ਅੰਮ੍ਰਿਤਸਰ ਜ਼ਿਲ੍ਹੇ ਦੇ ਸਮੁੱਚੇ ਕੰਬੋਜ ਭਾਈਚਾਰੇ ਵੱਲੋਂ ਜੇਤਲੀ ਦੀ ਹਮਾਇਤ ਦਾ ਐਲਾਨ

ਅੰਮ੍ਰਿਤਸਰ – ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਅੰਮ੍ਰਿਤਸਰ ਸ਼ਹਿਰ ਅਤੇ ਜ਼ਿਲ੍ਹੇ ‘ਚ ਭਰਵੀਂ ਆਬਾਦੀ ਵਾਲਾ ਕੰਬੋਜ ਭਾਈਚਾਰਾ ਸਮੁੱਚੇ ਤੌਰ ‘ਤੇ ਸ੍ਰੀ ਜੇਤਲੀ ਦੇ ਹੱਕ ਵਿੱਚ ਨਿੱਤਰ ਆਇਆ।

ਕੰਬੋਜ ਭਾਈਚਾਰੇ ਵੱਲੋਂ ਇਸ ਸਬੰਧੀ ਇੱਕ ਵਿਸ਼ਾਲ ਰੈਲੀ  ਸ: ਨਵਦੀਪ ਸਿੰਘ ਗੋਲਡੀ, ਸ: ਬਲਬੀਰ ਸਿੰਘ ਚੰਦੀ, ਡਾ: ਦਿਲਬਾਗ ਸਿੰਘ ਧੰਜੂ, ਸ: ਸੁੱਚਾ ਸਿੰਘ ਧਰਮੀ ਫੌਜੀ, ਸ: ਦੀਪ ਸਿੰਘ ਕੰਬੋਜ, ਸ: ਮਲਕੀਤ ਸਿੰਘ ਮਾਨਾਵਾਲਾ ਅਤੇ ਸੰਤੋਖ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਅੱਜ ਸ਼ਹੀਦ ਊਧਮ ਸਿੰਘ ਭਵਨ ਵਿਖੇ ਕਰਵਾਈ ਗਈ, ਜਿਸ ਵਿੱਚ ਸ੍ਰੀ ਜੇਤਲੀ ਤੋਂ ਇਲਾਵਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ, ਸ੍ਰੀ ਬਲਰਾਮ ਜੀ ਦਾਸ ਟੰਡਨ, ਗੁਰਪ੍ਰਤਾਪ ਸਿੰਘ ਟਿੱਕਾ ਅਤੇ ਡਾ: ਅਵਤਾਰ ਸਿੰਘ ਅਮਨਦੀਪ ਹਸਪਤਾਲ ਵਾਲੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਕੇਂਦਰ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣਨ ਜਾ ਰਹੀ ਰਾਜਗ ਸਰਕਾਰ ਦੇ ਕਾਰਜਕਾਲ ਵਿੱਚ ਹਰੇਕ ਭਾਈਚਾਰਾ ਵੱਧ-ਫੁੱਲ ਸਕੇਗਾ ਅਤੇ ਸਰਕਾਰ ਵੱਲੋਂ ਪਛੜੀਆਂ ਸ਼੍ਰੇਣੀਆਂ ਵੱਲ ਉਚੇਚੀ ਤਵੱਜੋ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸੰਸਦ ਵਿੱਚ ਅੰਮ੍ਰਿਤਸਰ ਦੇ ਕਿਸਾਨਾਂ, ਉਦਯੋਗਪਤੀਆਂ, ਮਜ਼ਦੂਰਾਂ ਅਤੇ ਹਰੇਕ ਵਰਗ ਦੇ ਮਸਲੇ ਹੱਲ ਕਰਵਾਉਣ ਲਈ ਆਵਾਜ਼ ਬੁਲੰਦ ਕਰਨਗੇ।

ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਰਵਾਇਤੀ ਜੋਸ਼ੀਲੇ ਅੰਦਾਜ਼ ਵਿੱਚ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੰਬੋਜ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਹਿੱਸਾ ਹੈ ਅਤੇ ਬੀਤੇ ਸਮੇਂ ਦੌਰਾਨ ਅਕਾਲੀ ਦਲ ਨੇ ਅਨੇਕਾਂ ਵੱਡੀਆਂ ਸਿਆਸੀ ਜੰਗ ਇਸ ਬਰਾਦਰੀ ਦੇ ਬਲਬੂਤੇ ਜਿੱਤੀਆਂ ਹਨ। ਮਜੀਠੀਆ ਨੇ ਜੈਕਾਰਿਆਂ ਦੀ ਗੂੰਜ ਵਿੱਚ ਕਿਹਾ ਕਿ ਅੱਜ ਦੇ ਇਕੱਠ ਨੇ ਸ੍ਰੀ ਜੇਤਲੀ ਦੇ ਹੱਕ ‘ਚ ਕੰਬੋਜ ਭਾਈਚਾਰੇ ਦਾ ਸਪੱਸ਼ਟ ਫ਼ਤਵਾ ਦੇ ਦਿੱਤਾ ਹੈ। ਇਸ ਰੈਲੀ ਵਿੱਚ ਬਲਬੀਰ ਸਿੰਘ ਚੰਦੀ, ਕਿਰਪਾਲ ਸਿੰਘ ਰਾਮਦਿਵਾਲੀ, ਜਗਰੂਪ ਸਿੰਘ ਚੰਦੀ, ਕੰਵਰ ਜਗਦੀਪ ਸਿੰਘ, ਹਰਕੀਰਤ ਸਿੰਘ ਸ਼ਹੀਦ, ਜ: ਮਨਜੀਤ ਸਿੰਘ ਹਮਜਾ, ਬਲਵਿੰਦਰ ਸਿੰਘ ਨਾਗ, ਮੰਗਦੇਵ ਸਿੰਘ ਛੀਨਾ, ਸਿਸ਼ਪਾਲ ਸਿੰਘ ਲਾਡੀ, ਸਰਪੰਚ ਦਲਜੀਤ ਸਿੰਘ ਤਲਵੰਡੀ ਅਤੇ ਸਰਪੰਚ ਸਵਿੰਦਰ ਸਿੰਘ ਅਜੈਬਵਾਲੀ ਆਦਿ ਵੀ ਮੌਜੂਦ ਸਨ।

 

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>