ਨੌਜਵਾਨਾਂ ਦੀ ਸੇਹਤ ਵਾਸਤੇ ਦਿੱਲੀ ਕਮੇਟੀ ਕਰੇਗੀ ਵੱਡੇ ਉਪਰਾਲੇ

ਨਵੀਂ ਦਿੱਲੀ : ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੱਖਾਂ ਨੂੰ ਮਾਨਸਿਕ, ਰੁਹਾਨੀ ਅਤੇ ਸ਼ਰਿਰਕ ਪੱਖੋ ਸੇਹਤਮੰਦ ਰੱਖਣ ਲਈ ਸ਼ੁਰੂ ਕੀਤੇ ਗਏ ਸ਼ਸਤ੍ਰ ਕਲਾ ਮੁਕਾਬਲਿਆਂ ਦੇ ਰੂਪ ਵਿਚ ਜਾਣੇ ਜਾਂਦੇ ਅਤੇ ਖਾਲਸੇ ਦੀ ਚੜ੍ਹਦੀ ਕਲਾ ਅਤੇ ਸੂਰਬੀਰਤਾ ਦੇ ਪ੍ਰਤੀਕ ਹੋਲੇ ਮਹੱਲੇ ਤੇ ਦਿੱਲੀ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਗੁਰਮਤਿ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨੌਜਵਾਨਾ ਨੂੰ ਚੁਸਤ ਤੇ ਤੰਦਰੁਸਤ ਰੱਖਣ ਲਈ ਸ਼ਰੀਰਕ ਅਤੇ ਮਾਨਸਕ ਸੇਹਤਮੰਦ ਮਾਹੌਲ ਉਪਲਬੱਧ ਕਰਾਉਣ ਵਾਸਤੇ ਨੌਜਵਾਨਾਂ ਨੂੰ ਕਬੱਡੀ ਵਰਗੇ ਖੇਡ ਅਤੇ ਗਤਕਾ ਆਦਿਕ ਨਾਲ ਜੋੜਨ ਵਾਸਤੇ ਵੱਡੇ ਉਪਰਾਲੇ ਕਰਨ ਦੀ ਜਾਣਕਾਰੀ ਦਿੰਦੇ ਹੋਏ ਸਿੱਖ ਨੌਜਵਾਨਾਂ ਨੂੰ ਨਸ਼ਾ ਮੁਕਤ ਵਾਤਵਰਣ ਸ਼ਬਦ ਗੁਰੂ ਨਾਲ ਜੋੜ ਕੇ ਦੇਣ ਦਾ ਵੀ ਦਾਅਵਾ ਕੀਤਾ।

ਹੋਲੇ ਮਹੱਲੇ ਦੇ ਸੰਖੇਪ ਇਤਿਹਾਸ ਤੋਂ ਜਾਣੂ ਕਰਾਉਂਦੇ ਹੋਏ ਜੀ.ਕੇ. ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਵੀ ਪ੍ਰੇਰਣਾ ਦਿੱਤੀ। 23 ਮਾਰਚ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਸਫਾਈ ਵਾਸਤੇ ਹੋਣ ਜਾ ਰਹੀ ਕਾਰ ਸੇਵਾ ਵਿਚ ਸਾਰੀਆਂ ਕਾਰਸੇਵਾ ਸੰਪ੍ਰਦਾਵਾਂ ਦੇ ਮੁੱਖਿਆਂ ਨੂੰ ਬੁਲਾਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਦਿੱਲੀ ਫਤਿਹ ਦਿਵਸ ਦੇ ਮੌਕੇ ਤੇ ਕਮੇਟੀ ਵਲੋਂ ਉਲੀਕੇ  ਗਏ ਸਮਾਗਮਾਂ ਦੀ ਤਰਜ ਤੇ ਅੱਗੇ ਵੀ ਅਣਗੋਲੇ ਹੋਏ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਜੋੜਨ ਦਾ ਭਰੋਸਾ ਵੀ ਦਿੱਤਾ।

ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਰੋਧੀ ਲੋਕਾਂ ਨੂੰ ਕੌਮ ਦਾ ਦੀਮਕ ਕਰਾਰ ਦਿੰਦੇ ਹੋਏ ਸੰਗਤਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਗੱਲ ਕਰਨ ਦੇ ਨਾਲ ਹੀ ਜੈਕਾਰਿਆਂ ਦੀ ਗੁੰਜ ਵਿਚ ਸੰਗਤਾਂ ਪਾਸੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚੱਤਾ ਨੂੰ ਕਾਇਮ ਰੱਖਣ ਦਾ ਅਹਿਦ ਵੀ ਲਿਆ। ਰਾਣਾ ਨੇ ਸੰਗਤਾਂ ਨੂੰ ਆਪ ਘਰ-ਘਰ ਵਿਚ ਪ੍ਰਚਾਰਕ ਬਣਦੇ ਹੋਏ ਗੁਰਮਤਿ ਤੋਂ ਦੂਰ ਜਾ ਚੁਕੇ ਨੌਜਵਾਨਾਂ ਨੂੰ ਗੁਰਮਤਿ ਦਾ ਧਾਰਣੀ ਬਨਾਉਣ ਦੀ ਵੀ ਅਪੀਲ ਕੀਤੀ।

ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਨੇ ਦਿੱਲੀ ਫਤਿਹ ਦਿਵਸ ਮਨਾਉਣ ਲਈ ਦਿੱਲੀ ਕਮੇਟੀ ਵਲੋਂ ਕੀਤੇ ਗਏ ਉਪਰਾਲਿਆਂ ਸਦਕਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਧੰਨਵਾਦ ਸੰਗਤਾਂ ਵਲੋਂ ਕਰਦੇ ਹੋਏ ਉਨ੍ਹਾਂ ਦੀ ਸੇਹਤਯਾਬੀ ਦੀ ਵੀ ਕਾਮਨਾ ਕਰਨ ਦੇ ਨਾਲ ਹੀ ਕਾਰ ਸੇਵਾਂ ਦੇ ਚਲ ਰਹੇ ਕਾਰਜਾਂ ਤੋਂ ਵੀ ਸੰਗਤਾਂ ਨੂੰ ਜਾਣੂ ਕਰਵਾਇਆ।  ਇਸ ਮੌਕੇ ਪੰਥ ਪ੍ਰਤਿ ਕੀਤੀਆਂ ਗਈਆਂ ਸੇਵਾਵਾਂ ਨੂੰ ਦੇਖਦੇ ਹੋਏ ਬਾਬਾ ਬਚਨ ਸਿੰਘ ਜੀ ਕਾਰ ਸੇਵਾਂ ਵਾਲੇ ਅਤੇ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਦਾ ਸਨਮਾਨ ਕਰਦੇ ਹੋਏ ਸੰਗਤਾਂ ਨੂੰ ਚਲ ਰਹੇ ਕਾਰਜਾਂ ਵਿਚ ਆਪਣਾ ਦਸਵੰਧ ਭੇਂਟ ਕਰਨ ਦੀ ਵੀ ਬੇਨਤੀ ਕੀਤੀ।

ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ, ਭਾਈ ਅਮਰਜੀਤ ਸਿੰਘ ਪਟਿਆਲਾ , ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ, ਭਾਈ ਜਗਪ੍ਰੀਤ ਸਿੰਘ ਪਟਿਆਲਾ ਨੇ ਇਸ ਮੌਕੇ ਸੰਗਤਾਂ ਨੂੰ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ। ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ, ਕੁਲਦੀਪ ਸਿੰਘ ਸਾਹਨੀ, ਦਰਸ਼ਨ ਸਿੰਘ, ਸਤਪਾਲ ਸਿੰਘ, ਪਰਮਜੀਤ ਸਿੰਘ ਚੰਢੋਕ, ਰਵੈਲ ਸਿੰਘ, ਮਨਮੋਹਨ ਸਿੰਘ ਅਤੇ ਗੁਰਦੁਆਰਾ ਦਮਦਮਾ ਸਾਹਿਬ ਦੇ ਚੇਅਰਮੈਨ ਹਰਮੀਤ ਸਿੰਘ ਭੋਗਲ ਵੀ ਇਸ ਮੌਕੇ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>