ਅੰਮ੍ਰਿਤਸਰ: ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਭਾ ਦੇ ਕੋਰਟ ਕੰਪਲੈਕਸ ਵਿੱਚ ਕਿਸੇ ਕੇਸ ਤੇ ਜੱਜ ਸਾਹਮਣੇ ਦੋ ਵਕੀਲਾਂ ਦੀ ਹੁੰਦੀ ਬਹਿਸ ਦੌਰਾਨ ਅੰਮ੍ਰਿਤਧਾਰੀ ਗੁਰਸਿੱਖ ਲੜਕੀ ਭੁਪਿੰਦਰ ਕੌਰ ਨੂੰ ਦੂਸਰੀ ਧਿਰ ਦੇ ਵਕੀਲ ਵੱਲੋਂ ਥੱਪੜ ਮਾਰੇ ਜਾਣ ਤੇ ਉਸ ਵਕੀਲ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕਿਸੇ ਵਕੀਲ ਵੱਲੋਂ ਵਿਰੋਧੀ ਧਿਰ ਤੇ ਅਦਾਲਤੀ ਕੰਪਲੈਕਸ ‘ਚ ਜੱਜ ਸਾਹਮਣੇ ਇਸ ਤਰ੍ਹਾਂ ਹਮਲਾ ਕਰਨਾ ਜਿਥੇ ਮਨੁੱਖੀ ਕਦਰਾਂ ਕੀਮਤਾਂ ਦੀ ਉਲੰਘਣਾ ਹੈ ਉਥੇ ਅਦਾਲਤ ਦੀ ਵੀ ਹਾਨੀ ਹੋਈ ਹੈ, ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਇਨਸਾਫ਼ ਦੁਆਉਣ ਵਾਲੇ ਲੋਕ ਹੀ ਇਸ ਤਰ੍ਹਾਂ ਕਰਨ ਲੱਗ ਪਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਾਨੂੰਨ ਦਾ ਪਾਠ ਪੜ੍ਹਾਉਣ ਵਾਲਿਆਂ ਤੋਂ ਲੋਕਾਂ ਦਾ ਵਿਸ਼ਵਾਸ਼ ਉਠ ਜਾਵੇਗਾ। ਉਨ੍ਹਾਂ ਕਿਹਾ ਕਿ ਆਪ ਹੁਦਰੀ ਕਾਰਵਾਈ ਕਰਕੇ ਵਕਾਲਤੀ ਪੇਸ਼ਾ ਖਰਾਬ ਕਰਨ ਵਾਲੇ ਇਸ ਵਕੀਲ ਵਿਰੁਧ ਬਾਰ ਐਸੋਸੀਏਸ਼ਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਨਸਾਫ਼ ਦੀ ਆਸ ਲਗਾਈ ਮਜਲੂਮਾਂ ਦਾ ਅਦਾਲਤ ਤੇ ਵਿਸਵਾਸ਼ ਬਣਿਆ ਰਹੇ।
ਉਨ੍ਹਾਂ ਕਿਹਾ ਕਿ ਅਜਿਹੇ ਲੋਕ ਜੋ ਖੁਦ ਕਰਿਮੀਨਲ ਕਿਸਮ ਦੇ ਹੋਣ ਕਿਸੇ ਨੂੰ ਕੀ ਨਿਆਂ ਦਿਵਾ ਸਕਦੇ ਹਨ। ਇਸ ਲਈ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਪੀੜਤ ਲੜਕੀ ਦੇ ਬਿਆਨ ਲੈ ਕੇ ਸਬੰਧਤ ਵਕੀਲ ਖਿਲਾਫ਼ ਕੇਸ ਦਰਜ਼ ਕੀਤਾ ਜਾਵੇ। ਉਨ੍ਹਾਂ ਅਦਾਲਤ ਨੂੰ ਜੋਰ ਦੇ ਕੇ ਕਿਹਾ ਕਿ ਜਿਥੇ ਨਿਆਂ ਹੋਣਾ ਹੋਵੇ ਉਥੇ ਜੇਕਰ ਕੋਈ ਕਿਸੇ ਤੇ ਹਮਲਾ ਕਰਦਾ ਹੈ ਤਾਂ ਇਸ ਤੋਂ ਵੱਧ ਹੋਰ ਮਾੜਾ ਕੀ ਹੋ ਸਕਦਾ ਹੈ। ਇਸ ਲਈ ਅਦਾਲਤ ਨੂੰ ਵੀ ਵਕੀਲ ਦੀ ਇਸ ਘਟੀਆ ਹਰਕਤ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।