ਪੰਜਾਬ ਅਤੇ ਪੰਜਾਬੀਅਤ ਦੇ ਗ਼ਦਾਰ

3-4 ਮਾਰਚ 2014 ਦੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਕਾਲਿਆਂ ਵਾਲੇ ਦੇ ਖੂਹ ਵਿਚੋਂ 1857 ਵਿਚ ਮਾਰੇ ਗਏ ਬ੍ਰਿਟਿਸ਼ ਫ਼ੌਜ ਦੀ “26ਵੀਂ ਨੇਟਿਵ ਇਨਫ਼ੈਂਟਰੀ” ਦੇ 282 ਸਿਪਾਹੀਆਂ ਦੀਆਂ ਅਸਥੀਆਂ (90 ਖੋਪੜੀਆਂ, 170 ਜਬਾੜੇ ਤੇ ਬਹੁਤ ਸਾਰੀਆਂ ਹੋਰ ਹੱਡੀਆਂ ਤੇ ਦੰਦ) ਕੱਢੀਆਂ ਗਈਆਂ ਸਨ।ਕਦੇ ਇਹ ਫ਼ੌਜੀ ਬ੍ਰਿਟਿਸ਼ ਫ਼ੌਜ ਦੇ ‘ਵਫ਼ਾਦਾਰ ਸਿਪਾਹੀ’ ਰਹੇ ਸਨ। ਇਨ੍ਹਾਂ ਨੇ ਮੁਦਕੀ (18 ਦਸੰਬਰ 1845), ਫ਼ੀਰੋਜ਼ਸ਼ਾਹ (21 ਦਸੰਬਰ 1845) ਅਤੇ ਸਭਰਾਵਾਂ (10 ਫ਼ਰਵਰੀ 1846) ਦੀਆਂ ਲੜਾਈਆਂ ਵਿਚ, ਅੰਗਰੇਜ਼ਾਂ ਵੱਲੋਂ ਪੰਜਾਬ ‘ਤੇ ਕਬਜ਼ਾ ਕਰਨ ਦੀ ਜੰਗ ਵਿਚ ਹਿੱਸਾ ਲਿਆ ਸੀ। ਭਾਵੇਂ ਪੂਰਬੀ ਸਿਪਾਹੀ ਬਹੁਤ ਬਹਾਦਰ ਨਹੀਂ ਮੰਨੇ ਜਾਂਦੇ ਪਰ ਇਸ ਰਜਮੰਟ ਦੇ ਕੁਝ ਸਿਪਾਹੀਆਂ ਨੇ ਬਹਾਦਰੀ ਦੇ ਜੌਹਰ ਦਿਖਾਏ ਸਨ। ਇਸ ਬਹਾਦਰੀ ਦੇ ਬਦਲੇ ਵਿਚ ਇਨ੍ਹਾਂ ਵਿਚੋਂ ਕਈਆਂ ਨੂੰ ਅੰਗਰੇਜ਼ੀ ਸਰਕਾਰ ਨੇ ਬਹਾਦਰੀ ਦੇ ਤਗ਼ਮੇ ਵੀ ਦਿੱਤੇ ਸਨ (ਇਨ੍ਹਾਂ ਵਿਚੋਂ ਘਟੋ ਘਟ 2 ‘ਵਿਕਟੋਰੀਆ ਆਰਮੀ ਮੈਡਲ’ ਉਨ੍ਹਾਂ ਦੀਆਂ ਅਸਥੀਆਂ ਵਿਚੋਂ ਮਿਲੇ ਵੀ ਹਨ।
1857 ਤਕ ‘ਬ੍ਰਿਟਿਸ਼ ਇੰਡੀਅਨ ਆਰਮੀ’ ਵਿਚ ਤਕਰੀਬਨ 79 ਹਜ਼ਾਰ ਦੇ ਕਰੀਬ ਹਿੰਦੂ ਤੇ ਮੁਸਲਮਾਨ ਸ਼ਾਮਿਲ ਸਨ; ਇਨ੍ਹਾਂ ਵਿਚੋਂ 27993 ਰਾਜਪੂਤ, 24480 ਬ੍ਰਾਹਮਣ, 13920 ਦਲਿਤ, 12411 ਮੁਸਲਮਾਨ ਸਨ। ਮਈ 1857 ਵਿਚ, ਮੌਜੂਦਾ ਯੂ.ਪੀ. ਵਿਚ, ਅੰਗਰੇਜ਼ੀ ਫ਼ੌਜ ਦੇ ਇਨ੍ਹਾਂ 79 ਹਜ਼ਾਰ ਸਿਪਾਹੀਆਂ ਵਿਚੋਂ ਕੁਝ ਸੌ ਸਿਪਾਹੀਆਂ ਨੇ ਜੋਸ਼ ਵਿਚ ਆ ਕੇ ਆਪਣੇ ਹਾਕਮਾਂ ਦੇ ਖ਼ਿਲਾਫ਼ ਇਕ ਨਾਕਾਮਯਾਗ ਗ਼ਦਰ ਸ਼ੁਰੂ ਕਰ ਦਿੱਤਾ (ਗ਼ਦਰ ਦਾ ਮਾਅਨਾ ਗ਼ੱਦਾਰੀ ਹੁੰਦਾ ਹੈ ਤੇ ਇਸ ਲਫ਼ਜ਼ ਨੂੰ ਸਰਕਾਰ, ਇਤਿਹਾਸਕਾਰ, ਲੇਖਕ, ਸਿਆਸੀ ਆਗੂ, ਯਾਨਿ ਸਾਰੇ ਹੀ, ਸਹੀ ਮੰਨਦੇ ਹੋਏ ਕਬੂਲ ਕਰਦੇ ਹਨ)। ਮਗਰੋਂ ਇਸ ਵਿਚ ਕੁਝ ਰਜਵਾੜੇ ਅਤੇ ਨਾਮ-ਨਿਹਾਦ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਵੀ ਸ਼ਾਮਿਲ ਹੋ ਗਏ। ਪਰ ਇਸ ਗ਼ਦਰ ਦਾ ਖੇਤਰ ਵਧੇਰੇ ਕਰ ਕੇ ਦਿੱਲੀ ਅਤੇ ਮੌਜੂਦਾ ਯੂ.ਪੀ. ਹੀ ਸੀ। ਪੰਜਾਬ ਵਿਚ ਇਸ ਦਾ ਨਾਂ-ਨਿਸ਼ਾਨ ਤਕ ਵੀ ਨਹੀਂ ਸੀ। ਇਸ ਦੇ ਬਾਵਜੂਦ, ਹਿਫ਼ਾਜ਼ਤ ਵਜੋਂ, 13 ਮਈ 1857 ਦੇ ਦਿਨ ਲਾਹੌਰ ਦੀ ਮੀਆਂ ਮੀਰ ਛਾਵਣੀ ਵਿਚ ਇਸ 26ਵੀਂ ਨੇਟਿਵ ਇਨਫ਼ੈਂਟਰੀ ਦੇ 400 ਦੇ ਕਰੀਬ ਸਿਪਾਹੀਆਂ ਤੋਂ ਹਥਿਆਰ ਸੁਟਵਾ ਲਏ ਗਏ। ਇਸ ਦੇ ਨਾਲ ਹੀ ਉਨ੍ਹਾਂ ਨੂੰ ਛਾਵਣੀ ਵਿਚ ਹੀ ਰੱਖਿਆ ਗਿਆ। ਇਸ ਤਰ੍ਹਾਂ ਹੋਰ 17 ਦਿਨ ਲੰਘ ਗਏ। 30 ਮਈ ਦੇ ਦਿਨ ਇਨ੍ਹਾਂ ਫ਼ੌਜੀਆਂ ਵਿਚੋਂ ਕੁਝ ਨੂੰ ਵਿਚ ਉਬਾਲ ਆ ਗਿਆ ਅਤੇ ਉਨ੍ਹਾਂ ਨੇ ਤਲਵਾਰਾਂ ਨਾਲ ਹੀ ਦੋ ਅੰਗਰੇਜ਼ ਅਫ਼ਸਰਾਂ ਨੂੰ ਕਤਲ ਕਰ ਦਿੱਤਾ। ਹੁਣ ਉਨ੍ਹਾਂ ਨੂੰ ਪਤਾ ਸੀ ਕਿ ਅੰਗਰੇਜ਼ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ; ਇਸ ਕਰ ਕੇ ਉਹ ਉਥੋਂ ਭੱਜ ਪਏ ਅਤੇ ਪੰਜਾਬ ਦੇਸ ਤੋਂ ਆਪਣੇ ਵਤਨ ਹਿੰਦੂਸਤਾਨ ਵੱਲ ਮੂੰਹ ਕਰ ਲਿਆ। ਪਰ ਅਜਨਾਲਾ ਕੋਲ ਆ ਕੇ ਇਹ ਫੜੇ ਗਏ। ਇਨ੍ਹਾਂ ਕੋਲ ਹਥਿਆਰ ਨਹੀਂ ਸਨ ਇਸ ਕਰ ਕੇ ਇਨ੍ਹਾਂ ਨੇ ਆਪਣੇ ਆਪ ਨੂੰ ਬਰਤਾਨਵੀ ਫ਼ੌਜ ਦੇ ਹਵਾਲੇ ਕਰ ਦਿੱਤਾ; ਜਿਨ੍ਹਾਂ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ਼ਦਾਰੀ ਕਰਨ ਵਾਲਿਆਂ ਵਾਸਤੇ ਅੰਗਰੇਜ਼ੀ ਫ਼ੌਜ ਦੇ ਚੀਫ਼ ਕਮਾਂਡਰ ਦਾ ਹੁਕਮ ਸੀ ਕਿ ਇਨ੍ਹਾਂ ਵਾਸਤੇ ਸਿਰਫ਼ ਇਕ ਸਜ਼ਾ ਮੌਤ ਹੈ ਤੇ ਉਸ ‘ਤੇ ਅਮਲ ਕਰਦਿਆਂ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਨ੍ਹਾਂ ਵਿਚੋਂ ਕੁਝ ਬੁਰਜ ਵਿਚ ਸਾਹ ਘੁੱਟ ਕੇ ਵੀ ਮਰ ਗਏ ਤੇ ਬਾਕੀ ਦਿਆਂ ਨੂੰ ਜੱਲਾਦਾਂ ਦੀਆਂ ਤਲਵਾਰਾਂ ਜਾਂ ਬੰਦੂਕਾਂ ਤੇ ਤੋਪਾਂ ਦੇ ਗੋਲਿਆਂ ਨੇ ਖ਼ਤਮ ਕਰ ਦਿੱਤਾ। ਮਗਰੋਂ ਇਨ੍ਹਾਂ ਦੀਆਂ ਲਾਸ਼ਾਂ ਨੂੰ ਇਕ ਸੁੱਕੇ / ਬੰਜਰ ਖ਼ੂਹ ਵਿਚ ਸੁਟਵਾ ਕੇ ਉਸ ਨੂੰ ਪੂਰ ਦਿੱਤਾ ਗਿਆ।

ਕੀ ਉਹ ‘ਸ਼ਹੀਦ’ ਸਨ?

ਹੁਣ 157 ਸਾਲ ਮਗਰੋਂ ਅੰਗਰੇਜ਼ੀ ਫ਼ੌਜ ਦੇ ਬਾਗ਼ੀ ਸਿਪਾਹੀਆਂ ਦੀਆਂ ਅਸਥੀਆਂ ਨੂੰ ਉਸ ਖੂਹ ਵਾਲੀ ਜਗਹ ਵਿਚੋਂ ਕੱਢਿਆ ਗਿਆ ਹੈ। ਕੁਝ ਲੋਕਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਯਾਦਗਾਰ ਬਣਾਈ ਜਾਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁਝ ਲੋਕਾਂ ਨੇ ਤਾਂ ਇਨ੍ਹਾਂ ਨੂੰ ‘ਸ਼ਹੀਦ’ ਵੀ ਕਿਹਾ ਹੈ। ‘ਸ਼ਹੀਦ’ ਉਹ ਹੁੰਦਾ ਹੈ ਜੋ ਕਿਸੇ ਨਿਸ਼ਾਨੇ ਵਾਸਤੇ ਆਪਣੀ ਜਾਨ ‘ਤੇ ਖੇਡ ਜਾਏ; ਉਹ ਨਿਸ਼ਾਨ ਭਾਵੇਂ ਸਿਆਸੀ ਆਜ਼ਾਦੀ ਹੋਵੇ ਜਾਂ ਧਾਰਮਿਕ ਜਾਂ ਕਿਸੇ ਲਹਿਰ ਵਿਚ ਜਾਂ ਕਿਸੇ ਅਸੂਲ ਵਾਸਤੇ। ਜੇ 1857 ਵਿਚ ਮਾਰੇ ਗਏ ਅੰਗਰੇਜ਼ੀ ਫ਼ੌਜ ਦੇ ਇਨ੍ਹਾਂ ਬਾਗ਼ੀ ਸਿਪਾਹੀਆਂ ਦੀ ਗੱਲ ਕੀਤੀ ਜਾਏ ਤਾਂ ਇਹ ਸ਼ਹੀਦ ਅਖਵਾਉਣ ਦੇ ਹੱਕਦਾਰ ਨਹੀਂ ਹਨ ਕਿਉਂ ਕਿ ਉਹ ਕਿਸੇ ਨਿਸ਼ਾਨੇ ਵਾਸਤੇ ਨਹੀਂ ਸਨ ਮਾਰੇ ਗਏ। ਉਹ ਤਾਂ ਗੁੱਸੇ ਵਿਚ ਆ ਕੇ ਦੋ ਅੰਗਰੇਜ਼ ਅਫ਼ਸਰਾਂ ਨੂੰ ਕਤਲ ਕਰਨ ਮਗਰੋਂ ਭੱਜੇ ਹੋਏ ਸਨ। ਹਾਂ ਇਹ ਮੰਨਿਆ ਜਾ ਸਕਦਾ ਹੈ ਕਿ ਫ਼ਰੈਡਰਿਕ ਕਰੀ (3 ਫ਼ਰਵਰੀ 1799 – 11 ਸਤੰਬਰ 1875), ਜੋ ਪਹਿਲਾਂ ਲਾਹੌਰ ਵਿਚ ਬ੍ਰਿਟਿਸ਼ ਰੈਜ਼ੀਡੈਂਟ ਵੀ ਰਿਹਾ ਸੀ ਅਤੇ 1857 ਵਿਚ ਉਹ ‘ਈਸਟ ਇੰਡੀਆ ਕੰਪਨੀ’ ਦਾ ਡਾਇਰੈਕਟਰ ਬਣਿਆ ਸੀ (ਅਤੇ ਇਸੇ ਸਾਲ ਹੀ ਇਸ ਦਾ ਚੇਅਰਮੈਨ ਵੀ ਚਣਿਆ ਗਿਆ ਸੀ), ਨੇ ਉਨ੍ਹਾਂ ਪੂਰਬੀ ਸਿਪਾਹੀਆਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਸੀ, ਜੋ ਜ਼ਿਆਦਤੀ ਸੀ। ਖ਼ੈਰ, ਕੁਝ ਵੀ ਹੋਵੇ ਉਹ ਕਿਸੇ ਤਰੀਕੇ ਨਾਲ ਵੀ ਸ਼ਹੀਦ ਨਹੀਂ ਅਖਵਾ ਸਕੇ ਹਾਂ ਬੇਰਹਿਮੀ ਨਾਲ ਮਾਰੇ ਗਏ ਹੋਣ ਕਰ ਕੇ ਉਨ੍ਹਾਂ ‘ਤੇ ਤਰਸ ਆਉਣਾ ਲਾਜ਼ਮੀ ਹੈ ਅਤੇ ਹਰ ਇਕ ਨੂੰ ਉਨ੍ਹਾਂ ਨਾਲ ਹਮਦਰਦੀ ਕਰਨੀ ਜ਼ਰੂਰ ਬਣਦੀ ਹੈ।

ਕੀ ਉਨ੍ਹਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ?

ਅੰਗਰੇਜ਼ ਸਰਕਾਰ ਦੇ ਸਾਰੇ ਦਸਤਵੇਜ਼ ਸਾਫ਼ ਦਸਦੇ ਹਨ ਕਿ ਅੰਗਰੇਜ਼ੀ ਫ਼ੌਜ ਦੇ ਇਹ ਸਿਪਾਹੀ ਉਸ ਫ਼ੌਜੀ ਕੰਪਨੀ ਵਿਚੋਂ ਹਨ ਜਿਸ ਨੇ 1845-46 ਵਿਚ ਪੰਜਾਬ ਨੂੰ ਗ਼ੁਲਾਮ ਬਣਾਉਣ ਵਾਸਤੇ ਜੰਗ ਵਿਚ ਹਿੱਸਾ ਪਾਇਆ ਸੀ। ਯਾਨਿ ਕਿ ਇਹ ਸਿਪਾਹੀ ਮੁਲਕ ਦੇ ਦੁਸ਼ਮਣ ਦੀ ਫ਼ੌਜ ਦਾ ਹਿੱਸਾ ਸਨ। ਸ਼ਰਮਨਾਕ ਸੀ 3 ਮਾਰਚ 2014 ਦੇ ਦਿਨ ਪੰਜ ਝੰਡੇ ਚੁੱਕ ਕੇ ਪੰਜ ਪਿਆਰਿਆਂ ਦੀ ਸ਼ਕਲ ਵਿਚ, ਅਰਦਾਸ ਕਰ ਕੇ ਇਨ੍ਹਾਂ ਲਾਸ਼ਾਂ ਨੂੰ ਕੱਢਣ ਵਾਸਤੇ ਅਰਦਾਸ ਕਰਨਾ। ਇਹ ਹਰਕਤ ਨਿਸ਼ਾਨ ਸਾਹਿਬ, ਗੁਰਦੁਆਰਾ, ਅਰਦਾਸ ਦੀ ਬੇਅਦਬੀ ਸੀ। ਤਵਾਰੀਖ਼ ਸਬੰਧੀ ਕਿਸੇ ਵੀ ਕਾਰਵਾਈ ਨੂੰ ਕਰਨ ਤੋਂ ਪਹਿਲਾਂ ਇਸ ਸਬੰਧੀ ਕਿਸੇ ਇਤਿਹਾਸਕਾਰ ਕੋਲੋਂ ਤਵਾਰੀਖ਼ ਦਾ ਪਤਾ ਕੀਤਾ ਜਾਣਾ ਚਾਹੀਦਾ ਸੀ। ਇਕ ਸੱਜਣ ਸੁਰਿੰਦਰ ਕੋਛਰ ਨੂੰ ਆਰਕਾਈਵਜ਼ ਵਿਚੋਂ ਪੰਜਾਬ ਵਿਚ ਮਾਰੇ ਗਏ ਲੋਕਾਂ ਦਾ ਇਸ਼ਾਰਾ ਕੀ ਮਿਲਿਆ, ਉਨ੍ਹਾਂ ਨੇ ਇਸ ਨੂੰ ਪੰਜਾਬ ਦੀ ਤਵਾਰੀਖ਼ ਬਣਾਉਣ ਵੱਲ ਟੁਰ ਪਏ। ਇਹ ਸਸਤੀ ਸ਼ੁਹਰਤ ਵਾਲੀ ਹਰਕਤ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਦੇ ਦੁਸ਼ਮਣ ਦੀ ਫ਼ੌਜ ਦੇ ਸਿਪਾਹੀਆਂ ਦੀ ਯਾਦਗਾਰ ਪੰਜਾਬ ਵਿਚ ਬਣਨੀ ਚਾਹੀਦੀ ਹੈ? ਜੇ ਜਵਾਬ ਹਾਂ ਵਿਚ ਹੈ ਤਾਂ ਬਿਆਸ ਦੇ ਕੰਡੇ ਮਾਰੇ ਗਏ ਸਿਕੰਦਰ ਦੀ ਫ਼ੌਜ ਦੇ ਸਿਪਾਹੀਆਂ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ; ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਦੁੱਰਾਨੀ ਦੀ ਫ਼ੌਜ ਦੇ ਸਿਪਾਹੀਆਂ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ। ਬੰਦਾ ਸਿੰਘ ਬਹਾਦਰ ਦੀ ਫ਼ੌਜ ਨਾਲ ਲੜਨ ਵਾਲੇ ਹਿੰਦੂ ਸਿਪਾਹੀਆਂ (ਜੇ ਮੁਸਲਮਾਨਾਂ ਨੂੰ ਵਿਦੇਸ਼ੀ ਮੰਨਣਾ ਹੈ ਤਾਂ ਸੈਂਕੜੇ ਹਿੰਦੂ ਵੀ ਤਾਂ ਬੰਦਾ ਸਿੰਘ ਦੇ ਖ਼ਿਲਾਫ਼ ਲੜਦਿਆਂ ਮਰੇ ਸਨ) ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ। ਗ਼ਦਾਰ ਡੋਗਰਿਆਂ ਧਿਆਨ ਸਿੰਹ, ਸੁਚੇਤ ਸਿੰਹ, ਹੀਰਾ ਸਿੰਹ ਤੇ ਪੰਡਤ ਜੱਲ੍ਹਾ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ। ਉਂਞ ਤਾਂ ਜੇ ਗ਼ਦਾਰਾਂ ਦੀਆਂ ਯਾਦਗਾਰਾਂ ਬਣਾਉਣ ਅਤੇ ਉਨ੍ਹਾਂ ਦੇ ਬੁੱਤ ਲਾਉਣ ਦੀ ਗੱਲ ਚੱਲੀ ਹੈਟ ਥਾ ਲਾਲਾ ਹਰਦਿਆਲ (ਜੋ 1918 ਮਗਰੋਂ, ਛੇਤੀ ਹੀ, ਗ਼ਦਰ ਪਾਰਟੀ ਦਾ ਗ਼ਦਾਰ ਬਣ ਗਿਆ ਸੀ ਤੇ ਸ਼ੱਕੀ ਮੌਤ ਮਾਰਿਆ ਗਿਆ ਸੀ) ਦੀ ਯਾਦਗਾਰ ਵੀ ਬਣਾ ਦਿੱਤੀ ਜਾਣੀ ਚਾਹੀਦੀ ਹੈ। ਇਕ ਫ਼ਰਾਡ ਲਾਲਾ ਲਾਜਪਤ ਰਾਏ ਦਾ ਬੁਤ ਤਾਂ ਪਹਿਲਾਂ ਹੀ ਪਾਰਲੀਮੈਂਟ ਵਿਚ ਲਗ ਚੁਕਾ ਹੈ। ਬਬਰਾਂ ਅਤੇ ਗ਼ਦਰੀਆਂ ਹੱਥੋਂ ਮਾਰੇ ਗਏ ਟਾਊਟ ਵੀ ਤਾਂ ਭਾਰਤੀ ਹੀ ਸਨ; ਉਨ੍ਹਾਂ ਦੀ ਯਾਦਗਾਰ ਵੀ ਬਣ ਹੀ ਜਾਣੀ ਚਾਹੀਦੀ ਹੈ। ਇੰਞ ਹੀ ਇੰਞ ਹੀ ਗ਼ਦਰ ਲਹਿਰ ਨੂੰ ਖ਼ਤਮ ਕਰਨ ਵਾਲਾ ਕਿਰਪਾਲ ਸਿੰਘ, ਜਿਸ ਨੂੰ ਬਬਰਾਂ ਨੇ ਮਾਰ ਦਿੱਤਾ ਸੀ (ਉਹ ਵੀ ਭਾਰਤੀ ਸੀ) ਉਸ ਦੀ ਯਾਦਗਾਰ ਵੀ ਬਣ ਹੀ ਜਾਣੀ ਚਾਹੀਦੀ ਹੈ।
ਪਰ, ਦੂਜੇ ਪਾਸੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਨੌਰੰਗਾਬਾਦ ਵਿਚ ਬਾਬਾ ਬੀਰ ਸਿੰਘ, ਅਟਾਰੀ ਵਿਚ ਸ਼ਾਮ ਸਿੰਘ, ਆਦਮਪੁਰ ਵਿਚ ਭਾਈ ਮਹਾਰਾਜ ਸਿੰਘ ਦੀ ਯਾਦਗਾਰ ਬਣਾਈ ਜਾਏ; ਹਾਲਾਂ ਕਿ ਉਹ ਤਾਂ ‘ਪੰਜਾਬ ਮੁਲਕ’ ਵਾਸਤੇ ਸ਼ਹੀਦ ਹੋਏ ਸਨ।
4 ਮਾਰਚ 2014 ਦੇ ਦਿਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅਸੈਂਬਲੀ ਵਿਚ ਅੰਗਰੇਜ਼ੀ ਫ਼ੌਜ ਦੇ ਇਨ੍ਹਾਂ ਸਿਪਾਹੀਆਂ ਨੂੰ ਅਖੌਤੀ ਸ਼ਰਧਾਂਜਲੀ ਭੇਟ ਕਰਨ ਦੀ ਕਾਰਵਾਈ ਤਵਾਰੀਖ਼ ਨਾਲ ਇਕ ਮਜ਼ਾਕ ਸੀ। ਜੇ ਬਾਦਲ ਪੰਜਾਬ ਅਸੈਂਬਲੀ ਦਾ ਉਚੇਚਾ ਸੈਸ਼ਨ ਬੁਲਾ ਕੇ ਪਾਕਿਸਤਾਨੀ ਜੇਲ੍ਹ ਵਿਚ ਮਾਰੇ ਗਏ ਸਰਬਜੀਤ ਨੂੰ “ਕੌਮੀ ਸ਼ਹੀਦ” ਦਾ ਰੁਤਬਾ ਦੇ ਕੇ ਸ਼ਰਧਾਂਜਲੀ ਭੇਟ ਕਰਨ ਸਕਦਾ ਹੈ ਤਾਂ ਉਸ ਵਾਸਤੇ ਅਜਿਹੀ ਹਰਕਤ ਕੋਈ ਹੈਰਾਨੀ ਪੈਦਾ ਕਰਨ ਵਾਲੀ ਨਹੀਂ ਹੈ।
ਇਸ ਨੁਕਤੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਯਾਦਗਾਰ ਇਕ ਮੰਦਰ ਦੇ ਰੂਪ ਵਿਚ ਹੋਵੇ; ਇਹ ਵੀ ਸਹੀ ਨਹੀਂ ਹੈ; ਉਹ ਹਿੰਦੂ ਧਰਮ ਵਾਸਤੇ ਸ਼ਹੀਦ ਨਹੀਂ ਹੋਏ ਸਨ। ਦੂਜੇ ਪਾਸੇ ਅਜੇ ਤਕ ਮਾਰੇ ਗਏ ਇਨ੍ਹਾਂ ਸਿਪਾਹੀਆਂ ਦਾ ਇਹ ਪਤਾ ਨਹੀਂ ਲਗ ਸਕਿਆ ਕਿ ਕੀ ਉਹ ਬੰਗਾਲ ਦੇ ਸਨ ਜਾਂ ਯੂ.ਪੀ. ਦੇ ਜਾਂ ਕਿਸੇ ਹੋਰ ਸੂਬੇ ਦੇ; ਪਰ, ਜੇ ਕਰ ਇਨ੍ਹਾਂ ਨੂੰ ਭਾਰਤ ਸਰਕਾਰ ਨੇ ‘ਸ਼ਹੀਦ’ ਮੰਨਣਾ ਹੈ ਤਾਂ ਇਨ੍ਹਾਂ ਦੀ ਯਾਦਗਾਰ ਉਨ੍ਹਾਂ ਦੇ ਆਪਣੇ ਸੂਬੇ ਵਿਚ ਬਣਾਈ ਜਾ ਸਕਦੀ ਹੈ। ਭਾਰਤ ਸਰਕਾਰ ਦਾ ਫ਼ੈਸਲਾ ਕੁਝ ਵੀ ਹੋਵੇ, ਪਰ, ਪੰਜਾਬ ਵਿਚ ਪੰਜਾਬ ਨੂੰ ਗ਼ੁਲਾਮ ਕਰਨ ਵਾਲੀ ਫ਼ੌਜ ਦੇ ਸਿਪਾਹੀਆਂ ਦੀ ਯਾਦਗਾਰ ਬਣਾਉਣਾ ਪੰਜਾਬ ਨਾਲ ਜ਼ੁਲਮ ਤੇ ਪੰਜਾਬ ਦੀ ਤਵਾਰੀਖ਼ ਦਾ ਰੇਪ ਹੋਵੇਗਾ।

ਸਾਰਾਗੜ੍ਹੀ (1897) ਅਤੇ ਅਜਨਾਲਾ (1857) ਦੀਆਂ ਮੌਤਾਂ ਦਾ ਫ਼ਰਕ

ਇੱਥੇ ਇਹ ਸਵਾਲ ਉਠਾਇਆ ਜਾ ਸਕਦਾ ਹੈ ਕਿ ਜੇ 12 ਸਤੰਬਰ 1897 ਦੇ ਦਿਨ ਕੋਹਾਟ ਜ਼ਿਲ੍ਹੇ ਦੇ ਪਿੰਡ ਸਾਰਾਗੜ੍ਹੀ ਵਿਚ ਮਾਰੇ ਗਏ “36ਵੀ ਸਿੱਖ” ਰਜਮੰਟ ਦੇ 21 ਸਿੱਖਾਂ ਦੀ ਯਾਦ ਵਿਚ ਗੁਰਦੁਆਰੇ ਬਣਾਏ ਜਾ ਸਕਦੇ ਹਨ ਤਾਂ ਇਨ੍ਹਾਂ ਦੀ ਯਾਦਗਾਰ ਕਿਉਂ ਨਹੀਂ ਬਣ ਸਕਦੀ? ਕਿਉਂਕਿ ਸਾਰਾਗੜ੍ਹੀ ਦੇ ਸਿੱਖ ਫ਼ੌਜੀ ਵੀ ਤਾਂ ਬਰਤਾਨਵੀ ਸਰਕਾਰ ਦੇ ਤਨਖ਼ਾਹਦਾਰ ਨੌਕਰ ਸਨ। ਪਹਿਲੀ ਗੱਲ ਤਾਂ ਇਹ ਹੈ ਕਿ ਸਾਰਾਗੜ੍ਹੀ ਵਾਲੇ ਸਿੱਖਾਂ ਦੀ ਯਾਦਗਾਰ ਅੰਗਰੇਜ਼ਾਂ ਨੇ ਬਣਾਈ ਸੀ ਕਿਉਂਕਿ ਉਹ ਉਨ੍ਹਾਂ (ਅੰਗਰੇਜ਼ਾਂ) ਵਾਸਤੇ ਲੜੇ ਸਨ ਤੇ ਉਨ੍ਹਾਂ ਨੇ ਆਪਣੇ ਵਫ਼ਾਦਾਰ ਸਿਪਾਹੀਆਂ ਦੀ ਯਾਦਗਾਰ ਬਣਾਈ ਸੀ। ਦੂਜਾ, ਸਾਰਾਗੜ੍ਹੀ ਵਾਲੇ ਸਿੱਖ ਫ਼ੌਜੀ ਆਪਣੇ ਲੋਕਾਂ ਜਾਂ ਪੰਜਾਬ ਜਾਂ ਸਿੱਖਾਂ ਜਾਂ ਭਾਰਤ ਦੇ ਖ਼ਿਲਾਫ਼ ਨਹੀਂ ਲੜੇ ਸਨ। ਉਹ ਤਾਂ 10 ਹਜ਼ਾਰ ਧਾੜਵੀ ਓਰਕਜ਼ਈ ਪਖ਼ਤੂਨ ਅਫ਼ਗ਼ਾਨਾਂ ਤੋਂ ਆਪਣੇ ਆਪ ਨੂੰ ਤੇ ਆਪਣੀ ਚੌਕੀ ਨੂੰ ਬਚਾਉਣ ਵਾਸਤੇ ਲੜਦਿਆਂ, 450 ਅਫ਼ਗ਼ਾਨੀਆਂ ਨੂੰ ਮਾਰਨ ਮਗਰੋਂ, ਮਾਰੇ ਗਏ ਸਨ। ਉਹ ‘ਸਿੱਖ ਤਵਾਰੀਖ਼ ਦੇ ਸ਼ਹੀਦ’ ਨਹੀਂ ਸਨ ਬਲਕਿ ਉਹ ‘ਅੰਗਰੇਜ਼ ਹਕੂਮਤ ਦੇ ਸ਼ਹੀਦ’ ਸਨ। ਜੇ ਸਿੱਖ ਉਨ੍ਹਾਂ ਦਾ ਕੋਈ ਜ਼ਿਕਰ ਕਰਦੇ ਹਨ ਹਨ ਤਾਂ ਉਨ੍ਹਾਂ ਦੀ ਬਹਾਦਰੀ ਦੀ ਮਿਸਾਲ ਦੇਣ ਵਾਸਤੇ ਕਰਦੇ ਹਨ ਨਾ ਕਿ ਉਨ੍ਹਾਂ ਦੀ ਅੰਗਰੇਜ਼ਾਂ ਵਾਸਤੇ ਵਫ਼ਾਦਾਰੀ ਕਰ ਕੇ; ਫਿਰ ਸਿੱਖ ਕੌਮ ਉਨ੍ਹਾਂ ਦੀਆਂ ਮੌਤਾਂ ਨੂੰ ‘ਸ਼ਹੀਦੀ ਦਿਨ’ ਵਜੋਂ ਨਹੀਂ ਮਨਾਉਂਦੀ ਤੇ ਨਾ ਹੀ ਉਨ੍ਹਾਂ ਦੀ ਯਾਦ ਵਿਚ ਅੰਗਰੇਜ਼ਾਂ ਵੱਲੋਂ ਉਸਾਰੇ ਗੁਰਦੁਆਰੇ ਨੂੰ ‘ਸ਼ਹੀਦ ਗੰਜ’ ਕਿਹਾ ਜਾਂਦਾ ਹੈ। ਦੂਜੇ ਪਾਸੇ “26ਵੀਂ ਨੇਟਿਵ ਇਨਫ਼ੈਂਟਰੀ” ਦੇ ਪੂਰਬੀ ਸਿਪਾਹੀ ਨਾ ਤਾਂ ਲੜ ਕੇ ਮਰੇ ਸਨ, ਨਾ ਉਹ ਬਹਾਦਰੀ ਦੀ ਮਿਸਾਲ ਸਨ ਤੇ ਨਾ ਕਿਸੇ ਨਿਸ਼ਾਨੇ ਵਾਸਤੇ ਮਰੇ ਸਨ। ਇਸ ਕਰ ਕੇ ਇਨ੍ਹਾਂ ਦੋਹਾਂ ਮਿਸਾਲਾਂ ਦਾ ਆਪਸ ਵਿਚ ਕੋਈ ਮੇਲ ਨਹੀਂ ਹੈ।

ਪੰਜਾਬ ਦੇ ਕੌਮੀ ਗ਼ਦਾਰਾਂ ਦਾ ਰੋਲ

ਲਕਸ਼ਮੀ ਕਾਂਤਾ ਚਾਵਲਾ, ਕੁਝ ਜਾਅਲੀ ਜਿਹੇ ਕਮਿਊਨਿਟ (ਸੱਚੇ ਕਮਿਊਨਿਸਟ ਨਹੀਂ) ਤੇ ਕੁਝ ਬੇਸਮਝ ਲੋਕਾਂ ਨੇ ਹਰ ਉਹ ਗੱਲ ਜਿਸ ਵਿਚ ਪੰਜਾਬ ਦਾ ਹਿਤ ਜਾਂ ਸਿੱਖਾਂ ਦਾ ਹਿਤ ਸ਼ਾਮਿਲ ਹੈ ਜਾਂ ਜਿਸ ਦਾ ਪੰਜਾਬ ਦੀ ਕੌਮੀਅਤ ਨਾਲ ਸਬੰਧ ਹੈ, ਦੀ ਮੁਖ਼ਾਲਫ਼ਤ ਕਰਨੀ ਹੁੰਦੀ ਹੈ। ਇਨ੍ਹਾਂ ਵਾਸਤੇ ਅਸੂਲ, ਦਲੀਲ, ਕਾਰਨ ਸੋਚਣ ਦੀ ਕੋਈ ਲੋੜ ਨਹੀਂ; ਇਨ੍ਹਾਂ ਦਾ ਤਾਂ ਇਹੀ ਕੰਮ ਹੈ ਕਿ ਜਿਸ ਗੱਲ ਦਾ ਸਿੱਖ ਵਿਰੋਧ ਕਰਦੇ ਹਨ ਉਸ ਦੀ ਹਿਮਾਇਤ ਕਰੋ ਅਤੇ ਜਿਸ ਦੀ ਸਿੱਖ ਮੰਗ ਕਰਦੇ ਹਨ ਉਸ ਦਾ ਵਿਰੋਧ ਕਰੋ।ਇਹ ਇਨ੍ਹਾਂ ਦੀ ਬੇਅਸੂਲ਼ੀ ਫ਼ਿਤਰਤ ਦਾ ਹਿੱਸਾ ਹੈ। ਉਨ੍ਹਾਂ ਦੀ ਇਹ ਸੋਚ ‘ਪੰਜਾਬੀ ਕੌਮੀਅਤ ਨਾਲ ਗ਼ਦਾਰੀ’ ਵਿਚੋਂ ਪੈਦਾ ਹੋਈ ਹੈ। ਇੰਞ ਹੀ ਜੇ ਕਰ ਕੋਈ ਸ਼ਖ਼ਸ ਪੰਜਾਬੀ ਕੌਮੀਅਤ ਦੀ ਗੱਲ ਕਰੇ ਤਾਂ ਇਨ੍ਹਾਂ ਨੂੰ ਸੱਤੀਂ ਕਪੜੀਂ ਅੱਗ ਲਗ ਜਾਂਦੀ ਹੈ ਤੇ ਇਹ ਇਸ ਨੂੰ ਫ਼ਿਰਕਾਪ੍ਰਸਤੀ, ਵੱਖਵਾਦ, ਦਹਿਸ਼ਤਵਾਦ ਵਗ਼ੈਰਾ ਦਾ ਨਾਂ ਦੇ ਦੇਂਦੇ ਹਨ ਪਰ ਜਦ ਮਹਾਂਰਾਸ਼ਟਰ ਵਿਚ ਸ਼ਿਵ ਸੈਨਾ ਜਾਂ ਰਾਜ ਠਾਕਰੇ ਗ਼ੈਰ ਮਰਹੱਟਿਆਂ (ਮਹਾਂਰਾਸ਼ਟਰੀਆਂ) ਜਾਂ ਗ਼ੈਰ ਹਿੰਦੂਆਂ ਦੇ ਖ਼ਿਲਾਫ਼ ਬੋਲਦੇ ਹਨ ਤਾਂ ਇਨ੍ਹਾਂ ਦੀ ਜ਼ਬਾਨ ਨੂੰ ਲਕਵਾ ਮਾਰ ਜਾਂਦਾ ਹੈ; ਜਦ ਨਰੇਂਦਰ ਮੋਦੀ ਸਿੱਖਾਂ ਜਾਂ ਗ਼ੈਰ ਗੁਜਰਾਤੀਆਂ ਨੂੰ ਸੂਬੇ ਵਿਚੋਂ ਬੇਦਖ਼ਲ ਕਰਨ ਦੀ ਗੱਲ ਕਰਦਾ ਹੈ ਤਾਂ ਇਨ੍ਹਾਂ ਦੀ ਜ਼ਬਾਨ ਨੂੰ ਤਾਲਾ ਵੱਜ ਜਾਂਦਾ ਹੈ; ਉਦੋਂ ਇਨ੍ਹਾਂ ਨੂੰ ਅਖੌਤੀ ‘ਨੈਸ਼ਨਲਿਜ਼ਮ’ ਯਾਦ ਨਹੀਂ ਆਉਂਦਾ। ਇਸ ਦਾ ਮਤਲਬ ਸਾਫ਼ ਹੈ ਕਿ ਇਨ੍ਹਾਂ ਦੀ ਮਾਨਸਿਕਤਾ ਵਿਚ ਤੇ ਇਨ੍ਹਾਂ ਦੇ ਖ਼ੂਨ ਵਿਚ ‘ਨੈਸ਼ਨਲਿਜ਼ਮ’ ਨਹੀਂ ਬਲਕਿ ‘ਪੰਜਾਬੀ ਕੌਮ ਨਾਲ ਗ਼ਦਾਰੀ’ ਦਾ ਬੋਲ ਬਾਲਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>