ਪ੍ਰਮਿੰਦਰ ਸਿੰਘ ਸੋਚ, ਰਾਲੀ, ਨਾਰਥ ਕੈਰੋਲਾਈਨਾ,
ਅੱਜ ਤੋਂ ਤਕਰੀਬਨ 540 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਿਨਾਂ ਜ਼ਾਤ ਪਾਤ, ਊਚ-ਨੀਚ, ਧਰਮ ਦੇ ਵਖਰੇਵੇਂ ਤੋਂ ਭਾਰਤ ਦੀ ਕੁਲ ਲੁਕਾਈ ਉਤੇ ਮੁਗ਼ਲੀਆ ਹਕੂਮਤ ਦੇ ਤਸ਼ਦਦ ਤੇ ਜ਼ੁਲਮਾਂ ਨੂੰ ਵੇਖ ਕੇ ਇਕ ਅਵਾਜ਼ ਬੁਲੰਦ ਕੀਤੀ ਸੀ ਅਤੇ ਸ਼ਰ-ਏ-ਆਮ ਕਿਹਾ ਸੀ, “ਰਾਜੇ ਸੀਹ ਮੁਕਦਮ ਕੁਤੇ”। ਅੱਜ ਜਰਵਾਣਿਆਂ ਦਾ ਉਹ ਇਤਿਹਾਸ ਮੁੜ ਤੋਂ ਦੁਹਰਾਇਆ ਜਾ ਰਿਹਾ ਹੈ। ਗਰੀਬ ਲੁਟੇ ਜਾ ਰਹੇ ਹਨ, ਔਰਤਾਂ ਬੇਪੱਤ ਹੋ ਰਹੀਆਂ ਹਨ, ਧੀਆਂ ਭੈਣਾਂ ਦੀ ਦਿਨ ਦਿਹਾੜੇ ਅਜ਼ਮਤ ਲੁਟੀ ਜਾ ਰਹੀ ਹੈ, ਮੁਜ਼ਾਹਰਾਗੀਰ ਲੋਕ ਦਿਨ ਦਿਹਾੜੇ ਕੁਟੇ ਤੇ ਮਾਰੇ ਜਾ ਰਹੇ ਹਨ, ਗਰੀਬ ਕਿਸਾਨ ਆਤਮਘਾਤੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਜਦ ਕਿ ਸ੍ਰੀ ਗੁਰੂ ਅਮਰ ਦਾਸ ਦੇਵ ਜੀ ਨੇ ਮਾਝ ਰਾਗ ਵਿਚ ਸਪਸ਼ਟ ਸੁਨੇਹਾ ਦਿਤਾ ਹੈ ਕਿ “ਆਤਮ ਘਾਤੀ ਹੈ ਜਗਤ ਕਸਾਈ”। ਪਰ ਗਰੀਬ ਕਿਸਾਨ ਕਰੇ ਕੀ? ਪਹਿਲਾਂ ਨਾਮ ਦੀਆਂ ਅਜ਼ਾਦ ਸਰਕਾਰਾਂ ਉਨ੍ਹਾਂ ਨੂੰ ਪੁਰਾਣੇ ਆੜ੍ਹਤੀਆਂ ਵਾਂਗ ਕਰਜ਼ੇ ਹੇਠ ਦਬ ਲੈਂਦੀਆਂ ਹਨ ਅਤੇ ਬਾਅਦ ਵਿਚ ਉਨ੍ਹਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਹਥਿਆ ਕੇ ਉਨ੍ਹਾਂ ਨੂੰ ਆਤਮ ਘਾਤ ਕਰਨ ਲਈ ਮਜਬੂਰ ਕਰ ਦਿੰਦੀਆਂ ਹਨ । ਫੇਰ ਹਕੂਮਤਾਂ ਦੇ ਲੀਡਰ ਮਗਰਮੱਛ ਵਰਗੇ ਹੰਝੂ ਵਗਾ ਕੇ ਦੋ ਲਫ਼ਜ਼ ਹਮਦਰਦੀ ਦੇ ਕਹਿ ਕੇ ਤੁਰਦੇ ਬਣਦੇ ਤੇ ਰੂਪੋਸ਼ ਹੋ ਜਾਂਦੇ ਹਨ ।
ਗੁਰੂ ਨਾਨਕ ਸਾਹਿਬ ਨੇ ਤਾਂ ਸੰਸਾਰ ਦੀ ਕੁੱਲ ਮਨੁੱਖਤਾ ਦਾ ਉਧਾਰ ਕਰਨ ਲਈ ਇਹ ਕਹਿ ਕੇ “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ” ਆਹ ਦਾ ਨਾਹਰਾ ਲਗਾਇਆ ਸੀ, ਪਰ ਇਸਤੋਂ ਉਲਟ ਪੰਜਾਬ ਵਿਚ ਅੱਜ ਅਕਾਲੀ-ਭਾਜਪਈ ਗਠਜੋੜ ਦੀ ਸਰਕਾਰ ਨੇ ਉਹ ਲੁੱਟ ਖਸੁੱਟ ਮਚਾਈ ਹੋਈ ਹੈ ਕਿ ਨਾ ਤਾਂ ਉਨ੍ਹਾਂ ਨੂੰ ਗੁਰੂ ਨਾਨਕ ਯਾਦ ਆਉਂਦਾ ਹੈ ਅਤੇ ਨਾ ਹੀ ਗੁਰੂ ਨਾਨਕ ਸਾਹਿਬ ਦਾ ਫਲਸਫ਼ਾ । ਜੇ ਯਾਦ ਹੈ ਤਾਂ ਕੇਵਲ ਪੰਜਾਬ ਨੂੰ ਕਿਵੇਂ ਲੁੱਟ ਕੇ ਆਪਣੇ ਨਿਜੀ ਮੁਫ਼ਾਦਾਂ ਲਈ ਵਰਤਣਾ ਤੇ ਕਿਵੇਂ ਇਸ ਨੂੰ ਕੰਗਾਲ ਬਨਾਉਣਾ ਹੈ । ਉਹ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣ ਦੀਆਂ ਉਚੀਆਂ ਉਚੀਆਂ ਡੀਂਗਾਂ ਮਾਰਦੇ ਹਨ, ਚੋਪੜੇ ਚੋਪੜੇ ਮੂੰਹ ਨਾਲ ਨੰਨ੍ਹੀ ਨੰਨ੍ਹੀ ਛਾਂ ਦੀਆਂ ਗਲਾਂ ਕਰਦੇ ਹਨ, ਪਰ ਨੰਨ੍ਹੀ ਛਾਂ ਵਾਲੀਆਂ ਨੂੰ ਗੁਤੋਂ ਫੜ ਫੜ ਘਸੀਟ ਕੇ ਉਨ੍ਹਾਂ ਨੂੰ ਬੇਪੱਤ ਅਤੇ ਜ਼ਲੀਲ ਕਰ ਰਹੇ ਹਨ ।
ਖ਼ੈਰ ਸਮਾਂ ਹਰ ਇਕ ਵਾਸਤੇ ਹਮੇਸ਼ਾਂ ਇਕੋ ਜੇਹਾ ਨਹੀਂ ਰਹਿੰਦਾ । ਮੁਗ਼ਲੀਆ ਹਕੂਮਤ ਦੀਆਂ ਜੜ੍ਹਾਂ ਪਤਾਲ ਵਿਚ ਹੋਣ ਦੇ ਬਾਵਜੂਦ ਅੱਜ ਔਰੰਗਾਬਾਦ ਵਿਚ ਔਰੰਗਜ਼ੇਬ ਦੀ ਕਬਰ ਉਤੇ ਦੀਵਾ ਬਾਲਣ ਲਈ ਕੋਈ ਤੇਲ ਪਾਣ ਨੂੰ ਵੀ ਤਿਆਰ ਨਹੀਂ । ਕਿਸੇ ਸਮੇਂ ਬਰਤਾਨਵੀਂ ਸਾਮਰਾਜ ਦਾ ਸੂਰਜ ਅਸਤ ਨਹੀਂ ਸੀ ਹੁੰਦਾ, ਅੱਜ ਉਹ ਬਰਤਾਨਵੀਂ ਰਾਜ ਦੀ ਰੂਪ ਰੇਖਾ ਸਾਡੇ ਸਾਹਮਣੇ ਹੈ ਤੇ ਕਿਸੇ ਤੋਂ ਗੁਝੀ ਨਹੀਂ, ਉਹ ਤਕਰੀਬਨ ਸਾਰੇ ਗੁਲਾਮ ਬਣਾਏ ਹੋਏ ਦੇਸ਼ਾਂ ਤੋਂ ਆਪਣਾ ਬਿਸਤਰਾ ਬੋਰੀਆ ਗੋਲ ਕਰਕੇ ਤੁਰਦੇ ਬਣੇ ਹਨ । ਤਾਲਿਬਾਨ ਲੋਕਾਂ ਦੇ ਜ਼ੁਲਮ ਸਿਤਮ ਦੀ ਕਹਾਣੀ ਕਿਸੇ ਤੋਂ ਵਿਸਰੀ ਨਹੀਂ, ਉਨ੍ਹਾਂ ਦਾ ਵੀ ਤਕਰੀਬਨ ਤਕਰੀਬਨ ਅੰਤਕਾਲ ਹੋ ਚੁਕਾ ਹੈ, ਤਾਨਾ ਸ਼ਾਹ ਸਦਾਮ ਹੁਸੈਨ ਲਖਾਂ ਵਿਰੋਧੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਇੰਝ ਤੁਰਿਆ ਫਿਰਦਾ ਸੀ, ਜਿਵੇਂ ਉਸਦਾ ਕਿਸੇ ਨੇ ਵਾਲ ਵੀ ਵਿੰਗਾ ਨਹੀਂ ਕਰ ਸਕਣਾ, ਆਖ਼ਰ ਉਹ ਚੂਹੇ ਵਾਂਗ ਇਕ ਰੁਡ ਵਿਚੋਂ ਲੁਕਿਆ ਹੋਇਆ ਫੜਿਆ ਗਿਆ । ਇਹੋ ਹਾਲ ਮਿਸਰ ਵਿਚ ਮੁਬਾਰਕ ਦਾ ਹੋਇਆ, 14 ਦਿਨਾਂ ਵਿਚ ਆਮ ਆਦਮੀਆਂ ਦੇ ਬੇਰੋਕ ਹਜੂਮ ਅਗੇ ਉਸਨੂੰ ਗੋਡੇ ਟੇਕਣੇ ਪਏ । ਜਦ ਲੀਬੀਆ ਵਿਚ ਲੋਕਾਂ ਦਾ ਵਾਅ ਵਰੋਲਾ ਵਗਿਆ, ਤਾਂ ਗਦਾਫ਼ੀ ਪਤਝੜ ਦੇ ਪਤੇ ਵਾਂਗ ਉੱਡ ਗਿਆ । ਤੁਸੀਂ ਚਾਹੇ ਸੀਰੀਆ ਦੀ ਗਲ ਕਰ ਲਵੋ ਜਾਂ ਕਿਸੇ ਹੋਰ ਦੇਸ਼ ਦੀ, ਜਦ ਲੋਕ ਜਾਗ ਪੈਂਦੇ ਹਨ, ਤਾਂ ਉਨ੍ਹਾਂ ਦੇ ਅਗੇ ਜ਼ਾਲਮ ਹਕੂਮਤਾਂ ਦਾ ਟਿਕਣਾ ਅਸੰਭਵ ਹੋ ਜਾਂਦਾ ਹੈ ।
1947 ਵਿਚ ਭਾਰਤ ਆਜ਼ਾਦ ਜ਼ਰੂਰ ਹੋਇਆ, ਪਰ ਭਾਰਤੀ ਅਜ਼ਾਦ ਹੋ ਕੇ ਵੀ ਗੁਲਾਮਾਂ ਦੇ ਗੁਲਾਮ ਬਣ ਗਏ । ਕਿਹਾ ਜਾਂਦਾ ਹੈ ਕਿ 12 ਸਾਲਾਂ ਬਾਅਦ ਰੂੜੀਆਂ ਦੀ ਵੀ ਸੁਣਵਾਈ ਹੋ ਜਾਂਦੀ ਹੈ, ਅਜ਼ਾਦੀ ਤੋਂ 66 ਸਾਲ ਬਾਅਦ ਜਾਪਦਾ ਹੈ ਕਿ ਉਹ ਸਮਾਂ ਹੁਣ ਆ ਪਹੁੰਚਾ ਹੈ, ਜਦ ਭਾਰਤ ਦਾ ਆਮ ਆਦਮੀ ਆਪਣੀ ਕਿਸਮਤ ਆਪ ਘੜੇਗਾ ਤੇ ਆਪਣੇ ਭਵਿੱਖ ਨੂੰ ਖ਼ੁਦ ਲਿਖੇਗਾ । ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਭਾਰਤ ਦੇ ਆਮ ਲੋਕਾਂ ਨੇ ਦਿਲੀ ਦੀਆਂ ਅਸੈਂਬਲੀ ਚੋਣਾਂ ਵਿਚ ਆਮ ਆਦਮੀ ਪਾਰਟੀ ਹੇਠ ਉਹ ਕਰ ਵਿਖਾਇਆ, ਜੋ ਕਿਸੇ ਵਡੀ ਤੋਂ ਵਡੀ ਸਿਆਸੀ ਪਾਰਟੀ ਨੇ ਖਾਬੋ ਖਿਆਲ ਵਿਚ ਵੀ ਸੋਚਿਆ ਤਕ ਨਹੀਂ ਸੀ । ਸ਼ੀਲਾ ਦੀਖਸ਼ਤ, ਜੋ ਦਿਲੀ ਦੀ ਸਿਆਸਤ ਵਿਚ ਕਾਂਗਰਸ ਦੀ ਉਮੀਦਵਾਰ ਦੇ ਤੌਰ ਉਤੇ ਪੱਕੇ ਪੈਰਾਂ ਉਤੇ ਮੁੱਖ ਮੰਤ੍ਰੀ ਦੀ ਕੁਰਸੀ ਉਤੇ ਬਿਰਾਜੀ ਹੋਈ ਸੀ ਤੇ ਜਿਸਨੇ ਕਦੇ ਸੁਪਨੇ ਵਿਚ ਵੀ ਸੋਚਿਆ ਤਕ ਨਹੀਂ ਸੀ ਕਿ ਉਸਨੂੰ ਦਿੱਲੀ ਦੀਆਂ ਚੋਣਾਂ ਵਿਚ ਕੇਜਰੀਵਾਲ ਕੋਲੋਂ ਮੂੰਹ ਦੀ ਖਾਣੀ ਪਵੇਗੀ, ਉਸਨੂੰ ਬਧੇ ਰੁਧੇ ਹਾਰ ਸਵੀਕਾਰ ਕਰਨੀ ਪਈ ।
ਅੱਜ ਸਮਾਂ ਕੇਜਰੀਵਾਲ ਦਾ ਜਾਪਦਾ ਹੈ, ਜਾਂ ਇੰਝ ਕਹਿ ਲਵੋ ਕਿ ਅੱਜ ਵਕਤ ਆਮ ਆਦਮੀ ਦਾ ਹੈ । ਜੇ ਅੱਜ ਭਾਰਤ ਦਾ ਹਰ ਇੱਕ ਆਮ ਆਦਮੀ ਆਪਣੀ ਤਾਕਤ ਤੋਂ ਜਾਣੂ ਹੋ ਗਿਆ, ਤਾਂ ਸਮਝੋ ਕਿ ਹੁਣ ਸਹੀ ਮਾਅਨਿਆਂ ਵਿਚ ਭਾਰਤ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਦਰਸਾਏ “ਹਲੇਮੀ ਰਾਜੁ” ਦੀ ਸਥਾਪਨਾ ਹੋ ਜਾਵੇਗੀ । ਭਗਤ ਰਵਿਦਾਸ ਜੀ ਵਲੋਂ ਸਕੰਲਪ ਕੀਤੇ “ਬੇਗਮ ਪੁਰਾ ਸਹਰ” ਦੀ ਨੀਂਹ ਰਖੀ ਜਾਵੇਗੀ । ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਪ੍ਰਕਾਰ ਹੈ:
ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥1॥
ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥
ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥2॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥
ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤ ਹਮਾਰਾ ॥3॥2॥
ਪਿਛਲੇ 30 ਸਾਲਾਂ ਵਿਚ ਪੰਜਾਬ ਦੀ ਧਰਤੀ ਤੇ ਬਹੁਤ ਗੁਨਾਹ ਹੋਏ ਹਨ, ਇਹ ਧਰਤੀ ਪਿਛਲੇ ਕਈ ਸਾਲਾਂ ਤੋਂ ਖੂਨ ਦੀ ਹੋਲੀ ਖੇਡਦੀ ਆ ਰਹੀ ਹੈ । ਇਸਨੇ ਕਈ ਸੰਤਾਪ ਹੰਢਾਏ ਹਨ । ਵਿਲਕਦੀਆਂ ਮਾਵਾਂ ਦੇ ਕਈ ਬੇਦੋਸ਼ ਬਚੇ ਘਰਾਂ ਵਿਚੋਂ ਘਸੀਟ ਕੇ ਚੁਰਾਹਿਆਂ ਵਿਚ ਮਾਰ ਦਿਤੇ ਗਏ, ਕਈਆਂ ਦੇ ਸੁਹਾਗ ਲੁਟੇ ਗਏ, ਕਈ ਕੁੱਬ ਕਢ ਕੇ ਤੁਰਦੇ ਬਾਬਿਆਂ ਦੀਆਂ ਡੰਗੋਰੀਆਂ ਖੋਹ ਲਈਆਂ ਗਈਆਂ, ਬਿਨਾਂ ਕਿਸੇ ਕਸੂਰ ਦੇ ਕਈ ਮਾਸੂਮ ਬਚੇ ਯਤੀਮ ਕਰ ਦਿਤੇ ਗਏ, ਔਰਤਾਂ ਨੂੰ ਭਰਾਵਾਂ, ਪਿਉਵਾਂ, ਟੱਬਰਾਂ ਤੇ ਲੋਕਾਂ ਸਾਹਮਣੇ ਬੇਪਤ ਕੀਤਾ ਗਿਆ, ਉਨ੍ਹਾਂ ਦੀਆਂ ਇੱਜ਼ਤਾਂ ਲੁਟੀਆਂ ਗਈਆਂ । ਪੰਜਾਬ ਦੀ ਧਰਤੀ ਨੂੰ ਏਮਨਾਬਾਦ ਦੀ ਧਰਤੀ ਬਣਾ ਦਿਤਾ ਗਿਆ, ਕਿਉਂਕਿ ਅੱਜ ਕਿਸੇ ਗੁਰੂ ਨਾਨਕ ਨੇ ਆ ਕੇ ਇਹ ਨਹੀਂ ਸੀ ਕਹਿਣਾ, “ਪਾਪ ਕੀ ਜੰਞ ਲੈ ਕਾਬਲਹੁ ਧਾਇਆ” ਅੱਜ ਪਾਪ ਕੀ ਜੰਞ ਕਾਬਲ ਤੋਂ ਨਹੀਂ ਬਲਕਿ ਆਪਣਿਆਂ ਵਲੋਂ ਹੀ ਢੁੱਕੀ ਹੋਈ ਹੈ ।
ਸ੍ਰੀ ਹਰਿਮੰਦਰ ਦੀ ਧਰਤੀ ਬੜੀ ਪਵਿਤ੍ਰ ਧਰਤੀ ਹੈ, ਇਹ ਗੁਰੂਆਂ ਦੀ ਵਰੋਸਾਈ ਹੋਈ ਧਰਤੀ ਹੈ । ਇਸਨੂੰ “ਅੰਮ੍ਰਿਤ ਸਰੁ ਸਿਫਤੀ ਦਾ ਘਰੁ” ਦਾ ਦਰਜਾ ਪ੍ਰਾਪਤ ਹੈ । ਸ੍ਰੀ ਗੁਰੂ ਅਰਜਨ ਦੇਵ ਜੀ ਖ਼ੁਦ ਉਚਾਰਨ ਕਰਦੇ ਹਨ, “ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥”
ਅੱਜ ਇਸ ਪਵਿਤ੍ਰ ਨਗਰੀ ਵਿਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ ।ਸਥਾਨਕ ਲੋਕਾਂ ਨੇ ਪੰਜ ਸਾਲਾਂ ਵਾਸਤੇ ਇਸ ਸ਼ਹਿਰ ਦੀ ਵਾਗ ਡੋਰ ਲੋਕ ਰਾਜੀ ਢੰਗ ਨਾਲ ਚੁਣੇ ਹੋਏ ਇਕ ਜੇਤੂ ਦੇ ਹਥ ਸੌਂਪ ਦੇਣੀ ਹੈ । ਮੁਖ ਉਮੀਦਵਾਰਾਂ ਵਿਚ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਹਨ, ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਅਤੇ ਆਮ ਆਦਮੀ ਪਾਰਟੀ ਵਲੋਂ ਡਾਕਟਰ ਦਲਜੀਤ ਸਿੰਘ ਹਨ ।ਮੇਰਾ ਅਨੁਮਾਨ ਹੈ ਕਿ ਪਾਠਕ, ਹਲਕੇ ਦੇ ਨਿਵਾਸੀ ਅਤੇ ਸਿਆਸਤ ਨਾਲ ਦਿਲਚਸਪੀ ਰਖਣ ਵਾਲੇ ਪਹਿਲੇ ਦੋ ਉਮੀਦਵਾਰਾਂ ਤੋਂ ਭਲੀ ਭਾਂਤ ਜਾਣੂ ਹੋਣਗੇ । ਪਰ ਮੈਂ ਡਾਕਟਰ ਦਲਜੀਤ ਸਿੰਘ ਦੀ ਉਚੀ ਤੇ ਸੁਚੀ ਸ਼ਖ਼ਸੀਅਤ ਬਾਰੇ ਕੁਝ ਜਾਣਕਾਰੀ ਸਾਂਝੀ ਕਰਨ ਦੀ ਖੁਸ਼ੀ ਲੈਣੀ ਚਾਹਾਂਗਾ ।
ਮੈਨੂੰ ਪਤਰਕਾਰੀ ਵਿਚ ਪੈਰ ਪਾਇਆਂ ਅਜੇ 6 ਕੁ ਸਾਲ ਹੋਏ ਸਨ, ਜਦੋਂ ਉਨ੍ਹਾਂ ਨੂੰ ਮੈਂ ਕਈ ਵਾਰ ਸਾਈਕਲ ਦੇ ਕੈਰੀਅਰ ਉਤੇ ਇਕ ਕੈਮਰਾ ਬੰਨ੍ਹੀ ਆਪਣੇ ਪਿਤਾ ਦੇ ਘਰ ਚੁਪ ਕੀਤਿਆਂ ਆ ਪਹੁੰਚਣਾ ਤੇ ਉਨ੍ਹਾਂ ਨੂੰ ਨਾਲ ਲਿਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਬੇਹਤਰੀਨ ਤਸਵੀਰਾਂ ਖਿਚਣੀਆਂ ਦੇਖਦਾ ਰਿਹਾ । ਇਹ ਉਨ੍ਹਾਂ ਦਾ ਸ਼ੌਕ ਸੀ । ਮੇਰੇ ਅੰਦਾਜ਼ੇ ਮੁਤਾਬਕ ਉਨ੍ਹਾਂ ਕੋਲ ਸ੍ਰੀ ਅੰਮ੍ਰਿਤਸਰ ਜੀ ਦੀਆਂ ਤੇ ਗੁਰਦੁਆਰਿਆਂ ਦੀਆਂ ਲਾਜਵਾਬ ਸ਼ਾਨਦਾਰ ਤਸਵੀਰਾਂ ਹੋਣਗੀਆਂ ।
ਉਹ ਭਾਰਤ ਦੇ ਅੱਖਾਂ ਦੇ ਚੋਟੀ ਦੇ ਡਾਕਟਰਾਂ ਵਿਚੋਂ ਇਕ ਹਨ । ਪਰ ਇਕ ਵਿਸ਼ੇਸ਼ਤਾ ਜੋ ਉਨ੍ਹਾਂ ਵਿਚ ਹੈ, ਉਹ ਕਿਸੇ ਹੋਰ ਵਿਚ ਨਹੀਂ, ਉਹ ਹੈ ਨਿਸ਼ਕਾਮਤਾ ਵਾਲੀ ਸੇਵਾ ਭਾਵਨਾ । ਉਹ ਪਿਛਲੇ 50 ਸਾਲਾਂ ਤੋਂ ਬੇਹਿਸਾਬ ਤੇ ਬੇਸ਼ੁਮਾਰ ਲੋਕਾਂ ਦੀਆਂ ਅਖਾਂ ਦਾ ਸਫ਼ਲ ਇਲਾਜ ਤੇ ਅਪ੍ਰੇਸ਼ਨ ਕਰ ਚੁਕੇ ਹਨ । ਜਿਹੜੇ ਮਾਇਕ ਤੌਰ ਉਤੇ ਕਮਜ਼ੋਰ ਹਨ, ਉਨ੍ਹਾਂ ਦਾ ਉਹ ਮੁਫ਼ਤ ਇਲਾਜ ਹੀ ਨਹੀਂ, ਸਗੋਂ ਦਵਾਈਆਂ ਤਕ ਵੀ ਆਪਣੇ ਕੋਲੋਂ ਦੇ ਦਿੰਦੇ ਹਨ । ਇਹ ਸੇਵਾ ਵਾਲੀ ਭਾਵਨਾ ਉਨ੍ਹਾਂ ਪਾਸ ਪਿਤਾ-ਪੁਰਖੀ ਹੈ, ਕਿਉਂਕਿ ਉਹ ਪਿੰ੍ਰਸੀਪਲ ਸਾਹਿਬ ਸਿੰਘ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੇਤ ਵਿਆਕਰਨ ਦੇ ਸਟੀਕ ਕੀਤਾ ਹੈ, ਦੇ ਸਪੂਤ ਹਨ । ਮੈਂ ਨਿਜੀ ਤੌਰ ਉਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਨੇੜਿਓਂ ਜਾਣਦਾ ਹਾਂ, ਜਿਨ੍ਹਾਂ ਦਾ ਸਮਾਜ ਵਿਚ ਬੜਾ ਵਡਾ ਸਤਿਕਾਰ ਯੋਗ ਸਥਾਨ ਹੈ, ਜਿਵੇਂ ਕਿ ਸਵਰਗਵਾਸੀ ਪ੍ਰਿੰਸੀਪਲ ਪ੍ਰੀਤਮ ਸਿੰਘ, ਡਾਕਟਰ ਜੈਰੂਪ ਸਿੰਘ ਵਾਈਸ ਚਾਂਸਲਰ, ਡਾਕਟਰ ਹਰਸ਼ਿੰਦਰ ਕੌਰ ਆਦਿ ।
ਜਿਵੇਂ ਕਿ ਡਾਕਟਰ ਦਲਜੀਤ ਸਿੰਘ ਪਿਛਲੇ 50 ਸਾਲਾਂ ਤੋਂ ਮਰੀਜ਼ਾਂ ਦੀਆਂ ਨਜ਼ਰਾਂ ਦਰੁਸਤ ਕਰਦੇ ਆ ਰਹੇ ਹਨ, ਪਰ ਇਹ ਬਹਿਰੂਨੀ ਅੱਖਾਂ ਹਨ । ਅਸੀਂ ਬਾਹਰੋਂ ਸੁਜਾਖੇ ਹੋ ਕੇ ਵੀ ਅੰਦਰੋਂ ਅੰਧੇ ਹਾਂ, ਕਿਉਂਕਿ ਸਾਨੂੰ ਹੁਣ ਆਪਣੇ ਆਲੇ ਦੁਆਲੇ ਵਾਲਾ ਗੰਦ, ਭ੍ਰਿਸ਼ਟਾਚਾਰ, ਪਰਿਵਾਰਵਾਦ, ਬੇਰੁਜ਼ਗਾਰੀ, ਵਢੀ-ਖੋਰੀ, ਨਸ਼ਿਆਂ ਨਾਲ ਗ੍ਰਸਤ ਸਮਾਜ, ਧੀਆਂ-ਭੈਣਾਂ ਦੀ ਬੇਪਤੀ, ਲੋਕਾਂ ਦੀਆਂ ਪੱਗਾਂ ਤੇ ਚੁਨੀਆਂ ਲਥਦੀਆਂ ਨਜ਼ਰ ਨਹੀਂ ਆ ਰਹੀਆਂ । ਡਾਕਟਰ ਦਲਜੀਤ ਸਿੰਘ ਹੁਰਾਂ ਨੇ ਧਈਆ ਕੀਤਾ ਹੈ ਕਿ ਜਿਵੇਂ ਉਨ੍ਹਾਂ ਨੇ ਪਹਿਲਾਂ ਲੋਕਾਂ ਦੀਆਂ ਨਜ਼ਰਾਂ ਨੂੰ ਬਾਹਰੋਂ ਠੀਕ ਕੀਤਾ ਸੀ, ਉਸੇਤਰ੍ਹਾਂ ਉਹ ਹੁਣ ਬਾਕੀ ਦੀ ਉਮਰ ਆਪਣੇ ਪਿਤਾ ਵਾਂਗ ਲੋਕਾਂ ਦੇ ਅੰਦਰੂਨੀ ਤੀਜੇ ਨੇਤਰ ਖੋਲ੍ਹਣਗੇ । ਬਾਹਰ ਦੀਆਂ ਅੱਖਾਂ ਦੇ ਨਾਲ ਨਾਲ ਅੰਦਰੂਨੀ ਨਜ਼ਰ ਵਿਚ ਚਿਪਕੀ ਧੁੰਦ ਨੂੰ ਖਤਮ ਕਰਨਗੇ, ਲੋਕਾਂ ਨੂੰ ਅਗਿਆਨਤਾ ਤੋਂ ਨਿਜਾਤ ਦੁਆਣਗੇ, ਉਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣਗੇ, ਅੰਮ੍ਰਿਤਸਰ ਨੂੰ ਮੁੜ ਤੋਂ ਇਕ ਸਿਫਤੀ ਦਾ ਘਰ ਬਨਾਉਣਗੇ । ਇਥੇ ਲੋਕਾਂ ਦੀਆਂ ਪੱਗਾਂ ਤੇ ਚੁਨੀਆਂ ਨਹੀਂ ਲਹਿਣਗੀਆਂ, ਸਗੋਂ ਡਿਗੀਆਂ ਪਗਾਂ ਤੇ ਚੁਨੀਆਂ ਨੂੰ ਚੁਕ ਕੇ ਫੇਰ ਤੁਹਾਡੇ ਸਿਰਾਂ ਉਤੇ ਸ਼ੁਸ਼ੋਭਤ ਕਰਵਾਉਣਗੇ । ਜਿਵੇਂ ਜਪੁਜੀ ਸਾਹਿਬ ਮੁਤਾਬਕ “ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥ ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥” ਸਾਡੇ ਸਿਆਸੀ ਨੇਤਾਵਾਂ ਨੇ ਸਾਨੂੰ ਲੁਟ ਕੇ ਖਾ ਲਿਆ ਹੈ । ਸਾਡੇ ਤਨ, ਮਨ, ਦੇਹ, ਹਥ, ਪੈਰ ਇਨ੍ਹਾਂ ਭ੍ਰਿਸ਼ਟਾਚਾਰੀਆਂ ਨਾਲ ਭਰੇ ਪਏ ਹਨ । ਸਾਡੇ ਕਪੜੇ ਪਲੀਤ ਹੋਏ ਪਏ ਹਨ । ਇਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸਾਬਣ ਨਾਲ ਧੋ ਲਈਏ, ਨਹੀਂ ਤਾਂ ਪਲੀਲਤਾ ਵਧਦੀ ਜਾਵੇਗੀ । ਹੁਣ ਵੇਲਾ ਹੈ, ਆਪਾਂ ਹਥੋਂ ਜਾਣ ਨਾ ਦੇਈਏ । ਕਿਤੇ ਐਸਾ ਨਾ ਹੋਵੇ ਕਿ ਬਾਅਦ ਵਿਚ ਇਹ ਕਹਿੰਦੇ ਫਿਰੀਏ, “ਅਬ ਪਛਤਾਏ ਕਿਆ ਹੋਏ, ਜਬ ਚਿੜੀਆਂ ਚੁਗ ਗਈ ਖੇਤ”।