ਆਰਬਿਟ ਬੱਸ ਨੇ ਪੈਟ੍ਰੋਲ ਪੰਪ ਮਾਲਕ ਦਰੜਿਆ, ਰੋਹ ’ਚ ਆਏ ਲੋਕਾਂ ਨੇ ਬਸ ’ਤੇ ਕੀਤਾ ਪਥਰਾਅ

ਬਸ ਦੀ ਲਪੇਟ ਵਿੱਚ ਆਇਆ ਸਕੂਟਰ ਅਤੇ ਲੋਕਾਂ ਨੂੰ ਸ਼ਾਂਤ ਕਰ ਰਹੀ ਪੁਲੀਸ।

ਬਰਨਾਲਾ/ਤਪਾ ਮੰਡੀ,(ਜੀਵਨ ਰਾਮਗੜ੍ਹ/ਪੱਤਰ ਪ੍ਰੇਰਕ)-ਅੱਜ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਤੇਜ਼ ਰਫ਼ਤਾਰ ਆਰਬਿਟ ਕੰਪਨੀ ਦੀ ਬਸ ਨੇ ਤਪਾ ਦੇ ਬਾਹਰਲੇ ਬਸ ਸਟੈਂਡ ਕੋਲ ਇੱਕ ਪੈਟਰੋਲ ਪੰਪ ਦੇ ਮਾਲਕ ਨੂੰ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਘਟਨਾਂ ਦੇ ਵਾਪਰਨ ਮਗਰੋਂ ਰੋਹ ’ਚ ਆਏ ਲੋਕਾਂ ਨੇ ਬਸ ’ਤੇ ਪਥਰਾਅ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ ਉਰਫ਼ ਮੇਸ਼ੀ ਪੁੱਤਰ ਬਾਬੂ ਰਾਮ ਆਪਣੇ ਚੇਤਕ ਸਕੂਟਰ ਪੀ.ਬੀ. 13.ਜੇ/6855 ’ਤੇ ਬਾਹਰਲੇ ਬਸ ਸਟੈਂਡ ’ਤੇ ਸਥਿਤ ਪੈਟ੍ਰੌਲ ਪੰਪ ਤੋਂ ਵਾਪਸ ਆਪਣੇ ਘਰ ਨੂੰ ਜਾਣ ਲਈ ਨਿਕਲਿਆ ਹੀ ਸੀ ਕਿ ਤੇਜ਼ ਰਫ਼ਤਾਰ ਬਠਿੰਡਾ ਸਾਈਡ ਤੋਂ ਗਲਤ ਪਾਸਿਓਂ ਆ ਆਰਬਿਟ ਬਸ ਨੰਬਰ ਪੀ.ਬੀ. 10 ਡਬਲਯੂ/ 7257 ਨੇ ਉਸਨੂੰ ਆਪਣੀ ਲਪੇਟ ਵਿੱਚ ਲੈ ਲਿਆ। ਲਪੇਟ ’ਚ ਆਏ ਵਿਅਕਤੀ ਨੂੰ ਬਸ ਕਾਫ਼ੀ ਦੂਰ ਤੱਕ ਘੜੀਸ ਕੇ ਲੈ ਗਈ। ਜਿਸ ਕਾਰਨ ਰਮੇਸ਼ ਕੁਮਾਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਤੁਰੰਤ ਉਸ ਨੂੰ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਤਪਾ ਵਿਖੇ ਲਿਆਂਦਾ ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।
ਇਸ ਘਟਨਾਂ ਨੂੰ ਦੇਖ ਕੇ ਰੋਹ ’ਚ ਆਏ ਲੋਕਾਂ ਨੇ ਘਟਨਾਂ ਸਥਲ ’ਤੇ ਬਾਦਲ ਸਰਕਾਰ ਖਿਲਾਫ਼ ਰੋਹ ਭਰਪੂਰ ਨਾਅਰੇਬਾਜੀ ਕਰ ਦਿੱਤੀ ਅਤੇ ਬਸ ’ਤੇ ਪਥਰਾਅ ਸੁਰੂ ਕਰ ਦਿੱਤਾ। ਬਸ ਵਿੱਚ ਸਵਾਰ ਸਵਾਰੀਆਂ ਦੇ ਅਨੁਸਾਰ ਉਕਤ ਬਸ ਚਾਲਕ ਰਾਮਪੁਰਾ ਕੋਲ ਵੀ ਕਿਸੇ ਅਣਪਛਾਤੇ ਵਾਹਣ ਨੂੰ ਫੇਟ ਮਾਰਕੇ ਬਸ ਭਜਾ ਲਿਆਇਆ। ਰਮੇਸ਼ ਕੁਮਾਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਤਪਾ ਸਹਿਰ ਬੰਦ ਦਾ ਸੱਦਾ ਦੇ ਦਿੱਾਤਭ ਡੀ.ਐਸ.ਪੀ. ਤਪਾ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬਸ ਚਾਲਕ ਫਰਾਰ ਹੈ, ਜਿਸਦੀ ਤੇਜ਼ੀ ਨਾਲ ਭਾਲ ਜਾਰੀ ਹੈ। ਚਾਲਕ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਅੱਜ 31 ਮਾਰਚ ਨੂੰ ਤਪਾ ਵਿਖੇ ਹਲਕਾ ਸੰਗਰੂਰ ਤੋਂ ਸ੍ਰੋ ਅ ਦ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆ ਰਹੇ ਹਨ। ਜਿੰਨ੍ਹਾਂ ਦੀ ਫੇਰੀ ਨੂੰ ਲੈ ਕੇ ਭਾਰੀ ਗਿਣਤੀ ਵਿੱਚ ਪੁਲੀਸ ਵੀ ਮੌਕੇ ’ਤੇ ਪੁੱਜ ਗਈ ਸੀ ਅਤੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸੱਤਾਧਾਰੀ ਪਾਰਟੀ ਵਿਰੁੱਧ ਆਪਣਾ ਗੁੱਸਾ ਪ੍ਰਗਟ ਕਰਨ ਲਈ ਲੋਕਾਂ ਵੱਲੋਂ ਲਾਮਬੰਦ ਹੋਕੇ ਸ਼ਹਿਰਵਾਸੀ ਬਾਦਲ ਦੀ ਰੈਲੀ ਵਿੱਚ ਵਿਘਨ ਪਾ ਸਕਦੇ ਹਨ।
ਵਰਣਨਯੋਗ ਹੈ ਕਿ ਕੁੱਝ ਦਿਨ ਪਹਿਲਾਂ ਧਨੌਲਾ ਨੇੜੇ ਆਰਬਿਟ ਬੱਸ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਜਿਸ ਦੌਰਾਨ ਇੱਕ ਮਹਿਲਾਂ ਦੀ ਮੌਤ ਹੋ ਗਈ ਸੀ  ਅਤੇ ਲੋਕਾਂ ਨੇ ਰੋਹ ਵਿੱਚ ਆਕੇ ਆਰਬਿਟ ਬਸ ਨੂੰ ਅੱਗ ਦੀ ਭੇਂਟ ਚਾੜ ਦਿੱਤਾ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>