ਕਬਰਸਤਾਨ ਚੁੱਪ ਨਹੀਂ ਹੈ

ਠਹਿਰੋ , ਰੁੱਕ ਜਾਓ ! ਅੱਗੇ ਸ਼ਮਸ਼ਾਨ ਘਾਟ ਹੈ – ਮੋਏ ਬੰਦਿਆਂ ਦੀ ਰਿਹਾਇਸ਼-ਗਾਹ । ਜਿਸ ਨੂੰ ਤੁਸੀਂ ਕਬਰਸਤਾਨ ਆਖਦੇ ਹੋ । ਇਥੇ ਸਿਰਫ਼ ਲਾਸ਼ਾਂ ਹੀ ਹੀ ਆ ਸਕਦੀਆਂ ਨੇ , ਕਬਰਾਂ ਸੌਂ ਸਕਦੀਆਂ ਨੇ । ਤੁਸੀਂ ਤਾਂ ਜੀਉਂਦੇ ਜਾਗਦੇ ,ਫਿਰਦੇ-ਤੁਰਦੇ ਮਨੁੱਖ ਜਾਪਦੇ ਹੋ ।ਤੁਸੀਂ ਅੰਦਰ ਜਾਣ ਲਈ ਕਿਉਂ ਆਏ ਹੋ ? ਕੌਣ ਹੋ ਤੁਸੀ ?

… ਵਿਗਿਆਨੀ ! ਖੋਜੀ !! ਰੀਸਰਚ ਸਕਾਲਰ !!! ਕਿੱਸ ਕਿਸਮ ਦੀ ਰੀਸਰਚ ਕਰਦੋ ਹੋ ?’

‘….ਕਬਰਾਂ ਦੀ ! ਕਬਰਾਂ ਦੀ ਉਮਰ ਦੀ !! ‘ ਕਿਉਂ ? ਤੁਹਾਨੂੰ ਬੀਜੀ ਫ਼ਸਲ ਦੀ ਪਹਿਲੋਂ ਜਾਣਕਾਰੀ ਨਈਂ ? ਜ਼ਰੂਰ ਹੋਵੇਗੀ । ਹੁਣ ਤਾਂ ਸਗੋਂ ਉਸ ਦਾ ਸਰਵੇਖਣ ਕਰਨ ਆਏ ਹੋਵੋਗੇ  । ਨਵੇਂ ਬੀਜ ਲਿਆਏ ਹੋਵੋਗੇ , ਆਉਂਦੀ ਰੁੱਤ ਲਈ । ਚੰਗੀ ਭਰਵੀਂ ਫ਼ਸਲ ਲੈਣ ਲਈ । ਤੁਸੀ ਖੋਜੀ ਹੌ ਨਾ ,ਆਪਣੇ ਲਈ ਯੋਗ ਤੇ ਅਨੁਕੂਲ ਤਾਪਮਾਨ ਪੈਦਾ ਕਰ ਸਕਦੇ ਹੋ  । ਉਂਝ ਕੁਦਰਤੀ ਤਾਪਮਾਨ ਵੀ ਤੁਹਾਡੀ ਫ਼ਸਲ ਲਈ ਕਾਰਗਰ ਸਿੱਧ ਹੋ ਸਕਦਾ ਹੈ , ਪਰ ਤੁਸੀਂ – ਮੁਆਫ਼ ਕਰਨ ਵਿਗਿਆਨੀ ਵਾਤਾ-ਅਨੁਕੂਲਣ ਜੰਤਰ ਵਰਤ ਕੇ ਵੀ ਤਾਪਮਾਨ ਢੁਕਵਾ ਕਰ ਲੈਂਦੇ ਹੋ ਆਪਣੀ ਫ਼ਸਲ ਲਈ । ਪਰ , ਜੇ ਕਿਧਰੇ ਕੋਈ ਜੰਤਰ ਗੜਬੜ ਕਰਦਾ ਹੈ ਜਾਂ ਜਲਵਾਯੂ ਅੜੀ ਕਰਦਾ ਦਿਸੇ ਤਾਂ ਵੱਖਰੀ ਗੱਲ ਹੋਵੇਗੀ । ਉਂਝ ਪੂਰੀ ਉਮੀਦ ਹੈ , ਇੰਝ ਨਹੀਂ ਹੋਵੇਗਾ । ਵਿਗਿਆਨ ਦੀ ਉੱਨਤੀ ਹੈ ਨਾ , ਕੰਮਪਿਊਟਰ ਦਾ ਯੁੱਗ ਹੈ ਨਾ । ਇਨਸੈਟ ਤੁਹਾਡੀ ਸਹਾਇਤਾ ਲਈ ਆਨਸੈਟ ਹੈ । ਤੁਹਾਡੀਆਂ ਉਮੀਦਾਂ ਤੋਂ ਕਈ ਗੁਣਾਂ ਵੱਧ ਢੁਕਵੇਂ ਨਤੀਜੇ ਕੱਢੇਗਾ । ਮੌਸਮ ਦੀ ਕੀ ਮਜਾਲ , ਕੋਈ ਉਜ਼ਰ ਕਰ ਜਾਏ ਇਹਨਾਂ ਸਾਹਮਣੇ , ਇਨ੍ਹਾਂ ਸਾਹਮਣੇ ਨਈਂ ਤੁਹਾਡੇ ਸਾਹਮਣੇ । ਤੁਹਾਡੀ ਖੋਜ ਨਾ ਨਾਲ ਕਮਪਿਊਟੇਰਾਈਜ਼ ਕੀਤੇ ਜੰਤਰਾਂ ਸਾਹਮਣੇ, ਜਿਨ੍ਹਾਂ ਯੋਗ ਤੇ ਢੁਕਵਾਂ ਵਾਤਾਵਰਨ ਘੜਨਾ ਹੈ – ਤੁਹਾਡੀ ਉਪਜ ਲਈ , ਭਾਵ ਕਬਰਾਂ ਲਈ , ਕਬਰਾਂ ਬੀਜਣ ਵਾਲੇ ਫਾਰਮਾਂ ਲਈ , ਜਿਸ ਦੀ ਲੰਬਾਈ-ਚੌੜਾਈ ਇਸ ਧਰਤੀ ਤੋਂ ਕਈ ਗੁਣਾਂ ਵੱਧ ਗਈ ਹੈ । ਸਾਗਰ ਤੱਕ ਫੈਲ ਗਈ ਹੈ । ਪੁਲਾੜ ਤੱਕ ਪੱਸਰ ਗਈ ਹੈ ।

-ਔਹ ਸਾਹਮਣੇ ਦੇਖੋ , ਸਾਂਚੀ –ਸਤੁਪ ਵਰਗੀ ਉੱਚੀ ਗੁੰਬਦ । ਦਿਸਦੀ ਹੈ ਨਾ ? ਇਹ ਤੁਹਾਡੀ ‘ਕਿਰਤ ’ ਦੀ ਉਪਜ ਦਾ ਪਹਿਲਾ ਨਮੂਨਾ ਤਾਂ ਭਾਵੇਂ ਨਈਂ , ਪਰ ਆਧੁਨਿਕ ਬੀਜਾਂ ਤੋਂ ਮਿਲਣ ਵਾਲੇ ਭਰਵੇਂ ਝਾੜ ਦਾ ਖਾਸ ਨਮੂਨਾ ਜ਼ਰੂਰ ਹੈ । ………..ਹੀਰੋਸ਼ੀਮਾ ਇਸ ਦਾ ਨਾਂ ਰੱਖ ਸਕਦੇ ਹੋ ਤੁਸੀ । ਨਾਗਾ-ਸਾਕੀ ਵੀ ਠੀਕ ਢੁੱਕਦਾ ਹੈ । ਇਸ ਨੂੰ ਕਰਬਲਾ ਵੀ  ਆਖ ਸਕਦੇ ਹੋ ਤੁਸੀਂ ਤੇ ਕਾਲਿੰਗਾ ਵੀ ,ਪਰ ਪਾਣੀਪਤ ਦਾ ਯੁੱਧ-ਖੇਤਰ ਨਈਂ । ਤੁਸੀ ਵਿਗਿਆਨੀ ਹੋ ਨਾ ! ਜ਼ਰੂਰ ਖੋਜ ਕਰੋਗੇ ਕਿ ਪਾਣੀਪਤ ਦੇ ਯੁੱਗ-ਖੇਤਰ ਵਿੱਚ ਕਾਲਿੰਗਾ-ਕਰਬਲਾ ਦੇ ਯੁੱਧ-ਖੰਡਰਾਂ ਨਾਲੋਂ ਕਿਹੜੇ-ਕਿਹੜੇ ਰਸਾਇਣਕ ਤੱਤਾਂ ਦੀ ਘਾਟ ਸੀ । ਤੁਹਾਡੀ ਖਰਖ਼-ਨਲੀ ਅੰਦਰਲਾ ਸੰਵਾਦ , ਇਕ ਤਾਂ ਤੁਹਾਨੂੰ ਲੋੜੀਂਦੇ ਤੱਤਾਂ ਦੀ ਘਾਟ ਪੂਰੀ ਕਰਨ ਲਈ ਬੈਚੇਨ ਕਰ ਦੇਵੇਗਾ ਅਤੇ ਦੂਜੇ ਵੱਧ ਤੋਂ ਵੱਧ ਭਰਵੀਂ ਫ਼ਸਲ ਲੈਣ ਦੇ ਢੰਗ ਤਰੀਕੇ ਸਮਝਾਏਗਾ । ਤਾਂ ਕਿ ਤੁਸੀਂ……ਭਾਵ ਖੋਜੀ , ਆਪਣੇ ਕਿੱਤੇ ਦੇ ਮਾਹਿਰ ਡਾਕਟਰ , ਹਰ ਸੰਭਵ-ਅਸੰਭਵ ਸਾਧਨਾਂ ਰਾਹੀਂ ‘ਅਪਨੀ ਜਨਮ ਭੂਮੀ ’ ਦੀ ਸ਼ਾਨ ਨੂੰ ਚਾਰ-ਚੰਦ ਲਾਉਂਦੇ ਹੋਏ ਅੰਬਾਰਾਂ ਦੇ ਅੰਬਾਰ ਖੜੇ ਕਰ ਸਕੋ-ਕੁਤਬੁ-ਮੀਨਾਰ ਜਿੰਨੇ ਉੱਚੇ ।ਉਂਝ ਕਬਰਸਤਾਨ ਅੰਦਰ ਇਸ ਦਾ ਨਾਂ ਮੀਨਾਰ ਨਹੀਂ ਮਕਬਰਾ ਹੁੰਦਾ ਹੈ ,ਜਿਸ ਦੇ ਮੱਥੇ ਤੇ ਲਿਖਿਆ ਦੋ-ਹਰਫੀ ਇਤਿਹਾਸ ਕਾਲਿੰਗਾ-ਕਰਬਲਾ ਦੇ ਸੁਭਾ ਦੀ ਹੀ ਗੱਲ ਤੋਰਦਾ ਹੈ , ਹੋਰ ਕੁਝ ਨਈਂ । ਇਹ ਬਿਲਕੁਲ ਠੀਕ ਦਸਦਾ ਹੈ ਕਿ ਸਿਆੜਾਂ ਅੰਦਰ ਉੱਗੀ ਫ਼ਸਲ ਦੇ ਪਿੰਡੇ ਤੇ ਕੀ ਅਤੇ ਕਿੱਦਾਂ ਬੀਤਦੀ ਹੈ । ਕਿੰਨੀਆਂ ਸਰਦ ਰਾਤਾਂ ਇਸ ਦੀਆਂ ਕਰੂੰਬਲਾਂ ਕੋਂਹਦੀਆਂ ਹਨ, ਕਿੰਨੇ ਤਿੱਖੜ ਦਿਨ ਇਸਦੇ ਪੱਤੇ ਛੇਕਦੇ ਹਨ । ਉਹ ਤਾਂ ਬੱਸ ਉੱਗਦੀ ਹੈ ,ਪੱਕਦੀ ਹੈ , ਤੇ ਵੱਢ ਹੁੰਦੀ ਹੈ – ਵਿਚਾਰੀ ਫ਼ਸਲ ਕਬਰਾਂ ਦੀ ਫ਼ਸਲ ।

ਤੇ ਜਦ ਫ਼ਸਲ ਨਿਰਮਾਤਾ ਅਪਣੀ ਪੈਲੀ-ਬੰਨੇ ਫੇਰਾ ਮਾਰਦਾ ਹੈ , ਘੋੜੀ ਤੇ ਚੜ੍ਹ ਕੇ ਰੱਥ ਤੇ ਬੈਠ ਕੇ ਜਾਂ ਉੱਡਣ-ਤਸ਼ੱਤਰੀ ਤੇ ਉੱਡ ਕੇ ਤਾਂ ਉਸ ਦਾ ਗੌਰਵ ਅਲਾਹੀ-ਸੰਦੇਸ਼ ਬਣ ਕੇ ਗੂੰਜ ਉਠਦਾ  ਹੈ ਈਥਰ ਅੰਦਰ , ਹਵਾ ਬਣ ਕੇ ਛਾਂ ਜਾਂਦਾ ਹੈ ਸਾਰੇ ਦੇ ਸਾਰੇ ਆਕਾਸ਼ ਤੇ – ‘ ਭਾਈਓ ਔਰ ਬਹਿਨੋ , ਹਮ ਕੋ ਅਪਨੇ ਪਰਾਨੋਂ ਸੇ ਪਿਆਰੇ ਦੇਸ਼ ਕੇ ਉਨ ਸਾਠ-ਸੱਤਰ ਪ੍ਰਤੀਸ਼ਤ ਲੋਗੋਂ ਕੀ ਬੇਹੱਦ ਫਿਕਰ ਹੈ ,ਜਿਨ ਕੋ ਦਿਨ ਮੇਂ ਏਕ ਬਾਰ ਭੀ ਪੇਟ ਭਰ ਖਾਨਾ ਨਹੀਂ ਮਿਲਤਾ । ਉਨ ਕੀ ਗਰੀਬੀ ਦੂਰ ਕਰਨੇ ਕੇ ਲੀਏ ਹਮ ਨੇ ਤੀਨ ਪੁਸ਼ਤੋਂ ਸੇ ਜੋ ਅਭਿਯਾਨ ਚਲਾ ਰਖਾ ਹੈ , ਕੁੱਛ ਬੇਸਮਝ ਕਿਸਮ ਦੇ ਲੋਕ ,ਖਾਹਮਖਾਹ ਉਸ ਮੇਂ ਬਾਧਾ ਡਾਲਨੇ ਕਾ ਪ੍ਰਯਾਸ ਕਰਤੇ ਹੈਂ । ਉਨ ਕੀ ਇਸ ਗੜਬੜੀ ਕੇ ਪੀਛੇ ਵਿਦੇਸ਼ੀ ਹਾਥ ਹੋਨੇ ਕਾ ਭੀ ਹਮੇਂ ਪੂਰਾ ਪੂਰਾ ਸ਼ੱਕ ਹੈ ………ਹਮ ਐਸੀ ਕਿਸੀ ਭੀ ਕਾਰਵਾਈ ਕੋ ਸਹਿਨ ਨਹੀਂ ਕਰੇਂਗੇ ਜੋ ਹਮਾਰੇ ਰਾਸ਼ਟਰ ਕੀ ਅਖੰਡਤਾ ਮੇਂ ਰੋਕ ਡਾਲੇ । ਹਮਾਰਾ ਆਪ ਸੇ ਨਿਵੇਦਨ ਹੈ ਕਿ ਯਦੀ ਆਪ ਉੱਨਤੀ ਕੇ ਰਾਸਤੇ ਪਰ ਔਰ ਆਗੇ ਬੜ੍ਹਨਾ ਚਾਹਤੇ ਹੈਂ , ਤੋ ਹਮਾਰੇ ਹਾਥ ਔਰ ਭੀ ਮਜ਼ਬੂਤ ਕਰੇਂ …..। ਜੈ ਹਿੰਦ…….ਜੈ……ਐ ਹਿੰਦ……ਜੈ ਐ…….।‘

-ਓਏ ਭਲੇ ਲੋਕੋ , ਤੁਸੀ ਇਹ ਕੀ ਕੀਤਾ । ਕੌਮੀ ਨਾਅਰੇ ਦਾ ਅਪਮਾਨ ਕੀਤਾ ਹੈ , ਸਾਵਧਾਨ ਨਹੀਂ ਹੋਏ ।ਨਾਅਰੇ ਦਾ ਜਵਾਬ ਨਹੀ ਦਿੱਤਾ । ….ਚਲੋ ਛੱਡੋ , ਤੁਸੀਂ ਤਾਂ ਖੋਜੀ ਹੋ , ਗੰਭੀਰ ਸੋਚਵਾਨ, ਰੀਸਰਚ-ਸਕਾਲਰ । ਘੱਟ ਬੋਲਦੇ ਹੋ ,ਸ਼ਾਇਰ , ਅਧਿਆਪਕ ਜਾਂ ਵਕੀਲ ਨਹੀ ਹੋ  । ਭਾਵੁਕ ਨਹੀਂ ਹੁੰਦੇ । ਉਂਝ ਭਾਵੁਕਤਾ ਨਿਰਾ ਮੂਡ ਨਹੀਂ ਹੁੰਦੀ । ਪਿਆਰ ਹੁੰਦੀ ਹੈ , ਹਮਦਰਦੀ ਬਣਦੀ ਹੈ । ਇਤਿਹਾਸ ਘੜਦੀ ਹੈ ਇਹ ਲੋਕਾਈ ਦਾ ਯੁੱਗ ਹੈ ਰਾਜੇ-ਰਾਣਿਆਂ ਦਾ ਨਈਂ । ਉਨ੍ਹਾਂ ਨਾਲ ਇਸ ਕਿਸਮ ਦਾ ਸਰੋਕਾਰ ਨਹੀਂ । ਉਹ ਤਾਂ ਸਗੋਂ ਇਸ ਦੀ ਊਰਜਾ ਭਟਕਾ ਕੇ ਲਾਂਬੂ ਲਾਉਂਦੇ ਨੇ ਹਰ ਯੁੱਗ ਨੂੰ । ਤੇ ਤੁਸੀ ਵਿਗਿਆਨੀ , ਖੋਜ ਕਾਰਜ ਅੰਦਰ ਗ੍ਰਸਥ , ਭਾਵੁਕਤਾ-ਉਪਭਾਵੁਕਤਾ ਤੋਂ ਮੁਕਤ ਹੋਣ ਦੀ ਪ੍ਰਦਰਸ਼ਨੀ ਕਰਦੇ ਹੋ । ਕਵੀ-ਅਧਿਆਪਕ ਇੰਝ ਨਹੀਂ ਕਰਦੇ , ਆਲੋਚਕ-ਵਕੀਲ ਇੰਝ ਨਹੀਂ ਸੋਚਦੇ । ਉਹ ਤਾਂ ਸਗੋਂ ਵਿਆਕੁਲ ਹੁੰਦੇ ਨੇ , ਸੰਤਾਪ ਹੰਢਾਉਂਦੇ ਨੇ ਅਤੇ ਚੇਤੰਨ ਕਰਦੇ ਨੇ ਕਿ ਹਵਾ ਤੇ ਉਡਦਾ ਐਲਾਨ ਕੋਈ ਨਵੀਂ ਪ੍ਰਥਾ ਨਹੀਂ , ਪੁਰਾਣਾ ਦਾਅ ਪੇਚ ਹੈ ।ਇਹ ਐਲਾਨ ਕਦੀ ਡਮ…..ਡਮ……ਡਮ ਪਿਛੋਂ ਮੁਨਾਦੀ ਬਣਿਆ ਕਰਦਾ ਸੀ । ……..ਡਮ…….ਡਮ………ਡਮ , ਬਾ-ਅਦਬ ਬਾ-ਮੁਲਾਹਜ਼ਾ ,ਹੋਸ਼ਿਆਰ-ਖ਼ਬਰਦਾਰ-ਤਮਾਮ ਪਰਜਾ ਪੇ ਯੇਹ ਹੁਕਮ ਨਾਜ਼ਲ ਹੋਤਾ ਹੈ ਕਿ ਸ਼ਾਹਿਨਸ਼ਾਨੇ-ਆਲਮ,ਰੁਸਤਮੇਂ-ਦਰਬਾਰ, ਬਾਦਸ਼ਾਹੇ-ਸਲਾਮਤ ਸ਼ਾਮ ਕੋ ਸ਼ਹਿਰ ਕੇ ਬੜੇ ਦਰਵਾਜ਼ੇ ਸੇ ਹੋਤੇ ਹੂਏ , ਹਰਮ ਕੀ ਤਰਫ਼ ਜਾਏਂਗੇ ……ਏ………ਏ….।ਡਮ….ਡਮ…..ਡਮ, ਇਸ ਦੌਰਾਨ ਕੋਈ ਲੰਗੜਾ-ਲੂਲਾ,ਭੂਕਾ-ਪਿਆਸਾ ,ਬੂਢਾ-ਬੀਮਾਰ, ਖਲੀਫ਼ਾ_ਏ-ਜ਼ਮਾਨ ਕੇ ਰਾਸਤੇ ਸੇ ਲੇ ਗੁਜ਼ਰੇ ……ਏ……ਏ……..।‘

ਤੇ ਹਾਂ , ਵਿਗਿਆਨੀ ਸਾਹਿਬ ਜੀ , ਜੇ ਕੋਈ ਭੁੱਖਾ-ਪਿਆਸਾ , ਬੁੱਢਾ-ਬਿਮਾਰ ਮਨਾਦੀ-ਹੁਕਮ ਦੀ ਉਲੰਘਣਾ ਕਰਨ ਦੀ ਗੁਸਤਾਖ਼ੀ ਕਰਦਾ ਤਾਂ ਕਬਰਾਂ ਦੇ ਬੀਜ ਰੁਸਤਮੇਂ-ਹਰਮ ਦੇ ਰਾਹਾਂ ਦੇ ਇਸ ਢੰਗ ਨਾਲ ਖ਼ਿਲਾਰ ਦਿੱਤੇ ਜਾਂਦੇ ਸਨ ਕਿ ਮਹਾ-ਰਾਜ ਦੀ ਸਵਾਰੀ ਲਈ ਜਾਂਦਾ , ਹਾਥੀਆਂ ਦਾ ਕਾਫ਼ਲਾ ,ਉਨ੍ਹਾਂ ਬੀਜਾਂ ਨੂੰ ਦਰੜ ਕੇ ਨਕਾਰਾ ਨਾ ਕਰ ਦੇਵੇ , ਜਿਨ੍ਹਾਂ ਤੋਂ ਹਾਜੀਆਂ-ਕਾਜ਼ੀਆਂ ਤੇ ਅਹਿਲਕਾਰਾਂ ਨੂੰ ਆਉਂਦੀ ਰੁੱਤ ਲਈ ਲਾ-ਮਿਸਾਲ ਉਪਜ ਹੋਣ ਦੀ ਬੇ-ਮਿਸਾਲ ਉਮੀਦ ਨਜ਼ਰ ਆਉਂਦੀ ਸੀ ।

ਕੀ ਤੁਸੀਂ ਆਪਦੇ ਖੋਜ-ਕਾਰਜ ਦੀਆਂ ਲਭਤਾਂ ਦੇ ਆਧਾਰ ਤੇ ਇਹ ਦੱਸੋਗੇ ਕਿ ਬੰਜਰ ਬੀਆਬਾਨ ਖੇਤਾਂ-ਖੇਤਰਾਂ ਅੰਦਰ ਉਗਾਏ ਜਾਂਦੇ ਬੀਜਾਂ ਤੋਂ ਭਰਵੀਂ ਫ਼ਸਲ ਲੈਣ ਲਈ , ਪੁਰਾਣੇ ਅਜ਼ਮਾਇਸ਼ੀ ਅਭਿਆਸ ਨੂੰ ਤਿਆਗ ਕੇ ਤੁਹਾਨੂੰ ਆਧੁਨਿਕ ਜੰਤਰਾਂ ਅਤੇ ਰਸਾਣਿਕ ਖਾਦਾਂ ਦੀ ਵਰਤੋਂ ਕਰਨ ਦੀ ਕਿਉਂ ਲੋੜ ਪਈ । ਨਹੀਂ, ਤੁਸੀਂ ਨਹੀਂ ਦੱਸ ਸਕੋਗੇ । ਕਿਉਂ ਜੋ ਤੁਹਾਡਾ ਕਾਰਜ-ਖੇਤਰ ਖੋਜ ਹੈ , ਸਾਹਿਤ-ਕਾਰਤਾ ਨਹੀਂ  । ਇਤਿਹਾਸਕਾਰੀ ਵੀ ਨਹੀਂ । ਸਮਾਜਕ-ਸ਼ਾਸ਼ਤਰ ਦੀ ਵਾਕਫ਼ੀ ਵੀ ਤੁਹਾਡੇ ਸੋਚ-ਵਿਸ਼ੇ ਨੂੰ ਉਲਝਾ ਸਕਦੀ ਹੈ ।ਤੁਸੀਂ ਉਪ-ਭਾਵਕ ਹੋ ਸਕਦੇ ਹੋ ਤੇ ਉਪਭਾਵੁਕਤਾ ਤਰਕ-ਵਿਗਿਆਨ ਦੀ ਦਸ਼ਮਣ ਹੈ , ਸਾਰੇ ਤਰਕ-ਵਿਸ਼ਿਆਂ ਦੀ ਨਈਂ , ਕੇਵਲ ਤੁਹਾਡੇ ਵਿਸ਼ੇ ਦੀ , ਭਾਵ ਕਬਰਾਂ ਦੇ ਬੀਜਾਂ ਤੋਂ ਵੱਧ ਤੋਂ ਵੱਧ ਮਮਟੀ-ਝਾੜ ਲੈਣ ਦੇ ਵਿਸ਼ੇ ਦੀ ।

ਔਹ ਜਿਹੜੀ ਮੱਮਟੀ ਤੁਸੀਂ ਮਕਬਰੇ ਦੇ ਐਨ ਬਰਾਬਰ ਖੜੀ ਦੇਖ ਰਹੇ ਹੋ ਨਾ , ਉਸ ਉੱਤੇ ਉੱਕਰੀ ਤਸਵੀਰ ਕਿਸੇ ਨਾਚੀ ਦੀ ਨਈਂ , ਇਕ ਬੇਗਮ ਦੀ ਹੈ , ਜਿਹਦੀ ਖ਼ਾਤਰ ਇਹੋ ਜਿਹੇ ਕਈ ਕਬਰਸਤਾਨ ਬੀਜੇ ਗਏ । ਇਕ-ਦੋ-ਚਾਰ ਵਾਰ ਨਹੀਂ ਅਨੇਕਾਂ ਵਾਰ ਬੀਜੇ ਗਏ । ਤੁਸੀਂ ਉਸ ਤਸਵੀਰ ਨੂੰ ਪਦਮਨੀ ,ਰਜ਼ੀਆ ਜਾਂ ਕੀਲਰ ਵਰਗਾ ਕੋਈ ਨਾਂ ਦੇ ਸਕਦੇ ਹੋ ਕਿ ਜਿਹਦੇ ਨੈਣ-ਨਕਸ਼ਾਂ ਦੇ ਖੇਤਰਫਲ ਅੰਦਰ ਉੱਗੀ ਫਸਲ ਸਪੂਤਨਿਕ ਯੁੱਗ ਦੀ ਕਿਸੇ ਵੀ ਪ੍ਰਾਪਤੀ ਤੋਂ ਘੱਟ ਨਹੀਂ ।

- ਕੀ ਤੁਹਾਨੂੰ ਇਹ ਪਤਾ ਐ ਕਿ ਉਹ ਮੱਮਟੀ ਹੇਠ ਸਾਂਭੀ ਅਪਸਰਾ ਦਾ ਕੀ ਬਣਿਆ । ਹਾਂ ………ਹਾਂ, ਇਹ ਤਾਂ ਜ਼ਰੂਰ ਪਤਾ ਹੋਵੇਗਾ , ਕਿਉਂ ਜੋ ਇਹ ਵਿਗਿਆਨ ਦਾ ਖੇਤਰ ਨਈਂ ,ਦਿਮਾਗ ਦਾ ਬੋਝ ਨਈਂ ,ਦਿਲ ਦਾ ਰੋਗ ਹੈ । ਇਸ ਦੇ ਕਿਟਾਣੂ ਤਾਂ ਪਸ਼ੂ-ਪੰਛੀਆਂ ਅੰਦਰ ਵੀ ਜੀਉਂਦੇ-ਜਾਗਦੇ , ਰਸਦੇ-ਵਸਦੇ ਰਹਿੰਦੇ ਨੇ । ਫਿਰ ਤੁਸੀਂ ਤਾਂ ਹੋ ਈ ਪੰਜ-ਭੂਤਿਕ ਮਨੁੱਖੀ ਸਰੀਰ , ਜਿਨ੍ਹਾਂ ਅੰਦਰ ਵਿਗਸਦਾ ਭੂਤ-ਪ੍ਰਵਾਹ,ਸਮਾਂ-ਸੂਚੀ,ਥਾਂ-ਕੁਥਾਂ,ਯੋਗ-ਅਯੋਗ ਵੀ ਕਦੀ ਨਹੀਂ ਵਿਚਾਰਦਾ । ਅਤੇ ਜਿਸ ਨੂੰ ਸਿਰਫ਼ ਅਪਸਰਾ ਦੀ ਲੋੜ ਹੁੰਦੀ ਹੈ , ਪਦਮਨੀ ਦੀ ਲੋੜ ਹੁੰਦੀ ਹੈ , ਰਜ਼ੀਆ ਦੀ ਲੋੜ ਹੁੰਦੀ ਹੈ ਜਾਂ ਕ੍ਰਿਸਟਰ ਕੀਲਰ ਦੀ । ਇਸਤਰੀ ਦੀ ਨਈਂ , ਘਰ –ਗ੍ਰਹਿਣੀ ਦੀ ਨਈਂ ।

ਤੁਸੀਂ ਭਲਾ ਦਸੋਗੇ ਕਿ ਕਿਉਂ ਤੁਹਾਡੇ ਕਸਟਮ ਅਫ਼ਸਰ ਮਿੱਤਰ ਨੇ ਆਪਣੀ ਘਰ-ਗ੍ਰਹਿਣੀ ਨੂੰ ਗੋਲੀ ਮਾਰ ਕੇ ਹਸਪਤਾਲ ਪੁਜਦਾ ਕਰ ਦਿੱਤਾ ਸੀ ? ਸਿਰਫ਼ ਇਸ ਲਈ ਨਾ ਕਿ ਉਹ ਬੇਚਾਰੀ  ਅਪਣੇ ਮਾਲਕ ਦੇ ‘ਪ੍ਰਾਈਵੇਟ ’ ਕਮਰੇ ਅੰਦਰ ਬਿਨ-ਬੁਲਾਏ ਹੀ ਲੰਘ ਆਈ ਸੀ । ਨਹੀਂ……ਤੁਸੀਂ ਤਾਂ ਇਸ ਗੱਲ ਦਾ ਧੂੰਆਂ ਵੀ ਸੰਘੋਂ ਬਾਹਰ ਨਹੀਂ ਕਢੋਗੇ । ਤੁਸੀਂ ਤਾਂ ਇਸ ਨੂੰ ਆਪਣੀ ਸੁਪਰਮੇਸੀ ਦੀ ਹੱਤਕ ਗਿਣੋਗੇ ਜਾਂ ਅੰਦਰ ਬੈਠੀ ਅਪਸਰਾ ਦਾ ਅਪਮਾਨ । ਕਿਉਂਕਿ ਤੁਹਾਡੇ ਵਿਗਿਆਨ ਦੀਆਂ ਹੇਠਲੀਆਂ ਤੈਹਾਂ ਅੰਦਰ ਵੀ ਗਰਲ-ਫਰੈਂਡਜ਼ ਲਈ ਉਨ੍ਹਾਂ ਹੀ ਸਨੇਹ ਹੈ ਜਿੰਨਾ ਤੁਹਾਡੇ ਸਿਵਲ ਸਰਜਨ ਮਿੱਤਰ ਨੂੰ , ਜਿਸ ਨੇ ਲਹੂ ਨਾਲ ਲੱਥ-ਪੱਥ ਹੋਈ ਸਾੜ੍ਹੀ ਤੇ ਗਨ-ਫ਼ਾਇਰ ਦੀ ਥਾਂ ਅਕਸੈਸ ਯੂਟਰਸ ਫਲੋ ਦੇ ਹਮਲੇ ਦਾ ਸਰਟੀਫੀਕੇਟ ਚਿਪਕਾ ਕੇ ਕਬਰਸਤਾਨ ਦੀ ਜੂਹ ਨੂੰ ਜ਼ਰਖੇਜ਼ ਕਰਨ ਵਿੱਚ ਭਰਵਾਂ ਯੋਗਦਾਨ ਪਾਇਆ ਹੈ ।

ਉਂਝ ਤਾਂ ਤੁਹਾਡੇ ਕਾਫ਼ਲੇ ਨਾਲ ਤੁਰੇ ਕਈ ਕਿਸਮਾਂ ਦੇ ਖੋਜ-ਵਿਗਿਆਨੀਆਂ ਨੇ ਭੁਖ-ਮਰੀ ਦੀ ਰੇਖਾ ਤੋਂ ਹੇਠਲੀ ਪੱਧਰ ਤੇ ਸੱਠ-ਸੱਤਰ ਪ੍ਰਤੀਸ਼ਤ ਦੇਸ਼ ਵਾਸੀਆਂ ਖ਼ਾਤਰ ਐਫ.ਸੀ.ਆਈ. ਦੇ ਬਫ਼ਰ-ਸਟਾਕਾਂ ਤੋਂ ਵੀ ਉੱਚੇ-ਉੱਚੇ ਕਬਰ-ਸਟਾਕ ਉਸਾਰਨ ਲਈ ਲਗਾਤਾਰ ਸੰਘਰਸ਼ ਕੀਤਾ ਹੈ , ਪਰ ਚਕਿਤਸਾ ਵਿਗਿਆਨ ਦੇ ਕਨਡੀਸ਼ਨਡ ਅਮਲੇ ਨੇ ਆਪਣੇ ਖੇਤਰ ਵਿਚ ਕਮਾਲ ਦੀਆਂ ਟੀਸੀਆਂ ਸਰ ਕਰ ਦਿਖਾਇਆਂ ਹਨ ।……ਔਹ ਜਿਹੜਾ ਘੁਣ ਖਾਧਾ ਲਕੜ ਦਾ ਪੰਗੂੜਾ ਤੁਸੀਂ ਉੱਚੀ ਮਮਟੀ ਦੇ ਐਨ ਲਾਗੇ ਬੇਹਰਕਤ ਝੂਲਦਾ ਦੇਖ ਰਹੇ ਹੋ ਨਾ , ਉਸ ਮਿਸਤਰੀ ਫ਼ਜ਼ਲ ਮੁਹੰਮਦ ਦੀ ਵਿਧਵਾ ਨੂੰ ਮਿਲੇ ਮੌਰਨੀਆਂ-ਚੀਰਨੀਆਂ ਵਾਲੇ ਰਾਗਲੇ ਚਰਖੇ ਨਾਲ ਖਹਿੰਦਾ , ਦੋ ਊਠਾਂ ਦੀ ਘੁਨੇੜੀ ਚੜ੍ਹ ਕੇ , ਉਸ ਦੀ ਅਮੀਂ-ਘਰੋਂ ਆਇਆ ਸੀ । ਪੰਜਾਂ-ਪੀਰਾਂ ਲਈ ਖੀਰਾਂ , ਸਾਈਂ ਬੁੱਢਣ ਸ਼ਾਹ ਲਈ ਰੋਟ, ਕੰਬਲੀ-ਵਾਲੇ ਫੱਕਰਾਂ ਦੇ ਧਾਗੇ-ਤਬੀਤ ,ਦੇਸੀ-ਦਸੌਰੀ ਜੜੀਆਂ-ਬੂਟੀਆਂ ਤੇ ਅੰਗਰੇਜ਼ੀ-ਵਲੈਤੀ ਕੈਪਸੂਲ-ਗੋਲੀਆਂ ਦੀ ਜ਼ੋਰ –ਅਜ਼ਮਾਈ ਵੀ ਉਸ ਦੇ ਇਕਲੌਤੇ ਬੇਟੇ ਦੇ ਚੌਥੇ ਬੱਚੇ ਨੂੰ ਵੀ ਕਬਰਾਂ ਦੇ ਰੂ-ਬ-ਰੂ ਖੜਾ ਕਰਨ ਤੋਂ ਨਹੀਂ ਸੀ ਬਚਾ ਸਕੀ । ਤੇ ਹੁਣ, ਜਦ ਅਸਲਮ-ਅੱਮੀਂ ਅਤੇ ਉਸਦੀ ਅਲਕਾ ਨੌਂਹ-ਬੇਟੀ ਦੀਆਂ , ਚਾਰ ਬੰਜਰ ਦੁੱਧੀਆਂ ਵਰਗੀਆਂ ਚਾਰ ਨਿੱਕਿਆਂ-ਨਿੱਕਿਆਂ ਕਬਰਾਂ ਇਕ ਪੂਰੀ ਆਇਤਕਾਰ ਵਾਂਗ ਬਰਾਬਰ-ਬਰਾਬਰ ਉਂਗਰ ਆਈਆਂ ਹਨ ਤਾਂ ਬੜੀ-ਅਮਾਂ ਨੇ , ਬਚਦੇ ਪਲਾਂ ਦੀ ਉਮਰ ਦਾ ਸਾਰਾ ਜ਼ਖੀਰਾ ਕਬਰਸਤਾਨ ਦੀ ਭੇਟ ਕਰ ਦਿੱਤਾ ਸੀ । ਕਈਆਂ ਪਹਿਰਾਂ ਤੋਂ ਲਗਾਤਾਰ ਉਹ ਪੰਘੂੜੇ ਦਾ ਝੂਲਣਾ ਫੜੀ ਅਪਣੇ ਮੁਰਦਾ ਅੰਗਾਂ ਨੂੰ ਹਰਕਤ ਦੇਂਦੀ, ਕੁਝ ਪਲਾਂ ਅੰਦਰ ਹੀ ਇਕ ਹੋਰ ਕਬਰ ਬਣ ਜਾਏਗੀ । ਪਰ ,ਤੁਸੀਂ ਉਸ ‘ਮੋਈ ’ ਦੀ ਸ਼ਨਾਖ਼ਤ ਕਰਨ ਲੱਗੇ , ਆਤਮ-ਘਾਤ ਵਰਗਾ ਕੋਈ ਲੇਬਲ ਚਿਪਕਾ ਕੇ ਆਪਣੇ ਜ਼ਿਲਾ ਕੁਲੈਕਟਰ ਦੋਸਤ ਤੋਂ ਕਾਕਟੇਲ ਵਸੂਲਣ ਲਈ ਅਪੀਲ ਦਾਇਰ ਕਰੋਗੇ, ਜਿਸ ਨੇ ਇਸ ਵਰ੍ਹੇ ਦੇ ਨਵੇਂ ਕੋਟੇ ਅੰਦਰ ਕਈਆਂ ਰਸ਼ੀਦ-ਭਾਈਆਂ ਦੀ ਨਸਬੰਦੀ ਕਰਵਾ ਕੇ ਨਵੀਂ ਤਰੱਕੀ ਪ੍ਰਾਪਤ ਕੀਤੀ ਹੈ ।

ਤੇ…..ਹਾਂ , ਖੋਜ ਵਿਗਿਆਨੀ ਜੀ , ਕਬਰਾਂ ਦੀ ਉਮਰ ਦਾ ਕੈਲੰਡਰ ਬਣਾਉਣ ਲਈ ਭਰੇ ਮਿੱਟੀ ਦੇ ਸੈਂਮਪਲਾਂ ਦੀ ਨਿਰਖ-ਪਰਖ ਕਰਕੇ , ਤੁਸੀਂ ਇਹ ਤਾਂ ਦਸ ਹੀ ਸਕੋਗੇ ਕਿ ਸਦੀ ਭਰ ਦੇ ਹਉਕਿਆਂ ਨਾਲ ਗੋਈ ਅਸਲੱਮ ਅੱਮਾਂ ਦੀ ਜੀਉਂਦੀ ਕਬਰ ਅੰਦਰ ਬਹੁਤਾ ਹਨੇਰਾ ਹੈ ਜਾਂ ਚਾਰ ਮਾਸੂਮ ਬਾਲਾਂ ਦੀਆਂ ਨੰਨ੍ਹੀਆਂ-ਨੰਨ੍ਹੀਆਂ ਕਬਰਾਂ ਉੱਪਰ ਟਿਕਾਏ ਸਾਲਮ-ਸਬੂਤੇ ਖਾਲੀ ਪੰਗੂੜੇ ਅੰਦਰ ! ਨਹੀਂ , ਤੁਸੀਂ ਇਹ ਵੀ ਨਹੀਂ ਦਸ ਸਕਦੇ । ਤੁਹਾਡਾ ਸੰਬੰਧ ਤਾਂ ਸਿਰਫ਼ ਕਬਰਾਂ ਵਿਛਾਉਣ ਨਾਲ ਹੈ ,ਉਹਨਾਂ ਅੰਦਰਲੇ ਹਨੇਰੇ ਦੀ ਘਣਤਾ ਨੂੰ ਨਾਪਣਾ ਨਹੀਂ । ਕਾਸ਼, ਕਿ ਤੁਹਾਡੀ ਪ੍ਰਯੋਗਸ਼ਾਲਾ ਦੀ ਕਿਸੇ ਨੁਕਰੇ ਕੋਈ ਅਜਿਹਾ ਜੰਤਰ ਵੀ ਹੁੰਦਾ । ਜਿਹੜਾ ਜੀਉਂਦੀਆਂ ਕਬਰਾਂ ਦੀਆਂ ਅੱਖਾਂ ‘ਚੋਂ ਵਹਿੰਦੀ ਆਬਸ਼ਾਰ ਦੇ ਕਿਊਸਿਕਸ ਨਾਪ ਸਕਦਾ ।

ਉਂਝ ਜੇ ਤੁਹਾਥੋਂ ਅਜਿਹੀਆਂ ਬੇ-ਸ਼ੁਮਾਰ ਅੱਖਾਂ ਦੀਆਂ ਖੱਡਾਂ ਵਿਚੋਂ ਨਿਕਲਦੇ ਛੋਟੇ-ਮੋਟੇ ਨਦੀ-ਨਾਲ੍ਹਿਆਂ ਅਤੇ ਵੱਡੇ-ਛੋਟੇ ਹੰਝੂ-ਦਰਿਆਵਾਂ ਦੇ ਵਹਿਣ ਦਾ ਕਾਰਨ ਪੁੱਛਿਆ ਜਾਵੇ ਤਾਂ ਤੁਸੀਂ ਭੂਮੀ-ਵਿਗਿਆਨ ਦੀਆਂ ਧਾਰਨਾਵਾਂ ਦਾ ਵਾਸਤਾ ਪਾ ਕੇ ਆਖੋਗੇ – ਕਿ ਭੂ-ਮੱਧ ਰੇਖਾ ਵਰਗੇ ਦਿਲੋ-ਦਿਮਾਗ਼ ਉੱਤੇ ਪੈਂਦੀ ਗਮੇਂ-ਜਿਗਰ ਦੀ ਗਰਮੀ ਨਾਲ ਸਾਗਰ-ਸੀਨੇ ‘ਚੋਂ ਉਬਲਦਾ ਪਾਣੀ ਤਲਖ਼-ਹਉਕਿਆਂ ਦੀ ਘੁਨੇੜੀ ਚੜ੍ਹ ਕੇ ਆਲਮੇ-ਬੇਬਸੀ ਦੀ ਸਰਦ ਟੀਸੀ ਨਾਲ ਜਾ ਟਕਰਾਉਂਦਾ ਹੈ ਤੇ ਆਪਣੇ ਹੀ ਭਾਰ ਤੋਂ ਅੱਕਿਆ-ਥੱਕਿਆ , ਡਿਗਦਾ –ਢਹਿੰਦਾ , ਲੁੜਕਦਾ-ਤੁਰਦਾ ਮੁੜ ਆਪਣੇ ਖ਼ਾਰੇ ਸੋਮੇ ਕੋਲ ਜਾ ਪਹੁੰਚਦਾ ਹੈ ।

ਪਰ ਸ੍ਰੀਮਾਨ ਜੀ , ਖ਼ਾਰੇ ਸੋਮੇਂ ਅਤੇ ਤਿੱਖੇ-ਵਹਿਣਾਂ ਦੀ ਤਾਸੀਰ ਵਿਚਲੇ ਅੰਤਰ ਨੂੰ ਨਾਪਣ ਲਈ ਜਿਸ ਜੰਤਰ ਦੀ ਲੋੜ ਹੁੰਦੀ ਹੈ ਉਹ ਕਿਸੇ ਵੀ ਟੈਸਟ-ਕਿੱਟ ਦਾ ਸ਼ਿੰਗਾਰ ਨਹੀਂ ਬਣ ਸਕਦਾ । ਉਹ ਤਾਂ ਧੌਲ ਦੇ ਸਿੰਙਾਂ ਤੇ ਧਰੀ ਧਰਤੀ ਜਿੱਡੀ ਛਾਤੀ ਅੰਦਰਲਾ ਸਿਸਮੋਗਰਾਫ਼ ਹੁੰਦਾ ਹੈ , ਜਿਸ ਉੱਪਰ ਚੜ੍ਹੇ ਡੱਬੀਦਾਰ ਕਾਗ਼ਜ਼ ਉੱਤੇ ਝਰੀਟ ਹੁੰਦੀਆਂ ਲੀਕਾਂ ਏਨੀਆਂ ਗੁੰਝਲਦਾਰ ਓਦੋਂ ਹੁੰਦੀਆਂ ਹਨ , ਜਦੋਂ ਹਰ ਮੱਮਤਾ ਦੀਆਂ ਦੋ-ਦੋ ਨੱਕੋ-ਨੱਕ ਭਰੀਆਂ ਨਦੀਆਂ ਚੁੰਘਦੇ ਬਲੂਰ ਬਾਲ ਚੁਣ-ਚੁਣ ਕੇ , ਗੋਦੀਓਂ ਖੋਹ ਕੇ ਸੰਗੀਨ ਉੱਤੇ ਟੰਗ ਦਿੱਤੇ ਜਾਂਦੇ ਹਨ , ਜਾਂ ਮੰਨ-ਭਾਉਂਦੀਆਂ ਕੁਆਰ-ਕੰਜਕਾਂ ਦੀਆਂ ਸ਼ੀਰ ਨਦੀਆਂ ਕੋਂਹਦੀ ਬੰਦੂਕਾਂ ਦੀ ਪੈੜ-ਚਾਲ, ਬੂਟਾਂ ਦੀ ਦਗੜ-ਦਗੜ ਸਮੇਤ , ਦੂਜੇ ਧਰਮ ਦੇ ਸਰੀਰ-ਅਸਥਾਨਾਂ ਤੇ ਜਾ ਚੜ੍ਹਦੀ ਹੈ ਜਾਂ ਜੋਤ-ਰਹਿਤ ਬਿਰਧ ਹਿਕੜੀਆਂ ਅੰਦਰੋਂ ਨਿਕਲਣ ਵਾਲੀਆਂ ਮਿੱਠੀਆਂ ਅਸੀਸਾਂ, ਟੈਂਕਾਂ ਦੇ ਪਟਿਆਂ ਹੇਠ ਕਿਰਚ-ਕਿਰਚ ਟੁੱਟਦੀਆਂ ਸੰਗਮਰਮਰੀ ਹੱਡੀਆਂ ਵਾਂਗ ਚੂਰਾ-ਚੂਰਾ ਹੋ ਕੇ ਕਬਰਸਤਾਨ ਪਹੁੰਚ ਜਾਂਦੀਆਂ ਹਨ ।

ਵਿਗਿਆਨੀ ਜੀ , ਲੱਖ ਯਤਨ ਕਰੋ ਤੁਸੀਂ ਉਹਨਾਂ ਮਾਸੂਮ ਚੀਕਾਂ ਨੂੰ ਸ਼ਮਸ਼ਾਨ ਘਾਟ ਦੇ ਵਾਯੂ ਮੰਡਲ ‘ਚੋਂ ਕਿਸੇ ਵੀ ਐਨਟੀਨਾ ਤੇ ਕੈਚ ਨਹੀਂ ਕਰ ਸਕਦੇ , ਕਿਉਂਕਿ ਉਹਨਾਂ ਆਵੇਗ ਨਦੀਆਂ ਦਾ ਮੁੱਖ ਸੋਮਾ ਵੀ ਖ਼ਾਰਾ ਸਮੁੰਦਰ ਹੀ ਹੈ, ਜਿਥੋਂ ਉੱਠਣ ਵਾਲੀਆਂ ਝੱਖੜੀ ਪੌਣਾਂ ਨੂੰ ਕਦੀ ਤਾਂ ਆਪਣੇ ਭਾਰ ਤੋਂ ਭੌਝਲ ਹੋ ਕੇ ਹੀ ਵਰਖਾ ਕਰਨੀ ਪੈਂਦੀ ਹੈ , ਪਰ ਕਦੀ ਕਦੀ , ਜੱਖ-ਠੰਡੇ ਪਹਾੜਾਂ ਤੇ ਜੰਮੀ ਚਿੱਟੀ ਉੱਲੀ ਛਿੱਲਣ ਲਈ ਮਜਬੂਰ ਵੀ ਹੋਣਾ ਪੈਂਦਾ ਹੈ । ਤੇ ਇਉਂ ਠੰਢੇ-ਸੀਤ ਕੋਹਸਤਾਨ ਵਰਗੇ ਬੁਰਜਾਂ ਦ ਮੁਹੰਮਦੀ-ਇਸ਼ਨਾਨ ਕਰਾਕੇ ਇਹ ਸ਼ਾਂਤ-ਚਿੱਤ ਹਵਾਵਾਂ, ਜਦ ਮੁੜ ਆਪਣੇ ਘਰੀਂ ਪਰਤਣ ਲਗਦੀਆਂ ਹਨ ਤਾਂ ਬਾਹਰਲੇ ਵਿਹੜੇ ਅੰਦਰ ਉੱਗੇ ਸਿੱਪੀਆਂ ਘੋਗੇ,ਕਈ ਸਾਰੀਆਂ ਸੁਆਂਤੀ ਬੂੰਦਾਂ ਆਪਣੀਆਂ ਕੁੱਖਾਂ ਅੰਦਰ ਸਾਂਭ ਕੇ ਹੀਰੇ-ਮੋਤੀਆਂ ਦੇ ਹਾਰਾਂ ਦੇ ਹਾਰ ਜਣ ਲੈਂਦੇ ਹਨ, ਜਿਹੜੇ ਸਮਾਂ ਪਾ ਕੇ ਕਿਸੇ ‘ਗੜਬੜ-ਐਲਾਨੇ’ ਇਲਾਕੇ ਅੰਦਰੋਂ ਚੁਕ ਕੇ ਕਾਲ-ਕੋਠੜੀਆਂ ਵਿਚ ਡੱਕੇ ਹੋਏ ਵੀ ਅਤਿ-ਖ਼ਤਰਨਾਕ ਕਿਸਮ ਦੀਆਂ ਤਲਵਾਰਾਂ ਜਾਪਦੇ ਹਨ ।

………ਹਾਂ ਸੱਚ, ਆਪਣੇ ਥੀਸਿਸ ਦੇ ਕਿਸੇ ਨਾ ਕਿਸੇ ਫੁੱਟ ਨੋਟ ਅੰਦਰ , ਇਕ ਗੱਲ ਵਿਸ਼ੇਸ਼ ਕਰਕੇ ਲਿਖਣਾ ਨਾ ਭੁਲਣਾ ਕਿ ਕਈ ਵਾਰ ਉਹ ਖ਼ਤਰਨਾਕ ਕਿਸਮ ਦੀਆਂ ਤਲਵਾਰਾਂ ਖ਼ਾਰੇ ਸਾਗਰ ਦੀਆਂ ਨਹੀਂ ਸਗੋਂ ਕਿਸੇ ‘ਸਾਫ-ਸੁਥਰੇ ’ ਸਰੋਵਰ ਦੀ ਪੈਦਾਵਾਰ ਹੁੰਦੀਆਂ ਹਨ ,ਜਿਥੋਂ ਚੂਲੀ ਲੈਣ ਆਉਂਦੇ , ਹਰ ਆਦਮ ਤੇ ਹਵਾ ਨੇ ਵਿਵਰਜਤ ਫਲ ਹਰ ਹੀਲੇ ਖਾਣਾ-ਹੀ-ਖਾਣਾ ਹੁੰਦਾ ਹੈ , ਭਾਵੇਂ ਉਹਨਾਂ ਦੇ ਲਹੂ-ਮਾਸ ਨੂੰ ਆਰਿਆਂ ਦੇ ਤੇਜ਼ਧਾਰ ਦੰਦਿਆਂ ਹੇਠ ਬੰਨ੍ਹ ਕੇ ਚੀਰ ਵੀ ਕਿਉਂ ਨਾ ਦਿੱਤਾ ਜਾਵੇ ।

ਕਿਉਂ ਸਾਬ੍ਹ, ਘਬਰਾ ਗਏ ….ਡਰੋ ਨਹੀਂ , ਸਹਿਮ ਨਾ ਖਾਓ । ਤੁਹਾਨੂੰ ਤਾਂ ਸਗੋਂ ਇਹੋ ਜਿਹੀ ਸਮਾਚਾਰੀ ਸੂਚਨਾ ਸੁਣ ਕੇ ਪ੍ਰਸੰਨ ਹੋਣਾ ਚਾਹੀਦਾ ਹੈ , ਕਿਉਂਕਿ ਸੀਰ ਨਦੀਆਂ ਨੂੰ ਜਨਮ ਦੇਣ ਵਾਲੇ ਵਿਸ਼ਾਲ ਸਾਗਰ ਵਾਂਗ ਸਰੋਵਰ ਇਕ ਨਹੀਂ ਹੁੰਦਾ ਅਨੇਕ ਹੁੰਦੇ ਹਨ ਅਤੇ ਉਹਨਾਂ ਦਾ ਰੰਗ-ਬਰੰਗਾ ਖ਼ਾਰਾਪਨ ਵੀ ਵੱਖ-ਵੱਖ ਕਿਸਮਾਂ ਦੀਆਂ ‘ਮੱਛੀਆਂ ’ ਪਾਲ ਕੇ ਦੂਰ ਕਰ ਦਿੱਤਾ ਜਾਂਦਾ ਹੈ ।

ਪਰੰਤੂ , ਇਸ ਦਾ ਅਰਥ ਇਹ ਬਿਲਕੁਲ ਨਹੀਂ ਕਿ ਸਾਗਰ ਅਤੇ ਸਰੋਵਰ ਵਿਚਲੀ ਸਮੱਗਰੀ ਨੂੰ ਤਿਆਰ ਕਰਨ ਵਾਲੀਆਂ ਗੈਸਾਂ ਦੇ ਅਨੁਪਾਤ ਅੰਦਰ ਕਿਸੇ ਕਿਸਮ ਦੀ ਗੜ-ਬੜੀ ਹੁੰਦੀ ਹੈ । ਫ਼ਰਕ ਸਿਰਫ਼ ਇਹ ਹੈ ਕਿ ਨਿੱਕੇ-ਵੱਡੇ ਨਦੀ-ਨਾਲ੍ਹਿਆਂ ਦੇ ਤਿਖੇ-ਧੀਮੇਂ ਵਹਿਣਾਂ ਨੂੰ ਭੁਰਭਰੀ ਤੇ ਖ਼ਚਰੀ ਕਿਸਮ ਦੇ ਸਿੱਲ-ਪੱਥਰਾਂ ਨਾਲ ਦੋ-ਚਾਰ ਹੁੰਦਿਆਂ ,ਆਪਣੇ ਛੈਲ-ਛਬੀਲੇ ਸੁਭਾ ਅੰਦਰ ਜਿਹੜੀ ਤਬਦੀਲੀ ਲਿਆੳਣੀ ਪੈਂਦੀ ਹੈ ਉਸ ਕਿਸੇ ਸਰੋਵਰ ਜਾਂ ਬੋਲੀ ਦੇ ਸੰਗਮਰਮਰੀ ਕੰਢਿਆਂ ਨੂੰ ਕਦੇ ਨਸੀਬ ਨਹੀਂ ਹੁੰਦੀ । ……ਔਹ ਤੁਹਾਡੀ ਪਿੱਠ ਪਿੱਛੇ ਉੱਗਿਆ ਦਰਬਾਨ , ਨਿੱਕੀ ਇੱਟ ਦਾ ਪੁਰਾਣਾ ਖੂਹ, ਉਹਨਾਂ ਕੁੰਭਾਂ-ਛੱਪੜਾਂ ਦੀ ਸ਼ਾਖਸਾਤ ਉਦਾਹਰਣ ਬਣ ਸਕਦਾ ਹੈ ਜਿਸ ਦੀ ਤਿਲਕਣੀ ਮੌਣ ਕੋਲੋਂ ਦੀ ਲੰਘਦਾ ਹਰ ਬਸ਼ਰ ਕਬਰ ਬਣਦਾ ਹੈ ਜਾਂ ਕੈਦੀ , ਮੈਡਲ ਬਣਦਾ ਹੈ ਜਾਂ ਸਰਕਾਰੀ ਐਲਾਨ , ਜਿੱਸ ਨੂੰ ਸੁਣਦਿਆਂ ਸਾਰ ਤੁਸੀਂ ਉਸ ਨੂੰ ਆਪਣੀ ਛਾਤੀ ਤੇ ਚਿਪਕਾ ਕੇ ਨਵੇਂ ਕਾਰਜ-ਖੇਤਰ ਲਈ ਬੇਚੈਨ ਹੋ ਉਠਦੇ ਹੋ ।

‘ਸਤਿਕਾਰ ਯੋਗ ’ਖੋਜੀ ਜੀਓ , ਆਪਣੀ ਕਾਰਜਸ਼ੀਲਤਾ ਦੀ ਰੌਂਅ ਅੰਦਰ ਰੁੜ੍ਹਦੇ-ਰੁੜ੍ਹਦੇ ਤੁਸੀਂ ਇਹ ਹਰਗਿਜ਼ ਨਾ ਭੁਲ ਬੈਠਣਾ ਕਿ ਜੱਦ ਕਦੀ ਖ਼ਾਰੇ ਸਮੁੰਦਰ ਨੂੰ ਸਖੇਪ ਹੋ ਕੇ ਇਕ ਸਰਵਲੋਹ ਦੇ ਬਾਟੇ ਦਾ ਆਕਾਰ ਧਾਰਨ ਕਰਨਾ ਪੈਂਦਾ ਹੈ , ਤਾਂ ਸੁਆਂਤੀ ਬੂੰਦਾਂ ਸਾਂਭਣ ਵਾਲੀਆਂ ਕੁੱਖਾਂ ਦਾ ਨਾਂ ‘ਜੀਜਾ ਬਾਈ-ਗੁਜਰੀ ’ ਰੱਖਣਾ ਪੈਂਦਾ ਹੈ ਜਾਂ ‘ਲਕਸ਼ਮੀ ਬਾਈ ਵਿਦਿਆਵਤੀ ’ ਜਿਹੜੀਆਂ ਕਦੀ ਵੀ ਆਪਣੀਆਂ ਕੁੱਖਾਂ ਨੂੰ ਕਬਰਸਤਾਨ ਦੀ ਫ਼ਸਲ ਖ਼ਾਤਰ ਕਲੰਕਤ ਨਹੀਂ ਕਰਦੀਆਂ । ਉਹ ਕੁੱਖਾਂ ਹਿਮਾਲਿਆ ਜਿੱਡੀਆਂ ਉੱਚੀਆਂ ਆਪਣੀਆਂ ਛਾਤੀਆਂ ‘ਚੋਂ ਵਗਦੇ ਸ਼ੀਰ ਨਾਲ ‘ਗੋਬਿੰਦਰਾਏ ਸਿੰਘ ’ ਪਾਲਦੀਆਂ ਹਨ ਜਾਂ ‘ਸ਼ਿਵ ਰਾਣੇ ਪ੍ਰਤਾਪ ’ ‘ਭਗਤ-ਰਾਜਗੁਰੂ-ਸੁਖਦੇਵ ’ ਪਾਲਦੀਆਂ ਜਾਂ ‘ਰਾਮ-ਮਹੁੰਮਦ-ਡੇਨੀਅਲ ’ ਤੁਹਾਡੀ ਤਰ੍ਹਾਂ ਹਿੰਦੋਸਤਾਨ, ਪਾਕਿਸਤਾਨ , ਖਾਲਿਸ…….ਤਾਨ ਜਾਂ ਕਬਰਸਤਾਨ ਨਹੀਂ । ਤੁਸੀਂ ਆਖੋਗੇ ਕਿ ਉਹ ਤੁਹਾਡੀ ਜਿਣਸ ਦੇ ਰੀਸਰਚ –ਸਕਾਲਰ ਨਹੀਂ ਹੁੰਦੇ , ਆਧੁਨਿਕ ਤੇ ਨਵੀਨਤਮ ਖੋਜਾਂ ਤੋਂ ਵਾਕਿਫ਼ ਨਹੀਂ ਹੁੰਦੇ । ਪਰ , ਆਧੁਨਿਕਵਾਦੀ ਜੀ , ਤੁਹਾਡੇ ਅੰਦਰ ਉਗਰੀ ਨਵੀਨਤਾ ਜਾਂ ਤਾਂ ਹੀਰੋਸ਼ੀਮੇਂ ਪੈਦਾ ਕਰਦੀ ਹੈ ਜਾ ਕਾਲਿੰਗੇ । ਉਹਨਾਂ ਵਾਂਗ ਖਿਦਰਾਣੇ ਨਹੀਂ ਜੰਮਦੀ ਨਾ ਹੁਸੈਨੀਵਾਲੇ, ਜਿਹਨਾਂ ਅੰਦਰਲੀ ‘ਪੁਰਾਤਨਤਾ ’ ਕਦੀ ਕਬਰਾਂ ਨਹੀਂ ਬੀਜਦੀ । ਉਹ ਤਾਂ ਬਸ ਸਤੰਭ ਜਣਦੀ ਹੈ ਜਾਂ ਸਮਾਧਾਂ , ਜਿਹੜੀਆਂ ਕਬਰਸਤਾਨ ਦੇ ਖੇਤਰਫ਼ਲ ਅੰਦਰ ਬਿਲਕੁਲ ਨਹੀਂ ਸਮਾ ਸਕਦੀਆਂ । ਉਹਨਾਂ ਸਮਾਧਾਂ-ਸਤੰਭਾਂ ਦੇ ਕਿਰਮਚੀ ਕਲਸਾਂ ਤੋਂ ਉਠਦੀ ਕਿਰਮਚੀ ਕਿਰਨ ਤਾਂ ਧੁਰ ਆਕਾਸ਼ ਦਾ ਸੀਨਾ ਛੇਕਦੀ ਹੈ , ਸਤਰੰਗੀ ਪੀਂਘ ਦੇ ਫੈਲਾ ਵਾਂਗ ਖਿੱਲਰਦੀ ਹੈ । ਉਹ ਕਦੀ ਵੀ ਧਰਤੀ ਦੀ ਹਿੱਕ ਨਹੀਂ ਸਾੜਦੀ, ਸੁਆਹ ਦੀ ਢੇਰੀ ਨਹੀਂ ਬਣਦੀ । ਨਾ ਮਿੱਟੀ ਹੇਠ ਦੱਬ ਹੋ ਕੇ ਅਪਣੀ ਹੋਂਦਾ ਤੋਂ ਰੁਖਸਤ ਹੁੰਦੀ ਹੈ ਨਾ ਦਰਿਆ ਬੁਰਦ ਹੋ ਕੇ । ਉਹ ਤਾ ਬਸ ਜਾਗਦੀ ਹੈ ਜਾਗਦੇ ਸਿਵੇ ਵਾਂਗ । ਮੌਲਵੀ ਚਰਾਗਦੀਨ ਦੀ ਪੱਕੀ ਕਬਰ ਸਰਹਾਣੇ ਗੱਡੀ ਹਰੀ ਝੰਡੀ ਵਾਂਗ । ਹਕੀਮ ਫ਼ਜ਼ਲ-ਮੁਹੰਮਦ ਦੀ ਕੱਚੀ ਕਬਰ ਤੇ ਉੱਗੇ ਹਰੇ-ਕਰੂਚ ਜੰਡ ਵਾਂਗ । ਜੰਡ ਉੱਪਰ ਬੰਨੇ ਚਿੱਟੇ-ਦੂਧੀਆ ਪਰਚਮ ਵਾਂਗ, ਜਿੱਸ ਦਾ ਉੱਚਾ-ਲੰਮਾ ਕੱਦ ਚਿੱਟੇ ਉਕਾਬ ਦੀ ਉਡਾਨ ਨਾਲ ਮਿਣਿਆ ਜਾਂਦਾ ਹੈ ।

ਪਿਆਰੋ ਖੋਜੀ ਜੀ , ਤੁਸੀਂ ਹੱਡਾ-ਰੋੜੀ ਦੀਆਂ ਵੋਟਾਂ ਗਿਣਦੇ ਕਿਸੇ ਇੱਲ ਨੂੰ ਉਕਾਬ ਸਮਝ ਕੇ ਅਪਣੇ ਖੋਜ-ਕਾਰਜ ਨੂੰ ਦੂਸ਼ਿਤ ਨਾ ਕਰ ਬੈਠਣਾ , ਕਿਉਂ ਜੋ ਉਕਾਬ ਤਾਂ ਜੰਡ ਦੇ ਪਰਚਮ ਨੂੰ ਛਾਂ ਕਰਨ ਨਿਕਲਿਆ ਹਰ ਤਰ੍ਹਾਂ ਦੀ ‘ਵਾਦੀਏ-ਮੁਖਾਲਿਫ਼ ’ ਸਾਹਮਣੇ ਸੀਨਾ ਤਾਣ ਕੇ ਉਡਦਾ ਹੈ ਅਤੇ ਆਕਾਸ਼ਬਾਣੀ ਤੋਂ ਉਠਦੇ ਹਰ ਤਾਜ਼ਾ ਬਿਆਨ ਦੇ ਬਿਲ-ਮੁਕਾਬਿਲ ਖੜਾ ਹੋ ਕੇ ਐਲਾਨ ਕਰਦਾ ਹੈ ਕਿ – ਆਕਾਸ਼ ਉੱਤੇ ਛਾਈ ਧੂੜ ਦਾ ਰੰਗ ਕਾਲ-ਕੋਠੜੀਆਂ ਅੰਦਰ ਦੜੇ ਮਾਸੂਸ ਬਾਲਾਂ ਦੀਆਂ ਨਰਮ-ਨਾਜ਼ਕ ਖਾਖਾਂ ਤੇ ਪਸੱਰੀ ਆਪ-ਮੁਹਾਰੀ ਲਾਲੀ ਵਰਗਾ ਹੈ , ਅਤੇ ਜੰਗਲ ਨੂੰ ਲਾਈ ਅੱਗ ਦਾ ਰੰਗ ਤਪਦੀ ਭੱਠੀ ‘ਚੋਂ ਨਿਕਲਦੀ ਲਾਟ ਦੇ ਸੇਕ ਵਰਗਾ । ਇਸ ਲਈ ਇਲੈਕਸ਼ਨ ਵਾਇਦਿਆਂ ਤੋਂ ਅੱਕੇ-ਥੱਕੇ, ਤਪਦੇ –ਸੜਦੇ ਖੇਤਾਂ ‘ਚੋਂ ਲੰਘਦੇ ਨੰਗੇ ਪੈਰਾਂ ਦੇ ਸਫ਼ਰ ਨੂੰ ਇਹ ਵਿਸ਼ਵਾਸ਼ ਕਰਨ ਵਿੱਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਕਿ ਦੂਰ ਖੜੀਆਂ ਦਿਸਦੀਆਂ ਦੋ ਧਿਰਾਂ ਦਾ ਤਾਪਮਾਨ ਇਕ ਦੂਜੀ ਨਾਲ ਘਿਓ –ਖਿਚੜੀ ਹੋਇਆ , ਭੂ-ਮੱਧ ਰੇਖਾ ਉੱਤੇ ਕਹਿਰਵਾਨ ਹੋਣ ਲਈ ਕਮਰ-ਕੱਸੇ ਕੀਤੀ ਖੜਾ ਹੈ , ਕਿਉਂਕਿ ਕਬਰਸਤਾਨ ਉੱਤੇ ਜੰਮੀ ਨੀਲੀ-ਚਿੱਟੀ ਝਿੱਲੀ ਖਰੋਚਣ ਵਾਲੀਆਂ ਲਾਲ-ਕਿਰਮਚੀ ਪੌਣਾਂ , ਹੁਣ ਇਨਸੈਟ ਦੀ ਬਜਾਏ ਆਫਸੈਟ ਦੀ ਅਗਵਾਈ ਕਬੂਲਣ ਲੱਗ ਪਈਆਂ ਹਨ ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>