ਪਰੋਫੈਸਨਲ ਵਿਦਿਅਕ ਅਦਾਰਿਆਂ ਨੂੰ ਅੰਨੀ ਲੁੱਟ ਦੀ ਖੁੱਲ ਕਿਉਂ ?

ਗੁਰਚਰਨ ਪੱਖੋਕਲਾਂ

ਪੰਜਾਬ ਦੀ ਗੱਲ ਕਰੀਏ ਤਾਂ 44 ਲੱਖ ਦੀ ਬੇਰੁਜਗਾਰਾਂ ਦੀ ਫੌਜ ਸੜਕਾਂ ਤੇ ਮਾਰਚ ਪਾਸਟ ਕਰ ਰਹੀ ਹੈ। ਹਰ ਸਾਲ ਇਸ ਬੇਰੁਜਗਾਰ ਫੌਜ ਵਿੱਚ ਦੋ ਤਿੰਨ ਲੱਖ ਨਵੇਂ ਸਿਪਾਹੀ ਭਰਤੀ ਹੋ ਜਾਂਦੇ ਹਨ। ਸਰਕਾਰਾਂ ਨੇ ਵਿਦਿਅਕ ਅਦਾਰਿਆਂ ਦਾ ਤਾਂ ਹੜ ਲਿਆ ਦਿੱਤਾ ਹੈ ਜੋ ਕਿ ਅਮੀਰ ਅਤੇ ਰਾਜਨੀਤਕਾਂ ਦੇ ਆੜੀ ਲੋਕ ਖੋਲ ਰਹੇ ਹਨ। ਇਹ ਨਿੱਜੀ ਅਦਾਰੇ ਖੁਲਵਾਕੇ ਕੋਈ ਸਿੱਖਿਆ ਨਹੀਂ ਦਿੱਤੀ ਜਾ ਰਹੀ ਹੈ ਸਗੋਂ ਲੁੱਟ ਕੀਤੀ ਜਾ ਰਹੀ ਹੈ। ਪਿੱਛਲੇ ਸਮੇਂ ਵਿੱਚ ਨੌਕਰੀਆਂ ਤੇ ਰੱਖਣ ਸਮੇਂ ਅਟੈਚੀਕੇਸ ਨੋਟਾਂ ਵਾਲੇ ਲਏ ਜਾਂਦੇ ਸਨ ਪਰ ਵਰਤਮਾਨ ਸਮੇਂ ਸਰਕਾਰਾਂ ਕੋਲ ਨੌਕਰੀਆਂ ਦੇਣ ਦੇ ਸਾਧਨ ਨਹੀਂ ਹਨ ਕਿਉਂਕਿ ਖਜਾਨੇ ਤਾਂ ਚੱਟ ਕੀਤੇ ਜਾ ਚੁੱਕੇ ਹਨ ਜਿੰਹਨਾਂ ਵਿੱਚੋਂ ਕਰਜੇ ਅਤੇ ਵਿਆਜ ,ਮੁਲਾਜਮਾਂ ਦੀਆਂ ਤਨਖਾਹਾਂ ਅਤੇ ਸਬਸਿਡੀਆਂ ਦੇਣੀਆਂ ਔਖੀਆਂ ਹੋਈਆਂ ਪਈਆਂ ਹਨ ਸੋ ਲੋਕਾਂ ਨੂੰ ਲੁੱਟਣ ਲਈ ਵਿਦਿਆਂ ਦੇਣ ਸਮੇਂ ਹੀ ਲੁੱਟਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ। ਬਹੁਤੇ ਵਿਦਿਅਕ ਅਦਾਰੇ ਖੋਲਣ ਵਾਲੇ ਰਾਜਨੀਤਕਾਂ ਦੇ ਆੜੀ ਬੇਲੀ ਜਾਂ ਰਿਸਵਤਾਂ ਦੇਣ ਵਾਲੇ ਅਮੀਰ ਲੋਕ ਹਨ ।

ਵਿਦਿਅਕ ਅਦਾਰਿਆਂ ਵਿੱਚ ਲੋਕ ਸੇਵਾ ਦੇ ਨਾਂ ਤੇ ਲੁੱਟ ਦਾ ਵੇਰਵਾ ਕੁੱਝ ਇਸ ਤਰਾਂ ਹੈ ਕਿ ਕਿਸੇ ਵੀ ਇੰਜਨੀਅਰਗ ਕਾਲਜ ਨੂੰ ਹਰ ਫੀਲਡ ਦੇ ਵਿਦਿਆਰਥੀਆਂ ਲਈ 60 ਵਿਦਿਆਰਥੀ ਦਾਖਲ ਕਰਨ ਦੀ ਘੱਟੋ ਘੱਟ ਇਜਾਜਤ ਦਿੱਤੀ ਜਾਂਦੀ ਹੈ। ਹਰ ਕਾਲਜ 60 ਵਿਦਿਆਰਥੀਆਂ ਦਾ ਸੈਕਸਨ ਬਣਾਉਂਦਾਂ ਹੈ । ਜਿੰਨੇ ਸੈਕਸਨ ਹੁੰਦੇ ਹਨ ਲੱਗਭੱਗ ਉਨੇਂ ਕੁ ਲੈਕਚਰਾਰ ਰੱਖੇ ਜਾਂਦੇ ਹਨ ਜਿਸ ਦਾ ਭਾਵ ਕਿ ਇੱਕ ਸੈਕਸਨ ਨੂੰ ਇੱਕ ਹੀ ਲੈਕਚਰਾਰ ਨਾਲ ਸਰ ਜਾਂਦਾ ਹੈ ਦੂਸਰੇ ਕੰਮਾਂ ਲਈ ਕੁੱਝ ਹੋਰ ਸਟਾਫ ਹੁੰਦਾਂ ਹੈ ਜਿੰਹਨਾਂ ਦੀਆਂ ਤਨਖਾਹਾਂ ਚੌਥੇ ਦਰਜਾ ਮੁਲਾਜਮਾਂ ਵਰਗੀਆਂ ਬਹੁਤ ਘੱਟ ਹੁੰਦੀਆਂ ਹਨ । ਇੱਕ ਸੈਕਸਨ ਤੋਂ ਆਮਦਨ ਅਤੇ ਖਰਚ ਦੇ ਅਸਲੀ ਅੰਕੜਿਆਂ ਵਿੱਚ ਬਹੁਤ ਹੀ ਭਾਰੀ ਅੰਤਰ ਹੁੰਦਾਂ ਹੈ। ਇਕ ਸੈਕਸਨ ਦੇ ਵਿਦਿਆਰਥੀਆਂ ਦੀ ਇੱਕ ਮਹੀਨੇ ਦੀ ਫੀਸ ਹੀ ਤਿੰਨ ਲੱਖ ਬਣ ਜਾਂਦੀ ਹੈ ਕਿਉਂਕਿ ਕੋਈ ਵੀ ਅਦਾਰਾ 35000 ਪਰ ਸਮੈਸਟਰ ਫੀਸ ਤੋਂ ਘੱਟ ਨਹੀਂ ਲੈਂਦਾਂ। ਬਹੁਤ ਸਾਰੇ ਅਦਾਰੇ ਤਾਂ ਇਸ ਤੋਂ ਵੀ ਜਿਆਦਾ ਫੀਸ ਲੈਂਦੇ ਹਨ। ਇੱਕ ਸੈਕਸਨ ਦੀ ਸਲਾਨਾ ਰਕਮ 36 ਲੱਖ ਬਣ ਜਾਂਦੀ ਹੈ ਜਿਸ ਵਿੱਚੋਂ ਮੁਸਕਲ ਨਾਲ ਸਟਾਫ ਨੂੰ ਜਿਆਦਾ ਤੋਂ ਜਿਆਦਾ ਛੇ ਕੁ ਲੱਖ ਹੀ ਦਿੱਤਾ ਜਾਂਦਾਂ ਹੈ ਬਾਕੀ ਤੀਹ ਲੱਖ ਰੁਪਇਆਂ ਇੰਨਫਰਾਸਟਰੱਕਚਰ ਦੇ ਨਾਂ ਤੇ ਦਿਖਾਇਆਂ ਜਾਂਦਾਂ ਹੈ ਜੋ ਕਿ ਸਿਰਫ ਇੱਕ ਸਾਲ ਦੀ ਆਮਦਨ ਨਾਲ ਹੀ ਮਿਲ ਜਾਂਦਾਂ ਹੈ ਅਤੇ ਬਾਕੀ ਸਾਲਾਂ ਵਿੱਚ ਇਹ ਲੁੱਟ ਮਾਤਰ ਹੀ ਹੁੰਦਾਂ ਹੈ। ਇਹ ਲੁੱਟ ਕਰਨ ਤੇ ਕੋਈ ਰੋਕ ਨਹੀਂ । ਇਸ ਤਰਾਂ ਦੀ ਲੁੱਟ ਕਰਨ ਵਾਲੇ ਅਦਾਰੇ ਕਰੋੜਾਂ ਰੁਪਏ ਹਰ ਸਾਲ ਮਜਬੂਰ ਆਮ ਲੋਕਾਂ ਤੌਂ ਲੁੱਟ ਲੈਂਦੇ ਹਨ । ਸਰਕਾਰਾਂ ਦੇ ਵਿੱਚ ਬੈਠੇ ਲੋਕ ਇੰਹਨਾਂ ਦੇ ਭਾਈਵਾਲ ਹੋਣ ਕਰਕੇ ਕਦੇ ਵੀ ਇੰਹਨਾਂ ਦਾ ਅਸਲੀ ਆਡਿਟ ਜਾਂ ਰਵਿਊ ਨਹੀਂ ਕਰਦੇ।

ਲੋਕ ਸੇਵਾ ਕਰਨ ਵਾਲੇ ਵੀ ਬਹੁਤ ਸਾਰੇ ਅਸਲੀ ਅਦਾਰੇ ਹਨ ਜਿੰਹਨਾਂ ਦੀਆਂ ਫੀਸਾਂ ਜਾਇਜ ਵੀ ਹਨ ਜੋ ਕਿ ਹਜਾਰ ਰੁਪਏ ਪਰ ਮਹੀਨਾਂ ਤੇ ਵੀ ਕਿਸੇ ਘਾਟੇ ਵਿੱਚ ਨਹੀਂ ਹਨ ਬਲਕਿ ਆਪਣੀਆਂ ਸੰਸਥਾਵਾਂ ਦਾ ਵਧੀਆਂ ਵਿਕਾਸ ਵੀ ਕਰ ਰਹੇ ਹਨ। ਬਹੁਤ ਸਾਰੇ ਕਾਲਜ ਆਪਣੇ ਆਪ ਨੂੰ ਯੂਨੀਵਰਸਿਟੀਆਂ ਵਿੱਚ ਬਦਲ ਬੈਠੇ ਹਨ ਅਤੇ ਆਪਣੀ ਲੁੱਟ ਨੂੰ ਵਧਾਉਣ ਲਈ ਫੈਸਲੇ ਲੈਣ ਦੇ ਅਧਿਕਾਰ ਵੀ ਲੈ ਰਹੇ ਹਨ । ਇਸ ਤਰਾਂ ਦੀਆਂ ਯੂਨੀਵਰਸਿਟੀਆਂ ਵਿੱਚ ਫੀਸਾਂ ਮਨਮਰਜੀ ਦੀਆਂ ਅਤੇ ਨਤੀਜੇ ਵੀ ਮਨਮਰਜੀ ਦੇ ਦਿਖਾਏ ਜਾ ਸਕਦੇ ਹਨ । ਸਰਕਾਰਾਂ ਦੀਆਂ ਅੱਖਾਂ ਰਿਸਵਤਾਂ ਨਾਲ ਬੰਦ ਕਰ ਦਿੱਤਆਂ ਜਾਂਦੀਆਂ ਹਨ ਅਤੇ ਕੰਨ ਸਰਕਾਰਾਂ ਪਹਿਲਾਂ ਹੀ ਬੰਦ ਕਰ ਰੱਖੇ ਹਨ ਪਰ ਮੂੰਹ ਝੂਠ ਬੋਲਣ ਲਈ ਤਾਂ ਇਹਨਾਂ ਨੇ ਸਦਾ ਖੁੱਲਾ ਰੱਖਿਆ ਹੋਇਆ ਹੈ।  ਕਈ ਅਸਾਰੇ ਤਾਂ ਧਰਮ ਦੇ ਨਾਂ ਤੇ  ਚਲਾਏ ਜਾ ਰਹੇ ਹਨ ਜੋ ਲੁੱਟ ਤਾਂ ਦੂਸਰੇ ਵਪਾਰਕ ਅਦਾਰਿਆਂ ਵਾਂਗ ਹੀ ਕਰ ਰਹੇ ਹਨ ਪਰ ਜਮੀਨਾਂ ਆਮ ਲੋਕਾਂ ਤੋਂ ਦਾਨ ਵਿੱਚ ਲਈ ਜਾ ਰਹੇ ਹਨ। ਸੋ ਇਸ ਤਰਾਂ ਦੇ ਅਦਾਰੇ ਜਿੱਥੇ ਧਾਰਮਿਕ ਤੌਰ ਤੇ ਸਮਾਜ ਨੂੰ ਪਾਟੋਧਾੜ ਕਰਦੇ ਹਨ ਅਤੇ ਵਪਾਰ ਕਰਨ ਦੇ ਬਾਵਜੂਦ ਟੈਕਸ ਚੋਰੀ ਕਰਨ ਵਿੱਚ ਦੂਸਰੀਆਂ ਤੋਂ ਵੀ ਅੱਗੇ ਹਨ ਸਰਕਾਰਾਂ ਅਤੇ ਸਮਾਜ ਦਾ ਦੋਹਰਾ ਨੁਕਸਾਨ ਕਰ ਰਹੇ ਹਨ। ਗੁੰਮਰਾਹ ਕਰਕੇ ਧਾਰਮਿਕ ਲੋਕਾਂ ਦੀ ਆੜ ਵਿੱਚ ਇਸ ਤਰਾਂ ਦੇ ਵਿਦਿਅਕ ਅਦਾਰੇ ਬਹੁਤ ਹੀ ਖਤਰਨਾਕ ਹਨ ਭਵਿੱਖ ਲਈ । ਇਸ ਤਰਾਂ ਹੀ ਸਰੀਰ ਵਿਗਿਆਨ ਨਾਲ ਸਬੰਧਤ ਡਾਕਟਰੀ ਅਦਾਰੇ ਘਟੀਆਂ ਵਿਦਿਆਰਥੀਆਂ ਨੂੰ ਮੈਨੇਜਮੈਂਟ ਕੋਟੇ ਦੇ ਨਾਂ ਤੇ ਕਰੋੜਾਂ ਦੀਆਂ ਡੋਨੇਸਨਾਂ ਲੈਕੇ ਡਾਕਟਰ ਬਣਾਈ ਜਾ ਰਹੇ ਹਨ । ਵਿਦਿਅਕ ਤੌਰ ਤੇ ਡਾਕਟਰੀ ਲਈ ਟੈਸਟ ਨਾਂ ਕਲੀਅਰ ਕਰਨ ਵਾਲੇ ਅਮੀਰ ਲੋਕਾਂ ਦੇ ਬੱਚੇ ਚੋਰ ਮੋਰੀ ਰਾਂਹੀ ਪੈਸੇ ਦੇ ਜੋਰ ਤੇ ਡਾਕਟਰ ਇੰਜਨੀਆਰ ਬਣੀ ਜਾ ਰਹੇ ਹਨ । ਆਮ ਲੋਕਾਂ ਦੇ ਹੁਸਿਆਂਰ ਵਿਦਿਆਰਥੀਆਂ ਦਾ ਹੱਕ ਮਾਰ ਕੇ ਇਸ ਤਰਾਂ ਦੇ ਤਿਆਰ ਅਯੋਗ  ਲੋਕ ਆਪਣੇ ਪੈਸੇ ਦੇ ਜੋਰ ਤੇ ਸਰਕਾਰੀ ਅਦਾਰਿਆਂ ਵਿੱਚ ਵੀ ਪਹਿਲ ਲੈ ਜਾਂਦੇ ਹਨ। ਇਸ ਸਭ ਕੁੱਝ ਲਈ ਖੇਤ ਦੀ ਵੜ ਭਾਵ ਸਰਕਾਰਾਂ ਵਿੱਚ ਬੈਠੇ ਅਯੋਗ ਬੇਈਮਾਨ ਭਿ੍ਰਸਟ ਨੇਤਾ ਹੀ ਜੁੰਮਵਾਰ ਹਨ ਜਿੰਹਨਾਂ ਦੀ ਜਾਨ ਨੂੰ ਸਿਰਫ ਰੋਇਆ ਹੀ ਜਾ ਸਕਦਾ ਹੈ ਕਿਉਂਕਿ ਇਸ ਤਰਾਂ ਦੇ ਢਾਂਚੇ ਨੂੰ ਠੀਕ ਕਰਨ ਲਈ ਤਾਂ ਬਗਾਵਤ ਹੀ ਚਾਹੀਦੀ ਹੈ ਸੋ ਸਭ ਕੁੱਝ ਉਸ ਅੱਲਾ ਦੀ ਮਿਹਰਬਾਨੀ ਤੇ ਹੀ ਛੱਡਣ ਲਈ ਮਜਬੂਰ ਹਨ ਆਮ ਲੋਕ ਤਾਂ । ਨਿੱਜ ਵਾਦ ਦੀ ਹਨੇਰੀ ਵਿੱਚ ਐਸਪ੍ਰਸਤੀ ਦੀ ਦਲਦਲ ਵਿੱਚ ਜਿੰਦਗੀ ਬਤੀਤ ਕਰਨ ਵਾਲੇ ਵਿਦਿਅਕ ਅਦਾਰੀਆਂ ਦੇ ਅਮੀਰ ਲੁਟੇਰੇ ਪਰਬੰਧਕ ਕਦੇ ਵੀ ਆਮ ਲੋਕਾਂ ਦੀ ਲੁੱਟ ਦੇਖਣ ਤੋਂ ਅਸਮਰਥ ਹੀ ਰਹਿਣਗੇ ਕਿਉਂਕਿ ਉਹ ਦੂਸਰਿਆਂ ਗਰੀਬ ਲੋਕਾਂ ਦੇ ਦੁੱਖ ਦੇਖਣ ਵਾਲੀਆਂ ਅੱਖਾਂ ਤੋਂ ਅੰਨੇ ਜੋ ਹਨ । ਜਦ ਤੱਕ ਸਮਾਜ ਜਾਂ ਸਰਕਾਰਾਂ ਦੇ ਆਗੂ ਲੋਕ ਗਿਆਨ ਵਿਹੂਣੇ ਬਣਦੇ ਰਹਿਣਗੇ ਆਮ ਲੋਕਾਂ ਦੀ ਲੁੱਟ ਜਾਰੀ ਰਹੇਗੀ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>