ਪੰਜਾਬੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੰਬੇ ਸੰਘਰਸ਼ ਕਾਰਨ ਬਚੇ ਸਨ 55 ਪਿੰਡ

ਮਜੀਠਾ – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੰਦੂਖੇੜਾ ਪਿੰਡਾਂ ਵਰਗੇ ਪੰਜਾਬੀ ਬੋਲਦੇ ਇਲਾਕਿਆਂ ਦਾ ਪੰਜਾਬ ਵਿੱਚ ਰਲੇਵੇਂ ਦਾ ਸਿਹਰਾ ਆਪਣੀ ਬੋਲ-ਬਾਣੀ ਦੇ ਗ਼ੁਸਤਾਖ ਲਹਿਜ਼ੇ ਸਿਰ ਬੰਨ੍ਹਣ ਦੀ ਖਿੱਲੀ ਉਡਾਉਂਦਿਆਂ ਕਿਹਾ ਹੈ ਕਿ ਪੂਰੀ ਦੁਨੀਆਂ ਜਾਣਦੀ ਹੈ ਕਿ ਮਾਲਵਾ ਪੱਟੀ ਦੇ 55 ਪੰਜਾਬੀ ਬੋਲਦੇ ਪਿੰਡ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬੀਆਂ ਦੇ ਜ਼ਬਰਦਸਤ ਸੰਘਰਸ਼ ਕਾਰਨ ਹਰਿਆਣਾ ਵਿੱਚ ਸ਼ਾਮਿਲ ਹੋਣ ਤੋਂ ਬਚਾਏ ਗਏ ਸਨ ਨਾ ਕਿ ਕੈਪਟਨ ਵਰਗੇ ਕਿਸੇ ਸ਼ੋਸ਼ੇਬਾਜ਼ ਆਗੂ ਦੀ ਮਿਹਰਬਾਨੀ ਸਦਕਾ।

ਅੱਜ ਮਜੀਠਾ ਹਲਕੇ ਦੇ ਪਿੰਡ ਜਿੱਜੇਆਣੀ ਵਿੱਚ ਸ੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ 1986 ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਰਨਾਲਾ ਸਰਕਾਰ ਸੀ ਜਦੋਂ ਕੰਦੂਖੇੜਾ ਪਿੰਡ ਦੇ ਵਾਸੀਆਂ ਨੇ ਆਪਣੀ ਮਾਤ-ਭਾਸ਼ਾ ਪੰਜਾਬੀ ਦਰਜ ਕਰਵਾ ਕੇ ਇਸ ਤੋਂ ਅਗਲੇ 54 ਪਿੰਡਾਂ ਨੂੰ ਹਰਿਆਣਾ ਵਿੱਚ ਜਾਣ ਤੋਂ ਬਚਾਇਆ ਸੀ। ਇਹ ਸਭ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸਮੁੱਚੇ ਪੰਥ ਅਤੇ ਪੰਜਾਬੀਆਂ ਵੱਲੋਂ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਲਈ ਵਿੱਢੇ ਗਏ ਲੰਬੇ ਸੰਘਰਸ਼ ਦਾ ਹੀ ਨਤੀਜਾ ਸੀ। ਮਜੀਠੀਆ ਨੇ ਕਿਹਾ ਕਿ ਅਬੋਹਰ-ਫ਼ਾਜ਼ਿਲਕਾ ਤਹਿਸੀਲਾਂ ਦੇ ਇਨ੍ਹਾਂ ਪੰਜਾਬੀ ਬੋਲਦੇ ਪਿੰਡਾਂ ਸਬੰਧੀ ਸੰਘਰਸ਼-ਪੂਰਨ ਜਿੱਤ ਦਾ ਸਿਹਰਾ ਪੰਜਾਬੀਆਂ ਜਾਂ ਅਕਾਲੀ ਦਲ, ਜਿਸਦੇ ਕੈਪਟਨ ਉਸ ਵਕਤ ਮੈਂਬਰ ਸਨ, ਨੂੰ ਨਾ ਦੇ ਕੇ ਬਦੋਬਦੀ ਆਪਣੇ ਸਿਰ ਬੰਨ੍ਹ ਲੈਣਾ ਕੈਪਟਨ ਦੇ ਹੋਛੇਪਣ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ, ਕਪੂਰੀ ਦੇ ਮੋਰਚੇ, ਧਰਮ-ਯੁੱਧ ਮੋਰਚੇ ਅਤੇ ਹੋਰ ਅਕਾਲੀ ਸੰਘਰਸ਼ਾਂ ਦਾ ਇਤਿਹਾਸ ਅੱਜ ਮੌਜੂਦ ਨਾ ਹੁੰਦਾ ਤਾਂ ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ ਹੋਰ ਕੀ-ਕੀ ਕੁਫ਼ਰ ਤੋਲਦਾ।

ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਤਿਹਾਸ ਦਾ ‘‘ਭੁਲੱਕੜ ਵਿਦਿਆਰਥੀੂ ਕਰਾਰ ਦਿੰਦਿਆਂ ਕਿਹਾ ਕਿ ਲੋਕ ਜਾਣਦੇ ਹਨ ਕਿ ਅਜਿਹੀਆਂ ਜਿੱਤਾਂ ਕਿਸੇ ਇੱਕ ਸ਼ੋਸ਼ੇਬਾਜ ਸਿਆਸੀ ਆਗੂ ਦੀ ਬਦੌਲਤ ਨਹੀਂ ਸਗੋਂ ਲੋਕ-ਸੰਘਰਸ਼ਾਂ ਦੇ ਬਲਬੂਤੇ ਹੀ ਮਿਲਦੀਆਂ ਹਨ। ਖ਼ਾਸ ਕਰਕੇ ਜਦੋਂ ਅਜਿਹਾ ਆਗੂ ਅਜਿਹੀ ਪ੍ਰਾਪਤੀ ਨੂੰ ਆਪਣੀ ਗ਼ੁਸਤਾਖ਼ ਭਾਸ਼ਾ ਜਾਂ ਬਦਜ਼ੁਬਾਨੀ ਦਾ ਨਤੀਜਾ ਦੱਸਦਾ ਹੈ ਤਾਂ ਸਮਝਦਾਰ ਲੋਕ ਉਸ ਦੀ ਸਮਝ ਉਪਰ ਹੱਸ ਹੀ ਸਕਦੇ ਹਨ। ਕੈਬਨਿਟ ਮੰਤਰੀ ਨੇ ਕੈਪਟਨ ਦੀ ਤੁਲਨਾ ਲੱਤਾਂ ‘ਤੇ ਅਸਮਾਨ ਚੁੱਕਿਆ ਸਮਝਣ ਵਾਲੀ ਟਟੀਹਰੀ ਨਾਲ ਕਰਦਿਆਂ ਕਿਹਾ ਕਿ ਜੇਕਰ ਫ਼ੋਕੇ ਦਮਗਜ਼ਿਆਂ ਜਾਂ ਗਾਲ੍ਹ-ਮੰਦਾ ਕਰਕੇ ਇਹੋ ਜਿਹੇ ਹਾਸਲ ਕੀਤੇ ਜਾ ਸਕਦੇ ਸੀ ਤਾਂ ਕੈਪਟਨ ਨੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਿਲ ਕਿਉਂ ਨਾ ਕਰਵਾ ਲਿਆ, ਜਿੱਥੇ ਕਿ ਉਹ ਮੁੱਖ ਮੰਤਰੀ ਹੁੰਦਿਆਂ ਲਗਾਤਾਰ ਪੰਜ ਸਾਲ ਰਹਿੰਦੇ ਰਹੇ ਹਨ? ਇਸੇ ਦੌਰਾਨ ਸ: ਮਜੀਠੀਆ ਨੇ ਪਿੰਡ ਹਮਜ਼ਾ, ਅਠਵਾਲ, ਟਰਪੱਈ ਅਤੇ ਬੁਰਜ ਨੌ-ਆਬਾਦਾਂ ਵਿਖੇ ਵੀ ਭਰਵੀਆਂ ਮੀਅਿੰਗਾਂ ਨੂੰ ਸੰਬੋਧਨ ਕੀਤਾ।

ਇਨ੍ਹਾਂ ਚੋਣ ਜਲਸਿਆਂ ਵਿੱਚ ਮਜੀਠੀਆ ਦੇ ਨਾਲ ਸੰਤੋਖ ਸਿੰਘ ਸਮਰਾ, ਤਲਬੀਰ ਸਿੰਘ ਗਿੱਲ, ਹਰਭਜਨ ਸਿੰਘ ਸਪਾਰੀਵਿੰਡ, ਬਲਬੀਰ ਸਿੰਘ ਚੰਦੀ, ਜੋਧ ਸਿੰਘ ਸਮਰਾ, ਪ੍ਰੋ: ਸਰਚਾਂਦ ਸਿੰਘ, ਲਖਵਿੰਦਰ ਸਿੰਘ ਬਾਜਵਾ, ਗਗਨਦੀਪ ਸਿੰਘ ਭਕਨਾ,ਗੋਪਾਲ ਸਿੰਘ, ਕੇਵਲ ਸਿੰਘ, ਬਲਹਾਰ ਸਿੰਘ, ਤਰਲੋਕ ਸਿੰਘ, ਦਲਬੀਰ ਸਿੰਘ, ਪਿੰ੍ਰਸ, ਸੁਖਦੇਵ ਸਿੰਘ ਅਤੇ ਬੱਬੀ ਭੰਗਵਾਂ ਆਦਿ ਵੀ ਮੌਜੂਦ ਸਨ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>