ਅੰਮ੍ਰਿਤਸਰ, ਬਠਿੰਡਾ ਤੇ ਲੁਧਿਆਣਾ ਸੀਟਾਂ ਸਬੰਧੀ ਦੂਰਅੰਦੇਸ਼ੀ ਵਰਤਣ ਦੀ ਵੀ ਜ਼ਰੂਰਤ ਹੈ

ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ 11 ਤੋਂ 13 ਅਪਰੈਲ ਤਕ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਤੇ ਸੰਗਰੂਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ। ਪੰਜਾਬ ਨੇ ਉਸ ਨੂੰ ਸ਼ਾਨਦਾਰ ਜੀ ਆਇਆ ਕਿਹਾ ਹੈ। ਪੰਜਾਬ ਦੀ ਧਰਤੀ ਤੇ ਸਿੱਖ ਕੌਮ ਦੀ ਇਹ ਸਿਫ਼ਤ ਹੈ ਕਿ ਇਹ ਦੋਸਤੀ ਦੇ ਇਜ਼ਹਾਰ ਦਾ ਜਵਾਬ ਦਿਲੀ ਇਸ਼ਕ ਨਾਲ ਦੇਂਦੀ ਹੈ। ਵੀਰ ਅਰਵਿੰਦ ਕੇਜਰੀਵਾਲ ਨੇ ਖ਼ੂਨੀ ਚੌਰਾਸੀ ਦੇ 1984 ਦੇ ਕਤਲੇਆਮ ਤੇ ਦਵਿੰਦਰ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਦੀ ਮੁਆਫ਼ੀ ਵਾਸਤੇ ਜੋ ਪਹਿਲ ਕੀਤੀ, ਉਹ ਸਚਮੁਚ ਕਾਬਲੇ-ਤਾਰੀਫ਼ ਹੈ। ਉਸ ਦਾ ਇਹ ਕਦਮ ਸਿੱਖਾਂ ਦੇ ਸੀਨੇ ਵਿਚ ਘਰ ਕਰ ਗਿਆ ਤੇ ਸਿੱਖਾਂ ਨੇ ਦਿਲੋਂ ਉਸ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ। ਇਸ ਤਿੰਨ ਦਿਨਾ ਦੌਰੇ ਵਿਚ ਪੰਜਾਬੀਆਂ ਅਤੇ ਖ਼ਾਸ ਕਰ ਕੇ ਸੂਝਵਾਨ ਸਿੱਖਾਂ ਨੇ ਉਸ ਦੇ ਰਾਹਾਂ ਵਿਚ ਅੱਖਾਂ ਵਿਛਾ ਦਿੱਤੀਆਂ। ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਦੀਨਾਨਗਰ, ਖਟਕੜ, ਲੁਧਿਆਣਾ, ਅਹਿਮਦਗੜ੍ਹ, ਮਲੇਰਕੋਟਲਾ, ਸ਼ੇਰਪੁਰ, ਸੁਨਾਮ, ਬਰਨਾਲਾ, ਸੰਗਰੂਰ ਨੇ ਜੋ ਨਿੱਘ ਵੀਰ ਅਰਵਿੰਦ ਕੇਜਰੀਵਾਲ ਨੂੰ ਦਿਖਾਈ ਹੈ ਸ਼ਾਇਦ ਉਸ ਨੇ ਉਹ ਕਿਤੇ ਹੋਰ ਏਨੀ ਸ਼ਿਅਦਤ ਨਾਲ ਮਹਿਸੂਸ ਨਹੀਂ ਕੀਤੀ ਹੋਣੀ। ਮੁਬਾਰਕ ਹੈ ਵੀਰ ਅਰਵਿੰਦ ਕੇਜਰੀਵਾਲ ਨੂੰ ਅਤੇ ਪੰਜਾਬ ਦੀ ਮੋਹ ਭਰੀ ਜਨਤਾ ਨੂੰ। ਪਰ, ਇਕ ਖ਼ਿਆਲ ਰਹੇ ਕਿ ਇਹ ਸਭ ਕੁਝ ਅਖ਼ੀਰ ਨਹੀਂ ਹੈ। 30 ਅਪ੍ਰੈਲ ਦੇ ਦਿਨ ਚੌਕਸੀ ਨਾਲ ਤੇ ਬੇਈਮਾਨ ਤੋਂ ਖ਼ਬਰਦਾਰ ਰਹਿ ਕੇ ਇਸ ਦਾ ਫਲ ਹਾਸਿਲ ਕਰਨਾ ਲਾਜ਼ਮੀ ਹੈ ਵਰਨਾ ਇਹ ਸਾਰਾ ਜ਼ਾਇਆ ਜਾ ਸਕਦਾ ਹੈ। ਦੁਸ਼ਮਣ ਚਾਲਾਕ ਹੈ, ਬੇਈਮਾਨ, ਹੈ, ਛਾਤਰ ਹੈ; ਉਸ ਨੇ ਪੈਰ ਪੈਰ ‘ਤੇ ਦਗ਼ਾ ਕਰਨਾ ਹੈ; ਉਸ ਨੇ ਪੋਲਿੰਗ ਏਜੰਟ ਖ਼ਰੀਦਣੇ ਹਨ; ਉਸ ਨੇ ਜਾਅਲੀ ਵੋਟਾਂ ਪੁਆਉਣੀਆਂ ਹਨ; ਉਸ ਨੇ ਬੂਥਾਂ ‘ਤੇ ਕਬਜ਼ਾ ਕਰਨਾ ਹੈ। ਇਸ ਬਾਰੇ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।

ਪਰ, ਇਸ ਤੋਂ ਵੀ ਵੱਡੀ ਲੋੜ ਹੈ, ਦੀਵਾਰ ‘ਤੇ ਲਿਖਿਆ ਪੜ੍ਹਨ ਦੀ। ਇਸ ਚੋਣ ਦਾ ਪਹਿਲਾ ਨਿਸ਼ਾਨਾ ਏਜੰਟਾਂ ਕੁਰਪਸ਼ਨ, ਠੱਗੀ ਤੇ ਬੇਈਮਾਨੀ ਨੂੰ ਹਰਾਉਣ ਦਾ ਹੈ। ਕਾਂਗਰਸ ਬੇਈਮਾਨ ਹੈ ਤੇ ਭਾਰਤੀ ਜਨਤਾ ਪਾਰਟੀ (ਤੇ ਪੰਜਾਬ ਵਿਚ ਬਾਦਲ ਪਾਰਟੀ) ਬੇਈਮਾਨ ਵੀ ਹੈ ਤੇ ਫ਼ਿਰਕਾਪ੍ਰਸਤ ਵੀ; ਉਨ੍ਹਾਂ ਵਿਚ ਹਿਟਲਰ ਦੀ ਨਾਜ਼ੀ ਸੋਚ ਕੁਰਬਲ ਕੁਰਬਲ ਕਰ ਰਹੀ ਹੈ। ਜਿਹੜੇ ਚੋਣਾਂ ਵਿਚ ਹਜ਼ਾਰਾਂ ਕਰੋੜ ਰੁਪੈ ਖ਼ਰਚ ਕਰ ਰਹੇ ਹਨ ਉਹ ਇਹ ਖ਼ਰਚਾ ਦਸ ਗੁਣਾ ਵਧ ਕੱਢਣ ਵਾਸਤੇ ਕਿੰਨੀ ਕੁਰਪਸ਼ਨ ਕਰਨਗੇ ਇਹ ਵੀ ਸਮਝਣ ਦੀ ਜ਼ਰੂਰਤ ਹੈ।
ਆਮ ਆਦਮੀ ਪਾਰਟੀ ਭਾਰਤ ਵਿਚ ਤੇ ਪੰਜਾਬ ਵਿਚ ਤੀਜੀ ਧਿਰ ਬਣ ਕੇ ਉਭਰੀ ਹੈ। ਜਦ ਸਾਰੇ ਪਾਸੇ ਹਨੇਰਾ ਹੋਵੇ ਤਾਂ ਕਈ ਵਾਰ ਚਾਣਨ ਦੀ ਇਕ ਕਿਰਨ ਹੀ ਰਸਤਾ ਦਿਖਾ ਦੇਂਦੀ ਹੈ। ਵੀਰ ਅਰਵਿੰਦ ਕੇਜਰੀਵਾਲ ਹਨੇਰੀ ਕੋਠੜੀ ਵਿਚ ਇਕ ਰੋਸ਼ਨਦਾਨ ਬਣ ਕੇ ਪਰਗਟ ਹੋਇਆ ਹੈ। 1974 ਦੀ ਜੈ ਪ੍ਰਕਾਸ਼ ਨਾਰਾਇਣ ਦੀ ਲਹਿਰ ਮੁੜ ਜ਼ਿੰਦਾ ਹੋ ਗਈ ਹੈ। ਉਦੋਂ ਭਾਂਤ ਭਾਂਤ ਦੀਆਂ ਲਕੜੀਆਂ ਮੁੜ ਬਿਖਰ ਗਈਆਂ ਸਨ; ਹੁਣ ਇਕ ਦਰਖ਼ਤ ਹੈ ਜਿਸ ਨੂੰ ਤੋੜਿਆ  ਨਹੀਂ ਜਾ ਸਕੇਗਾ।

ਅੰਮ੍ਰਿਤਸਰ, ਬਠਿੰਡਾ ਅਤੇ ਲੁਧਿਆਣ ਸੀਟਾਂ ਦਾ ਮਸਲਾ

ਇਸ ਵਕਤ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਜ਼ਬਰਦਸਤ ਰੋਹ ਹੈ; ਉਂਞ ਲੋਕ ਕਾਂਗਰਸ ਨੂੰ ਵੀ ਨਹੀਂ ਚਾਹੁੰਦੇ। ਪੰਜਾਬ ਵਿਚ ਤਿਕੋਣੀ ਟੱਕਰ ਹੈ; ਕੁਝ ਜਗਹ ਚਾਰ ਕੋਣੀ ਟੱਕਰ ਵੀ ਹੈ। ਇਸ ਟਕਰਾਅ ਵਿਚ ਸੂਝ ਦਾ ਪੱਲਾ ਫੜਨਾ ਜ਼ਰੂਰੀ ਹੈ ਵਰਨਾ ਬਹੁਤ ਨੁਕਸਾਨ ਹੋ ਜਾਵੇਗਾ। ਅੰਮ੍ਰਿਤਸਰ, ਬਠਿੰਡਾ ਤੇ ਲੁਧਿਆਣਾ ਸੀਟਾਂ ਖ਼ਾਸ ਵਿਚਾਰ ਦੀ ਮੰਗ ਕਰਦੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀ ਕਿ ਕਾਂਗਰਸ ਕੁਰਪਸ਼ਨ ਅਤੇ ਇਕ ਪਰਵਾਰ ਦੀ ਮਨਾਪਲੀ ਬਣੀ ਹੋਈ ਹੈ; ਪੰਜਾਬ ਨਾਲ ਇਸ ਨੇ ਬਹੁਤ ਧੱਕਾ ਕੀਤਾ ਹੈ; ਸਿੱਖਾਂ ‘ਤੇ ਇਸ ਨੇ ਰੱਜ ਕੇ ਜ਼ੁਲਮ ਕੀਤਾ ਹੈ। ਸਿੱਖ ਇਸ ਨੂੰ ਕਦੇ ਮੁਆਫ਼ ਨਹੀਂ ਕਰ ਸਕਦੇ (ਇਸ ਨੇ ਕਦੇ ਸਿੱਖਾਂ ਤੋਂ ਦਿਲੋਂ ਮੁਆਫ਼ੀ ਵੀ ਨਹੀਂ ਮੰਗੀ)। ਪਰ, ਮੌਜੂਦਾ ਸੂਰਤ ਵਿਚ ਸਭ ਤੋਂ ਵੱਡਾ ਖ਼ਤਰਾ ਭਾਰਤੀ ਜਨਤਾ ਪਾਰਟੀ ਤੋਂ ਹੈ; ਜੇ ਇਹ ਪਾਰਟੀ ਜਿੱਤ ਜਾਂਦੀ ਹੈ ਤਾਂ ਫ਼ਾਸ਼ੀਵਾਦ ਤੇ ਜ਼ੁਲਮ ਦਾ ਉਹ ਦੌਰ ਚੱਲੇਗਾ ਕਿ ਲੋਕ ਤਰਾਹ ਤਰਾਹ ਕਰ ਉਠਣਗੇ।

ਪਰ, ਜਦ ਦੋ ਦੁਸ਼ਮਣ ਹੋਣ ਤਾਂ ਵਧ ਖ਼ਤਰਨਾਕ ਦੁਸ਼ਮਣ ਨੂੰ ਖ਼ਤਮ ਕਰਨਾ ਪਹਿਲੀ ਜ਼ਰੂਰਤ ਹੁੰਦੀ ਹੈ। ਇਸ ਕਰ ਕੇ ਅੰਮ੍ਰਿਤਸਰ ਤੇ ਬਠਿੰਡਾ ਸੀਟਾਂ ਵਾਸਤੇ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਮੁਹੱਬਤ ਦਿੱਤੀ ਹੈ ਤੇ ਬਹੁਤ ਸਾਰੇ ਵੋਟਰ ਇਸ ਮੁਹੱਬਤ ਨੂੰ ਐਕਸ਼ਨ ਵਿਚ ਬਦਲਣਗੇ। ਪਰ ਹਕੀਕਤ ਨੂੰ ਕਬੂਲ ਕਰਨਾ ਸਿਆਣਪ ਹੁੰਦੀ ਹੈ। ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਕਿਸੇ ਹਾਲਤ ਵਿਚ ਵੀ ਅੰਮ੍ਰਿਤਸਰ ਤੇ ਬਠਿੰਡਾ ਸੀਟਾਂ ਨਹੀਂ ਜਿੱਤ ਸਕਦੀ। ਇਨ੍ਹਾਂ ਦੋਹਾਂ ਸੀਟਾਂ ‘ਤੇ ਹੀ ਜਿੰਨੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲਣਗੀਆਂ ਉਹ ਭਾਜਪਾ ਦਾ ਭਲਾ ਕਰਨਗੀਆਂ। ਮੈਂ ਨਹੀਂ ਕਹਿੰਦਾ ਕਿ ਕਾਂਗਰਸ ਦੀ ਹਿਮਾਇਤ ਕੀਤੀ ਜਾਵੇ; ਪਰ ਭਾਜਪਾ ਨੂੰ ਜਿੱਤਣ ਤੋਂ ਰੋਕਣਾ ਲਾਜ਼ਮੀ ਹੈ। ਇਸ ਕਰ ਕੇ ਡਾ ਦਲਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਅਤੇ ਜੱਸੀ ਜਸਰਾਜ ਨੂੰ ਬਠਿੰਡਾ ਤੋਂ ਆਪਣੇ ਨਾਂ ਵਾਪਿਸ ਲੈ ਲੇਣੇ ਚਾਹੀਦੇ ਹਨ। ਜੇ ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਫ਼ਿਰਕੂ ਪਾਰਟੀ ਦੇ ਅਰੁਣ ਜੇਤਲੀ ਅਤੇ ਕੁਰਪਟ ਬਾਦਲ ਦਲ ਦੀ ਹਰਸਿਮਰਤ ਬਾਦਲ ਨੂੰ ਜਿਤਾਉਣ ਦੇ ਗੁਨਹਗਾਰ ਹੋਵਾਂਗੇ।ਭਾਜਪਾ ਜੇ ਇਹ ਸੀਟ ਆਪਣੀ ਪਾਰਟੀ ਵਾਸਤੇ ਹੀ ਰਖਣਾ ਚਾਹੁੰਦੀ ਤਾਂ ਕਿਸੇ ਸਿੱਖ ਭਾਜਪਾਈ ਨੂੰ ਖੜ੍ਹਾ ਕਰ ਸਕਦੀ ਸੀ। ਪਰ, ਅਰੁਣ ਜੇਤਲੀ ਨੂੰ ਇਸ ਸੀਟ ਤੋਂ ਇਸ ਕਰ ਕੇ ਖੜ੍ਹਾ ਕੀਤਾ ਗਿਆ ਤਾਂ ਜੋ ਅੰਮ੍ਰਿਤਸਰ ਨੂੰ ਹਿੰਦੂ ਸ਼ਹਿਰ ਗਰਦਾਨਿਆ ਜਾ ਸਕੇ। ਅਰੁਣ ਜੇਤਲੀ ਪੰਜਾਬੀ ਨਹੀਂ ਹੈ; ਉਹ ਪੰਜਾਬੀ ਲਿਖਣੀ ਪੜ੍ਹਨੀ ਤਾਂ ਕੀ ਬੋਲ ਵੀ ਨਹੀਂ ਸਕਦਾ; ਉਸ ਨੂੰ ਪੰਜਾਬੀਅਤ ਦਾ ੳ ਅ ਵੀ ਨਹੀਂ ਪਤਾ। ਅੰਮ੍ਰਿਤਸਰ ਦੇ ਗਰੀਨ ਐਵਨਿਊ ਵਿਚ ਕੋਠੀ ਖ਼ਰੀਦ ਲੈਣ ਨਾਲ ਉਹ ਪੰਜਾਬੀ ਨਹੀਂ ਬਣ ਜਾਂਦਾ।

ਇਸ ਨੇ ਨਾਲ ਹੀ ਇਹ ਵੀ ਖਿਆਲ ਰਹੇ ਕਿ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ ‘ਤੇ ਇੰਦਰਾ ਗਾਂਧੀ ਦੇ ਹਮਲੇ ਦੇ ਖ਼ਿਲਾਫ਼ ਲੋਕ ਸਭਾ ਤੋਂ ਅਸਤੀਫ਼ਾ ਦਿੱਤਾ ਸੀ; ਪਰ ਭਾਜਪਾ ਨੇ ਇਸ ਹਮਲੇ ਵਾਸਤੇ ਗਰਾਊਂਡ ਤਿਆਰ ਕੀਤੀ ਤੇ ਲੱਡੂ ਵੀ ਵੰਡੇ ਸਨ। ਅਮਰਿੰਦਰ ਸਿੰਘ ਨੇ ਪੰਜਾਬ ਦੇ ਪਾਣੀ ਬਚਾਉਣ ਵਾਸਤੇ ਕਾਨੂੰਨ ਪਾਸ ਕੀਤਾ ਸੀ, ਜਦ ਕਿ ਭਾਜਪਾ ਨੇ ਪਾਰਲੀਮੈਂਟ ਵਿਚ ਇਸ ਦੀ ਰੱਜਵੀਂ ਮੁਖ਼ਾਲਫ਼ਤ ਕੀਤਾ ਸੀ ਅਤੇ ਹੁਣ ਵੀ ਭਾਜਪਾ ਦਰਿਆਵਾਂ ਨੂੰ ਜੋੜ ਕੇ ਪੰਜਾਬ ਦੇ ਪਾਣੀ ਖੋਹਣ ਦਾ ਐਲਾਨ ਕਰ ਚੁਕੀ ਹੈ। ਸਾਡੀ ਹਮਦਰਦੀ ਮਨਪ੍ਰੀਤ ਸਿੰਘ ਬਾਦਲ ਨਾਲ ਵੀ ਕੋਈ ਨਹੀਂ ਪਰ ਹਰਸਿਰਮਤ ਬਾਦਲ ਨੂੰ ਜਿੱਤਣ ਤੋਂ ਰੋਕਣਾ ਸਾਡੀ ਪਹਿਲ ਹੈ।

ਜੇ ਭਾਜਪਾ ਤੇ ਕਾਂਗਰਸ ਅੰਦਰੋਂ ਅੰਦਰੀ ਸਮਝੌਤਾ ਕਰ ਸਕਦੇ ਹਨ ਤਾਂ ਅਸੀਂ ਸੂਝ ਕਿਉਂ ਨਹੀਂ ਵਰਤ ਸਕਦੇ?:

ਜੇ ਦਸੰਬਰ 2013 ਵਿਚ ਭਾਜਪਾ ਤੇ ਕਾਂਗਰਸ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕਪਾਲ ਬਿੱਲ ਨੂੰ ਹਰਾਉਣ ਵਾਸਤੇ ਇਕੱਠੇ ਹੋ ਗਏ ਸਨ ਤਾਂ ਪੰਜਾਬ ਵਿਚ ਸੂਝ ਕਿਉਂ ਨਹੀਂ ਵਰਤੀ ਜਾ ਸਕਦੀ? ਬਹੁਤ ਘਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਜਪਾ ਤੇ ਕਾਂਗਰਸ ਨੇ ਮੌਜੂਦਾ ਚੋਣ ਵਿਚ ਵੀ ਕੁਝ ਸੀਟਾਂ ‘ਤੇ ਸਮਝੌਤਾ ਕੀਤਾ ਹੋਇਆ ਹੈ। ਅਮੇਠੀ ਵਿਚ ਆਮ ਆਦਮੀ ਪਾਰਟੀ ਰਾਹੁਲ ਗਾਂਧੀ ਨੂੰ ਹਰਾਉਂਦੀ ਨਜ਼ਰ ਆ ਰਹੀ ਸੀ; ਪਰ ਭਾਜਪਾ ਨੇ ਉਥੋਂ ਸਿਮਰਤੀ ਈਰਾਨੀ ਨੂੰ ਖੜ੍ਹਾ ਕਰ ਦਿੱਤਾ ਤਾਂ ਜੋ ਰਾਹੁਲ ਗਾਂਧੀ ਦੇ ਵਿਰੋਧ ਵਿਚ ਪੈਣ ਵਾਲੀਆਂ ਵੋਟਾਂ ਨੂੰ ਵੰਡਿਆ ਜਾ ਸਕੇ। ਇਸ ਦੇ ਬਦਲੇ ਵਿਚ ਵਾਰਾਨਸੀ ਤੋਂ ਨਰੇਂਦਰ ਮੋਦੀ ਨੂੰ ਅਰਵਿੰਦ ਕੇਜਰੀਵਾਲ ਤੋਂ ਹਰਦਾ ਦੇਖ ਕੇ ਕਾਂਗਰਸ ਨੇ ਆਪਣਾ ਉਮੀਦਵਾਰ ਖੜ੍ਹਾ ਕਰ ਦਿੱਤਾ ਹੈ ਤਾਂ ਜੋ ਮੋਦੀ ਦੇ ਖ਼ਿਲਾਫ਼ ਪੈਣ ਵਾਲੀਆਂ ਵੋਟਾਂ ਵੰਡੀਆਂ ਜਾ ਸਕਣ। ਇਸ ਅੰਦਰੂਨੀ ਸਮਝੌਤੇ ਹੇਠ ਅਮੇਠੀ ਵਿਚ ਭਾਜਪਾ ਕਾਂਗਰਸ ਦੀ ਤੇ ਵਾਰਾਨਸੀ ਵਿਚ ਕਾਂਗਰਸ ਭਾਜਪਾ ਦੀ ਮਦਦ ਕਰ ਰਹੀ ਹੈ। ਜੇ ਅਮੇਠੀ ਵਿਚੋਂ ਭਾਜਪਾ ਕਾਂਗਰਸ ਤੇ ਵਾਰਾਨਸੀ ਵਿਚੋਂ ਕਾਂਗਰਸ ਆਪਣੇ-ਆਪਣੇ ਉਮੀਦਵਾਰ ਖੜ੍ਹੇ ਹਟਾ ਲੈਣ ਤਾਂ ਰਾਹੁਲ ਅਤੇ ਮੋਦੀ ਦੋਹਾਂ ਦੇ ਹਾਰਨ ਦੇ ਪੂਰੇ ਆਸਾਰ ਹਨ।

ਲੁਧਿਆਣਾ ਸੀਟ ਤੋਂ ਸਿਮਰਜੀਤ ਸਿੰਘ ਬੈਂਸ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਦਾ ਹੈ। ਇਹੀ ਨਿਸ਼ਾਨਾ ਆਮ ਆਦਮੀ ਪਾਰਟੀ ਦਾ ਹੈ। ਅੱਜ ਹਾਲਾਤ ਇਹ ਹਨ ਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਹਰਵਿੰਦਰ ਸਿੰਘ ਫੂਲਕਾ ਦੇ ਜਿੱਤਣ ਦੀ ਪੂਰੀ ਉਮੀਦ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਮਰਜੀਤ ਸਿੰਘ ਬੈਂਸ ਦੇ ਹੱਥ ਵਿਚ ਲੁਧਿਆਣਾ ਸ਼ਹਿਰ ਦੀ ਤਕਰੀਬਨ ਡੇਢ ਦੋ ਲੱਖ ਵੋਟ ਹੈ। ਬਾਦਲ ਦਲ ਦੇ ਮਨਪ੍ਰੀਤ ਇਆਲੀ ਨੇ ਆਪਣੇ ਅਰਬਾਂ ਰੁਪੈ ਦੇ ਖ਼ਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਹਨ। ਗ਼ਰੀਬ ਜਨਤਾ, ਮਜਬੂਰੀ ਵਿਚ, ਅਕਸਰ ਆਪਣੇ ਈਮਾਨ ਦਾ ਸੌਦਾ ਕਰਿਆ ਕਰਦੀ ਹੈ। ਇਹ ਸਾਰਾ ਕੁਝ ਇਸ ਸੀਟ ਨੂੰ ਖ਼ਤਰੇ ਵਿਚ ਪਾ ਸਕਦਾ ਹੈ। ਇਸ ਕਰ ਕੇ ਸਾਡੀ ਸਿਮਰਜੀਤ ਸਿੰਘ ਬੈਂਸ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਆਪਣੀ ਉਮੀਦਵਾਰੀ ਛੱਡ ਕੇ ਹਰਵਿੰਦਰ ਸਿੰਘ ਫੂਲਕਾ ਦਾ ਸਾਥ ਦੇਣ। ਇਸ ਨਾਲ ਬੈਂਸ ਵੀਰ ਦਾ ਨਿਸ਼ਾਨਾ ਹਰ ਹਾਲਤ ਵਿਚ ਪੂਰਾ ਹੋ ਜਾਵੇਗਾ; ਬਾਦਲ ਦਲ ਨੂੰ ਇਸ ਸੀਟ ਤੋਂ ਜ਼ਬਰਦਸਤ ਤੇ ਬੇਮਿਸਾਲ ਹਾਰ ਮਿਲੇਗੀ। ਫੂਲਕਾ ਦੀ ਜਿੱਤ ਨਾਲ ਸਿਮਰਜੀਤ ਸਿੰਘ ਬੈਂਸ ਦੀ ਓਨੀ ਹੀ ਸ਼ਾਨ ਹੋਵੇਗੀ ਜਿੰਨੀ ਆਮ ਆਦਮੀ ਪਾਰਟੀ ਦੀ। ਉਹ ਖ਼ੁਦ ਤਾਂ ਪਹਿਲਾਂ ਹੀ ਐਮ.ਐਲ.ਏ. ਹਨ। ਵਖ ਵੱਖ ਪਾਰਟੀਆਂ, ਜਥੇਬੰਦੀਆਂ, ਜਮਾਤਾਂ, ਅਦਾਰਿਆਂ ਦੇ ਮੋਹਿਤਬਰ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਮਰਜੀਤ ਸਿੰਘ ਬੈਂਸ ਨੂੰ ਮਿਲ ਕੇ ਅਪੀਲ ਕਰਨ; ਮੇਰੀ ਅਪੀਲ ਵਾਂਗ ਖੁਲ੍ਹੀ ਅਪੀਲ ਵੀ ਕੀਤੀ ਜਾਵੇ ਕਿ ਉਹ ਹਰਵਿੰਦਰ ਸਿੰਘ ਫੂਲਕਾ ਨਾਲ ਇਕੱਠੇ ਹੋ ਕੇ ਸਾਂਝੇ ਦੁਸ਼ਮਣ ਨੂੰ ਹਰਾਉਣ ਵਾਸਤੇ ਮੈਦਾਨੇ ਜੰਗ ਦੀ ਸੂਝ ਵਾਲਾ ਪੈਂਤੜਾ ਅਪਣਾਉਣ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>