ਸਹੀ ਉਮੀਦਵਾਰਾਂ ਦੀ ਚੋਣ : ਕਾਂਗਰਸ ਲਈ ਸੰਜੀਵਨੀ ਬੂਟੀ

ਪੰਜਾਬ ਵਿੱਚ ਲੋਕ ਸਭਾ ਦੀਆਂ 30 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਘਾਗ ਸਿਆਸਤਦਾਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾਂ ਪੰਜਾਬ ਦੇ ਕਾਂਗਰਸੀ ਵਰਕਰਾਂ ਲਈ ਸੰਜੀਵਨੀ ਬੂਟੀ ਸਾਬਤ ਹੋਇਆ ਹੈ। ਸੀਨੀਅਰ ਕਾਂਗਰਸੀ ਨੇਤਾਵਾਂ ਦੇ ਚੋਣ ਮੈਦਾਨ ਵਿੱਚ ਉਤਰਨ ਨਾਲ ਕਾਂਗਰਸੀ ਵਰਕਰਾਂ ਦੇ ਪਸਤ ਹੋਏ ਹੌਸਲੇ ਇੱਕਦਮ ਬੁਲੰਦ ਹੋ ਗਏ ਹਨ। ਇੱਕ ਵਾਰ ਤਾਂ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਪੰਜਾਬ ਕਾਂਗਰਸ ਨੂੰ ਲੋਕ ਸਭਾ ਲਈ ਢੁਕਵੇਂ ਉਮੀਦਵਾਰ ਹੀ ਨਹੀਂ ਮਿਲ ਰਹੇ। ਸੀਨੀਅਰ ਨੇਤਾ ਚੋਣ ਮੈਦਾਨ ਵਿੱਚ ਉਤਰਨ ਤੋਂ ਹਿਚਕਚਾ ਰਹੇ ਸਨ। ਮਾਰਚ 2013 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨਗੀ ਤੋਂ ਹਟਣ ਅਤੇ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਨਵੀਂ ਜੁੰਬੋ ਕਾਰਜਕਾਰਨੀ ਬਣਾਉਣ ਤੋਂ ਬਾਅਦ ਕਾਂਗਰਸ ਪਾਰਟੀ ਧੜੇਬੰਦੀ ਦਾ ਸ਼ਿਕਾਰ ਹੋ ਗਈ ਸੀ। ਹਾਲਾਂ ਕਿ ਐਨੀ ਵੱਡੀ ਕਾਰਜਕਾਰਨੀ ਬਣਾਉਣਾਂ ਕਾਂਗਰਸ ਦੇ ਸੰਵਿਧਾਨ ਦੇ ਬਿਲਕੁਲ ਹੀ ਉਲਟ ਹੈ। ਕੇਂਦਰੀ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਦੇ ਸੁਝਾਆ ਉਪਰ ਪੰਜਾਬ ਕਾਂਗਰਸ ਦੇ ਸਾਰੇ ਨਿੱਕੇ ਮੋਟੇ ਧੜਿਆਂ ਨੂੰ ਪ੍ਰਤੀਨਿਧਾ ਦੇ ਕੇ ਉਹਨਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ,ਪ੍ਰੰਤੂ ਜਿਉਂ ਹੀ ਨਵੀਂ ਕਾਰਜਕਾਰਨੀ ਦੀ ਸੂਚੀ ਜ਼ਾਰੀ ਹੋਈ ਤਾਂ ਕਾਂਗਰਸੀ ਨੇਤਾਵਾਂ ਵਿੱਚ ਅਸੰਤੁਸ਼ਟਤਾ ਹੋਰ ਵੱਧ ਗਈ। ਇੱਥੋਂ ਤੱਕ ਕਿ ਕੁੱਝ ਨੇਤਾਵਾਂ ਨੇ ਤਾਂ ਨਵੇਂ ਅਹੁਦਿਆਂ ਤੋਂ ਇਹ ਕਹਿਕੇ ਅਸਤੀਫਿਆਂ ਦੇ ਐਲਾਨ ਹੀ ਕਰ ਦਿੱਤੇ ਕਿ ਇਹ ਅਹੁਦੇ ਉਹਨਾਂ ਦੇ ਸਟੇਟਸ ਅਨੁਸਾਰ ਨਹੀਂ ਹਨ। ਇੱਕ ਕਿਸਮ ਨਾਲ ਅਸਤੀਫ਼ੇ ਦੇਣਾਂ ਕਾਂਗਰਸ ਲੀਡਰਸ਼ਿਪ ਤੇ ਦਬਾਅ ਵਧਾਕੇ ਉਹਨਾਂ ਨੂੰ ਬਲੈਕਮੇਲ ਕਰਨ ਦਾ ਤਰੀਕਾ ਸੀ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ ਸਗੋਂ ਕੁੱਝ ਵਿਧਾਨਕਾਰਾਂ ਨੇ ਵੀ ਪਾਰਟੀ ਤੋਂ ਬਗ਼ਾਬਤ ਕਰ ਦਿੱਤੀ ਅਤੇ ਧੜਾਧੜ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ। ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਬਦਸ਼ਗਨੀ ਸ਼ੁਰੂ ਹੋ ਗਈ। ਕਾਂਗਰਸ ਦੇ ਤਲਵੰਡੀ ਸਾਬੋ ਤੋਂ ਵਿਧਾਨਕਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਅਸਤੀਫਾ ਦੇ ਕੇ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ। ਏਥੇ ਹੀ ਬਸ ਨਹੀਂ ਸਗੋਂ ਕੁੱਝ ਸਾਬਕਾ ਵਿਧਾਨਕਾਰ ਮਲਕੀਤ ਸਿੰਘ ਬੀਰਮੀ ਅਤੇ ਈਸ਼ਰ ਸਿੰਘ ਮੇਹਰਬਾਨ ਵੀ ਕਾਂਗਰਸ ਤੋਂ ਮੁੱਖ ਮੋੜ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਦੌਰਾਨ ਸੀਨੀਅਰ ਨੇਤਾਵਾਂ ਨੇ ਚੋਣਾਂ ਲੜਨ ਤੋਂ ਹੀ ਆਨਾਕਾਨੀ ਸ਼ੁਰੂ ਕਰ ਦਿੱਤੀ ਅਤੇ ਇਸ ਨਾਲ ਵਰਕਰਾਂ ਦਾ ਮਨੋਬਲ ਡਿਗਣਾਂ ਸ਼ੁਰੂ ਹੋ ਗਿਆ। ਕੇਂਦਰੀ ਕਾਂਗਰਸ ਲੀਡਰਸ਼ਿਪ ਨੂੰ ਚਿੰਤਾ ਸਤਾਉਣ ਲੱਗ ਪਈ। ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਅਤੇ ਬੀ.ਜੇ.ਪੀ. ਦੀ ਸਰਕਾਰ ਦੀ ਕਾਰਗੁਜ਼ਾਰੀ ਵੀ ਬਹੁਤੀ ਚੰਗੀ ਨਾ ਹੋਣ ਦੇ ਬਾਵਜੂਦ ਵੀ ਕਾਂਗਰਸੀ ਚੋਣ ਲੜਨ ਤੋਂ ਸੀਨੀਅਰ ਨੇਤਾ ਘਬਰਾ ਰਹੇ ਸਨ। ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੇ ਕਾਂਗਰਸੀਆਂ ਦੇ ਵਰਕਰਾਂ ਦੇ ਹੌਸਲੇ ਬੁਲੰਦ ਕਰਨ ਲਈ ਸੀਨੀਅਰ ਨੇਤਾਵਾਂ ਨੂੰ ਉਹਨਾਂ ਦੇ ਆਨਾਕਾਨੀ ਕਰਨ ਦੇ ਬਾਵਜੂਦ ਵੀ ਚੋਣ ਲੜਾਉਣ ਦਾ ਫ਼ੈਸਲਾ ਕਰ ਲਿਆ,ਉਹਨਾਂ ਦਾ ਇੱਕ ਤੀਰ ਨਾਲ ਦੋ ਨਿਸ਼ਾਨੇ ਪ੍ਰਾਪਤ ਕਰਨ ਦਾ ਟੀਚਾ ਸੀ। ਇੱਕ ਤਾਂ ਸੀਨੀਅਰ ਨੇਤਾ ਜੇਕਰ ਆਪ ਚੋਣ ਲੜਨਗੇ ਤਾਂ ਇੱਕ ਦੂਜੇ ਦੀ ਮੁਖ਼ਾਲਫ਼ਤ ਨਹੀਂ ਕਰਨਗੇ ਅਤੇ ਆਪੋ ਆਪਣੀ ਜਿੱਤ ਲਈ ਜੱਦੋਜਹਿਦ ਵੀ ਕਰਨਗੇ। ਉਹਨਾਂ ਕੋਲ ਵਿਰੋਧ ਕਰਨ ਲਈ ਸਮਾਂ ਹੀ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਇਹ ਨੇਤਾ ਜੂਨੀਅਰ ਨੇਤਾਵਾਂ ਨੂੰ ਲੜਾ ਕੇ ਆਪ ਤਮਾਸ਼ਾ ਵੇਖਦੇ ਰਹਿੰਦੇ ਸਨ। ਕਾਂਗਰਸ ਹਾਈ ਕਮਾਂਡ ਦੇ ਇਸ ਫ਼ੈਸਲੇ ਨਾਲ ਵਰਕਰਾਂ ਦੇ ਹੌਸਲੇ ਬੁਲੰਦ ਹੋ ਗਏ। ਸਭ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਉਸਦੇ ਆਪਣੇ ਜੱਦੀ ਹਲਕੇ ਗੁਰਦਾਸਪੁਰ ਤੋਂ ਚੋਣ ਲੜਾਉਣ ਦਾ ਫ਼ੈਸਲਾ ਕੀਤਾ ਜਦੋਂ ਕਿ ਉਹ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਵਿੱਚ ਬਾਕੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਦੇ ਬਹਾਨੇ ਚੋਣ ਲੜਨਾ ਨਹੀਂ ਚਾਹੁੰਦੇ ਸਨ। ਇਸ ਸਮੇਂ ਉਹ ਗੁਰਦਾਸਪੁਰ ਤੋਂ ਲੋਕ ਸਭਾ ਦੇ ਮੈਂਬਰ ਹਨ,ਇਸ ਲਈ ਉਹਨਾਂ ਨੂੰ ਚੋਣ ਲੜਨ ਤੋਂ ਜਵਾਬ ਹੀ ਨਹੀਂ ਦੇਣਾ ਚਾਹੀਦਾ ਸੀ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਾਬਕ ਮੁੱਖ ਮੰਤਰੀ ਨੂੰ ਅੰਮ੍ਰਿਤਸਰ ਅਤੇ ਦਿਗ਼ਜ ਨੇਤਾ ਅੰਬਿਕਾ ਸੋਨੀ ਨੂੰ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਕੇ ਸਥਾਨਕ ਨੇਤਾਵਾਂ ਦੀ ਧੜੇਬੰਦੀ ਨੂੰ ਨੱਥ ਪਾਈ। ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬ ਵਿੱਚ ਬਾਕੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਾਂ ਚਾਹੁੰਦੇ ਸਨ। ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਪ੍ਰਚਾਰ ਦੇ ਢੰਗ ਨੂੰ ਪਸੰਦ ਵੀ ਕਰਦੇ ਹਨ। ਫ਼ੀਰੋਜਪੁਰ ਤੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖ਼ੜ ਜੋ ਕਿ ਸਾਬਕਾ ਸਪੀਕਰ ਲੋਕ ਸਭਾ ਬਲਰਾਮ ਜਾਖ਼ੜ ਦਾ ਸਪੁਤਰ ਹੈ, ਨੂੰ ਟਿਕਟ ਦੇ ਕੇ ਨਿਵਾਜਿਆ ਹੈ। ਬਲਰਾਮ ਜਾਖ਼ੜ ਵੀ ਫ਼ੀਰੋਜਪੁਰ ਤੋਂ ਲੋਕ ਸਭਾ ਦੇ ਮੈਂਬਰ ਰਹੇ ਹਨ। ਇਹ ਉਹਨਾਂ ਦਾ ਜੱਦੀ ਹਲਕਾ ਹੈ। ਲੁਧਿਆਣਾ ਤੋਂ ਕੇਂਦਰੀ ਰਾਜ ਮੰਤਰੀ ਮਨੀਸ਼ ਤਿਵਾੜੀ ਦੇ ਸਿਹਤ ਦੀ ਖ਼ਰਾਬੀ ਕਰਕੇ ਚੋਣ ਨਾ ਲੜਨ ਦੇ ਫ਼ੈਸਲੇ ਤੋਂ ਬਾਅਦ ਰਾਹੁਲ ਬਰੀਗੇਡ ਦੇ ਰਵਨੀਤ ਸਿੰਘ ਬਿਟੂ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਅਤੇ ਸਾਬਕ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਜੋ ਕਿ ਸ਼ਾਂਤੀ ਦੇ ਮਸੀਹਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਹੈ, ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਹੈ। ਰਵਨੀਤ ਸਿੰਘ ਬਿਟੂ ਨੇ ਸਭ ਤੋਂ ਪਹਿਲਾਂ ਪੰਜਾਬ ਵਿੱਚ ਨਸ਼ਿਆਂ ਦੀ ਰੋਕ ਥਾਮ ਲਈ ਨਸ਼ਾ ਵਿਰੋਧੀ ਬੋਰਡ ਬਣਾਉਣ ਲਈ ਲੁਧਿਆਣਾ ਵਿਖੇ ਹੀ ਭੁਖ਼ ਹੜਤਾਲ ਕਰਕੇ ਪੰਜਾਬ ਸਰਕਾਰ ਨੂੰ ਇਹ ਬੋਰਡ ਬਣਾਉਣ ਲਈ ਮਜ਼ਬੂਰ ਕੀਤਾ ਸੀ। ਰਵਨੀਤ ਸਿੰਘ ਬਿਟੂ ਦੇ ਲੁਧਿਆਣਾ ਤੋਂ ਉਮੀਦਵਾਰ ਬਣਨ ਨਾਲ ਅਕਾਲੀ ਦਲ ਦਾ ਨਸ਼ਿਆਂ ਦਾ ਮੁੱਦਾ ਉਹਨਾਂ ਤੇ ਹੀ ਉਲਟਾ ਪੈ ਗਿਆ ਹੈ। ਹੁਸ਼ਿਆਰਪੁਰ ਤੋਂ ਮਹਿੰਦਰ ਸਿੰਘ ਕੇ.ਪੀ.ਜੋ ਕਿ ਸੀਨੀਅਰ ਦਲਿਤ ਨੇਤਾ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਹਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਲੰਧਰ ਤੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਚੌਧਰੀ ਬਿਕਰਮ ਸਿੰਘ ਦੇ ਪਿਤਾ ਚੌਧਰੀ ਸੰਤੋਖ਼ ਸਿੰਘ ਨੂੰ ਟਿਕਟ ਦਿੱਤੀ ਹੈ। ਕਾਂਗਰਸ ਪਾਰਟੀ ਨੇ ਟਿਕਟਾਂ ਦੇਣ ਲੱਗਿਆਂ ਐਂਟੀ ਇਨਕੁਬੈਂਸੀ ਫ਼ੈਕਟਰ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਹੈ ਅਤੇ ਇਸ ਵਾਰ ਪੁਰਾਣੀਆਂ ਰਵਾਇਤਾਂ ਤੋਂ ਉਲਟ ਕੁੱਝ ਕੁ ਸੀਟਾਂ ਤੇ ਪਹਿਲਾਂ ਨਾਲੋਂ ਜਲਦੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਦੋ ਨੌਜਵਾਨਾਂ ਵਿਜੈਇੰਦਰ ਸਿੰਗਲਾ ਅਤੇ ਰਵਨੀਤ ਸਿੰਘ ਬਿਟੂ ਨੂੰ ਵੀ ਟਿਕਟਾਂ ਦਿੱਤੀਆਂ ਹਨ। ਇਹਨਾਂ ਟਿਕਟਾਂ ਦੇ ਐਲਾਨ ਤੋਂ ਬਾਅਦ ਨਿਰਜ਼ਿੰਦ ਪਈ ਕਾਂਗਰਸ ਪਾਰਟੀ ਮੁੜ ਹੌਸਲੇ ਵਿੱਚ ਆ ਗਈ ਹੈ। ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਵਿੱਚ ਇੱਕੋ ਜਿੰਨਾ ਹਰਮਨ ਪਿਆਰਾ ਨੇਤਾ ਹੈ ,ਉਸਦੇ ਅੰਮ੍ਰਿਤਸਰ ਤੋਂ ਚੋਣ ਲੜਨ ਨਾਲ ਇਹ ਆਮ ਸੁਣਨ ਵਿੱਚ ਆ ਰਿਹਾ ਹੈ ਕਿ ਖ਼ਡੂਰ ਸਾਹਿਬ ਅਤੇ ਗੁਰਦਾਸਪੁਰ ਸੀਟਾਂ ਤੇ ਕਾਂਗਰਸੀ ਉਮੀਦਵਾਰਾਂ ਨੂੰ ਵਿਸ਼ੇਸ਼ ਤੌਰ ਤੇ ਅਤੇ ਸਮੁਚੇ ਪੰਜਾਬ ਵਿੱਚ ਆਮ ਤੌਰ ਤੇ ਲਾਭ ਪਹੁੰਚੇਗਾ। ਕੇਂਦਰ ਦੀ ਇਸ ਸਕੀਮ ਨਾਲ ਕਾਂਗਰਸ ਪਾਰਟੀ ਦੀ ਪੁਜ਼ੀਸਨ ਪੰਜਾਬ ਵਿੱਚ ਸੁਧਰੀ ਹੈ। ਪੰਜਾਬ ਦੀ ਇੱਕੋ ਇੱਕ ਸੀਨੀਅਰ ਨੇਤਾ ਰਾਜਿੰਦਰ ਕੌਰ ਭੱਠਲ ਨੂੰ ਵੀ ਕੇਂਦਰੀ ਲੀਡਰਸ਼ਿਪ ਸੰਗਰੂਰ ਤੋਂ ਚੋਣ ਲੜਾਉਣਾ ਚਾਹੁੰਦੀ ਸੀ ਪ੍ਰੰਤੂ ਸੰਗਰੂਰ ਤੋਂ ਵਰਤਮਾਨ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਸੀ ਅਤੇ ਉਹ ਆਪਣੇ ਪ੍ਰਚਾਰ ਦਾ ਪਹਿਲਾ ਦੌਰ ਮੁਕੰਮਲ ਕਰ ਚੁੱਕਾ ਸੀ। ਕਾਂਗਰਸ ਪਾਰਟੀ ਦੀ ਇਹ ਕੋਈ ਨਵੀਂ ਗੱਲ ਨਹੀਂ, ਇਹ ਐਨ ਮੌਕੇ ਤੇ ਉਮੀਦਵਾਰ ਬਦਲਣ ਦੀ ਆਦੀ ਹੈ। ਪੁਰਾਣੇ ਘਾਗ ਨੇਤਾਵਾਂ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਪਾਰਟੀ ਵਿੱਚੋਂ ਅਸਤੀਫੇ ਦੇਣ ਨੂੰ ਵੀ ਵਿਰਾਮ ਲੱਗ ਗਿਆ ਹੈ। ਕਾਂਗਰਸ ਪਾਰਟੀ ਨੇ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਨਾਲ ਸਮਝੌਤਾ ਕਰਕੇ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਕੇ ਬਾਦਲ ਪਰਿਵਾਰ ਵਿੱਚ ਮੁਕਾਬਲਾ ਕਰਵਾ ਦਿੱਤਾ ਹੈ ,ਜਿਸ ਮੁਕਾਬਲੇ ਨੇ ਦੋਹਾਂ ਬਾਦਲ ਪਰਿਵਾਰਾਂ ਦਾ ਘਮਾਸਾਨ ਕਰਵਾ ਦਿੱਤਾ ਹੈ। ਪਿਛਲੀਆਂ ਜਨਵਰੀ 2012 ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਾਦਲ ਪਰਿਵਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਉਹਨਾਂ ਦੇ ਪਰਿਵਾਰ ਵਿੱਚ ਫੁਟ ਪਵਾ ਦਿੱਤੀ ਸੀ। ਹੁਣ ਰਾਜਾ ਮਾਲਵਿੰਦਰ ਸਿੰਘ ਵਾਪਸ ਆਪਣੇ ਘਰ ਕਾਂਗਰਸ ਵਿੱਚ ਆ ਗਿਆ ਹੈ ਪ੍ਰੰਤੂ ਬਾਦਲ ਪਰਿਵਾਰ ਫੁਟ ਦਾ ਸ਼ਿਕਾਰ ਹੈ। ਕਾਂਗਰਸ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਚੋਣ ਲੜਨ ਨਾਲ ਬਿਕਰਮ ਸਿੰਘ ਮਜੀਠੀਆ ਆਪਣੀ ਭੈਣ ਹਰਸਿਮਰਤ ਕੌਰ ਬਾਦਲ ਦੀ ਚੋਣ ਵਿੱਚ ਸਹਾਇਤਾ ਲਈ ਨਹੀਂ ਜਾ ਸਕੇਗਾ। ਦੂਜੇ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਹਰਸਿਮਰਤ ਕੌਰ ਬਾਦਲ ਨੂੰ ਜਿੱਤਾਉਣ ਲਈ ਰੁੱਝੇ ਰਹਿਣਗੇ ਅਤੇ ਸਮੁੱਚੇ ਪੰਜਾਬ ਵਿੱਚ ਚੋਣ ਪ੍ਰਚਾਰ ਨਹੀਂ ਕਰ ਸਕਣਗੇ ਜਿਸ ਨਾਲ ਕਾਂਗਰਸ ਦੇ ਉਮੀਦਵਾਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਜੇਕਰ ਦੋਵੇਂ ਬਾਦਲ ਅੰਮ੍ਰਿਤਸਰ ਵਿਖੇ ਅਰੁਣ ਜੇਤਲੀ ਦੀ ਸਪੋਰਟ ਲਈ ਆਉਣਗੇ ਤਾਂ ਹਰਸਿਮਰਤ ਕੌਰ ਬਾਦਲ ਨੂੰ ਨੁਕਸਾਨ ਹੋਵੇਗਾ ਕਿਉਂਕਿ ਅਰੁਣ ਜੇਤਲੀ ਨੂੰ ਨਵਜੋਤ ਸਿੰਘ ਸਿੱਧੂ ਦਾ ਟਿਕਟ ਕਟਵਾ ਕੇ ਉਮੀਦਵਾਰ ਬਣਾਉਣ ਵਿੱਚ ਬਾਦਲ ਪਰਿਵਾਰ ਦੀ ਅਹਿਮ ਭੂਮਿਕਾ ਹੈ। ਇਹਨਾਂ ਹਾਲਾਤ ਤੋਂ ਮਹਿਸੂਸ ਹੋ ਰਿਹਾ ਹੈ ਕਿ ਬਾਦਲ ਪਰਿਵਾਰ ਮੁਸ਼ਕਲ ਵਿੱਚ ਫਸ ਗਿਆ ਹੈ ਨਾਂ ਤਾਂ ਉਹ ਅਰੁਣ ਜੇਤਲੀ ਨੂੰ ਅਣਡਿਠ ਕਰ ਸਕਦਾ ਹੈ ਅਤੇ ਨਾ ਹੀ ਹਰਸਿਮਰਤ ਕੌਰ ਨੂੰ ਨਜ਼ਰਅੰਦਾਜ ਕਰਨ ਦੀ ਸਥਿਤੀ ਵਿੱਚ ਹੈ ਕਿਉਂਕਿ ਉਹਨਾਂ ਦਾ ਭਵਿਖ ਦੋਹਾਂ ਸੀਟਾਂ ਦੀ ਸਫਲਤਾ ਲਈ ਦਾਅ ਤੇ ਲੱਗਿਆ ਹੋਇਆ ਹੈ। ਕਾਂਗਰਸ ਪਾਰਟੀ ਅਤੇ ਅਕਾਲੀ ਦਲ ਨੇ ਆਪਣੇ 4-4 ਵਿਧਾਨਕਾਰਾਂ ਨੂੰ ਲੋਕ ਸਭਾ ਦੇ ਉਮੀਦਵਾਰ ਬਣਾਇਆ ਹੈ, ਜਿਸ ਨਾਲ ਉਹਨਾਂ ਵਿਧਾਨਕਾਰਾਂ ਦੇ ਚੋਣ ਲੜਨ ਨਾਲ ਲੋਕ ਸਭਾ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਤੇ ਮਾੜਾ ਅਸਰ ਪਵੇਗਾ। ਵਿਧਾਨਕਾਰਾਂ ਨੂੰ ਚੋਣ ਲੜਾਉਣ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਹਨਾਂ ਪਾਰਟੀਆਂ ਕੋਲ ਇਹਨਾਂ ਤੋਂ ਇਲਾਵਾ ਹੋਰ ਵਧੀਆ ਉਮੀਦਵਾਰ ਹੈ ਹੀ ਨਹੀਂ। ਇਸ ਵਾਰ ਕਾਂਗਰਸ ਪਾਰਟੀ ਨੇ ਆਪਣੇ ਤਿੰਨ ਵਰਤਮਾਨ ਲੋਕ ਸਭਾ ਦੇ ਮੈਂਬਰਾਂ ਦੇ ਟਿਕਟ ਕੱਟ ਦਿੱਤੇ ਹਨ, ਉਹਨਾਂ ਵਿੱਚ ਕੇਂਦਰੀ ਰਾਜ ਮੰਤਰੀ ਮਨੀਸ਼ ਤਿਵਾੜੀ ਲੁਧਿਆਣਾ ,ਸੁਖਦੇਵ ਸਿੰਘ ਲਿਬੜਾ ਫ਼ਤਿਹਗੜ੍ਹ ਅਤੇ ਸੰਤੋਸ਼ ਚੌਧਰੀ ਹੁਸ਼ਿਆਰਪੁਰ ਤੋਂ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਕਾਂਗਰਸ ਪਾਰਟੀ ਕੋਲ ਪੰਜਾਬ ਵਿੱਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਵਾਸਤੇ ਸਟਾਰ ਕੰਪੇਨਰ ਰਹਿ ਹੀ ਨਹੀਂ ਗਿਆ। ਵੇਖੋ ਊਂਟ ਕਿਸ ਕਰਵਟ ਬੈਠਦਾ ਹੈ ਪ੍ਰੰਤੂ ਕਾਂਗਰਸ ਪਾਰਟੀ ਨੇ ਅਕਾਲੀ ਦਲ ਲਈ ਸੀਨੀਅਰ ਨੇਤਾ ਚੋਣ ਮੈਦਾਨ ਵਿੱਚ ਉਤਾਰਕੇ ਵਕਤ ਖੜ੍ਹਾ ਕਰ ਦਿੱਤਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>