਸ਼ਨਰੀ ਨੇ ਪੁਰੇਵਾਲ ਜੀ ਨੂੰ ਕਿਹਾ ਕਿ “ਤੁਸੀਂ ਆਪਣੇ ਕੈਲੰਡਰ ਵਿਚੋਂ ਸੰਗਰਾਂਦਾ, ਪੂਰਮਾਸੀਆਂ ਤੇ ਮੱਸਿਆ ਕੱਢ ਦਿਓ”; ਤਾਂ ਪੁਰੇਵਾਲ ਜੀ ਦਾ ਜਵਾਬ ਸੀ: “ਫਿਰ ਇਸ ਕੈਲੰਡਰ ਦਾ ਮਕਸਦ ਹੀ ਕੀ ਰਹਿ ਗਿਆ?” ਯਾਨਿ ਪੁਰੇਵਾਲ ਜੀ ਦਾ ਕੈਲੰਡਰ ਸਿੱਖਾਂ ਵਿਚ ਸੰਗਰਾਂਦ ਨੂੰ ਪੱਕਿਆਂ ਕਰਨ ਵਾਸਤੇ ਤਿਆਰ ਕੀਤਾ ਗਿਆ ਹੈ। ਤਾਂ ਫਿਰ ਇਹ ਬ੍ਰਾਹਮਣਾਂ ਤੇ ਆਰ.ਐਸ.ਐਸ. ਦੀ ਸੇਵਾ ਨਹੀਂ ਤਾਂ ਹੋਰ ਕੀ ਹੈ?
17. ਫਿਰ ਸਵਾਲ ਉਠੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਾ ਮਸਲਾ ਕਿਵੇਂ ਹੱਲ ਕੀਤਾ ਜਾਵੇ ਕਿਉਂ ਕਿ ਬਿਕਰਮੀ ਮੁਤਾਬਿਕ ਤਾਂ ਇਹ ਕਦੇ ਸਾਲ ਵਿਚ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਬਿਲਕੁਲ ਨਹੀਂ ਆਉਂਦਾ। ਉਂਞ ਇਹ ਝੂਠ ਹੈ। ਇਹ ਮਸਲਾ ਸੂਰਜੀ ਕੈਲੰਡਰ ਦਾ ਹੈ; ਪਰ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਚੰਨ ਦੇ ਕੈਲੰਡਰ ਮੁਤਾਬਿਕ ਸਾਲ ਵਿਚ ਇਕ ਵਾਰ ਹੀ ਆਉਂਦਾ ਹੈ।
(ੳ) ਕੀ ਇੰਞ ਦਿਨ ਮਨਾਉਣਾ ਕੌਮ ਵਾਸਤੇ ਬੜੀ ਵੱਡੀ ਮੁਸੀਬਤ ਹੈ? ਕੀ ਇਸ ਨਾਲ ਸਿੱਖ ਫ਼ਿਲਾਸਫ਼ੀ ਤਬਾਹ ਹੋ ਰਹੀ ਹੈ? ਕੀ ਇਹ ਗੁਰੂ ਜੀ ਦੀ ਬੇਅਦਬੀ ਹੈ? ਕੀ ਇਸ ਨਾਲ ਸਿੱਖੀ ਦਾ ਪ੍ਰਚਾਰ ਘਟ ਜਾਂਦਾ ਹੈ? ਕੀ ਇਸ ਤਰ੍ਹਾਂ ਮਨਾਏ ਪੁਰਬ ਦੀ ਰੂਹਾਨੀ, ਸਮਾਜਿਕ ਜਾਂ ਧਾਰਮਿਕ ਕੀਮਤ ਘਟ ਜਾਂਦੀ ਹੈ? ਕੀ ਇਸ ਨਾਲ ਸ਼ੁਭ ਤੇ ਅਸ਼ੁਭ ਦਾ ਚੱਕਰ ਪੈ ਜਾਂਦਾ ਹੈ? ਕੀ ਇਸ ਨਾਲ ਸ਼ਾਸਤਰ, ਜੋਤਿਸ਼, ਤਿਥ ਸ਼ਾਸਤਰ ਨੂੰ ਕੋਈ ਫ਼ਰਕ ਪੈਂਦਾ ਹੈ? ਕਿਸੇ ਖ਼ਾਸ ਦਿਨ ‘ਤੇ ਗੁਰਪੁਰਬ ਮਨਾਉਣ ਦਾ ਭਰਮ ਸਿੱਖੀ ਅਸੂਲ਼ਾਂ ਦੇ ਉਲਟ ਹੈ। ਗੱਲ ਤਾਂ ਪੁਰਬ ਮਨਾ ਕੇ ਗੁਰੁ ਜੀ ਦਾ ਪੈਗ਼ਾਮ ਲੋਕਾਂ ਨੂੰ ਦੇਣ ਦੀ ਹੈ; ਜੋ 5 ਜਨਵਰੀ ਹੋਵੇ ਜਾਂ 18 ਦਸੰਬਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਚਲੋ ਜੇ  ਜੀ ਦਾ ਜਨਮ ਦਿਨ ਹਰ ਸਾਲ ਇਕ ਦਿਨ ‘ਤੇ ਹੀ ਮਨਾਉਣਾ ਹੈ ਤਾਂ ਇਹ ਹਰ ਸਾਲ ਉਸ ਦਿਨ ‘ਤੇ ਹੀ ਮਨਾ ਲਿਆ ਜਾਣਾ ਚਾਹੀਦਾ ਹੈ ਜਿਸ ਦਿਨ ਉਨ੍ਹਾਂ ਦਾ ਜਨਮ ਹੋਇਆ ਸੀ (ਯਾਨਿ 18 ਦਸੰਬਰ 1661 ਜਾਂ 22 ਦਸੰਬਰ 1666 ਤੇ ਸਹੀ ਤਾਰੀਖ਼ ਦਾ ਫ਼ੈਸਲਾ ਇਤਿਹਾਸਕਾਰ ਬੈਠ ਕੇ ਕਰ ਸਕਦੇ ਹਨ। ਫਿਰ ਕੋਈ ਇਹ ਢੁੱਚਰ ਡਾਹ ਸਕਦਾ ਹੈ ਕਿ 1661 ਜਾਂ 1666 ਵਿਚ ਤਾਂ ਜੂਲੀਅਨ ਕੈਲੰਡਰ ਚਲਦਾ ਸੀ ਤੇ ਗਰੈਗੋਰੀਅਨ ਵਿਚ 13-14 ਦਿਨ ਦਾ ਫ਼ਰਕ ਪੈਂਦਾ ਹੈ ਸੋ ਇਹ ਜਨਵਰੀ ਹੋਣੀ ਚਾਹੀਦੀ ਹੈ।ਪਰ ਇਹ ਗ਼ਲਤ ਹੈ। ਮੰਨ ਲਓ ਅਸੀਂ 1 ਜਾਂ 5 ਜਨਵਰੀ ਮਿੱਥ ਲੈਂਦੇ ਹਾਂ ਪਰ ਤਵਾਰੀਖ਼ ਦੀਆਂ  ਕਿਤਾਬਾਂ ਵਿਚ ਤਾਂ 18 (ਜਾਂ 22) ਦਸੰਬਰ ਹੀ ਲਿਖੀ ਜਾਂਦੀ ਰਹੇਗੀ; ਉਥੇ ਕਿਉਂ ਨਹੀਂ ਠੀਕ ਕੀਤੀ ਜਾਂਦੀ ਕਿਉਂ ਕਿ ਹੁਣ ਤਾਂ ਗ੍ਰੈਗੋਰੀਅਨ ਕੈਲੰਡਰ ਲਾਗੂ ਹੈ। ਇਸ ਦਾ ਜਵਾਬ ਇਸਾਈਆਂ ਤੋਂ ਮਿਲਦਾ ਹੈ: ਉਹ ਕ੍ਰਿਸਮਸ ਦਾ ਦਿਨ ਹਰ ਸਾਲ 25 ਦਸੰਬਰ ਨੂੰ ਹੀ ਮਨਾਉਂਦੇ ਹਨ। 1752 ਵਿਚ ਗਰੈਗੋਰੀਅਨ ਕੈਲੰਡਰ ਲਾਗੂ ਕਰਨ ਤੋਂ ਪਹਿਲਾਂ ਵੀ ਉਹ ਜੂਲੀਅਨ ਕੈਲੰਡਰ ਮੁਤਾਬਿਕ 25 ਦਸੰਬਰ ਨੂੰ ਹੀ ਮਨਾਉਂਦੇ ਸਨ। ਉਨ੍ਹਾਂ ਨੇ 1752 ਵਿਚ ਇਸ ਵਿਚ 10-11 ਦਿਨ ਦਾ ਵਾਧਾ ਕਰ ਕੇ ਕ੍ਰਿਸਮਸ 6-7 ਜਨਵਰੀ ਨੂੰ ਨਹੀਂ ਸੀ ਕਰ ਦਿੱਤੀ। ਜੋ ਤਾਰੀਖ਼ ਤਵਾਰੀਖ਼ ਵਿਚ ਕਾਇਮ ਹੋ ਗਈ ਉਨ੍ਹਾਂ ਨੇ ਉਸ ਤਾਰੀਖ਼ ਨੂੰ ਹੀ ਮੰਨਿਆ ਸੀ ਤੇ ਮੰਨਦੇ ਆ ਰਹੇ ਹਨ।
(ਅ) ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੂ ਸਮਝਦਾ ਹਾਂ ਕਿ ਮੁਸਲਮਾਨ ਵੀ ਆਪਣੇ ਸਾਰੇ ਧਾਰਮਿਕ ਦਿਨ ਚੰਨ ਦੇ ਕੈਲੰਡਰ ਡੇ ਹਿਸਾਬ ਨਾ ਮਨਾਉਂਦੇ ਹਨ। ਉਨ੍ਹਾਂ ਦੀ ਈਦ ਕਈ ਵਾਰ ਸਾਲ ਵਿਚ ਦੋ ਵਾਰ ਆਉਂਦੀ ਹੈ; ਫਿਰ ਇਹ ਕਦੀ ਦਸੰਬਰ ਦੀਆਂ ਠੰਡਾਂ ਵਿਚ ਆ ਜਾਂਦੀ ਹੈ ਤੇ ਕਦੇ ਜੂਨ ਦੀ ਤਪਦੀ ਧੁੱਪ ਵਿਚ। ਇਸਾਈਆਂ ਦਾ ਗੁੱਡ ਫ਼ਰਾਈ-ਡੇਅ ਹਰ ਸਾਲ ਵੱਖ ਵੱਖ ਤਾਰੀਖ਼ ‘ਤੇ ਆਉਂਦਾ ਹੈ; ਯਹੂਦੀਆਂ, ਬੋਧੀਆਂ, ਜੈਨੀਆਂ, ਪਾਰਸੀਆਂਥ, ਸਭ ਦੇ ਧਾਰਮਿਕ ਦਿਨ ਹਰ ਸਾਲ ਵਖ-ਵੱਖ ਤਾਰੀਖ਼ਾਂ ‘ਤੇ ਆਉਂਦੇ ਹਨ।ਉਨ੍ਹਾਂ ਵਿਚਾਰਿਆਂ ਨੂੰ ਤਾਂ ਕਦੇ ਕੋਈ ਮੁਸੀਬਤ ਨਹੀਂ ਪਈ।
(ੲ) ਫਿਰ ਇਹ ਸਵਾਲ ਕਿ ਸਿੱਖ ਚੰਨ ਦਾ ਕੈਲੰਡਰ ਮੰਨਣ ਕਿ ਸੂਰਜ ਦਾ। ਓ! ਭਾਈ ਇਸ ਦਾ ਧਰਮ ਜਾਂ ਫ਼ਿਲਾਸਫ਼ੀ ਨਾਲ ਕੀ ਸਬੰਧ ਹੈ? ਕੀ ਸੂਰਜ ਦੇ ਹਿਸਾਬ ਨਾਲ ਮੰਤਰ ਪੜ੍ਹਨੇ ਹਨ? ਕੀ ਕੈਲੰਡਰ ਦਾ ਮਸਲਾ ਇਕ ਨਵੇਂ ਕਰਮ ਕਾਂਡ ਨੂੰ ਉਤਸਾਹਤ ਕਰਨਾ ਨਹੀਂ ਹੈ?
13. ਇਸ ਸੂਰਜੀ ਕੈਲੰਡਰ ਦੀ ਵਰਤੋਂ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਕੱਢਣ ਵਾਸਤੇ ਹੀ ਕੀਤੀ ਗਈ ਹੈ;  ਗੁਰੁ ਨਾਨਕ ਸਾਹਿਬ ਦਾ ਜਨਮ ਦਿਨ, ਦੀਵਾਲੀ (ਅਖੌਤੀ ਬੰਦੀ ਛੋੜ ਦਿਨ), ਹੋਲਾ ਮਹੱਲਾ, ਇਹ ਸਾਰੇ ਤਾਂ ਪੁਰੇਵਾਲ ਦੇ ਕੈਲੰਡਰ ਵਿਚ ਵੀ ਚੰਨ ਦੇ ਕੈਲੰਡਰ ਦੇ ਹਿਸਾਬ ਨਾਲ ਹੀ ਰਹੇ ਹਨ!
14. ਆਖ਼ਰੀ ਨੁਕਤਾ ਇਹ ਹੈ ਕਿ ਪੁਰੇਵਾਲ ਜੀ ਦੇ ਕੈਲੰਡਰ ਨੂੰ ਲਾਗੂ ਕਰਨ ਵਾਸਤੇ ਜ਼ਿਦ ਕੌਣ ਕਰਦਾ ਹੈ?:
(ੳ) ਉਹ ਜਿਨ੍ਹਾਂ ਨੂੰ ਭੁਲੇਖਾ ਪਾ ਦਿੱਤਾ ਗਿਆ ਹੈ ਕਿ ਬਿਕਰਮੀ ਕੈਲੰਡਰ ਹਿੰਦੂਆਂ/ਬ੍ਰਾਹਮਣਾਂ ਦਾ ਹੈ। ਇਹ ਕੋਰਾ ਝੂਠ ਹੈ। ਮੈਂ ਉਪਰ ਇਹ ਦਸ ਆਇਆ ਹਾਂ ਕਿ ਇਸ ਦੀਆਂ ਤਾਰੀਖ਼ਾਂ ਪੰਡਤ ਨਹੀਂ ਕੱਢਦੇ; ਕੋਈ ਵੀ ਕੱਢ ਸਕਦਾ ਹੈ। ਕੇਂਬਰਿਜ ਯੂਨੀਵਰਸਿਟੀ ਨੇ ਤਾਂ 2300 ਸੰਨ ਤਕ ਦੀਆਂ ਤਾਰੀਖ਼ਾਂ ਦੀ ਤਿਕਾਬ ਵੀ ਛਾਪੀ ਹੋਈ ਹੈ। ਇੰਟਰਨੈਟ ‘ਤੇ ‘ਕੈਲੰਡਰੀਕਾ ਡਾਟ ਕਮ’ ਅਤੇ ਕਈ ਹੋਰ ਸਾਈਟਾਂ ਤੋਂ ਅਗਲੇ ਲੱਖਾਂ ਸਾਲਾਂ ਤਕ ਦੀਆਂ ਤਾਰੀਖ਼ਾਂ ਕੱਢੀਆਂ ਜਾ ਸਕਦੀਆਂ ਹਨ।
(ਅ) ਇਸ ਕੈਲੰਡਰ ਦੇ ਹਿਮਾਇਤੀ ਉਹ ਵੀ ਹਨ ਜੋ ਸ਼੍ਰੋਮਣੀ ਕਮੇਟੀ ਦਾ ਹਰ ਗੱਲ ਵਿਚ ਵਿਰੋਧ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿਚ ਦਿੱਲ਼ੀ ਗੁਰਦੁਆਰਾ ਕਮੇਟੀ ‘ਤੇ ਕਾਬਜ਼ ਸਾਬਕਾ ਕਮੇਟੀ ਵਾਲੇ (ਸਰਨਾ ਗਰੁੱਪ) ਵੀ ਸਨ ਤੇ ਵਿਦੇਸ਼ਾਂ ਵਿਚਲੇ ਕੁਝ ਖਾੜਕੂ ਗਰੁਪ ਵੀ। ਇਸ ਪੱਖ ਦੇ ਲੋਕਾਂ ਦਾ ਨਿਸ਼ਾਨਾ ਸਿਰਫ਼ ਵਿਰੋਧ  ਕਰਨਾ ਹੈ; ਇਸ ਦਾ ਦਲੀਲ ਜਾਂ ਫ਼ਲਸਫ਼ੇ ਨਾਲ ਕੋਈ ਸਬੰਧ ਨਹੀਂ।
(ੲ) ਇਸ ਕੈਲੰਡਰ ਵਾਸਤੇ ਸਭ ਤੋਂ ਵਧ ਜ਼ਿਦ ਉਹ ਵੀ ਕਰ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਇਸ ਦੀ ਹਿਮਾਇਤ ਵਾਸਤੇ ਜ਼ੋਰ ਲਾਇਆ ਸੀ ਤੇ ਹੁਣ ਉਹ ਇਸ ਨੂੰ ‘ਅੜੀ’ ਦਾ ਸਵਾਲ ਬਣਾਈ ਬੈਠੇ ਹਨ। ਮੇਰਾ ਮਜ਼ਮੂਨ ਪੜ੍ਹ ਕੇ ਉਹ ਲਾਜਵਾਬ ਹੋ ਚੁਕੇ ਹੋਣਗੇ; ਪਰ, ਉਨ੍ਹਾਂ ਨੇ “ਮੈਂ ਨਾ ਮਾਨੂੰ” ਵਾਲੀ ਅੜੀ ਤੋਂ ਹਟਣਾ ਨਹੀਂ ਤੇ ਮਨਹਠ ਕਰੀ ਜਾਣਾ ਹੈ। ਗੁਰਬਾਣੀ ਮਨਹਠ ਕਰਨ ਵਾਲੇ ਨੂੰ ਮਨਮੁਖ ਤੇ ਮੂਰਖ ਕਹਿੰਦੀ ਹੈ।

ਮੈਂ ਸਮਝਦਾ ਹਾਂ ਕਿ ਬੇਹਤਰ ਤਾਂ ਇਹ ਸੀ ਕਿ ਵਧ ਤੋਂ ਵਧ ਇਹ ਹੋ ਸਕਦਾ ਸੀ ਕਿ ਗੁਰਪਰਬਾਂ ਦੇ ਦਿਹਾੜੇ ਗਰੈਗੋਰੀਅਨ ਕੈਲੰਡਰ ਮੁਤਾਬਿਕ ਪੱਕੇ ਨੀਅਤ ਕਰ ਦਿੱਤੇ ਜਾਂਦੇ ਤੇ ਫਿਰ ਕੈਲੰਡਰ ਦੀ ਕੋਈ ਲੋੜ ਹੀ ਨਹੀਂ ਸੀ। ਮੈਂ ਮੱਕੜ ਤੇ ਧੁੰਮਾ ਵੱਲੋਂ ਬਣਾਏ ਕੈਲੰਡਰ ਨੂੰ ਵੀ ਗ਼ਲਤ ਸਮਝਦਾ ਹਾਂ। ਮੈਂ ਸਮਝਦਾ ਹਾਂ ਕਿ ਬਿਕਰਮੀ ਕੈਲ਼ੰਡਰ ਹੀ ਸਹੀ ਕੈਲੰਡਰ ਹੈ; ਹਾਂ ਜੇ ਹੋ ਕੇ ਤਾਂ ਇਤਿਹਾਸਕਾਰਾਂ ਦੀ ਮਦਦ ਨਾਲ ਗੁਰਪੁਰਬਾਂ ਦੀਆਂ ਤਾਰੀਖ਼ਾਂ ਨੀਅਤ ਕਰ ਲਈਆਂ ਜਾਣ।

This entry was posted in ਲੇਖ.

One Response to ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ

  1. Dr Harjinder Singh Dilgeer says:

    Dear readers, there were some missing links in the last para. Please read it as follows:

    ਮੈਂ ਸਮਝਦਾ ਹਾਂ ਕਿ ਬੇਹਤਰ ਤਾਂ ਇਹ ਸੀ ਕਿ ਵਧ ਤੋਂ ਵਧ ਇਹ ਹੋ ਸਕਦਾ ਸੀ ਕਿ ਗੁਰਪਰਬਾਂ ਦੇ ਦਿਹਾੜੇ ਗਰੈਗੋਰੀਅਨ ਕੈਲੰਡਰ ਮੁਤਾਬਿਕ ਪੱਕੇ ਨੀਅਤ ਕਰ ਦਿੱਤੇ ਜਾਂਦੇ ਤੇ ਫਿਰ ਕੈਲੰਡਰ ਦੀ ਕੋਈ ਲੋੜ ਹੀ ਨਹੀਂ ਸੀ। ਮੈਂ ਮੱਕੜ ਤੇ ਧੁੰਮਾ ਵੱਲੋਂ ਬਣਾਏ ਕੈਲੰਡਰ ਨੂੰ ਵੀ ਗ਼ਲਤ ਸਮਝਦਾ ਹਾਂ। ਮੈਂ ਸਮਝਦਾ ਹਾਂ ਕਿ ਇਸ ਨਾਲੋਂ ਤਾਂ ਬਿਕਰਮੀ ਕੈਲ਼ੰਡਰ ਹੀ ਸਹੀ ਕੈਲੰਡਰ ਸੀ; ਪਰ ਕਿਉਂ ਕਿ ਹੁਣ ਸਾਡੀ ਜ਼ਿੰਦਗੀ ਦਾ ਸਾਰਾ ਕਾਰ ਵਿਹਾਰ ਸਿਰਫ਼ ਗਰੈਗੋਰੀਅਨ ਕੈਲੰਡਰ ਮੁਤਾਬਿਕ ਚਲਦਾ ਹੈ ਇਸ ਕਰ ਕੇ ਸਾਨੂੰ ਹਰ ਇਕ ਦਿਨ ਇਸ ਕੈਲੰਡਰ ਮੁਤਾਬਿਕ ਹੀ ਮਨਾਉਣਾ ਚਾਹੀਦਾ ਹੈ। ਹਾਂ ਜੇ ਹੋ ਕੇ ਤਾਂ ਇਤਿਹਾਸਕਾਰਾਂ ਦੀ ਮਦਦ ਨਾਲ ਗੁਰਪੁਰਬਾਂ ਦੀਆਂ ਤਾਰੀਖ਼ਾਂ ਨੀਅਤ ਕਰ ਲਈਆਂ ਜਾਣ।

    ਡਾਕਟਰ ਹਰਜਿੰਦਰ ਸਿੰਘ ਦਿਲਗੀਰ

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>