ਟੀ.ਵੀ. ਚੈਨਲਾਂ ਅਤੇ ਮੀਡੀਏ ਨੂੰ ਕਾਬੂ ਕਰਕੇ ਮੋਦੀ ਦੇ ਹੱਕ ਵਿਚ ਬਣਾਉਟੀ ਤੌਰ ਤੇ ਬਣਾਈ ਗਈ ਹਨੇਰੀ ਦੀ ਫੂਕ ਨਿਕਲ ਚੁੱਕੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਗੈਰ ਇਖ਼ਲਾਕੀ ਤੇ ਗੈਰ ਸਮਾਜਿਕ ਢੰਗਾਂ ਦੀ ਵਰਤੋਂ ਕਰਕੇ ਕਿਸੇ ਨਿਰਾਰਥਕ ਅਤੇ ਮਨੁੱਖਤਾ ਵਿਰੋਧੀ ਸੋਚ ਰੱਖਣ ਵਾਲੇ ਆਗੂ ਨੂੰ ਸਾਰਥਿਕ ਆਗੂ ਦੇ ਤੌਰ ਤੇ ਪੇਸ਼ ਕਰਕੇ ਟੀ.ਵੀ. ਚੈਨਲਾਂ ਅਤੇ ਬਿਜਲਈ ਮੀਡੀਏ ਤੇ ਬਣਾਈ ਗਈ ਹਵਾ ਕਦੀ ਵੀ ਸਥਾਈ ਨਹੀਂ ਰਹਿ ਸਕਦੀ ਅਤੇ ਨਾ ਹੀ ਅਜਿਹੇ ਆਗੂ ਨੂੰ ਜਨਤਾ ਕਦੀ ਪ੍ਰਵਾਨ ਕਰਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮੁਸਲਿਮ ਕੌਮ ਦੇ ਕਾਤਲ ਅਤੇ ਸਿੱਖ ਕੌਮ ਦਾ ਗੁਜਰਾਤ ਵਿਚੋਂ ਉਜਾੜਾ ਕਰਨ ਵਾਲੇ ਮੋਦੀ ਵਰਗੇ ਆਗੂ ਵਿਰੁੱਧ ਜਿਵੇ ਬਾਦਲੀਲ ਢੰਗਾਂ ਨਾਲ ਅਸੀ ਪੰਜਾਬ ਵਿਚ ਪ੍ਰਚਾਰ ਕੀਤਾ, ਉਸ ਦੀ ਬਦੌਲਤ ਪਹਿਲਾ ਤਾਂ ਸ. ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੂੰ ਜਗਰਾਉਂ ਰੈਲੀ ਨੂੰ ਮਨਸੂਖ ਕਰਨਾ ਪਿਆ । ਫਿਰ ਜਦੋਂ 23 ਫਰਵਰੀ ਨੂੰ ਦੁਆਰਾ ਜਗਰਾਉਂ ਵਿਖੇ ਮੋਦੀ ਰੈਲੀ ਰੱਖੀ ਗਈ, ਉਸ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਨੇ 10 ਲੱਖ ਦਾ ਇਕੱਠ ਕਰਨ ਦਾ ਨਿਸਚ੍ਹਾ ਅਤੇ ਦਾਅਵਾ ਕੀਤਾ ਸੀ । ਸਰਕਾਰੀ ਸਾਧਨਾਂ, ਖਜ਼ਾਨੇ, ਪੁਲਿਸ, ਪੰਜਾਬ ਦੇ ਡਿਪਟੀ ਕਮਿਸ਼ਨਰਜ਼ ਅਤੇ ਡੀਟੀਓਜ਼ ਦੀਆਂ ਤਾਕਤਾ ਦੀ ਵਰਤੋਂ ਕਰਕੇ ਪ੍ਰਾਈਵੇਟ ਵਹੀਕਲਜਾਂ ਨੂੰ ਜ਼ਬਰੀ ਘੇਰਕੇ, ਇਹਨਾਂ ਵਹੀਕਲਜ ਨੂੰ ਭਰਨ ਲਈ ਲੋਕਾਂ ਵਿਚ ਸ਼ਰਾਬ, ਅਫ਼ੀਮ, ਭੁੱਕੀ, ਸਮੈਕ ਆਦਿ ਨਸ਼ੀਲੀਆਂ ਵਸਤਾਂ ਦੀ ਖੁੱਲ੍ਹੇਆਮ ਵੰਡ ਕਰਨ ਉਪਰੰਤ ਵੀ ਪੂਰੀ ਤਾਕਤ ਝੋਕ ਕੇ ਵੀ ਮੋਦੀ ਦੀ ਰੈਲੀ ਵਿਚ ਇਹ 50 ਹਜ਼ਾਰ ਦਾ ਇਕੱਠ ਵੀ ਨਾ ਕਰ ਸਕੇ । ਜਿਸ ਨਾਲ ਹਿੰਦ ਦੇ ਵੱਡੇ ਧਨਾਢ ਉਦਯੋਗਪਤੀ ਪਰਿਵਾਰਾਂ ਵੱਲੋਂ ਟੀ.ਵੀ. ਚੈਨਲਾਂ, ਅਖ਼ਬਾਰਾਂ, ਬਿਜਲਈ ਮੀਡੀਏ ਨੂੰ ਧਨ-ਦੌਲਤਾ ਨਾਲ ਕਾਬੂ ਕਰਕੇ ਬਣਾਈ ਗਈ ਮੋਦੀ ਦੀ ਸਿਆਸੀ ਹਨ੍ਹੇਰੀ ਅਤੇ ਤੁਫਾਨ ਆਦਿ ਦੀ ਕਿਤੇ ਵੀ ਕੋਈ ਗੱਲ ਨਜ਼ਰ ਨਹੀਂ ਆ ਰਹੀ । ਮੋਦੀ ਅਤੇ ਭਾਜਪਾ ਦੇ ਭਾਈਵਾਲ ਬਾਦਲਾਂ ਦੀ ਇਸ ਮਨੁੱਖਤਾ ਅਤੇ ਸਿੱਖ ਕੌਮ ਵਿਰੋਧੀ ਹਵਾ ਨੂੰ ਪੂਰੀ ਤਰ੍ਹਾਂ ਅਸਫ਼ਲ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵਿਊਤਬੰਦ ਅਤੇ ਬਾਦਲੀਲ ਢੰਗਾਂ ਰਾਹੀ ਅਸਫ਼ਲ ਬਣਾਇਆ ਗਿਆ । ਜਿਸ ਦੀ ਬਦੌਲਤ ਅੱਜ ਜੋ ਲੋਕ ਮੋਦੀ ਹਨ੍ਹੇਰੀ ਦਾ ਪ੍ਰਚਾਰ ਕਰ ਰਹੇ ਸਨ, ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਮੋਦੀ ਨੂੰ ਜਿੱਤ ਕੱਢਣ ਲਈ 2 ਸਥਾਨਾਂ ਗੁਜਰਾਤ ਸੂਬੇ ਅਤੇ ਵਾਰਨਸੀ ਤੋਂ ਉਮੀਦਵਾਰ ਬਣਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ । ਜਿਸ ਤੋ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਹਿੰਦ ਵਿਚ ਮੋਦੀ ਦੀ ਕੋਈ ਵੀ ਹਵਾ ਜਾ ਹਨ੍ਹੇਰੀ ਨਹੀਂ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿਰਕੂ ਜਮਾਤ ਬੀਜੇਪੀ ਅਤੇ ਬਾਦਲ ਦਲੀਆਂ ਵੱਲੋਂ ਹਿੰਦ ਵਿਚ ਅਤੇ ਪੰਜਾਬ ਵਿਚ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਇਥੋ ਦੇ ਨਿਵਾਸੀਆਂ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਹਿੰਦ ਵਿਚ ਅੱਜ ਮੁਤੱਸਵੀ ਸੋਚ ਦੀ ਬਦੌਲਤ ਭਾਜਪਾ ਦਾ ਇਹ ਹਸਰ ਹੋਣ ਜਾ ਰਿਹਾ ਹੈ ਤਾਂ ਸਿੱਖ ਕੌਮ ਦਾ ਕਤਲੇਆਮ ਅਤੇ ਸਿੱਖਾਂ ਦੇ ਗੁਰੂਘਰਾਂ ਉਤੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਨ ਵਾਲੀ ਕਾਂਗਰਸ ਜਮਾਤ ਵੀ ਇਥੋ ਦੇ ਨਿਵਾਸੀਆਂ ਦੇ ਮਨਾਂ ਅਤੇ ਆਤਮਾਵਾਂ ਵਿਚੋਂ ਮਨਫ਼ੀ ਹੋ ਚੁੱਕੀ ਹੈ । ਉਹਨਾਂ ਕਿਹਾ ਕਿ ਇਥੇ ਘੱਟ ਗਿਣਤੀ ਕੌਮਾਂ, ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆ ਦੇ ਹੱਕ-ਹਕੂਕ ਮਹਿਫੂਜ ਕਰਨ ਤੋ ਬਿਨ੍ਹਾਂ ਅਤੇ ਉਹਨਾਂ ਨੂੰ ਇਨਸਾਫ਼ ਦੇਣ ਤੋ ਬਿਨ੍ਹਾਂ ਕੋਈ ਵੀ ਪਾਰਟੀ ਸਿਆਸੀ ਤੌਰ ਤੇ ਅਗਾਹ ਨਹੀਂ ਵੱਧ ਸਕਦੀ । ਉਪਰੋਕਤ ਦੋਵੇ ਹਿੰਦੂਤਵ ਜਮਾਤਾਂ ਬੀਜੇਪੀ, ਕਾਂਗਰਸ ਅਤੇ ਫਿਰਕੂ ਜਮਾਤਾਂ ਦੇ ਭਾਈਵਾਲ ਬਾਦਲ ਦਲੀਏ ਅੱਜ ਤੱਕ ਘੱਟ ਗਿਣਤੀ ਕੌਮਾਂ ਦੇ ਨਾ ਤਾ ਹੱਕ-ਹਕੂਕਾ ਨੂੰ ਸੁਰੱਖਿਅਤ ਕਰ ਸਕੇ ਹਨ ਅਤੇ ਨਾ ਹੀ ਇਹਨਾਂ ਨੂੰ ਇਨਸਾਫ਼ ਦਿਵਾ ਸਕੇ ਹਨ । ਬਲਕਿ ਹਕੂਮਤੀ ਸਾਧਨਾਂ, ਖਜ਼ਾਨੇ, ਪੁਲਿਸ ਦੀ ਸ਼ਕਤੀ ਅਤੇ ਆਪਣੇ ਸਿਆਸੀ ਅਹੁਦਿਆ ਦੀ ਦੁਰਵਰਤੋਂ ਕਰਕੇ ਸਭ ਪਾਸੇ ਅਫਰਾ-ਤਫਰੀ ਫੈਲਾਉਣ ਦੇ ਨਾਲ-ਨਾਲ ਤਾਨਾਸ਼ਾਹੀ ਸੋਚ ਨੂੰ ਹੀ ਮਜ਼ਬੂਤ ਕਰ ਰਹੇ ਹਨ । ਜਮੂਹਰੀਅਤ ਕਦਰਾ-ਕੀਮਤਾ ਅਤੇ ਅਮਨ-ਚੈਨ ਦੇ ਵੱਡਮੁੱਲੇ ਨਿਯਮਾਂ ਅਸੂਲਾ ਨੂੰ ਤਿਲਾਜ਼ਲੀ ਦੇ ਕੇ ਗੈਰ ਕਾਨੂੰਨੀ ਅਤੇ ਗੈਰ ਇਖ਼ਲਾਕੀ ਢੰਗਾਂ ਰਾਹੀ ਇਹ ਸਿਆਸਤਦਾਨ ਆਪਣੀਆਂ ਤਿਜੋਰੀਆ ਭਰਨ ਅਤੇ ਜ਼ਮੀਨਾਂ-ਜ਼ਾਇਦਾਦਾ ਇਕੱਠੀਆਂ ਕਰਨ ਵਿਚ ਮਸਰੂਫ ਹਨ । ਅਜਿਹੀ ਸੋਚ ਵਾਲੇ ਸਿਆਸਤਦਾਨ ਕਤਈ ਵੀ ਮਨੁੱਖਤਾ, ਦੇਸ਼, ਕੌਮ ਜਾਂ ਇਨਸਾਨੀਅਤ ਆਦਿ ਦੀ ਬਿਹਤਰੀ ਨਹੀਂ ਕਰ ਸਕਦੇ । ਉਹਨਾਂ ਕਿਹਾ ਕਿ 30 ਅਪ੍ਰੈਲ 2014 ਦਾ ਸਮਾਂ ਇਥੋ ਦੇ ਸਮੁੱਚੇ ਨਿਵਾਸੀਆਂ ਲਈ ਬਹੁਤ ਅਹਿਮ ਅਤੇ ਸੰਜ਼ੀਦਾਂ ਭਰਿਆ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦ ਦੇ ਸਮੁੱਚੇ ਨਿਵਾਸੀਆਂ, ਪੰਜਾਬ ਦੇ ਬਸਿੰਦਿਆ ਅਤੇ ਸਿੱਖ ਕੌਮ ਨੂੰ ਅਪੀਲ ਕਰਦਾ ਹੈ ਕਿ ਉਹ 30 ਅਪ੍ਰੈਲ 2014 ਦੀ ਸਵੇਰ ਨੂੰ ਆਪੋ-ਆਪਣੇ ਈਸਟ ਉਸ ਅਕਾਲ ਪੁਰਖ ਨੂੰ ਯਾਦ ਕਰਦੇ ਹੋਏ ਅਤੇ ਆਪਣੀਆਂ ਇੰਦਰੀਆ ਨੂੰ ਸੱਚ, ਇਨਸਾਫ਼ ਅਤੇ ਮਨੁੱਖਤਾ ਪੱਖੀ ਮੁਹੱਬਤ ਵਾਲੇ ਸੰਦੇਸ਼ ਉਤੇ ਕੇਦਰਿਤ ਕਰਦੇ ਹੋਏ ਆਪੋ-ਆਪਣੀਆਂ ਆਤਮਾਵਾਂ ਨਾਲ ਫੈਸਲਾ ਕਰਕੇ ਆਪਣੀ ਬਹੁਮੁੱਲੀ ਵੋਟ ਨੂੰ ਪਾਉਣ ਜਾਣ । ਤਾਂ ਕਿ ਇਥੇ ਕੋਈ ਵੀ ਅਪਰਾਧਿਕ ਅਤੇ ਪਰਿਵਾਰਵਾਦ ਦੀ ਬਿਰਤੀ ਵਾਲਾ ਉਮੀਦਵਾਰ ਜਿੱਤ ਕੇ ਪਾਰਲੀਮੈਂਟ ਵਿਚ ਨਾ ਜਾ ਸਕੇ । ਉਹਨਾਂ ਪੰਜਾਬ ਦੇ ਬਸਿੰਦਿਆ ਨੂੰ ਉਚੇਚੇ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਸ੍ਰੀ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਆਦਿ ਸਿੱਖ ਕੌਮ ਦੇ ਮਹਾਨ ਅਸਥਾਨਾਂ ਤੋਂ ਖੜ੍ਹਨ ਵਾਲੇ ਫਿਰਕੂ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਣ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬ ਦੀਆਂ ਲੋਕ ਸਭਾ ਸੀਟਾ ਉਤੇ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਕੇ ਭੇਜਣ ਤਾਂ ਕਿ ਦੁਨੀਆਂ ਪੱਧਰ ਤੇ ਸਿੱਖ ਕੌਮ ਦੀ ਵੱਡਮੁੱਲੀ ਸੋਚ ਦਾ ਸੰਦੇਸ਼ ਜਾ ਸਕੇ ਅਤੇ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਪਹਿਰਾ ਦਿੰਦੀ ਹੋਈ ਅੱਗੇ ਵੱਧ ਸਕੇ ਅਤੇ ਬਿਨ੍ਹਾਂ ਕਿਸੇ ਭੇਦ-ਭਾਵ ਆਦਿ ਤੋ ਸਮੁੱਚੀ ਮਨੁੱਖਤਾ ਦੀ “ਸਰਬਤ ਦੇ ਭਲੇ” ਦੇ ਮਿਸਨ ਅਧੀਨ ਬਿਹਤਰੀ ਕਰਨ ਵਿਚ ਯੋਗਦਾਨ ਪਾ ਸਕੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>