ਕੇਜਰੀਵਾਲ ਦੀ ਭਰਿਸ਼ਟਾਚਾਰ ਵਿਰੁਧ ਲੜਾਈ ਫੈਸਲਾਕੁਨ ਦੌਰ ਵਿੱਚ

ਸ੍ਰੀ.ਅਰਵਿੰਦ ਕੇਜਰੀਵਾਲ ਆਦਰਸ਼ਕ ਵਿਅਕਤੀ ਹੈ। ਉਹ ਕਿਸੇ ਨਿਸ਼ਾਨੇ ਦੀ ਪ੍ਰਾਪਤੀ ਲਈ ਭਰਿਸ਼ਟ ਸਾਮਾਜ ਨਾਲ ਜੂਝ ਰਿਹਾ ਹੈ। ਸਮਾਜ ਵਿੱਚ ਚਾਰੇ ਪਾਸੇ ਭਰਿਸ਼ਟਾਚਾਰ ਦਾ ਹਨੇਰਾ ਛਾਇਆ ਹੋਇਆ ਹੈ। ਉਹ ਇਕੱਲਾ ਹੀ ਰੌਸ਼ਨੀ ਦੀ ਕਿਰਨ ਦੀ ਭਾਲ ਵਿੱਚ ਤੁਰਿਆ ਹੈ। ਉਸਦਾ ਕਾਫਲਾ ਵੱਡਾ ਹੁੰਦਾ ਜਾ ਰਿਹਾ ਹੈ। ਉਮੀਦ ਹੈ ਕਿ ਉਹ ਕਿਸੇ ਕਿਨਾਰੇ ਤੇ ਲੋਕਾਂ ਦੇ ਸਾਥ ਨਾਲ ਪਹੁੰਚ ਹੀ ਜਾਵੇਗਾ। ਉਸਦਾ ਪੈਂਡਾ ਭਾਵੇਂ ਬਿਖੜਾ ਹੈ ਪ੍ਰੰਤੂ ਆਸ ਦੀ ਕਿਰਨ ਅਜੇ ਵੀ ਬਾਕੀ ਹੈ। ਸਮੁੰਦਰ ਵਿੱਚ ਮਗਰਮੱਛਾਂ ਨਾਲ ਵੈਰ ਪਾ ਰਿਹਾ ਹੈ। ਅਰਵਿੰਦ ਕੇਜਰੀਵਾਲ ਦੀ ਭਰਿਸ਼ਟਾਚਾਰ ਵਿਰੁਧ ਲੜਾਈ ਹੁਣ ਫੈਸਲਾਕੁਨ ਦੌਰ ਵਿੱਚ ਪਹੁੰਚ ਗਈ ਹੈ। ਅੰਨਾ ਹਜ਼ਾਰੇ ਦੀ ਲੋਕ ਪਾਲ ਦੇ ਮੁਦੇ ਤੇ ਭਰਿਸ਼ਟਾਚਾਰ ਵਿਰੁਧ ਸ਼ੁਰੂ ਕੀਤੀ ਮੁਹਿੰਮ ਵਿੱਚੋਂ ਉਪਜੀ ਅਰਵਿੰਦ ਕੇਜਰੀਵਾਲ ਦੀ ਆਮ ਪਾਰਟੀ ਨੇ ਅਠਾਰਾਂ ਮਹੀਨਿਆਂ ਵਿੱਚ ਹੀ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਹਰਿਆਣੇ ਦੇ ਪਛੜੇ ਇਲਾਕੇ ਵਿੱਚੋਂ ਉਠਕੇ  ਆਈ.ਆਈ.ਟੀ. ਵਿੱਚ ਭਰਿਸ਼ਟਾਚਾਰ ਵਿਰੁਧ ਜਾਗੀ ਚਿਣਗ ਆਈ.ਆਰ.ਐਸ. ਵਿੱਚ ਚੁਣੇ ਜਾਣ ਤੋਂ ਬਾਅਦ ਆਪਣੀ ਸਰਕਾਰੀ ਨੌਕਰੀ ਦੇ ਤਜਰਬੇ ਦੇ ਆਧਾਰ ਤੋਂ ਉਸਨੂੰ ਖਤਮ ਕਰਨ ਦਾ ਬੀੜਾ ਚੁੱਕ ਕੇ ਰਾਜਨੀਤੀ ਵਿੱਚ ਸਮਾਜ ਸੇਵਾ ਰਾਹੀਂ ਸ਼ਾਮਲ ਹੋ ਕੇ ਬੜੇ ਥੋੜ੍ਹੇ ਅਰਸੇ ਵਿੱਚ ਹੀ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚਕੇ ਸਿਰਫ 49 ਦਿਨਾਂ ਦੇ ਰਾਜ ਭਾਗ ਵਿੱਚ ਹੀ ਅਨੇਕਾਂ ਵਿਲੱਖਣ ਫੈਸਲੇ ਕਰਕੇ ਕੁਸ਼ਲ ਪ੍ਰਬੰਧਕ ਤੇ ਸੁਘੜ ਰਾਜਨੀਤੀਵਾਨ ਹੋਣ ਦਾ ਸਬੂਤ ਦਿੰਦਿਆਂ ਦੇਸ਼ ਦੀ ਰਾਜਨੀਤੀ ਵਿੱਚ ਤਹਿਲਕਾ ਮਚਾਕੇ ਦੇਸ਼ ਦੇ ਸੁਨਹਿਰੇ ਭਵਿਖ ਦਾ ਸੁਪਨਾ ਸਿਰਜਿਆ ਹੈ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਦਾ ਮਾਰਗ ਦਰਸ਼ਕ ਬਣੇਗਾ। ਸਿਆਸਤ ਨੂੰ ਸ਼ਤਰੰਜ ਦੀ ਖੇਡ ਦਾ ਦਰਜਾ ਦਿੱਤਾ ਜਾਂਦਾ ਹੈ। ਕੇਜਰੀਵਾਲ ਨੇ ਆਪਣੇ ਇੱਕ ਹੀ ਸਿਆਸੀ ਸ਼ਤਰੰਜ ਦੇ ਘੋੜੇ ਦੀ ਚਾਲ ਨਾਲ ਲੋਕ ਸਭਾ ਦੀਆਂ ਮਈ 2014 ਦੀਆਂ ਚੋਣਾਂ ਦੀ ਖੇਡ ਵਿੱਚ ਮਾਹਰਕਾ ਮਾਰਨ ਦੀਆਂ ਕਿਆਸ ਅਰਾਈਆਂ ਨੂੰ ਬਲ ਦਿੱਤਾ ਹੈ। ਦਿੱਲੀ ਵਿਧਾਨ ਸਭਾ ਦੀਆਂ ਦਸੰਬਰ 2013 ਵਿੱਚ ਹੋਈਆਂ ਚੋਣਾਂ ਵਿੱਚ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਐਨੀ ਵਧੀਆ ਤੇ ਵਿਲੱਖਣ ਹੋਵੇਗੀ। ਇਹਨਾਂ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਪਾਰਟੀਆਂ ਨੂੰ ਆਪਣੀ ਕਾਰਗੁਜ਼ਾਰੀ ਬਦਲਣ ਲਈ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ। ਕੇਜਰੀਵਾਲ ਨੇ ਉਹਨਾਂ ਚੋਣਾਂ ਵਿੱਚ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ,ਉਹ ਵਾਅਦੇ ਪੂਰੇ ਕਰਨ ਲਈ ਸਰਕਾਰ ਬਣਾਉਣੀ ਵੀ ਉਸਦੀ ਮਜ਼ਬੂਰੀ ਬਣ ਗਈ ਸੀ,ਇਸੇ ਲਈ ਉਸਨੂੰ ਉਸੇ ਕਾਂਗਰਸ ਪਾਰਟੀ ਦੀ ਮਦਦ ਨਾਲ ਸਰਕਾਰ ਬਣਾਉਣੀ ਪਈ ,ਜਿਸ ਪਾਰਟੀ ਦੇ ਭਰਿਸ਼ਟਾਚਾਰ ਵਿਰੁਧ ਉਸਨੇ ਆਪਣੀ ਮੁਹਿੰਮ ਚਲਾਕੇ ਜਿੱਤ ਪ੍ਰਾਪਤ ਕੀਤੀ ਸੀ। ਅਸਲ ਵਿੱਚ ਆਮ ਆਦਮੀ ਪਾਰਟੀ ਦਾ ਮੰਤਵ ਤਾਂ ਸਾਰੇ ਭਾਰਤੀਆਂ ਨੂੰ ਬਹੁਤ ਹੀ ਚੰਗਾ ਲੱਗਿਆ ਪ੍ਰੰਤੂ ਇਸ ਪਾਰਟੀ ਦੇ ਜਿਹੜੇ ਨੇਤਾਵਾਂ ਨੇ ਚੋਣ ਲੜੀ ਉਹਨਾਂ ਵਿੱਚੋਂ ਇੱਕਾ ਦੁਕਾ ਨੂੰ ਛੱਡਕੇ ਬਾਕੀਆਂ ਨੂੰ ਰਾਜ ਭਾਗ ਚਲਾਉਣ ਦਾ ਭੋਰਾ ਭਰ ਵੀ ਤਜਰਬਾ ਨਹੀਂ ਸੀ। ਸਰਕਾਰ ਬਣਦਿਆਂ ਹੀ ਕਾਨੂੰਨ ਮੰਤਰੀ ਸੋਮ ਨਾਥ ਭਾਰਤੀ ਜੋ ਖੁਦ ਇੱਕ ਵਕੀਲ ਹੈ ਨੇ ਹਾਈ ਕੋਰਟ ਦੇ ਜੱਜਾਂ ਨੂੰ ਆਪਣੇ ਕੋਲ ਬੁਲਾਉਣ ਦੇ ਹੁਕਮ ਨਾਲ ਨਵੀਂ ਚਰਚਾ ਛੇੜ ਦਿੱਤੀ। ਇਸ ਤੋਂ ਬਾਅਦ ਸੋਮ ਨਾਥ ਭਾਰਤੀ ਅਤੇ ਰਾਖੀ ਬਿਡਲਾ ਨੇ ਖਿਰਕੀ ਇਲਾਕੇ ਵਿੱਚ ਰਾਤ ਨੂੰ ਪੁਲਿਸ ਦੇ ਰੋਕਣ ਦੇ ਬਾਵਜੂਦ ਜਾ ਕੇ ਅਫਰੀਕਨ ਕੁੜੀਆਂ ਦੇ ਘਰਾਂ ਤੇ ਛਾਪੇ ਮਾਰ ਲਏ ,ਕੁਮਾਰ ਵਿਸ਼ਵਾਸ਼ ਨੇ ਬਿਨਾਂ ਸੋਚੇ ਸਮਝੇ ਇਸਤਰੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਖਿਲਾਫ ਬਿਆਨ ਦੇ ਦਿੱਤਾ, ਇਥੇ ਹੀ ਬਸ ਨਹੀਂ ਪੜ੍ਹਿਆ ਲਿਖਿਆ ਮੁੱਖ ਮੰਤਰੀ ਹੋਣ ਤੇ ਵੀ ਪੁਲਿਸ ਦੇ ਕਰਮਚਾਰੀਆਂ ਨੂੰ ਮੁਅਤਲ ਕਰਨ ਲਈ ਧਰਨੇ ਬੈਠ ਗਏ। ਇਹ ਸਾਰੇ ਕੰਮ ਅਤੇ ਫੈਸਲੇ ਬਚਕਾਨਾ ਸਿਆਸਤਦਾਨਾ ਵਾਲੇ ਕੰਮ ਹਨ। ਅਸਲ ਵਿੱਚ ਕੇਜਰੀਵਾਲ ਬਲੀ ਦਾ ਬਕਰਾ ਬਣਨਾ ਚਾਹੁੰਦਾ ਸੀ। ਉਸਨੂੰ ਉਮੀਦ ਹੈ ਕਿ ਲੋਕ ਪਾਲ ਬਿਲ ਦੇ ਬਹਾਨੇ,ਉਸਦੀ ਸਰਕਾਰ ਡਿਗਣ ਨਾਲ ਉਹਨਾਂ ਦੀ ਪਾਰਟੀ ਨੂੰ ਪਹਿਲਾਂ ਨਾਲੋਂ ਵਧੇਰੇ ਵੋਟਾਂ ਮਿਲਣਗੀਆਂ। ਆਪਣੇ ਹਿਸਾਬ ਨਾਲ ਤਾਂ ਉਸਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਹਨ। ਹੁਣ ਉਹ ਇਹ ਕਹਿਣ ਜੋਗਾ ਹੈ ਕਿ ਕਾਂਗਰਸ ਅਤੇ ਬੀ.ਜੇ.ਪੀ. ਭਰਿਸ਼ਟਾਚਾਰ ਦੇ ਹੱਕ ਵਿੱਚ ਹਨ। ਸਰਕਾਰ ਬਣਦਿਆਂ ਹੀ ਭਾਂਤ ਭਾਂਤ ਦੀਆਂ ਪਾਰਟੀਆਂ ਵਿਚੋਂ ਆ ਕੇ ਆਮ ਪਾਰਟੀ ਵਿੱਚ ਸ਼ਾਮਲ ਹੋਏ ਬਰਸਾਤੀ ਡੱਡੂਆਂ ਨੂੰ ਕਾਬੂ ਕਰਨ ਵਿੱਚ ਨਾਕਾਮ ਰਹੇ ਕੇਜਰੀਵਾਲ ਨੂੰ ਪਾਰਟੀ ਵਿੱਚ ਬਗਾਬਤ ਦਾ ਵੀ ਸਾਹਮਣਾ ਕਰਨਾ ਪਿਆ। ਵਿਨੋਦ ਕੁਮਾਰ ਬਿੰਨੀ ਨਾਂ ਦੇ ਵਿਧਾਨਕਾਰ ਨੂੰ 26 ਜਨਵਰੀ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ। ਇੱਕ ਹੋਰ ਆਜ਼ਾਦ ਵਿਧਾਨਕਾਰ ਰਾਮਵੀਰ ਸ਼ੌਕੀਨ ਨੇ ਸਰਕਾਰ ਤੋਂ ਸਪੋਰਟ ਵਾਪਸ ਲੈ ਲਈ। ਮੁੱਖ ਮੰਤਰੀ ਨੇ ਪੁਲਿਸ ਦੇ ਕਰਮਚਾਰੀਆਂ ਨੂੰ ਮੁਅਤਲ ਕਰਨ ਲਈ 20 ਜਨਵਰੀ ਨੂੰ ਧਰਨਾ ਦੇ ਦਿੱਤਾ । ਹਾਂ ਮੁੱਖ ਮੰਤਰੀ ਨੇ ਕੁੱਝ ਫੈਸਲੇ ਅਤੇ ਵਾਅਦੇ ਪੂਰੇ ਬੜੇ ਜਲਦੀ ਅਤੇ ਵਧੀਆ ਵੀ ਕੀਤੇ ਹਨ। 28 ਦਸੰਬਰ ਨੂੰ ਸਰਕਾਰ ਬਣੀ 31 ਦਸੰਬਰ ਨੂੰ 400 ਯੂਨਿਟਾਂ ਤੱਕ ਬਿਜਲੀ ਵਰਤਣ ਤੇ 50 ਫੀ ਸਦੀ ਸਬਸਿਡੀ ਦਾ ਦੇਣਾ,ਹਰ ਰੋਜ ਪਾਣੀ ਦੇ ਮੀਟਰਾਂ ਵਾਲੇ ਖਪਤਕਾਰਾਂ ਨੂੰ 667 ਲਿਟਰ ਪਾਣੀ ਮੁਫਤ ਦੇਣਾ ਆਦਿ। ਭਾਵੇਂ ਬਿਜਲੀ ਤੇ ਸਬਸਿਡੀ ਸਿਰਫ ਤਿੰਨ ਮਹੀਨੇ ਅਰਥਾਤ ਜਨਵਰੀ ਤੋਂ ਮਾਰਚ ਤੱਕ ਹੀ ਹੈ। ਉਸਨੇ ਜਾਣ ਬੁਝਕੇ ਸਬਸਿਡੀ ਕੁੱਝ ਸਮੇਂ ਲਈ ਹੀ ਦਿੱਤੀ ਸੀ ਕਿਉਂਕਿ ਉਸਨੂੰ ਪਤਾ ਸੀ ਕਿ ਮੈਂ ਸਰਕਾਰ ਤੋਂ ਅਸਤੀਫਾ ਦੇਣਾ ਹੈ ਤੇ ਫਿਰ ਇਹ ਸਬਸਿਡੀ ਬੰਦ ਹੋ ਜਾਵੇਗੀ ਤੇ ਦਿੱਲੀ ਦੇ ਲੋਕ ਆਉਣ ਵਾਲੀ ਸਰਕਾਰ ਦੇ ਵਿਰੁਧ ਹੋ ਜਾਣਗੇ। ਇਸ ਤੋਂ ਇਲਾਵਾ ਕੁੱਝ ਫੈਸਲੇ ਗਲਤ ਵੀ ਕੀਤੇ ਹਨ ਜਿਵੇਂ ਕਿ ਜਿਹੜੇ ਲੋਕਾਂ ਨੇ ਆਪ ਪਾਰਟੀ ਦੇ ਅੰਦੋਲਨ ਦੌਰਾਨ ਬਿਲ ਨਹੀਂ ਭਰੇ ਉਹਨਾਂ ਨੂੰ 50 ਫੀ ਸਦੀ ਬਿਲ ਤੇ ਸਬਸਿਡੀ ਦੇਣਾ। ਇਹ ਬਿਲਕੁਲ ਹੀ ਵਾਜਬ ਨਹੀਂ ਕਿ ਪਾਰਟੀ ਦੇ ਮੈਂਬਰਾਂ ਨੂੰ ਇਹ ਸਹੂਲਤ ਦਿੱਤੀ ਜਾਵੇ। ਸਮੁੱਚੀ ਜਨਤਾ ਨਾਲ ਅਨਿਆਂ ਹੈ। ਝੁੱਗੀਆਂ ਝੋਂਪੜੀਆਂ ਵਾਲਿਆਂ ਨੂੰ ਮੁਫਤ ਪਾਣੀ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ,ਉਹ ਅਜੇ ਵੀ ਟੈਂਕਰ ਮਾਫ਼ੀਏ ਤੋਂ ਹੀ ਪਾਣੀ ਖ੍ਰੀਦ ਦੇ ਹਨ। ਸਰਕਾਰੀ ਅਤੇ ਪਾਈਵੇਟ ਨੌਕਰੀਆਂ ਵਿੱਚ ਠੇਕਾ ਪ੍ਰਣਾਲੀ ਖਤਮ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। 1984 ਵਿੱਚ ਸਿੱਖ ਕਤਲੇਆਮ ਸੰਬੰਧੀ ਪੁਲਿਸ ਵਲੋਂ ਬੰਦ ਕੀਤੇ ਕੇਸਾਂ ਨੂੰ ਮੁੜ ਖੋਹਲਣ ਲਈ ਵਿਸ਼ੇਸ਼ ਟੀਮ ਗਠਿਤ ਕਰਨਾ,ਦਵਿੰਦਰਪਾਲ ਸਿੰਘ ਭੁਲਰ ਦੀ ਫਾਂਸੀ ਦੀ ਸਜਾ ਮਾਫ ਕਰਨ ਲਈ ਲਿਖਣਾ,ਦਿੱਲੀ ਜਲ ਬੋਰਡ ਘੁਟਾਲੇ ਦੀ ਪੜਤਾਲ,ਸ਼ੀਲਾ ਦੀਕਸ਼ਤ ਦੀਆਂ ਬੇਨਿਯਮੀਆਂ ਦੀ ਪੜਤਾਲ,ਦਿੱਲੀ ਦੇ ਵਿਕਾਸ ਲਈ ਮਹੱਲਾਵਾਰ ਸਭਾਵਾਂ ਨੂੰ ਸ਼ਕਤੀਆਂ ਦੇਣਾ,ਕੈਗ ਦੁਆਰਾ ਡਿਸਕੋਮ ਦਾ ਆਡਿਟ ਕਰਨਾ ਅਤੇ ਪ੍ਰਚੂਨ ਵਿੱਚ ਐਫ.ਡੀ.ਆਈ. ਰੱਦ ਕਰਨਾ ਆਦਿ ਮਹੱਤਵਪੂਰਨ ਫੈਸਲੇ ਸ਼ਲਾਘਾਯੋਗ ਕਦਮ ਹਨ। ਕੇਂਦਰੀ ਪੈਟਰੌਲੀਅਮ ਮੰਤਰੀ ਵੀਰੱਪਾ ਮੋਇਲੀ ਅਤੇ ਮੁਕੇਸ਼ ਅੰਬਾਨੀ ਵਿਰੁਧ ਕੇਸ ਦਰਜ ਕਰਨਾ ਦਲੇਰੀ ਵਾਲਾ ਕਦਮ ਹੈ। ਅਸਲ ਵਿੱਚ ਕੇਜਰੀਵਾਲ ਨੇ ਬੜੀ ਡੂੰਘੀ ਸੋਚ ਵਿਚਾਰ ਤੋਂ ਬਾਅਦ ਹੀ ਸਰਕਾਰ ਬਣਾਈ ਸੀ ਤੇ ਉਸਨੂੰ ਪਤਾ ਸੀ ਕਿ ਉਹ ਵਰਤਮਾਨ ਪ੍ਰਣਾਲੀ ਵਿੱਚ ਸਫਲ ਨਹੀਂ ਹੋ , ਇਸ ਲਈ ਉਸਨੇ ਪਹਿਲਾਂ ਹੀ ਰਣਨੀਤੀ ਬਣਾ ਲਈ ਸੀ ਕਿ ਉਹ ਕਿਸੇ ਨਾ ਕਿਸੇ ਬਹਾਨੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਸਿਰ ਦੋਸ਼ ਮੜ੍ਹਕੇ ਰਾਜਨੀਤਕ ਸ਼ਹੀਦ ਹੋਣ ਦਾ ਡਰਾਮਾ ਕਰਕੇ ਸਰਕਾਰ ਤੋਂ ਅਸਤੀਫਾ ਦੇ ਦੇਵਗਾ ਅਤੇ ਖੁੱਲ੍ਹਦਿਲੀ ਵਾਲੇ ਫੈਸਲੇ ਕਰਕੇ ਆਉਣ ਵਾਲੀ ਸਰਕਾਰ ਨੂੰ ਘੁੰਮਣਘੇਰੀ ਵਿੱਚ ਪਾ ਦੇਵੇਗਾ, ਜਿਸ ਵਿੱਚ ਉਹ ਸਫਲ ਹੋ ਗਿਆ ਹੈ । ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਮ ਲੋਕਾਂ ਦੀ ਹਮਦਰਦੀ ਲੈਣ ਵਿੱਚ ਵੀ ਸਫਲ ਹੋ ਗਿਆ ਹੈ,ਜਿਸਦਾ ਉਸ ਦੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਲਾਭ ਹੋਣ ਦੀ ਉਮੀਦ ਹੈ। ਪ੍ਰੰਤੂ ਇਸਦੇ ਨਾਲ ਹੀ ਪੜ੍ਹੇ ਲਿਖੇ ਲੋਕ ਉਸਦੀ ਰਣਨੀਤੀ ਨੂੰ ਸਮਝਦੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਆਮ ਵੋਟਰ ਇਹਨਾਂ ਡੁੂੰਘੀਆਂ ਗੱਲਾਂ ਨੂੰ ਨਹੀਂ ਸਮਝਦੇ, ਉਹ ਤਾਂ ਭਾਵਕ ਹੋ ਕੇ ਕੇਜਰੀਵਾਲ ਦੀ ਪਾਰਟੀ ਦਾ ਸਾਥ ਦੇਣਗੇ ਪ੍ਰੰਤੂ ਲੋਕ ਸਭਾ ਵਿੱਚ ਕੇਜਰੀਵਾਲ ਦਾ ਚਮਤਕਾਰ ਚਲੇਗਾ ਜਾਂ ਨਹੀਂ ਇ ਤਾਂ ਸਮਾਂ ਹੀ ਦੱਸੇਗਾ। ਲੋਕ ਸਭਾ ਚੋਣਾਂ ਤੋਂ ਬਾਅਦ ਵੀ ਆਮ ਪਾਰਟੀ ਦਾ ਸਾਥ ਦੇਣ ਨੂੰ ਕੋਈ ਵੀ ਸਿਆਸੀ ਪਾਰਟੀ ਤਿਆਰ ਨਹੀਂ ਹੋਵੇਗੀ ਕਿਉਂਕਿ ਇਹ ਪਾਰਟੀ ਭਰਿਸ਼ਟਾਚਾਰ ਦੇ ਵਿਰੁਧ ਵਿਦਰੋਹ ਅਤੇ ਰੋਸ ਵਿੱਚੋਂ ਪ੍ਰਗਟ ਹੋਈ ਹੈ ਪ੍ਰੰਤੂ ਇਸ ਪਾਰਟੀ ਦੀ ਕੋਈ ਆਪਣੀ ਵਿਚਾਰਧਾਰਾ ਅਤੇ ਨੀਤੀ ਨਹੀਂ । ਇਸ ਵਿੱਚ ਸ਼ਾਮਲ ਹੋਣ ਵਾਲੇ ਲੋਕ ਤੇ ਨੇਤਾ ਭਾਵਨਾਵਾਂ ਵਿੱਚ ਵਹਿਣ ਵਾਲੇ ਹਨ ,ਸਾਰਥਕ ਕੰਮ ਕਰਨ ਵਾਲੇ ਨਹੀਂ। ਹੁਣ ਵਿਰੋਧੀ ਪਾਰਟੀਆਂ ਵਾਲੇ ਭਾਵੇਂ ਇਹ ਕਹੀ ਜਾਣ ਕਿ ਕੇਜਰੀਵਾਲ ਫਰਜ ਨਿਭਾਉਣ ਤੋਂ ਭੱਜ ਗਿਆ ਹੈ ਪ੍ਰੰਤੂ ਅੰਦਰੋ ਅੰਦਰੀ ਉਹ ਡਰੇ ਹੋਏ ਹਨ ਕਿ ਕੇਜਰੀਵਾਲ ਨੇ ਉਹਨਾਂ ਦੀਆਂ ਜੜ੍ਹਾਂ ਵਿੱਚ ਤੇਲ ਦੇ ਦਿੱਤਾ ਹੈ ਇਸ ਕਰਕੇ ਉਹ ਉਸਦਾ ਮੁਕਾਬਲਾ ਨਹੀਂ ਕਰ ਸਕਣਗੇ। ਕੇਂਦਰ ਸਰਕਾਰ ਨੇ ਉਸਦੀ ਵਿਧਾਨ ਸਭਾ ਨੂੰ ਭੰਗ ਕਰਨ ਦੀ ਸ਼ਿਫਾਰਸ਼ ਨਹੀਂ ਮੰਨੀ ਜਿਸ ਕਰਕੇ ਹੁਣ ਭਾਜਪਾ ਦੀ ਸਰਕਾਰ ਬਣਾਉਣ ਦੀ ਉਮੀਦ ਹੈ। ਵਿਰੋਧੀ ਪਾਰਟੀਆਂ ਭਾਵੇਂ ਕੁਝ ਵੀ ਕਹੀ ਜਾਣ ਇੱਕ ਵਾਰ ਤਾਂ ਕੇਜਰੀਵਾਲ ਛਾ ਗਿਆ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>