ਫ਼ਿਲਮੀ ਦੁਨੀਆ ਦਾ ਇੱਕੋ ਇਕ ਸਟਾਰ ਲੇਖਕ ਗੁਲਸ਼ਨ ਨੰਦਾ

ਦੀਪਕ ਕੁਮਾਰ ਗਰਗ

ਇਕ ਕਹਾਣੀਕਾਰ ਦੇ ਰੂਪ ਵਿਚ ਗੁਲਸ਼ਨ ਨੰਦਾ ਦਾ ਨਾਂਅ ਫ਼ਿਲਮੀ ਦੁਨੀਆ ਵਿਚ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਕਹਾਣੀ ਲਿਖਣ ਵਿਚ ਜੋ ਮੁਹਾਰਤ ਗੁਲਸ਼ਨ ਨੰਦਾ ਨੂੰ ਹਾਸਲ ਸੀ, ਉਹ ਤਜਰਬਾ ਤਾਂ ਸਲੀਮ ਜਾਵੇਦ ਕੋਲ ਵੀ ਨਹੀਂ ਸੀ। ਹਿੰਦੁਸਤਾਨੀ ਔਰਤ ਜੋ ਕਦੇ ਘੁੰਡ ਵਿਚ ਛੁਪੀ ਰਹਿੰਦੀ ਸੀ ਨੇ ਅੱਜ ਜੋ ਆਈਟਮ ਅਤੇ ਮਿਸ ਬਣਕੇ ਛਾ ਜਾਣ ਦਾ ਸਫ਼ਰ ਤੈਅ ਕੀਤਾ ਹੈ, ਉਸ ਸਫ਼ਰ ਦੀ ਰਫ਼ਤਾਰ ਨੂੰ ਸ਼ੁਰੂ ਵਿਚ ਗੁਲਸ਼ਨ ਨੰਦਾ ਨੇ ਹੀ ਡਰਾਈਵ ਕੀਤਾ ਸੀ। ਗੁਲਸ਼ਨ ਨੰਦਾ ਨੇ ਜਿਸ ਸਮੇਂ ਮਾਰਕੀਟ ਵਿਚ ਪ੍ਰਵੇਸ਼ ਕੀਤਾ, ਉਸ ਸਮੇਂ ਇੰਦਰਾ ਗਾਂਧੀ ਯੁੱਗ ਦਾ ਬੀਜ ਬੋਇਆ ਜਾ ਚੁੱਕਿਆ ਸੀ। ਸਾਡਾ ਮੁਲਕ ਆਜ਼ਾਦੀ ਤੋਂ ਬਾਅਦ ਨਵੇਂ ਰਾਹਾਂ ਵੱਲ ਪੈ ਰਿਹਾ ਸੀ। ਅਜਿਹੀ ਹਾਲਤ ਵਿਚ ਪਰੰਪਰਾਵਾਂ ਦੀ ਬੇੜੀ ਵਿਚ ਜਕੜੀ ਹੋਈ ਭਾਰਤੀ ਔਰਤ ਵੀ ਆਜ਼ਾਦ ਹੋਣ ਲਈ ਤੜਪ ਰਹੀ ਸੀ। ਇਸ ਸਮੇਂ ਤੱਕ ਲੋਕ ਕੁੜੀਆਂ ਨੂੰ ਪੜਾਉਣ ਲਈ ਤਵੱਜੋ ਦੇਣ ਲੱਗੇ ਸਨ। ਗੁਲਸ਼ਨ ਨੰਦਾ ਨੂੰ ਰਾਹ ਮਿਲ ਗਿਆ। ਗੁਲਸ਼ਨ ਨੰਦਾ ਦੇ ਚਵੱਨੀ ਛਾਪ ਮੰਨੇ ਜਾਂਦੇ ਨਾਵਲ ਕੁੜੀਆਂ ਅਤੇ ਮੁੰਡਿਆਂ ਦੇ ਬਸਤਿਆਂ ਵਿਚ ਛਿਪ ਕੇ ਬਿਸਤਰ ਤੱਕ ਪਹੁੰਚ ਗਏ। ਗੁਲਸ਼ਨ ਨੰਦਾ ਨੇ ਆਪਣੇ ਨਵੀਂ ਕਿਸਮ ਦੇ ਪਾਠਕਾਂ ਦੀ ਇਹ ਰਗ ਪਹਿਚਾਣ ਲਈ ਅਤੇ ਉਨ੍ਹਾਂ ਦੇ ਅਰਮਾਨਾਂ ਨੂੰ ਹਵਾ ਦੇਣ ਲਈ ਸੰਕੇਤਕ ਰੂਪ ਵਿਚ ਸੈਕਸ ਦੀ ਚਾਸ਼ਨੀ ਚੜ੍ਹਾ ਕੇ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ।
ਗੁਲਸ਼ਨ ਨੰਦਾ ਦੀ ਵੱਧ ਰਹੀ ਲੋਕਪ੍ਰਿਅਤਾ ਨੇ ਫ਼ਿਲਮੀ ਦੁਨੀਆ ਤੱਕ ਹਿਲਾ ਦਿੱਤੀ ਕਿਉਂ ਕਿ ਹੁਣ ਲੋਕਾਂ ਦੀ ਦਿਲਚਸਪੀ ਫ਼ਿਲਮਾਂ ਵਿਚ ਘੱਟ ਰਹੀ ਸੀ ਅਤੇ ਗੁਲਸ਼ਨ ਨੰਦਾ ਦੇ ਨਾਵਲਾਂ ਵਿਚ ਵੱਧ ਰਹੀ ਸੀ। ਲੋਕ ਜੈਮਿਨੀ ਏ. ਵੀ. ਐੱਮ. ਵਰਗੀਆਂ ਸੰਸਥਾਵਾਂ ਵੱਲੋਂ ਬਣਾਈਆਂ ਜਾ ਰਹੀਆਂ ਪ੍ਰਾਰੰਪਿਕ ਅਤੇ ਠੋਸ ਪਰਿਵਾਰ ਵਾਦੀ ਫ਼ਿਲਮਾਂ ਤੋਂ ਊਬ ਰਹੇ ਸਨ। ਅਜਿਹੀ ਹਾਲਤ ਵਿਚ ਫ਼ਿਲਮਕਾਰ ਪੰਨਾ ਲਾਲ ਮਹੇਸ਼ਵਰੀ (ਨਾਨਕ ਨਾਮ ਜਹਾਜ਼  ਹੈ ਫੇਮ) ਨੇ ਪਹਿਲ ਕੀਤੀ ਅਤੇ ਗੁਲਸ਼ਨ ਨੰਦਾ ਦੇ ਨਾਵਲ ‘ਮਾਧਵੀ’ ਦੇ ਅਧਿਕਾਰ ਖਰੀਦ ਕੇ ‘ਕਾਜਲ’ ਵਰਗੀ ਸੁਪਰਹਿੱਟ ਫ਼ਿਲਮ ਬਣਾਈ।
ਇਸ ਤੋਂ ਬਾਅਦ ਤਾਂ ਜਿਵੇਂ ਸੁਪਰਹਿੱਟ ਫ਼ਿਲਮਾਂ ਦੀ ਝੜੀ ਹੀ ਲੱਗ ਗਈ। ਸਾਵਨ ਕੀ ਘਟਾ, ਪੱਥਰ ਕੇ ਸਨਮ, ਨੀਲ ਕਮਲ, ਝੀਲ ਕੇ ਉਸ ਪਾਰ, ਕਟੀ ਪਤੰਗ, ਨਯਾ ਜ਼ਮਾਨਾ, ਜੁਗਨੂੰ, ਆਜ਼ਾਦ, ਦਾਗ, ਸ਼ਰਮੀਲੀ ਮਹਿਬੂਬਾ, ਖਿਲੌਨਾ, ਜੋਸ਼ੀਲਾ, ਬੜਾ ਦਿਲਵਾਲਾ, ਦੋ ਪ੍ਰੇਮੀ, ਬਿੰਦੀਆਂ ਚਮਕੇਂਗੀ, ਬਾਦਲ, ਨਜ਼ਰਾਨਾ, ਪਾਲੇਖਾਨ, ਮੈਂ ਆਵਾਰਾ ਹੂੰ ਅਤੇ ਹੋਰ ਵੀ ਕਈ। ਗੁਲਸ਼ਨ ਨੰਦਾ ਨੇ ਆਪਣੇ ਜੀਵਨ ਵਿਚ ਕੇਵਲ 47 ਨਾਵਲ ਹੀ ਲਿਖੇ। ਕੁਝ ਨਾਵਲ ਫ਼ਿਲਮ ਬਣਨ ਤੋਂ ਬਾਅਦ ਨਵੇਂ ਨਾਂਅ ਨਾਲ ਵੀ ਪ੍ਰਕਾਸ਼ਿਤ ਹੋਏ। ਕੁਝ ਮੁਨਾਫ਼ਾਖ਼ੋਰ ਪ੍ਰਕਾਸ਼ਕਾਂ ਨੇ ਗੁਲਸ਼ਨ ਨੰਦਾ ਦੇ ਨਾਵਲਾਂ ਦੀ ਗਿਣਤੀ ਚਲਾਕੀ ਨਾਲ 50 ਬਣਾ ਕੇ ‘ਲਕਸ਼ਮਣ ਰੇਖਾ’ ਨਾਵਲ ਨੂੰ ਗੋਲਡਨ ਜੁਬਲੀ ਨਾਵਲ ਦੱਸਿਆ। ਇਸੇ ਨਾਵਲ ਤੇ ਅਧਾਰਿਤ ਫ਼ਿਲਮ ‘ਨਜ਼ਰਾਨਾ’ ਹੁਣ ਤੱਕ ਦੀ ਗੁਲਸ਼ਨ ਨੰਦਾ ਦੀ ਆਖਰੀ ਫ਼ਿਲਮ ਹੈ। ਇਹ ਫ਼ਿਲਮ 1987 ਵਿਚ ਆਈ ਸੀ।
ਗੁਲਸ਼ਨ ਨੰਦਾ ਦੇ ਨਾਵਲਾਂ ਅਤੇ ਫ਼ਿਲਮਾਂ ਦੀ ਸਭ ਤੋਂ ਵੱਡੀ ਖਾਸੀਅਤ ਇਨ੍ਹਾਂ ਦਾ ਟਾਈਟਲ ਹੁੰਦੇ ਸਨ। ਜਿਵੇਂ ਪੱਥਰ ਕੇ ਸਨਮ, ਪੱਥਰ ਕੇ ਹੋਂਠ, ਨੀਲਕਮਲ, ਨੀਲਕੰਠ, ਕਟੀ ਪਤੰਗ, ਖਿਲੌਨਾ, ਕੰਲਕਿਨੀ, ਮੈਲੀ ਚਾਂਦਨੀ, ਘਾਟ ਕਾ ਪੱਥਰ, ਪਿਆਸਾ ਸਾਵਨ, ਸਾਂਵਲੀ ਰਾਤ, ਰਾਖ ਅੰਗਾਰੇ, ਸ਼ੀਸ਼ੇ ਕੀ ਦੀਵਾਰ, ਭੰਵਰ, ਟੂਟੇ ਪੰਖ, ਕਾਂਚ ਕੀ ਚੂੜੀਆਂ ਆਦਿ। ਅਜਿਹੇ ਟਾਈਟਲ ਆਪਣੇ ਆਪ ਵਿਚ ਸਸਪੈਂਸ ਬਣ ਜਾਂਦੇ ਸਨ ਕਿ ਆਖਰ ਇਸ ਟਾਈਟਲ ਦਾ ਕਹਾਣੀ ਵਿਚ ਮਤਲਬ ਕੀ ਨਿਕਲੇਗਾ।
ਅੱਜ ਦੇ ਸਭ ਤੋਂ ਵੱਡੇ ਫ਼ਿਲਮਕਾਰ ਯਸ਼ ਚੋਪੜਾ ਚਾਹੇ ਪਹਿਲਾਂ ‘ਵਕਤ’ ਅਤੇ ‘ਧਰਮ ਪੁੱਤਰ’ ਵਰਗੀਆਂ ਮਹਾਨ ਫ਼ਿਲਮਾਂ ਨਿਰਦੇਸ਼ਤ ਕਰ ਚੁੱਕੇ ਸਨ ਪਰ ਇਨ੍ਹਾਂ ਨੂੰ ਸਹੀ ਪਹਿਚਾਣ ਗੁਲਸ਼ਨ ਨੰਦਾ ਦੇ ਨਾਵਲਾਂ ਤੇ ਬਣੀਆਂ ਫ਼ਿਲਮਾਂ ‘ਦਾਗ’ ਅਤੇ ‘ਜੋਸ਼ੀਲਾ’ ਰਾਹੀਂ ਹੀ ਮਿਲੀ।
ਗੁਲਸ਼ਨ ਨੰਦਾ ਨੇ ਹਿੰਦੁਸਤਾਨ ਦੇ ਨਾਰੀ ਪਾਤਰਾਂ ਨੂੰ ਨਵੇਂ ਸਮੀਕਰਣ ਦਿੱਤੇ। ਗੁਲਸ਼ਨ ਨੰਦਾ ਨੇ ਨਾਰੀ ਨੂੰ ਕੁਦਰਤ ਦਾ ਇਕ ਅਨਮੋਲ ਤੋਹਫ਼ਾ ਦੱਸਦੇ ਹੋਏ ਨਾਰੀ ਨੂੰ ਕੁਦਰਤ ਦੀ ਸ਼ਬਦਾਵਲੀ ਵਿਚ ਫਿੱਟ ਕੀਤਾ।
ਇਕ ਨਮੂਨਾ ਵੇਖੋ ‘ਮੈਲੀ ਚਾਂਦਨੀ’ ਵਿਚ ਚਾਂਦਨੀ ਸ਼ਬਦ ਆਪਣੇ ਆਪ ਵਿਚ ਕਿੰਨੀ ਪਵਿੱਤਰਤਾ ਰੱਖਦਾ ਹੈ। ਗੁਲਸ਼ਨ ਨੰਦਾ ਨੇ ਨਾਂਅ ਦਿੱਤਾ ‘ਮੈਲੀ ਚਾਂਦਨੀ’ । ਗੁਲਸ਼ਨ ਨੰਦਾ ਆਪਣੇ ਨਾਵਲਾਂ ਦੇ ਔਰਤ ਪਾਤਰਾਂ ਦੇ ਨਾਂਅ ਖਾਸ ਡਿਕਸ਼ਨਰੀ ਵਿੱਚੋਂ ਕੱਢਦਾ ਸੀ ਸੰਧਿਆ, ਕੰਚਨ, ਨੀਲੂ, ਤੁਲਸੀ, ਕਾਮਿਨੀ, ਬੇਲਾ, ਚਾਂਦਨੀ ਆਦਿ। ਗ਼ਰੀਬ, ਲਾਚਾਰ, ਮਜਬੂਰ ਅਤੇ ਵਿਚਾਰੀਆਂ ਜਨਾਨੀਆਂ ਦੇ ਅਰਮਾਨਾਂ ਨੂੰ ਪੰਖ ਲਗਾ ਕੇ ਹਵਾ ਵਿਚ ਉਡਾਣਾ ਗੁਲਸ਼ਨ ਨੰਦਾ ਨੂੰ ਖ਼ੂਬ ਆਉਂਦਾ ਸੀ। ਫ਼ਿਲਮ ‘ਝੀਲ ਕੇ ਉਸ ਪਾਰ’ ਵਿਚ ਅੰਨ੍ਹੀ ਮੁਮਤਾਜ਼ ਕਿਵੇਂ ਇਕ ਰਾਜਕੁਮਾਰ ਧਰਮਿੰਦਰ ਦੇ ਦਿਲ ਦੀ ਰਾਣੀ ਬਣਦੀ ਹੈ, ਇਹ ਬਖ਼ੂਬੀ ਪੇਸ਼ ਕੀਤਾ ਗਿਆ ਹੈ। ਗੁਲਸ਼ਨ ਨੰਦਾ ਦੇ ਨਾਵਲਾਂ ਦੀ ਜੋ ਮੁੱਖ ਟੈਰਾ ਲਾਈਨ ਸੀ ਉਹ ਇਹ ਕਿ ਇਕ ਛੋਟੀ ਜਿਹੀ ਗਲਤਫਹਿਮੀ ਇਨਸਾਨ ਦੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ, ਅਗਲਾ ਜਨਮ ਤੱਕ ਪ੍ਰਭਾਵਿਤ ਕਰ ਸਕਦੀ ਹੈ। ‘ਮਹਿਬੂਬਾ’ ਅਤੇ ‘ਨੀਲਕਮਲ’ ਦੀ ਕਹਾਣੀ ਦੋ ਜਨਮਾਂ ਤੱਕ ਚੱਲਦੀ ਹੈ।
ਅੱਜ ਵੀ ਗੁਲਸ਼ਨ ਨੰਦਾ ਦੇ ਕੁਝ ਨਾਵਲ ਅਜਿਹੇ ਹਨ ਜਿਨ੍ਹਾਂ ਤੇ ਫ਼ਿਲਮਾਂ ਨਹੀਂ ਬਣ ਸਕੀਆਂ। ਗੁਲਸ਼ਨ ਨੰਦਾ ਦੇ ਅੰਤਮ ਦੌਰ ਦੀਆਂ ਕੁਝ ਫ਼ਿਲਮਾਂ ਦਾ ਅਸਫਲ ਰਹਿਣਾ ਇਕ ਕਾਰਨ ਹੋ ਸਕਦਾ ਹੈ ਪਰ ਇਨ੍ਹਾਂ ਫ਼ਿਲਮਾਂ ਦੀ ਅਸਫ਼ਲਤਾ ਪਿੱਛੇ ਗੁਲਸ਼ਨ ਨੰਦਾ ਕਿਧਰੇ ਵੀ ਜਿੰਮੇਵਾਰ ਨਹੀਂ ਸੀ। ਗੁਲਸ਼ਨ ਨੰਦਾ ਦੇ ਕੁਝ ਨਾਵਲ ਅੱਜ ਵੀ ਛਪਦੇ ਅਤੇ ਵਿਕਦੇ ਹਨ। ਇਸ ਰਾਈਟਰ ਦਾ ਜ਼ਿਆਦਾ ਪਿਛੋਕੜ ਤਾਂ ਨਹੀਂ ਪਤਾ ਲੱਗਦਾ ਪਰ ਰਾਈਟਰ ਬਣਨ ਤੋਂ ਪਹਿਲਾਂ ਇਹ ਦਿੱਲੀ ਵਿਖੇ ਇਕ ਐਨਕਾਂ ਦੀ ਦੁਕਾਨ ਤੇ ਕੰਮ ਕਰਦਾ ਸੀ। ਇਹ ਇਲਾਕਾ ਪਬਲਿਸ਼ਰਾਂ ਦਾ ਪੜੋਸੀ ਸੀ। ਇੱਥੇ ਹੀ ਚਵੱਨੀ ਛਾਪ ਪਾਕਟ ਬੁਕਸ ਲਿਖ ਕੇ ਇਹ ਰਾਈਟਰ ਮੁੰਬਈ ਦੀ ਫ਼ਿਲਮੀ ਦੁਨੀਆ ਵਿਚ ਪਹੁੰਚ ਕੇ ‘ਸ਼ੀਸ਼ ਮਹਿਲ’ ਨਾਮਕ ਬਿਲਡਿੰਗ ਦਾ ਮਾਲਕ ਬਣਿਆ। ਬਹੁਤ ਸਾਰੇ ਅਜਿਹੇ ਵੀ ਫ਼ਿਲਮਕਾਰ ਰਹੇ ਜਿਨ੍ਹਾਂ ਨੇ ਮਹਿੰਗੇ ਰੇਟ ਦੇ ਕੇ ਗੁਲਸ਼ਨ ਨੰਦਾ ਤੋਂ ਕਹਾਣੀ ਖਰੀਦਣ ਦੀ ਬਜਾਏ ਗੁਲਸ਼ਨ ਦੇ ਨਾਵਲਾਂ ਦੀ ਕਹਾਣੀ ਅਤੇ ਪਾਤਰਾਂ ਨੂੰ ਹੇਰ ਫੇਰ ਕਰਕੇ ਵੀ ਫ਼ਿਲਮਾਂ ਬਣਾਈਆਂ। ਯਸ਼ ਚੋਪੜਾ ਨੇ ਚਾਹੇ ‘ਦਾਗ’ ਅਤੇ ‘ਜੋਸ਼ੀਲਾ’ ਤੋਂ ਬਾਅਦ ਗੁਲਸ਼ਨ ਨੰਦਾ ਨੂੰ ਨਹੀਂ ਦੁਹਰਾਇਆ ਪਰ ਅੱਜ ਤੱਕ ਯਸ਼ਰਾਜ ਬੈਨਰ ਦੀਆਂ ਫ਼ਿਲਮਾਂ ਦੀਆਂ ਨਾਇਕਾਵਾਂ ਗੁਲਸ਼ਨ ਨੰਦਾ ਦੇ ਨਾਵਲਾਂ ਤੋਂ ਉਧਾਰ ਲਈਆਂ ਹੋਈਆਂ ਜਾਪਦੀਆਂ ਹਨ। ਕਭੀ ਕਭੀ, ਦੀਵਾਰ, ਤ੍ਰਿਸ਼ੂਲ, ਸਿਲਸਿਲਾ, ਕਾਲਾ ਪੱਥਰ, ਮਹੋਬਤੇਂ, ਚਾਂਦਨੀ, ਲਮਹੇਂ ਅਤੇ ਵੀਰਜ਼ਾਰਾ ਆਦਿ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਫ਼ਿਲਮਾਂ ਵਿਚ ਹੀਰੋਇਨ ਦੇ ਰੂਪ ਵਿਚ ਭਾਰਤੀ ਨਾਰੀ ਜੋ ਪਰੰਪਰਾਵਾਂ ਦੀ ਬੇੜੀ ਵਿਚ ਜਕੜੀ ਹੋਵੇ ਨਹੀਂ ਫਿੱਟ ਹੋ ਸਕਦੀ ਸੀ ਪਰ ਕਿਉਂ ਕਿ ਗੁਲਸ਼ਨ ਨੰਦਾ ਨੇ ਔਰਤ ਦੀ ਛਵੀ ਬਦਲ ਦਿੱਤੀ ਸੀ ਇਸ ਲਈ ਯਸ਼ਰਾਜ ਬੈਨਰ ਨੂੰ ਆਸਾਨੀ ਰਹੀ। ਇਕ ਪੇਂਟਰ ਪਂੇਟਿੰਗ ਬਣਾ ਸਕਦਾ ਹੈ, ਇਕ ਕਵੀ ਕਵਿਤਾ ਲਿਖ ਸਕਦਾ ਹੈ ਪਰ ਇਹ ਕਵਿਤਾ ਜਾਂ ਪਂੇਟਿੰਗ ਕਿਵੇਂ ਬਣਦੀ ਹੈ ਇਹ ਜਾਣਕਾਰੀ ਗੁਲਸ਼ਨ ਨੰਦਾ ਕੋਲ ਹੀ ਸੀ। ਹੁਣ ਤੱਕ ਹਿੰਦੀ ਫ਼ਿਲਮਾਂ ਦਾ ਇੱਕੋ ਇਕ ਸਟਾਰ ਲੇਖਕ ਸਿਰਫ਼ ਅਤੇ ਸਿਰਫ਼ ਗੁਲਸ਼ਨ ਨੰਦਾ ਹੀ ਰਿਹਾ ਹੈ ਜਿਸ ਨੇ ਇੰਦਰਾ ਯੁੱਗ ਵਿਚ ਔਰਤਾਂ ਨੂੰ ਇਕ ਨਵੀਂ ਪਹਿਚਾਣ ਦਿੱਤੀ।
ਗੁਲਸ਼ਨ ਨੰਦਾ ਵੱਲੋਂ ਸਿਰਜੀ ਗਈ ਔਰਤ ਦੀ ਦਲੇਰੀ ਵੇਖੋ, ਫ਼ਿਲਮ ‘ਦਾਗ’ ਵਿਚ ਰਾਜੇਸ਼ ਖੰਨਾ ਰਾਖੀ ਨਾਲ ਸਿਰਫ਼ ਸਮਝੌਤੇ ਦੀ ਸ਼ਾਦੀ ਕਰਦਾ ਹੈ ਜਿਸ ਵਿਚ ਸਰੀਰਕ ਸੰਬੰਧ ਬਣਾਉਣ ਦੀ ਬੰਦਿਸ਼ ਹੈ। ਕਈ ਸਾਲ ਬੀਤ ਜਾਂਦੇ ਹਨ। ਰਾਜੇਸ਼ ਖੰਨਾ ਦੀ ਪਹਿਲੀ ਪਤਨੀ ਸ਼ਰਮੀਲਾ ਟੈਗੋਰ ਵਾਪਸ ਆ ਜਾਂਦੀ ਹੈ ਤਾਂ ਰਾਜੇਸ਼ ਵੱਲੋਂ ਸ਼ਰਮੀਲਾ ਨੂੰ ਪਿਆਰ ਕਰਦੇ ਹੋਏ ਦੇਖ ਕੇ ਰਾਖੀ ਕਿਵੇਂ ਦਲੇਰੀ ਵਿਖਾ ਕੇ ਆਪਣੀਆਂ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੈ ਕਿ ‘ਮੇਰੇ ਕੋਲ ਅਜਿਹਾ ਕੀ ਨਹੀਂ ਜੋ ਉਸ ਕੋਲ ਹੈ’ ਇਸ ਹਾਲਾਤ ਵਿਚ ਗੁਲਸ਼ਨ ਨੰਦਾ ਨੇ ਬੇਹੱਦ ਖ਼ੂਬਸੂਰਤੀ ਨਾਲ ਸੈਕਸ ਭਾਵਨਾਵਾਂ ਪ੍ਰਗਟ ਕਰਦੇ ਹੋਏ ਰਿਸ਼ਤਿਆਂ ਦੀ ਮਰਿਯਾਦਾ ਵੀ ਬਣਾਈ ਰੱਖੀ ਹੈ। ਅੰਤ ਵੇਖੋ ਕਿੰਨੀ ਖ਼ੂਬਸੂਰਤੀ ਨਾਲ ਰਾਜੇਸ਼ ਖੰਨਾ ਨੂੰ ਦੋਨੋਂ ਪਤਨੀਆਂ ਹੀ ਮਿਲ ਗਈਆਂ।
ਗੁਲਸ਼ਨ ਨੰਦਾ ਨੇ ਜੋ ਵੀ ਲਿਖਿਆ ਉਹ ਆਮ ਜ਼ਿੰਦਗੀ ਵਿਚ ਸੰਭਵ ਨਹੀਂ ਹੁੰਦਾ ਪਰ ਗੁਲਸ਼ਨ ਨੰਦਾ ਨੂੰ ਪੇਸ਼ ਕਰਨ ਦਾ ਢੰਗ ਅਜਿਹਾ ਆਉਂਦਾ ਸੀ ਕਿ ਉੇਸਦਾ ਲਿਖਿਆ ਸੱਚ ਲੱਗਦਾ ਸੀ। ਜੇਕਰ ਅਸੀਂ ਗੱਲ ਨੂੰ ਪੰਜਾਬੀ ਫ਼ਿਲਮਾਂ ਵੱਲ ਲਿਜਾਣ ਦੀ ਕਰੀਏ ਤਾਂ ਮੈਂ ਦੱਸਣਾ ਚਾਹਾਂਗਾ ਕਿ ਗੁਲਸ਼ਨ ਨੰਦਾ ਉਰਦੂ ਦਾ ਲੇਖਕ ਸੀ। ਉਸਦੇ ਲਿਖੇ ਨੂੰ ਉਸ ਦਾ ਰਿਸ਼ਤੇਦਾਰ ਹਿੰਦੀ ਅਨੁਵਾਦ ਕਰਦਾ ਸੀ। ਉਸ ਦੀਆਂ ਕਹਾਣੀਆਂ ਪੰਜਾਬ, ਪੰਜਾਬੀਅਤ ਤੋਂ ਦੂਰ ਸਨ। ਫਿਰ ਵੀ ਪੰਜਾਬੀ ਫ਼ਿਲਮਕਾਰਾਂ ਅਤੇ ਲੇਖਕਾਂ ਲਈ ਗੁਲਸ਼ਨ ਨੰਦਾ ਦੇ ਨਾਵਲ ਬਹੁਤ ਕੁਝ ਸਿਖਾਉਣ ਦਾ ਸਬੱਬ ਬਣ ਸਕਦੇ ਹਨ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਗੁਲਸ਼ਨ ਨੰਦਾ ਦੇ ਸਾਰੇ ਦੇ ਸਾਰੇ ਨਾਵਲ ਅੱਜ ਵੀ ਨੈੱਟ ਸ਼ੋਪਿੰਗ ਰਾਹੀਂ ਮੰਗਵਾ ਕੇ ਪੜੇ ਜਾ ਸਕਦੇ ਹਨ। ਗੁਲਸ਼ਨ ਨੰਦਾ ਦੇ ਨਾਵਲਾਂ ਤੇ ਅਧਾਰਿਤ ਸਾਰੀਆਂ ਫ਼ਿਲਮਾਂ ਦੀ ਡੀ. ਵੀ. ਡੀ ਅਤੇ ਵੀ. ਸੀ. ਡੀ. ਮਾਰਕੀਟ ਵਿਚ ਉੱਪਲੱਬਧ ਹੈ। ਕੁਝ ਨਾਵਲਾਂ ਦੇ ਆਡੀਓ ਸੰਸਕਰਣ ਵੀ ਜਾਰੀ ਹੋਏ ਹਨ ਜੋ ਬੜੇ ਮਹਿੰਗੇ ਹਨ।
ਪੰਜਾਬੀ ਦੇ ਜੋ ਫ਼ਿਲਮਕਾਰ ਕਹਾਣੀਆਂ ਦੀ ਕਮੀ ਦੂਰ ਕਰਨ ਦੇ ਲਈ ਜੂਝ ਰਹੇ ਹਨ ਉਹ ਫ਼ਿਲਮਕਾਰ ਗੁਲਸ਼ਨ ਨੰਦਾ ਦੇ ਨਾਵਲਾਂ ਵਿੱਚੋਂ ਬਹੁਤ ਕੁਝ ਕੱਢ ਸਕਦੇ ਹਨ। ਅੰਤ ਵਿਚ ਮੈਂ ਤੁਹਾਨੂੰ ਗੁਲਸ਼ਨ ਨੰਦਾ ਦਾ ਇਕ ਹੋਰ ਕਮਾਲ ਦੱਸਦਾ ਹਾਂ, ਫ਼ਿਲਮ ‘ਕਟੀ ਪਤੰਗ’ ਵਿਚ ਗੁਲਸ਼ਨ ਨੰਦਾ ਨੇ ਵਿਧਵਾ ਵਿਆਹ ਦੀ ਸਮੱਸਿਆ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਸੀ। ਫ਼ਿਲਮ ਦੀ ਹੀਰੋਇਨ ਆਸ਼ਾ ਪਾਰਖ ਕੁਆਰੀ ਵਿਧਵਾ ਬਣ ਜਾਂਦੀ ਹੈ। ਕਹਾਣੀ, ਮਨੋਰੰਜਨ, ਸਮਾਜ ਸੁਧਾਰ ਤਿੰਨਾਂ ਹੀ ਚੀਜ਼ਾਂ ਦਾ ਸੰਗਮ ਗੁਲਸ਼ਨ ਨੰਦਾ ਦੀ ਇਕ ਹੋਰ ਖ਼ੂਬੀ ਸੀ। ਇਸ ਫ਼ਿਲਮ ਨੇ ਖਲਨਾਇਕਾ ਬਿੰਦੂ ਨੂੰ ਵੀ ਇਕ ਨਵੀਂ ਇਮੇਜ਼ ਦਿੱਤੀ।
ਗੁਲਸ਼ਨ ਨੰਦਾ ਤੋਂ ਬਾਅਦ ਇਕ ਹੋਰ ਰਾਈਟਰ ਵੇਦ ਪ੍ਰਕਾਸ਼ ਸ਼ਰਮਾ ਨੇ ‘ਬਹੂ ਕੀ ਆਵਾਜ਼’ ਫ਼ਿਲਮ ਰਾਹੀਂ ਫ਼ਿਲਮੀ ਦੁਨੀਆ ਵਿਚ ਪ੍ਰਵੇਸ਼ ਕੀਤਾ ਪਰ ਬਾਅਦ ਵਿਚ ਅਕਸ਼ੈ ਕੁਮਾਰ ਦੀਆਂ ‘ਖਿਲਾੜੀ’ ਸੀਰੀਜ਼ ਦੀਆਂ ਦੋ-ਤਿੰਨ ਫ਼ਿਲਮਾਂ ਤੱਕ ਸੀਮਿਤ ਰਹਿ ਗਿਆ।

This entry was posted in ਲੇਖ.

One Response to ਫ਼ਿਲਮੀ ਦੁਨੀਆ ਦਾ ਇੱਕੋ ਇਕ ਸਟਾਰ ਲੇਖਕ ਗੁਲਸ਼ਨ ਨੰਦਾ

  1. deepak kumar garg says:

    thank you for publish my artical

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>