ਸਿਆਸੀ ਪਾਰਟੀਆਂ ਦਾ ਖੋਖਲਾਪਨ

ਪੰਜਾਬ ਦੀ ਸਿਆਸਤ ਦੇ ਮੈਦਾਨ ਵਿੱਚ ਖਾਸ ਤੌਰ ਤੇ ,ਭਾਰਤ ਵਿੱਚ ਆਮ ਤੌਰ ਤੇ ਖੋਖਲਾਪਨ ਆ ਗਿਆ ਹੈ ਕਿਉਂਕਿ ਸਿਆਸੀ ਪਾਰਟੀਆਂ ਨੂੰ ਆਪਣੇ ਨੇਤਾਵਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਹੀ ਨਹੀਂ ਰਿਹਾ, ਇਸੇ ਕਰਕੇ ਉਹ ਚੋਣਾਂ ਲੜਾਉਣ ਲਈ ਕਲਾਕਾਰਾਂ ਅਤੇ ਅਧਿਕਾਰੀਆਂ ਦੀ ਸ਼ਰਨ ਲੈ ਰਹੇ ਹਨ। ਹੁਣੇ ਹੁਣੇ ਨਵੀਂ ਬਣੀ ਆਮ ਆਦਮੀ ਪਾਰਟੀ ਤਾਂ ਨਿਰਭਰ ਹੀ ਇਹਨਾਂ ਕਲਾਕਾਰਾਂ ਤੇ ਕਰਦੀ ਹੈ, ਇਸਦੇ ਤਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਲਗਪਗ ਸਾਰੇ ਦੇ ਸਾਰੇ ਉਮੀਦਵਾਰ ਹੀ ਕਲਾਕਾਰ,ਪ੍ਰੋਫੈਸ਼ਨਲ ਅਰਥਾਤ ਆਪਣੇ ਕਿਤਿਆਂ ਦੇ ਮਾਹਿਰ ਜਿਵੇਂ ਡਾਕਟਰ,ਵਕੀਲ,ਐਕਟਰ ਐਕਟਰੈਸ,ਲੇਖਕ,ਸ਼ਾਇਰ ਜਾਂ ਸਾਬਕ ਅਧਿਕਾਰੀ ਹੀ ਹਨ। ਅਸਲ ਵਿੱਚ ਸਿਆਸੀ ਨੇਤਾ ਭਰਿਸ਼ਟਾਚਾਰ ਦੇ ਹਮਾਮ ਵਿੱਚ ਲਗਪਗ ਸਾਰੇ ਹੀ ਨੰਗੇ ਹਨ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਤਾਂ ਲੋਕ ਸਭਾ ਚੋਣਾਂ ਲੜਨ ਤੋਂ ਪਹਿਲਾਂ ਹੀ ਆਪਣੇ ਹੱਥ ਖੜ੍ਹੇ ਕਰ ਦਿੱਤੇ ਸਨ ਕਿਉਂਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ 13 ਲੋਕ ਸਭਾ ਦੀਆਂ ਸੀਟਾਂ ਵਿੱਚੋਂ ਤਿੰਨ ਸੀਟਾਂ ਤੇ ਹੀ  ਕਲਕਾਰਾਂ ਅਤੇ ਸੈਲੀਬਰਟਿੀਜ਼ ਨੂੰ ਚੋਣ ਲੜਾਉਣ ਦਾ ਇਰਾਦਾ ਸੀ ਪ੍ਰੰਤੂ ਰਵਾਇਤੀ ਨੇਤਾਵਾਂ ਤੇ ਵਰਕਰਾਂ ਦੇ ਦਬਾਅ ਪੈਣ ਤੇ ਪਾਰਟੀ ਨੇ ਮਨ ਬਦਲਿਆ ਹੈ। ਅੰਮ੍ਰਿਤਸਰ ਤੋਂ ਪਹਿਲਾਂ ਹੀ ਲੋਕ ਸਭਾ ਦੇ ਮੈਂਬਰ ਨਵਜੋਤ ਸਿੰਘ ਸਿੱਧੂ ਪ੍ਰਸਿਧ ਕ੍ਰਿਕਟਰ ਅਤੇ ਕਮੈਂਟੇਟਰ ਸਨ,ਗੁਰਦਾਸਪੁਰ ਤੋਂ ਫ਼ਿਲਮ ਐਕਟਰ ਵਿਨੋਦ ਖੰਨਾ ਮਈ 2009 ਵਿੱਚ ਚੋਣ ਲੜੇ ਸਨ ਤੇ ਇਸ ਵਾਰ ਵੀ ਚੋਣ ਲੜ ਰਹੇ ਹਨ ,ਤੀਜੀ ਹੁਸ਼ਿਆਰਪੁਰ ਦੀ ਸੀਟ ਤੋਂ ਪਿਛਲੀ ਵਾਰ ਆਈ.ਏ.ਅਧਿਕਾਰੀ ਸੋਮ ਨਾਥ ਤੋਂ ਅਸਤੀਫਾ ਦਿਵਾਕੇ ਚੋਣ ਲੜਾਈ ਸੀ ਤੇ ਉਹ ਵੀ ਸੰਤੋਸ਼ ਚੌਧਰੀ ਤੋਂ ਹਾਰ ਗਏ ਸਨ। ਇਸ ਵਾਰ ਉਥੋਂ ਪ੍ਰਸਿੱਧ ਗਾਇਕਾ ਗੁਰਿੰਦਰ ਕੌਰ ਜਿਹੜੀ ਮਿਸ ਪੂਜਾ ਦੇ ਨਾਂ ਨਾਲ ਜਾਣੀ ਜਾਂਦੀ ਹੈ ਨੂੰ ਚੋਣ ਲੜਾਉਣ ਦੀ ਤਿਆਰੀ ਸੀ, ਉਸਨੂੰ ਬੀ.ਜੇ.ਪੀ. ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਗਾਇਕ ਲਾਭ ਜੰਜੂਆ ਨੂੰ ਵੀ ਬੀ.ਜੇ.ਪੀ.ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਹੈ। 23 ਜਨਵਰੀ ਦੀ ਜਗਰਾਓਂ ਵਿਖੇ ਨਰਿੰਦਰ ਮੋਦੀ ਦੀ ਰੈਲੀ ਵਿੱਚ ਪ੍ਰਸਿਧ ਫਿਲਮੀ ਅਭਿਨੇਤਰੀ ਪ੍ਰੀਤੀ ਸਪਰੂ ਨੂੰ ਵੀ ਬੀ.ਜੇ.ਪੀ.ਵਿੱਚ ਸ਼ਾਮਲ ਕਰ ਲਿਆ ਹੈ। ਅੰਮ੍ਰਿਤਸਰ ਤੋਂ ਦਿੱਲੀ ਤੋਂ ਇੱਕ ਸੁਪ੍ਰਸਿਧ ਵਕੀਲ ਅਰੁਣ ਜੇਤਲੀ ਨੂੰ ਲਿਆਕੇ ਖੜ੍ਹਾ ਕਰ ਦਿੱਤਾ ਹੈ। ਇਸ ਤੋਂ ਬੀ.ਜੇ.ਪੀ.ਦੇ ਸਿਆਸੀ ਤੌਰ ਤੇ ਖੋਖਲੇਪਨ ਦਾ ਪ੍ਰਗਟਾਵਾ ਹੋ ਰਿਹਾ ਹੈ। ਚੰਡੀਗੜ੍ਹ ਦੀ ਇੱਕੋ ਇੱਕ ਸੀਟ ਤੋ ਫਿਲਮ ਐਕਟਰੈਸ ਕਿਰਨ ਖੇਰ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਦਿੱਲੀ ਵਿੱਚ ਦਲੇਰ ਮਹਿੰਦੀ ਨੂੰ ਸ਼ਾਮਲ ਕੀਤਾ ਹੈ। ਜੇ ਅਖ਼ਬਾਰਾਂ ਦੀਆਂ ਖ਼ਬਰਾਂ ਨੂੰ ਸੱਚ ਮੰਨੀਏਂ ਤਾਂ ਇਸ ਵਾਰ ਅੰਮ੍ਰਿਤਸਰ ਤੋਂ ਕ੍ਰਿਕਟਰ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਤੇ ਕਾਂਗਰਸ ਪਾਰਟੀ ਵਲੋਂ ਡੋਰੇ ਪਾਏ ਸੀ ਪ੍ਰੰਤੂ ਉਹ ਜਵਾਬ ਦੇ ਗਏ। ਬੀ.ਐਸ.ਪੀ.ਨੇ ਵੀ ਕੇ.ਐਸ.ਮੱਖਣ ਗਾਇਕ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਸਨੂੰ ਆਨੰਦਪੁਰ ਲੋਕ ਸਭਾ ਦੀ ਸੀਟ ਤੋਂ ਉਮੀਦਵਾਰ ਬਣਾਇਆ ਹੈ। ਜਨਵਰੀ 2013 ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਬੀ.ਜੇ.ਪੀ.ਦੇ ਦੋ ਉਮੀਦਵਾਰ ਅੰਮ੍ਰਿਤਸਰ ਤੋਂ ਡਾ.ਨਵਜੋਤ ਕੌਰ ਸਿੱਧੂ ਅਤੇ ਸੋਮ ਪਕਾਸ਼ ,ਦੋ ਸਾਬਕ ਅਧਿਕਾਰੀ ਚੋਣ ਲੜਕੇ ਵਿਧਾਨਕਾਰ ਬਣੇ ਸਨ। ਉਦੋਂ ਸ਼ਰੋਮਣੀ ਅਕਾਲੀ ਦਲ ਦੇ 7 ਸਾਬਕ ਅਧਿਕਾਰੀ ਜਿਹਨਾਂ ਵਿੱਚ ਦਰਬਾਰਾ ਸਿੰਘ ਗੁਰੂ ਆਈ.ਏ.ਐਸ. ਅਧਿਕਾਰੀ ,ਪ੍ਰਗਟ ਸਿੰਘ ਹਾਕੀ ਖਿਡਾਰੀ ਅਤੇ ਡਾਇਰੈਕਟਰ ਖੇਡ ਵਿਭਾਗ,ਨਿਰਮਲ ਸਿੰਘ ਸੇਵਾ ਮੁਕਤ ਹਾਈ ਕੋਰਟ ਦੇ ਜੱਜ,ਐਸ.ਆਰ.ਕਲੇਰ.ਪੀ.ਸੀ.ਐਸ.ਅਧਿਕਾਰੀ,ਪੁਲਿਸ ਅਧਿਕਾਰੀ ਇਜਹਾਰ ਆਲਮ ਦੀ ਪਤਨੀ ਐਸ.ਨੇਸਾਰਾ.ਆਲਮ ਉਰਫ਼ ਫ਼ਰਜ਼ਾਨਾ ਆਲਮ, ਡਾਕਟਰ ਦਲਜੀਤ ਸਿੰਘ ਚੀਮਾਂ ,ਇੱਕ ਜਿਲ੍ਹਾ ਟਰਾਂਸਪੋਰਟ ਅਧਿਕਾਰੀ ਦੀ ਪਤਨੀ ਵਨਿੰਦਰ ਕੌਰ ਲੂੰਬਾ,ਸੁਖਵੰਤ ਸਿੰਘ ਸਰਾਓ.ਸੇਵਾ ਮੁਕਤ ਐਡੀਸ਼ਨਲ ਡਿਪਟੀ ਕਮਿਸ਼ਨਰ ਅਤੇ ਕਾਂਗਰਸ ਦੇ ਅਜਾਇਬ ਸਿੰਘ ਭੱਟੀ ,ਮੁਹੰਮਦ ਸਦੀਕ ਗਾਇਕ ਅਤੇ ਜਗਬੀਰ ਸਿੰਘ ਬਰਾੜ ਬੀ.ਡੀ.ਪੀ.ਓ.ਚੋਣ ਲੜੇ ਸਨ। । ਪੰਜਾਬ ਵਿੱਚ ਇਹ ਸਿਲਸਿਲਾ ਬਲਵੰਤ ਸਿੰਘ ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਵਿੱਚ ਕੁਲਦੀਪ ਮਾਣਕ ਨੂੰ ਬਠਿੰਡਾ ਲੋਕ ਸਭਾ ਦੀ ਰਾਖਵੀਂ ਸੀਟ ਤੋਂ ਚੋਣ ਲੜਾਕੇ ਸ਼ੁਰੂ ਕੀਤਾ ਸੀ। ਵੈਸੇ ਅਕਾਲੀ ਦਲ ਨੇ ਵੀ ਜਸਟਿਸ ਗੁਰਨਾਮ ਸਿੰਘ ਨੂੰ ਚੋਣ ਲੜਾਕੇ ਮੁੱਖ ਮੰਤਰੀ ਅਤੇ ਬਲਬੰਤ ਸਿੰਘ ਬੀ.ਡੀ.ਪੀ.ਓ.ਨੂੰ ਮੰਤਰੀ ਬਣਾਇਆ ਸੀ ਪ੍ਰੰਤੂ ਫਿਰ ਇਸ ਕਰਕੇ ਥੋੜ੍ਹੇ ਸਮੇਂ ਲਈ ਇਹ ਪ੍ਰੈਕਟਿਸ ਬੰਦ ਹੋ ਗਈ ਕਿ ਪੜ੍ਹੇ ਲਿਖੇ ਸਿਆਸਤਦਾਨ ਗ਼ਲਤ ਕੰਮ ਨਹੀਂ ਕਰਦੇ ਸਨ। ਉਸ ਤੋਂ ਬਾਅਦ ਇਸ ਸਮੇਂ ਤਾਂ ਸਿਆਸੀ ਪਾਰਟੀਆਂ ਨੂੰ ਆਪਣੇ ਆਪ ਅਤੇ ਆਪਣੇ ਨੇਤਾਵਾਂ ਵਿੱਚੋਂ ਵਿਸ਼ਵਾਸ਼ ਹੀ ਖ਼ਤਮ ਹੋ ਗਿਆ ਹੈ। ਅਕਾਲੀ ਦਲ ਨੇ 2009 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਜਲੰਧਰ ਤੋਂ ਰਾਜ ਗਾਇਕ ਹੰਸ ਰਾਜ ਹੰਸ ਨੂੰ ਕਾਂਗਰਸ ਦੇ ਮਹਿੰਦਰ ਸਿੰਘ ਕੇ.ਪੀ. ਦੇ ਵਿਰੁਧ ਚੋਣ ਲੜਾਈ ਸੀ ,ਉਹ ਹਾਰ ਗਿਆ ਸੀ ਤੇ ਫਿਰ ਉਸਨੇ ਸਿਆਸਤ ਤੋਂ ਤੋਬਾ ਕਰ ਦਿੱਤੀ ਸੀ। ਅਕਾਲੀ ਦਲ ਨੇ ਪੰਜਾਬੀ ਦੇ ਸਿਰਮੌਰ ਸਭਿਅਕ ਗਾਇਕ ਅਤੇ ਫਿਲਮ ਐਕਟਰ ਹਰਭਜਨ ਸਿੰਘ ਮਾਨ ਨੂੰ ਮੋਹਾਲੀ ਜਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ ਸੀ, ਪਤਾ ਨਹੀਂ ਉਹਨਾਂ ਨੂੰ ਵੀ ਚੋਣ ਲੜਾਉਣ ਦੀ ਤਿਆਰੀ ਹੋਵੇ ਪ੍ਰੰਤੂ ਪਤਾ ਲੱਗਾ ਹੈ ਕਿ ਉਹ ਸਿਆਸਤ ਤੋਂ ਤੋਬਾ ਕਰ ਗਿਆ ਹੈ। ਭਾਰਤ ਦੀ ਸਿਆਸਤ ਵਿੱਚ ਵੀ ਜਦੋਂ ਦੇਸ਼ ਦੀ ਆਰਥਕ ਸਥਿਤੀ ਲੀਹੋਂ ਉਤਰ ਗਈ ਸੀ ਤਾਂ ਸ਼੍ਰੀ.ਪੀ.ਵੀ.ਨਰਸਿਮਹਾ ਰਾਓ ਨੇ ਡਾ. ਮਨਮੋਹਨ ਸਿੰਘ ਆਰਥਕ ਮਾਹਰ ਨੂੰ ਭਾਰਤ ਦਾ ਖ਼ਜਾਨਾਂ ਮੰਤਰੀ ਬਣਾਕੇ ਸਿਆਸਤ ਵਿੱਚ ਲਿਆਂਦਾ ਸੀ। ਡਾ.ਮਨਮੋਹਨ ਸਿੰਘ ਦਾ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਵੀ ਸਿੱਧ ਕਰਦਾ ਹੈ ਕਿ ਕਾਂਗਰਸ ਕੋਲ ਵੀ ਇਸਦਾ ਬਦਲ ਨਹੀਂ ਸੀ। ਏਸੇ ਤਰ੍ਹਾਂ ਕਾਂਗਰਸ ਨੇ ਮਨੋਹਰ ਸਿੰਘ ਗਿਲ,ਵਾਈ.ਐਸ.ਅਲੱਗ,ਟੀ.ਆਰ.ਸ਼ੇਸ਼ਨ,ਰਾਜ ਬੱਬਰ,ਅਜਰੂਹਦੀਨ,ਸੁਨੀਲ ਦੱਤ,ਪ੍ਰਿਯਾ ਦੱਤ,ਗੋਬਿੰਦਾ ਅਤੇ ਅਮਿਤਾਬ ਬਚਨ ਵਰਗਿਆਂ ਨੂੰ ਸਿਆਸਤ ਵਿੱਚ ਲਿਆਕੇ ਭਰਪਾਈ ਕੀਤੀ ਸੀ। ਏਸੇ ਤਰ੍ਹਾਂ ਜਯ ਬਚਨ,ਜਯ ਪ੍ਰਦਾ,ਧਰਮਿੰਦਰ ਦਿਓਲ,ਰਾਜੇਸ਼ ਖੰਨਾ ਅਤੇ ਸ਼ਤਰੂਘਨ ਸਿਨਹਾ ਵਿਸ਼ੇਸ਼ ਜਿਕਰਯੋਗ ਹਨ। ਕਾਂਗਰਸ ਨੇ ਸਚਨ ਤੇਂਦੂਲਕਰ ਨੂੰ ਭਾਰਤ ਰਤਨ ਦੇ ਕੇ ਲੋਕਾਂ ਤੋਂ ਸ਼ਾਹਬਾ ਵਾਹਬਾ ਖੱਟਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਦਿਨ ਜੇਕਰ ਧਿਆਨ ਨਾਲ ਵਾਚਿਆ ਜਾਵੇ ਤਾਂ ਪੰਜਾਬ ਵਿੱਚ ਬੀ.ਜੇ.ਪੀ.,ਆਮ ਆਦਮੀ ਪਾਰਟੀ ਅਤੇ ਬੀ.ਐਸ.ਪੀ. ਪਾਰਟੀਆਂ ਵਿੱਚ ਫਿਲਮੀ ਕਲਾਕਾਰਾਂ ਅਤੇ ਹੋਰ ਸੈਲੀਬਰਿਟੀਜ. ਨੂੰ ਆਪਣੇ ਨਾਲ ਜੋੜਨ ਦੀਆਂ ਭਰਪੂਰ ਕੋਸ਼ਿਸ਼ਾਂ ਹੋ ਰਹੀਆਂ ਹਨ । ਖਾਸ ਤੌਰ ਤੇ ਚੋਣਾਂ ਦੌਰਾਨ ਤਾਂ ਇਹਨਾਂ ਲੋਕਾਂ ਦੀ ਵੱਧ ਤੋ ਵੱਧ ਵਰਤੋਂ ਕੀਤੀ ਜਾਂਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਪਾਰਟੀਆਂ ਵਿੱਚ ਅਜਿਹੇ ਤਕੜੇ ਨੇਤਾ ਨਹੀਂ ਹਨ, ਜਿਹਨਾਂ ਤੇ ਆਮ ਵੋਟਰ ਵਿਸ਼ਵਾਸ਼ ਕਰਕੇ ਵੋਟਾਂ ਪਾ ਸਕੇ। ਸਾਰੀਆਂ ਪਾਰਟੀਆਂ ਦੇ ਨੇਤਾ ਤਾਂ ਅਜਿਹੀਆਂ ਸੀਟਾਂ ਦੀ ਭਾਲ ਕਰ ਰਹੇ ਹਨ ਜਿੱਥੋਂ ਉਹ ਸੌਖਿਆਂ ਹੀ ਜਿੱਤ ਸਕਣ। ਅੱਜ ਮਹਿਸੂਸ ਹੋ ਰਿਹਾ ਹੈ ਅਟੱਲ ਬਿਹਾਰੀ ਵਾਜਪਾਈ,ਪੰਡਤ ਜਵਾਹਰ ਲਾਲ ਨਹਿਰੂ,ਇੰਦਰਾ ਗਾਂਧੀ ਦੇ ਬਰਾਬਰ ਦਾ ਕੋਈ ਨੇਤਾ ਬਣ ਨਹੀਂ ਸਕਿਆ,ਜਿਸਦੀ ਵੋਟਰ ਪ੍ਰਸ਼ੰਸ਼ਾ ਕਰਦੇ ਹੋਣ। ਅੱਜ ਦੇ ਸਿਆਸਤਦਾਨਾਂ ਨੇ ਸਿਆਸਤ ਨੂੰ ਵਪਾਰ ਬਣਾ ਲਿਆ ਹੈ,ਇਸ ਕਰਕੇ ਉਹਨਾਂ ਦਾ ਆਧਾਰ ਖ਼ਤਮ ਹੋ ਗਿਆ ਹੈ। ਜਦੋਂ ਸਿਆਸਤਦਾਨ ਵਪਾਰੀ ਬਣ ਗਏ ਹਨ ਤਾਂ ਦੇਸ਼ ਸੇਵਾ ਅਤੇ ਸਮਾਜ ਸੇਵਾ ਦੀ ਪ੍ਰਵਿਰਤੀ ਦਾ ਖਤਮ ਹੋਣਾ ਕੁਦਰਤੀ ਹੈ। ਭਰਿਸ਼ਟਾਚਾਰ ਦੇਸ਼ ਦੇ ਸਿਆਸਤਦਾਨਾਂ ਨੂੰ ਘੁਣ ਵਾਂਗ ਚਿੰਬੜ ਗਿਆ ਹੈ। ਅਪਰ੍ਰਾਧੀ ਵਿਅਕਤੀ ਵੀ ਸਿਆਸਤਦਾਨ ਬਣ ਗਏ ਹਨ। ਇਸ ਸਮੇਂ ਦੇਸ਼ ਦੀ ਲੋਕ ਸਭਾ ਦੇ 545 ਮੈਂਬਰਾਂ ਵਿੱਚੋਂ 162 ਮੈਂਬਰਾਂ ਅਤੇ 4032 ਵਿਧਾਨ ਸਭਾਵਾਂ ਦੇ ਮੈਂਬਰਾਂ ਵਿੱਚੋਂ 1258 ਦੇ ਖ਼ਿਲਾਫ ਅਪ੍ਰਾਧੀਕਰਨ ਦੇ ਕੇਸ ਦਰਜ ਹਨ। ਤੁਸੀਂ ਅਜਿਹੇ ਸਿਆਸਤਦਾਨਾਂ ਤੋਂ ਇਨਸਾਫ ਦੀ ਕੀ ਆਸ ਕਰ ਸਕਦੇ ਹੋ ਜਦੋਂ ਉਹ ਖ਼ੁਦ ਹੀ ਇਨਸਾਫ ਦੀ ਉਡੀਕ ਕਰ ਰਹੇ ਹਨ। ਵੈਸੇ ਹੁਣ ਸਿਆਸੀ ਪਾਰਟੀਆਂ ਮਹਿਸੂਸ ਕਰਨ ਲੱਗ ਪਈਆਂ ਹਨ ਕਿ ਉਹਨਾਂ ਨੂੰ ਆਪਣੀ ਸ਼ਾਖ ਬਚਾਉਣ ਲਈ ਸਾਰਥਕ ਕਦਮ ਚੁਕਣੇ ਪੈਣਗੇ। ਇਸੇ ਕਰਕੇ ਉਹ ਆਪਣੀਆਂ ਪਾਰਟੀਆਂ ਵਿੱਚ ਅਜਿਹੇ ਕਲਾਕਾਰਾਂ ਨੂੰ ਸ਼ਾਮਲ ਕਰਕੇ ਸਿਆਸਤਦਾਨਾਂ ਨੂੰ ਇਸ਼ਾਰਾ ਕਰ ਰਹੀਆਂ ਹਨ ਕਿ ਉਹ ਸੁਧਰ ਜਾਣ ਨਹੀਂ ਤਾਂ ਲੋਕ ਉਹਨਾਂ ਤੋਂ ਬਿਲਕੁਲ ਹੀ ਮੁੱਖ ਮੋੜ ਲੈਣਗੇ। ਕੇਂਦਰ ਸਰਕਾਰ ਨੂੰ ਚੋਣ ਸੁਧਾਰਾਂ ਵਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ,ਜੇਕਰ ਚੋਣ ਖ਼ਰਚੇ ਘਟ ਜਾ ਸਕਣ ਤਾਂ ਹੀ ਸਿਆਸਤਦਾਨਾਂ ਦੇ ਕਿਰਦਾਰ ਵਿੱਚ ਤਬਦੀਲੀ ਦੀ ਆਸ ਕੀਤੀ ਜਾ ਸਕਦੀ ਹੈ ਪ੍ਰੰਤੂ ਖ਼ਰਚੇ ਤਾਂ ਸਗੋਂ ਸਰਕਾਰ ਨੇ ਵਧਾ ਦਿੱਤੇ ਹਨ। ਦਿੱਲੀ ਦੀ ਤਾਜਾ ਮਿਸਾਲ ਇੱਕ ਸਾਬਕ ਆਈ.ਆਰ.ਐਸ.ਅਧਿਕਾਰੀ ਅਰਵਿੰਦ ਕੇਜ਼ਰੀਵਾਲ ਦਾ ਸਿਆਸਤ ਵਿੱਚ ਆ ਕੇ ਦਿੱਲੀ ਦਾ ਮੁੱਖ ਮੰਤਰੀ ਬਣਨਾ ਅਤੇ ਦੇਸ਼ ਵਿੱਚ ਆਪਣੀ ਆਮ ਆਦਮੀ ਪਾਰਟੀ ਦੀ ਲਹਿਰ ਪੈਦਾ ਕਰਨਾ ਵੀ ਸਿਆਸੀ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਹੈ। ਹੁਣ ਤਾਂ ਆਮ ਆਦਮੀ ਪਾਰਟੀ ਵਿੱਚ ਵੀ ਬਹੁਤੇ ਅਧਿਕਾਰੀ ਅਤੇ ਕਲਾਕਾਰ ਹੀ ਸ਼ਾਮਲ ਹੋ ਰਹੇ ਹਨ। ਪੰਜਾਬ ਵਿੱਚ ਡਾ.ਹਰਕੇਸ਼ ਸਿੰਘ ਸਿੱਧੂ ਸਾਬਕ ਆਈ.ਏ.ਐਸ. ਅਧਿਕਾਰੀ,ਸ਼ਸੀ ਕਾਂਤ ਆਦਿ ਇਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸੁਪ੍ਰੀਮ ਕੋਰਟ ਦੇ ਪ੍ਰਸਿੱਧ ਵਕੀਲ ਐਚ.ਐਸ.ਫੂਲਕਾ ਭਗਵੰਤ ਮਾਨ ਅਤੇ ਚੰਡੀਗੜ੍ਹ ਤੋਂ ਫਿਲਮ ਐਕਟਰਸ ਗੁਲ ਪਨਾਗ ਚੋਣ ਲੜ ਰਹੇ ਹਨ। ਇਸ ਤਾਜਾ ਝੁਕਾਅ ਤੋਂ ਮਹਿਸੂਸ ਹੋ ਰਿਹਾ ਹੈ ਕਿ ਸਿਆਸਤਦਾਨਾ ਨੂੰ ਰਵਾਇਤੀ ਸਿਆਸਤ ਤੋਂ ਕਿਨਾਰਾ ਕਰਨਾ ਪਵੇਗਾ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਵਿੱਚ ਨਵੀਂ ਆਸ ਦੀ ਕਿਰਨ ਪੈਦਾ ਕੀਤੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>