
ਮੈਰਿਟ ਵਿਚ ਆਏ ਵਿਦਿਆਰਥੀ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਅਤੇ ਹੋਰ ਸ਼ਖ਼ਸੀਅਤਾਂ ਨਾਲ
ਖਡੂਰ ਸਾਹਿਬ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ 2013-14 ਦੇ ਨਤੀਜਿਆਂ ਵਿਚ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਬਾਬਾ ਗੁਰਮੁੱਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ 6 ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਅਤੇ ਇਲਾਕੇ ਨਾਂ ਰੌਸ਼ਨ ਕੀਤਾ ਹੈ। ਖੁਸ਼ਦਮਨ ਕੌਰ (ਸਾਇੰਸ ਗਰੁੱਪ) ਨੇ 95.11 ਫ਼ੀਸਦ ਅੰਕ ਹਾਸਲ ਕਰਕੇ ਪੰਜਾਬ ਭਰ ’ਚੋਂ 15ਵਾਂ ਰੈਂਕ ਹਾਸਲ ਕੀਤਾ ਹੈ ਅਤੇ ਇਹ ਵਿੱਦਿਆਰਥਣ ਤਰਨ ਤਾਰਨ ਜ਼ਿਲ੍ਹੇ ਵਿਚੋਂ ਦੂਸਰੇ ਸਥਾਨ ’ਤੇ ਰਹੀ ਹੈ। ਇਸ ਤੋਂ ਇਲਾਵਾ ਸਿਮਰਨਜੀਤ ਕੌਰ (ਸਾਇੰਸ) ਨੇ 94.22 ਫ਼ੀਸਦ ਅੰਕ ਹਾਸਲ ਕਰਕੇ 19ਵਾਂ ਰੈਂਕ ਹਾਸਲ ਕੀਤਾ। ਜਸਬੀਰ ਕੌਰ (ਕਾਮਰਸ ਗਰੁੱਪ) 94.22 ਅੰਕ ਹਾਸਲ ਕਰਕੇ ਅਤੇ ਗੀਤਿਕਾ (ਕਾਮਰਸ ਗਰੁੱਪ) 93.78 ਫ਼ੀਸਦ ਅੰਕ ਹਾਸਲ ਕਰ ਕੇ ਪੰਜਾਬ ਭਰ ’ਚੋਂ ਕ੍ਰਮਵਾਰ 19ਵੇਂ ਅਤੇ 21ਵੇਂ ਸਥਾਨ ’ਤੇ ਰਹੀਆਂ।
ਸਕੂਲ ਦੇ 2 ਲੜਕਿਆਂ ਨੇ ਵੀ ਮੈਰਿਟ ਵਿਚ ਜਿਕਰਯੋਗ ਸਥਾਨ ਹਾਸਲ ਕੀਤਾ। ਸਾਹਿਲ ਸ਼ਰਮਾ (ਨਾਨ ਮੈਡੀਕਲ) ਨੇ 93.56 ਫ਼ੀਸਦ ਅਤੇ ਹਰਸ਼ਦੀਪ ਸਿੰਘ ਨੇ 93.33 ਫ਼ੀਸਦ ਅੰਕ ਹਾਸਲ ਕਰਕੇ ਪੰਜਾਬ ਭਰ ’ਚੋਂ ਕ੍ਰਮਵਾਰ 22ਵਾਂ ਅਤੇ 23ਵਾਂ ਰੈਂਕ ਹਾਸਲ ਕੀਤਾ। ਇਹ ਲੜਕੇ ‘ਨਿਸ਼ਾਨ-ਏ-ਸਿੱਖੀ’ ਦੇ ਇੰਸਟੀਚਿਊਟ ਆਫ ਕੰਪੀਟੀਸ਼ਨਜ਼ ਵਿਖੇ ਆਈ.ਆਈ.ਟੀ. ਦੀ ਕੋਚਿੰਗ ਵੀ ਲੈਂਦੇ ਹਨ। ਇਹੀ ਨਹੀਂ, ਇਸ ਨਤੀਜੇ ਨੇ ਸਕੂਲ ਦੇ ਨਾਂ ਹੋਰ ਵੀ ਕਈ ਪ੍ਰਾਪਤੀਆਂ ਜੋੜੀਆਂ। ਸਿਰਫ ਤਰਨ ਤਾਰਨ ਹੀ ਨਹੀਂ, ਸਗੋਂ ਮਾਝੇ ਦੇ ਬਾਕੀ ਜ਼ਿਲ੍ਹਿਆਂ ਸ੍ਰੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਤਮਾਮ ਸਕੂਲਾਂ ਵਿਚੋਂ ਇਸ ਸਕੂਲ ਨੇ ਸਭ ਤੋਂ ਵੱਧ ਮੈਰਿਟ ਪੁਜ਼ੀਸ਼ਨਾਂ ਹਾਸਲ ਕੀਤੀਆਂ ਜੋ ਕਿ ਸਕੂਲ ਲਈ ਵੱਡੇ ਮਾਣ ਵਾਲੀ ਗੱਲ ਹੈ।
ਬੋਰਡ ਦੇ ਇਮਤਿਹਾਨਾਂ ਵਿਚ ਸਕੂਲ ਦੇ ਤਕਰੀਬਨ 106 ਵਿੱਦਿਆਰਥੀ ਬੈਠੇ ਸਨ, ਜਿਹਨਾਂ ਵਿਚੋਂ 74 ਵਿੱਦਿਆਰਥੀ ਸਾਇੰਸ ਗਰੁੱਪ ਅਤੇ 32 ਵਿੱਦਿਆਰਥੀ ਕਾਮਰਸ ਗਰੁੱਪ ਦੇ ਸਨ। ਜਿਕਰਯੋਗ ਹੈ ਕਿ ਸਾਇੰਸ ਅਤੇ ਕਾਮਰਸ ਗਰੁੱਪਾਂ ਵਿਚੋਂ ਸਕੂਲ ਦੇ 15 ਵਿੱਦਿਆਰਥੀ ਨੇ 90 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ। 80 ਫ਼ੀਸਦ ਤੋਂ ਵੱਧ ਅੰਕ ਹਾਸਲ ਕਰਨ ਵਾਲਿਆਂ ਦੀ ਗਿਣਤੀ 57 ਰਹੀ, ਜਦੋਂ ਕਿ 32 ਵਿੱਦਿਆਰਥੀਆਂ ਨੇ 70 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ।
ਬਾਬਾ ਸੇਵਾ ਸਿੰਘ ਨੇ ਨਾ ਸਿਰਫ ਇਹਨਾਂ ਹੋਣਹਾਰ ਬੱਚਿਆਂ ਨੂੰ ਆਪਣੇ ਕਰ ਕਮਲਾਂ ਨਾਲ ਆਸ਼ੀਰਵਾਦ ਦਿੱਤਾ, ਸਗੋਂ ਮੈਰਿਟ ਵਿਚ ਆਏ ਵਿੱਦਿਆਰਥੀਆਂ ਲਈ ਕਈ ਵੱਡੇ ਇਨਾਮਾਂ ਦਾ ਵੀ ਐਲਾਨ ਕੀਤਾ। ਉਹਨਾਂ ਨੇ ਖੁਸ਼ਦਮਨ ਕੌਰ ਨੂੰ 50 ਹਜ਼ਾਰ ਦਾ ਨਗਦ ਇਨਾਮ ਅਤੇ ਨਾਲ ਲੈਪਟਾਪ ਦੇਣ ਦਾ ਐਲਾਨ ਕੀਤਾ। ਬਾਕੀ ਦੇ ਮੈਰਿਟ ਹੋਲਡਰ ਵਿੱਦਿਆਰਥੀਆਂ ਲਈ 10-10 ਹਜ਼ਾਰ ਦੇ ਨਕਦ ਇਨਾਮਾਂ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਬਾਬਾ ਸੇਵਾ ਸਿੰਘ ਨੇ ਇਹ ਵੀ ਕਿਹਾ ਕਿ ਮੈਰਿਟ ਵਿਚ ਆਏ ਇਹ ਵਿੱਦਿਆਰਥੀ ਜੇ ਕਾਰ ਸੇਵਾ ਖਡੂਰ ਸਾਹਿਬ ਅਧੀਨ ਚਲਦੀਆਂ ਤਮਾਮ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਨਾ ਚਾਹੁਣ ਤਾਂ ਉਹਨਾਂ ਦੀ ਸਾਰੀ ਪੜ੍ਹਾਈ ਮੁਫਤ ਹੋਵੇਗੀ। ਉਹਨਾਂ ਨੇ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਲਈ ਬੱਚਿਆਂ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਉ¤ਚੀਆਂ ਮੰਜ਼ਿਲਾਂ ਸਰ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸ. ਗੁਰਦਿਆਲ ਸਿੰਘ ਗਿੱਲ ਨੇ ਇਸ ਕਾਮਯਾਬੀ ਦਾ ਸਿਹਰਾ ਜਿਥੇ ਵਿੱਦਿਆਰਥੀਆਂ ਦੀ ਆਪਣੀ ਮਿਹਨਤ ਤੇ ਲਗਨ ਨੂੰ ਦਿੱਤਾ, ਉਥੇ ਸਬੰਧਿਤ ਅਧਿਆਪਕਾਂ ਵਲੋਂ ਸ਼ਿੱਦਤ ਨਾਲ ਕਰਵਾਈ ਗਈ ਪੜ੍ਹਾਈ ਨੂੰ ਵੀ ਭਰਪੂਰ ਸਰਾਹਿਆ। ਇਸ ਮੌਕੇ ਸਕੂਲ ਪਿੰ੍ਰਸੀਪਲ ਮੈਡਮ ਜਸਪਾਲ ਕੌਰ, ਹੈ¤ਡ ਮਿਸਟਰੈਸ ਮੈਡਮ ਕਿਰਨਦੀਪ ਕੌਰ, ‘ਨਿਸ਼ਾਨ-ਏ-ਸਿੱਖੀ’ ਦੇ ਇੰਸਟੀਚਿਊਟ ਦੇ ਡਾਇਰੈਕਟਰ ਸ. ਗੁਰਸ਼ਰਨਜੀਤ ਸਿੰਘ ਮਾਨ, ਐਨ.ਡੀ.ਏ. ਵਿੰਗ ਦੇ ਡਾਇਰੈਕਟਰ ਸ. ਸਰੂਪ ਸਿੰਘ ਆਈ.ਪੀ.ਐਸ. (ਸੇਵਾ ਮੁਕਤ), ਪੰਕਜ ਕੁਮਾਰ ਅਤੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ। ਇਹਨਾਂ ਸਾਰੀਆਂ ਸ਼ਖਸੀਅਤਾਂ ਨੇ ਇਸ ਕਾਮਯਾਬੀ ’ਤੇ ਵੱਡਾ ਮਾਣ ਮਹਿਸੂਸ ਕੀਤਾ।