
ਸ੍ਰੀ ਮੁਕਤਸਰ ਸਾਹਿਬ ਵਿਖੇ ਸਥਾਪਿਤ ਯਾਦਗਾਰੀ ਮੁਕਤ-ਏ-ਮੀਨਾਰ।(ਫੋਟੋ: ਸੁਨੀਲ ਬਾਂਸਲ)
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੇ ਜੱਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖ ਇਤਿਹਾਸ ਵਿਚ ਬੇਹੱਦ ਮਹੱਤਵਪੂਰਨ ਸਥਾਨਕ ਰੱਖਣ ਵਾਲੇ 40 ਮੁਕਤਿਆਂ ਦੀ ਯਾਦ ਵਿਚ ਇਥੇ ਬਣਾਏ ਗਏ ‘ਮੁਕਤ-ਏ-ਮੀਨਾਰ’ ਦੀ ਮਾੜੀ ਦੇਖ-ਰੇਖ, ਸੇਵਾ ਸੰਭਾਲ ਅਤੇ ਬਦਹਾਲੀ ਆਮ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਬਹੁਤ ਸਾਰੀਆਂ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਸੂਝਵਾਨ ਵਿਅਕਤੀਆਂ ਨੇ ਕਈ ਵਾਰ ਇਸ ਯਾਦਗਾਰ ਦੀ ਦੁਰਦਸ਼ਾ ਬਾਰੇ ਪ੍ਰੈਸ ਅਤੇ ਹੋਰਨਾਂ ਤਰੀਕਿਆਂ ਰਾਹੀਂ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿਚ ਲਿਆਂਦਾ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੇ ਸਾਰਥਿਕ ਯਤਨਾਂ ਸਦਕਾ ਭਾਵੇਂ ਇਸ ਯਾਦਗਾਰ ਦੀ ਮਾੜੀ-ਮੋਟੀ ਹਾਲਤ ਸੁਧਾਰਨ ਦਾ ਉਪਰਾਲਾ ਕੀਤਾ ਗਿਆ, ਪਰੰਤੂ ਅਜੇ ਵੀ ਇਸ ਦੀ ਅਸਲ ਦਿੱਖ ਕਾਇਮ ਨਹੀਂ ਕੀਤੀ ਜਾ ਸਕੀ। ਆਮ ਜਨਤਾ ਨੂੰ ਇਸ ਬਾਰੇ ਭੁਲੇਖਾ ਹੀ ਰਿਹਾ ਕਿ ਇਸ ਯਾਦਗਾਰ ਦੀ ਸੇਵਾ ਸੰਭਾਲ ਦਾ ਜ਼ਿੰਮਾ ਕਿਸ ਮਹਿਕਮੇ ਕੋਲ ਹੈ ਅਤੇ ਕੀ ਇਸ ਦੀ ਦੇਖ-ਰੇਖ ਲਈ ਸਰਕਾਰ ਕੋਲ ਲੋੜੀਂਦੇ ਫੰਡ ਨਹੀਂ ਹਨ ? ਐਲ.ਬੀ.ਸੀ.ਟੀ. ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਆਰ.ਟੀ.ਆਈ. ਐਕਟ ਅਧੀਨ ਮੰਗੀ ਜਾਣਕਾਰੀ ਦੇ ਉਤਰ ਵਿਚ ਇਸ ਯਾਦਗਾਰ ਦੀ ਦੇਖ-ਰੇਖ ਅਤੇ ਸੇਵਾ-ਸੰਭਾਲ ਲਈ ਜ਼ਿੰਮੇਵਾਰ ਮਹਿਕਮੇ ‘ਮਾਰਕਫ੍ਯ੍ਯੈੱਡ’ ਨੇ ਆਪਣੇ ਪੱਤਰ ਨੰਬਰ ਐਮਕੇਐਸ/ਏਏਓ(ਬੀ)/ਆਰ.ਟੀ.ਆਈ./502 ਮਿਤੀ 07-05-2014 ਅਨੁਸਾਰ 31 ਮਾਰਚ 2014 ਤੱਕ ਉਸ ਵੱਲੋਂ 17 ਲੱਖ 76 ਹਜ਼ਾਰ 850 ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਖਰਚੇ ਵਿਚ ਇਸ ਯਾਦਗਾਰ ਦੀ ਰੱਖ-ਰਖਾਈ ਲਈ ਮਾਲੀਆਂ, ਚੌਂਕੀਦਾਰ, ਸਫਾਈ ਸੇਵਕ ਸਮੇਤ ਬਿਜਲੀ ਅਤੇ ਪਾਣੀ ਦੇ ਬਿੱਲ ਸ਼ਾਮਲ ਹਨ। ਢੋਸੀਵਾਲ ਨੇ ਦੱਸਿਆ ਹੈ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਯਾਦਗਾਰ ਦੀ ਸੇਵਾ ਸੰਭਾਲ ਲਈ ਹਰ ਰੋਜ਼ ਤਕਰੀਬਨ 610 ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਨੇ ਬੇਹੱਦ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਜੇ ਮਹਿਕਮੇ ਨੇ ਐਨੀ ਵੱਡੀ ਰਾਸ਼ੀ ਖਰਚ ਵੀ ਕੀਤੀ ਹੈ ਤਾਂ ਯਾਦਗਾਰ ਦੀ ਬਦਹਾਲੀ ਲਈ ਕੌਣ ਜ਼ਿੰਮੇਵਾਰ ਹੈ ? ਇਸ ਗੱਲ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਣੀ ਬਣਦੀ ਹੈ ਅਤੇ ਲਾਪ੍ਰਵਾਹ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਮਾਰਕਫ੍ਯ੍ਯੈੱਡ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਯਾਦਗਾਰ ਦੀ ਸੇਵਾ-ਸੰਭਾਲ ਜਾਂ ਦੇਖ-ਰੇਖ ਲਈ ਕਿਸੇ ਜ਼ਿੰਮੇਵਾਰ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾ ਤੋਂ ਸਹਿਯੋਗ ਲਿਆ ਜਾਵੇ ਤਾਂ ਜੋ ਸਰਕਾਰੀ ਪੈਸੇ ਦੀ ਦੁਰ ਵਰਤੋਂ ਨਾ ਹੋ ਸਕੇ ਅਤੇ ਲਾਪ੍ਰਵਾਹ ਕਰਮਚਾਰੀਆਂ ਨੂੰ ਨਕੇਲ ਪਾਈ ਜਾ ਸਕੇ।