2014 ਦੀਆਂ ਦੀਆਂ ਲੋਕ ਸਭਾ ਦੀਆਂ ਚੋਣਾਂ ਕੌਣ ਜਿੱਤਿਆ?

2014 ਦੀਆਂ ਲੋਕ ਸਭਾ ਚੋਣਾਂ ਕੌਣ ਜਿੱਤਿਆ ਹੈ? ਕੀ ਭਾਜਪਾ ਜਾਂ ਮੋਦੀ ਜਿੱਤੇ ਹਨ? ਨਹੀਂ! ਇਹ ਚੋਣ ਤਾਂ ਇਲੈਕਟਰੌਨਿਕ ਮੀਡੀਆ ਅਤੇ 350 ਰੈਲੀਆਂ ਕਰ ਕੇ ਅਤੇ 20000 ਕਰੋੜ ਰੁਪੈ ਖ਼ਰਚ ਕਰ ਕੇ ਜਿੱਤੀ ਗਈ ਹੈ। ਇਸ ਝੂਠੇ ਪ੍ਰਚਾਰ ਨਾਲ ਲੋਕ ਏਨੇ ਬੌਂਦਲ ਗਏ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਲਗ ਰਿਹਾ ਕਿ ਉਹ ਕੀ ਕਰ ਰਹੇ ਹਨ।

ਕਾਂਗਰਸ ਪਾਰਟੀ ਕੁਰਪਸ਼ਨ, ਕੁਨਬਾਪਰਵਰੀ, ਬੂਝੜ ਸਿਆਸਤ ਕਾਰਨ ਹਾਰੀ ਹੈ। ਕਾਂਗਰਸ ਨੂੰ ਸ਼ਾਇਦ ਪਤਾ ਹੀ ਨਹੀਂ ਲਗ ਰਿਹਾ ਸੀ ਕਿ ਕੀ ਕਰਨਾ ਹੈ। ਜਦ ਅਰਵਿੰਦ ਕੇਜਰੀਵਾਲ ਮੋਦੀ ਅਤੇ ਭਾਜਪਾ ਦੇ ਨਕਾਬ ਲਾਹ ਰਿਹਾ ਸੀ ਤਾਂ ਕਾਂਗਰਸ ਦੇ ਆਗੂ ਜਾਂ ਤਾਂ ਚੁਪ ਸਨ ਤੇ ਜਾਂ ਉਲਟਾ ਕੇਜਰੀਵਾਲ ਦੇ ਖ਼ਿਲਾਫ਼ ਹੀ ਮੁਹਿੰਮ ਚਲਾ ਰਹੇ ਸਨ। ਕਾਂਗਰਸੀਆਂ ਨੇ ਕੇਜਰੀਵਾਲ ਦੀਆਂ ਕਹੀਆਂ ਗੱਲਾਂ ਨੂੰ ਅੱਧੀਆਂ ਚੋਣਾਂ ਲੰਘ ਜਾਣ ਤੋਂ ਬਾਅਦ ਉਦੋਂ ਵਰਤਣਾ ਸ਼ੁਰੂ ਕੀਤਾ, ਜਦੋਂ ਕਿ ਪਾਣੀ ਸਿਰੇ ਤੋਂ ਲੰਘ ਚੁਕਾ ਸੀ। ਕਾਂਗਰਸ ਨੇ ਤੇ ਇਸ ਦੇ ਸਾਥੀਆਂ ਨੇ ਲੱਖਾਂ ਕਰੋੜ ਰੁਪੈ ਦੇ ਗ਼ਬਨ ਕੀਤੇ ਸਨ। ਇਸ ਦੀ ਲੀਡਰਸ਼ਿਪ ਮੋਦੀ, ਅਡਾਨੀ, ਅੰਬਾਨੀ ਅਤੇ ਹੋਰ ਅਮੀਰ ਘਰਾਨਿਆਂ ਤੋਂ ਵਧ ਖ਼ਰਚ ਕਰ ਕੇ ਮੋਦੀ ਦਾ ਝੂਠਾ ਤੇ ਜਾਅਲੀ ਪਰਚਾਰ ਕੱਟ ਸਕਦੀ ਸੀ। ਪਰ ਕਾਂਗਰਸੀ ਠੱਗਾਂ ਨੇ ਦੌਲਤ ਆਪਣੇ ਖ਼ਜ਼ਾਨਿਆਂ ਅਤੇ ਤਿਜੌਰੀਆਂ ਵਿਚੋਂ ਕੱਢਣ ਤੋਂ ਨਾਂਹ ਕਰ ਦਿੱਤੀ ਅਤੇ ਉਸ ਦਾ ਨਤੀਜਾ ਭੁਗਤ ਰਹੇ ਹਨ। ਕਾਂਗਰਸ ਪਾਰਟੀ ਵਿਚ ਕੁਨਬਾਪਰਵਰੀ ਅਤੇ ਚਾਪਲੂਸੀ ਕਲਚਰ ਵੀ ਨੁਕਸਾਨਦੇਹ ਸਾਬਿਤ ਹੋਇਆ। ਕੋਈ ਸੋਨੀਆ ਨੂੰ ਸਹੀ ਸਲਾਹ ਦੇਣ ਨੂੰ ਤਿਆਰ ਨਹੀਂ ਸੀ; ਅਤੇ ਜੇ ਕੋਈ ਸਹੀ ਸਲਾਹ ਦੇਂਦਾ ਸੀ ਤਾਂ ਸੋਨੀਆ ਨੂੰ ਘੇਰੀ ਬੈਠਾ ਟੋਲਾ ਉਸ ਬੰਦੇ ਨੂੰ ਹੀ ਬੰਨੇ ਕਰ ਦੇਂਦਾ ਸੀ।

ਆਮ ਆਦਮੀ ਪਾਰਟੀ ਸਿਰਫ਼ 15 ਮਹੀਨੇ ਪਹਿਲਾਂ ਬਣੀ ਸੀ ਅਤੇ ਸਿਰਫ਼ 6-7 ਮਹੀਨੇ ਤੋਂ ਚੋਣ ਸਿਆਸਤ ਵਿਚ ਦਾਖ਼ਿਲ ਹੋਈ ਸੀ ਤੇ ਇਸ ਕੋਲ ਖ਼ਾਲੀ ਜੇਬਾਂ ਸਨ। ਇਸ ਦੇ ਖ਼ਿਲਾਫ਼ ਵੀਹ ਹਜ਼ਾਰ ਕਰੋੜ ਖ਼ਰਚ ਕਰਨ ਵਾਲੀ ਭਾਜਪਾ ਅਤੇ 5 ਹਜ਼ਾਰ ਕਰੋੜ ਖ਼ਰਚ ਕਰਨ ਵਾਲੀ ਕਾਂਗਰਸ ਨੇ ਆਪਣਾ ਸਾਰ ਜ਼ੋਰ ਲਾਇਆ। ਭਾਜਪਾ ਕਾਂਗਰਸ ਦੇ ਖ਼ਿਲਾਫ਼ ਘਟ ਪਰਾਪੇਗੰਡਾ ਕਰ ਰਹੀ ਸੀ ਪਰ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਜ਼ਿਆਦਾ। ਕਾਂਗਰਸ ਦੀ ਬੇਵਕੂਫ਼ੀ ਇਹ ਸੀ ਕਿ ਉਹ ਵੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਜ਼ਿਆਦਾ ਪਰਚਾਰ ਕਰ ਰਹੀ ਸੀ ਤੇ ਭਾਜਪਾ ਦੇ ਖ਼ਿਲਾਫ਼ ਘਟ; ਹਾਲਾਂ ਕਿ ਆਮ ਆਦਮੀ ਪਾਰਟੀ ਭਾਜਪਾ ਵਾਸਤੇ ਵਧੇਰੇ ਨੁਕਸਾਨਦੇਹ ਸੀ ਤੇ ਕਾਂਗਰਸ ਵਾਸਤੇ ਬਹੁਤ ਘਟ।

ਇਸ ਸਾਰਾ ਕੁਝ ਦੇ ਬਾਵਜੂਦ ਜੇ ਆਮ ਆਦਮੀ ਪਾਰਟੀ ਨੇ ਕਰੋੜਾਂ ਵੋਟਾਂ ਹਾਸਿਲ ਕੀਤੀਆਂ ਹਨ ਤਾਂ ਇਹ ਅਰਵਿੰਦ ਕੇਜਰੀਵਾਲ, ਯੋਗਿੰਦਰ ਯਾਦਵ, ਸ਼ਾਜ਼ੀਆ ਇਲਮੀ, ਆਸ਼ੂਤੋਸ਼ ਵਰਗਿਆਂ ਦਾ ਕਮਾਲ ਹੈ; ਇਹ 21ਵੀਂ ਸਦੀ ਦਾ ਹੁਣ ਤਕ ਦਾ ਸਭ ਤੋਂ ਵੱਡਾ ਕਮਾਲ ਹੈ। ਖਾਲੀ ਬੋਝੇ ਨਾਲ 15 ਮਹੀਨੇ ਵਿਚ ਹੀ ਇਹ ਕਮਾਲ ਹਾਸਿਲ ਕਰ ਲੈਣ ਵਾਲਾ ਅਰਵਿੰਦ ਕੇਜਰੀਵਾਲ ਸਚਮੁਚ ਇਨ੍ਹਾਂ ਚੋਣਾਂ ਦਾ “ਮੈਨ ਆਫ਼ ਇਲੈਕਸ਼ਨ” ਹੈ।

ਕੀ ਦਿੱਲੀ ਵਿਚ ਆਮ ਆਦਮੀ ਪਾਰਟੀ ਹਾਰੀ ਹੈ? ਨਹੀਂ! ਦਿੱਲੀ ਵਿਚ ਆਮ ਆਦਮੀ ਪਾਰਟੀ ਆਪਣੀ 2013 ਵਾਲੀ ਪੋਜ਼ੀਸ਼ਨ ਤੋਂ ਅੱਗੇ ਨਿਕਲੀ ਹੈ। 2013 ਦੀਆਂ ਚੋਣਾਂ ਵਿਚ ਇਸ ਨੇ 28 ਸੀਟਾਂ ਜਿੱਤੀਆਂ ਸਨ ਤੇ ਭਾਜਪਾ 32 ਸੀਟਾਂ ਜਿੱਤ ਕੇ ਪਹਿਲੇ ਨੰਬਰ ‘ਤੇ ਰਹੀ ਸੀ। ਲੋਕ ਸਭਾ ਦੀਆਂ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਸਾਰੀਆਂ ਦੀਆਂ ਸਾਰੀਆਂ ਸੱਤਾਂ ਸੀਟਾਂ ‘ਤੇ ਹੀ ਉਹ ਦੋ ਨੰਬਰ ‘ਤੇ ਰਹੀ ਹੈ ਤੇ ਕਾਂਗਰਸ ਤੋਂ ਕਿਤੇ ਵਧ ਵੋਟਾਂ ਹਾਸਿਲ ਕੀਤੀਆਂ ਹਨ।ਆਮ ਆਦਮੀ ਪਾਰਟੀ ਨੇ ਸਗੋਂ ਤਾਕਤ ਵਧਾਈ ਹੈ; ਇਸ ਨੇ 2013 ਦੀਆਂ 30% ਦੇ ਮੁਕਾਬਲੇ 33% ਵੋਟਾਂ ਹਾਸਿਲ ਕੀਤੀਆਂ ਹਨ।

ਕਾਂਗਰਸ ਤੇ ਭਾਜਪਾ ਦਾ ਦੋ ਸੀਟਾਂ ਵਾਸਤੇ ਖ਼ੁਫ਼ੀਆ ਸਮਝੌਤਾ

ਕਾਂਗਰਸ ਤੇ ਭਾਜਪਾ ਨੇ ਅਮੇਠੀ ਅਤੇ ਵਾਰਾਨਸੀ, ਦੋ ਸੀਟਾਂ ਵਾਸਤੇ ਆਪਣ ਵਿਚ ਖ਼ੁਫ਼ੀਆ ਸਮਝੌਤਾ ਕੀਤਾ। ਇਸ ਵਿਚ ਕਾਂਗਰਸ ਦੇ ਅਹਿਮਦ ਪਟੇਲ ਦਾ ਵੱਡਾ ਰੋਲ ਸੀ। ਰਾਹੁਲ ਨੂੰ ਹਾਰ ਤੋਂ ਬਚਾਉਣ ਵਾਸਤੇ ਭਾਜਪਾ ਤੇ ਕਾਂਗਰਸ ਨੇ ਖ਼ੁਫ਼ੀਆ ਸਮਝੌਤਾ ਕੀਤਾ। ਮੈਂ ਇਹ ਗੱਲ ਚੋਣਾਂ ਤੋਂ 15 ਦਿਨ ਪਹਿਲਾਂ ਵੀ ਕਹੀ ਸੀ। ਸਿਮ੍ਰਤੀ ਇਰਾਨੀ ਜੋ 2013 ਵਿਚ ਰਾਜ ਸਭਾ ਵਾਸਤੇ ਚੁਣੀ ਗਈ ਸੀ ਅਤੇ ਉਸ ਦੇ ਅਜੇ 5 ਸਾਲ ਬਾਕੀ ਸਨ। (ਜੇ ਉਹ ਅਮੇਠੀ ਤੋਂ ਜਿੱਤ ਜਾਂਦੀ, ਜਿਹੜਾ ਕਿ ਨਾਮੁਮਕਿਨ ਸੀ, ਤਾਂ ਰਾਜ ਸਭਾ ਵਿਚ ਉਸ ਦੀ ਸੀਟ ਖ਼ਾਲੀ ਹੋ ਜਾਣੀ ਸੀ। ਹਾਲਾਂ ਕਿ ਰਾਜ ਸਭਾ ਵਿਚ ਭਾਜਪਾ ਦੀ ਪਹਿਲਾਂ ਹੀ ਕੋਈ ਤਾਕਤ ਨਹੀਂ ਹੈ)। ਉਸ ਨੂੰ ਰਾਹੁਲ ਦੇ ਖ਼ਿਲਾਫ਼ ਇਸ ਕਰ ਕੇ ਖੜ੍ਹਾ ਕੀਤਾ ਗਿਆ ਕਿਉਂਕਿ ਰਾਹੁਲ ਨੂੰ ਆਮ ਆਦਮੀ ਪਾਰਟੀ ਦੇ ਕੁਮਾਰ ਬਿਸਵਾਸ ਦੇ ਹੱਥੋਂ ਹਾਰ ਮਿਲ ਰਹੀ ਦਿਸ ਰਹੀ ਸੀ। ਇਸ ਦੇ ਮੁਕਾਬਲੇ ਵਿਚ ਬਨਾਰਸ ਵਿਚ ਕਾਂਗਰਸ  ਨੇ ਆਪਣੇ ਉਮੀਦਵਾਰ ਅਜੈ ਰਾਜ (ਜਿਸ ਨੇ 2009 ਵਿਚ ਸਿਰਫ਼ 66386 ਵੋਟਾਂ ਲਈਆਂ ਸਨ) ਵਾਸਤੇ ਸਾਰਾ ਜ਼ੋਰ ਲਾ ਦਿੱਤਾ ਤਾਂ ਜੋ ਉਹ ਕੇਜਰੀਵਾਲ ਦੀਆਂ ਵੋਟਾਂ ਤੋੜ ਕੇ ਮੋਦੀ ਨੂੰ ਫ਼ਾਇਦਾ ਪਹੁੰਚਾ ਸਕੇ। ਹੋਰ ਤਾਂ ਹੋਰ ਰਾਹੁਲ ਵੀ ਵਾਰਾਨਸੀ ਗਿਆ ਜਦ ਕਿ ਉਹ ਆਪਣੀ ਮਾਂ ਸੋਨੀਆ ਦੀ ਸੀਟ ‘ਤੇ ਵੀ ਨਹੀਂ ਗਿਆ।

ਬਨਾਰਸ ਵਿਚ ਅਰਵਿੰਦ ਕੇਜਰੀਵਾਲ ਨੇ ਬਨਾਰਸ ਵਿਚ ੲਕ ਗ਼ਲਤੀ ਕੀਤੀ ਸੀ। ਉਸ ਨੂੰ ਮੁਖ਼ਤਾਰ ਅੰਸਾਰੀ ਦੀ ਮਦਦ ਲੈਣ ਤੋਂ ਨਾਂਹ ਕਰਨ ਸਬੰਧੀ ਬਾਰੇ ਬਿਆਨ ਦੇਣ ਦੀ ਬਜਾਇ ਚੁੱਪ ਰਹਿਣਾ ਚਾਹੀਦਾ ਸੀ। ਉਥੇ ਨਿਸ਼ਾਨਾ ਮੋਦੀ ਨੂੰ ਹਰਾਉਣਾ ਸੀ। ਜੇ ਮੁਖ਼ਤਾਰ ਅੰਸਾਰੀ ਦੀ ਮਦਦ ਬਿਨਾ ਮੰਗਿਓਂ ਮਿਲਦੀ ਸੀ ਤਾਂ ਇਸ ਦੀ ਮੁਖ਼ਾਲਫ਼ਤ ਕਰਨਾ ਵੱਡੀ ਗ਼ਲਤੀ ਸੀ। ਚਲੋ, ਉਸ ਨੇ ਅੰਸਾਰੀ ਦੀਆਂ ਇਕ ਲੱਖ 85 ਹਜ਼ਾਰ 911 ਵੋਟਾਂ ਠੁਕਰਾ ਦਿੱਤੀਆਂ ਤਾਂ ਜੋ ਭਲਕ ਨੂੰ ਉਹ ਇਹ ਨਾ ਕਹਿ ਸਕੇ ਕਿ ਅਰਵਿੰਦ ਨੂੰ ਮੈਂ ਜਿਤਾਇਆ ਹੈ। ਅੰਸਾਰੀ ਨੇ ਆਪਣੇ ਪੱਕੇ ਦੁਸ਼ਮਣ ਕਾਂਗਰਸ ਦੇ ਅਜੈ ਰਾਜ ਦੀ ਹਿਮਾਇਤ ਕੀਤੀ। ਕਾਂਗਰਸ ਨੇ ਤਾਂ 2009 ਵਿਚ ਸਿਰਫ਼ 66386 ਵੋਟਾਂ ਲਈਆਂ ਸਨ।ਪਰ ਇਸ ਦਾ ਇਕ ਫ਼ਾਇਦਾ ਜ਼ਰੂਰ ਹੋਇਆ ਕਿ ਅਰਵਿੰਦ ਨੇ ਬਨਾਰਸ ਵਿਚ ਸਾਰੀਆਂ ਵੋਟਾਂ ਆਪਣੀ ਹਿੱਕ ਦੇ ਜ਼ੋਰ ਨਾਲ ਵੋਟਾਂ ਲਈਆਂ। ਯਾਨਿ ਉਸ ਨੇ ਲੱਖਾਂ ਲੋਕਾਂ ਦੇ ਦਿਲ ਜਿੱਤੇ ਹਨ।
ਬੰਗਾਲ ਤੇ ਪੰਜਾਬ ਦਾ ਇਨਕਲਾਬੀ ਰੋਲ

ਇਨ੍ਹਾਂ ਚੋਣਾਂ ਨੇ ਇਕ ਹੋਰ ਕਮਾਲ ਦੀ ਗੱਲ ਦੁਹਰਾਈ ਹੈ ਕਿ ਇਨਕਲਾਬ ਹਮੇਸ਼ਾ ਪੰਜਾਬ ਅਤੇ ਬੰਗਾਲ ਵਿਚੋਂ ਹੀ ਜਨਮ ਲੈਂਦਾ ਹੈ। ਪੋਲਿੰਗ ਵਿਚ ਵੀ ਪੰਜਾਬ ਅਤੇ ਬੰਗਾਲ ਨੇ ਕਮਾਲ ਕੀਤੀ ਹੈ; 70% ਤੇ 80% ਪੋਲਿੰਗ ਕਮਾਲ ਹੈ। ਫਿਰ ਇਨ੍ਹਾਂ ਦੋਹਾਂ ਕੌਮਾਂ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਉਹ ਫ਼ਿਰਕੂ ਤਾਕਤਾਂ ਨੂੰ ਰੱਦ ਕਰਦੇ ਹਨ। ਰਾਜਿਸਥਾਨ ਦੇ ਰਾਜਪੂਤਾਂ ਨੇ ਅਕਬਰ ਦੇ ਵੇਲੇ ਦੀ ਛੱਡੀ ਬਹਾਦਰੀ ਤੇ ਅਣਖ ਨੂੰ ਫਿਰ ਤਕੜੇ ਹਾਕਮ ਦੇ ਅੱਗੇ ਸਿਰ ਝੁਕਾ ਕੇ ਤੇ ਮੂਰਖਾਨਾ ਜਜ਼ਬਾਤਾਂ ਦੇ ਇਜ਼ਹਾਰ ਨਾਲ ਕਬੂਲ ਕੀਤਾ ਹੈ।

ਇਹ ਤਾਂ ਸਾਬਿਤ ਹੋ ਗਿਆ ਹੈ ਕਿ 20 ਹਜ਼ਾਰ ਕਰੋੜ ਰੁਪੈ ਖ਼ਰਚ ਕੇ, 90% ਇਲੈਕਟਰੌਨਿਕ ਮੀਡੀਆ ਨੂੰ ਖ਼ਰੀਦ ਕੇ, ਹਿੰਦੂਤਵ ਦੇ ਨਾਅਰੇ ਹੇਠ, ਵਿਕਾਸ ਦੇ ਝੂਠ ਦੇ ਨਾਂ ‘ਤੇ, ਕੁਝ ਸ਼ੋਅ ਬੁਆਏ ਮੁਸਲਮਾਨਾਂ ਵਿਚੋਂ ਨਾਲ ਲੈ  ਕੇ, ਅਤੇ ਸਿੱਖ ਪੰਥ ਅਤੇ ਪੰਜਾਬੀਅਤ ਦੇ ਸਭ ਤੋਂ ਵੱਡੇ ਦੁਸ਼ਮਣ ਬਾਦਲ ਨੂੰ ਨਾਲ ਰਲਾ ਕੇ, ਭੋਲੀ ਜਨਤਾ ਨੂੰ ਮੂਰਖ ਬਣਾਇਆ ਜਾ ਸਕਦਾ ਹੈ। ਪਰ, ਭਾਰਤੀਆਂ ਨੂੰ ਦੀਵਾਰ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਮੁਸਲਮਾਨ, ਸਿੱਖ, ਇਸਾਈ ਇਸਾਈ ਦੀ ਮੋਦੀ ਦੀ ਹਕੂਮਤ ਵਿਚ ਕੋਈ ਥਾਂ ਨਹੀਂ ਹੋਵੇਗੀ। ਵਿਕਾਸ ਦਾ ਛੁਣਛੁਣਾ ਤੁਹਾਨੂੰ ਖਿਡੌਣੇ ਵਜੋਂ ਹੀ ਮਿਲੇਗਾ, ਸਚੁਮੱਚ ਨਹੀਂ; ਮੁਲਕ ਦਾ ਕੋਈ ਮਸਲਾ ਹੱਲ ਨਹੀਨ ਹੋਵੇਗਾ। ਭਾਰਤੀਓ, ਤੁਸੀਂ ਛੇਤੀ ਹੀ ਪਛਤਾਉਣ ਲਗ ਪਓਗੇ ਕਿ ਤੁਸੀਂ ਕੀ ਕਰ ਬੈਠੇ! ਪਰ ਇਹ ਪਛਤਾਵਾ ਤੁਹਾਡੀ ਜ਼ਿੰਦਗੀ ਦੇ ਘਟੋ-ਘਟ 5 ਸਾਲ ਤਾਂ ਵਿਅਰਥ ਗੁਆ ਦੇਵੇਗਾ।

ਇਸ ਵਿਚੋਂ ਇਕ ਹੋਰ ਗੱਲ ਵੀ ਉਭਰਦੀ ਹੈ ਕਿ ਕੀ ਭਵਿੱਖ ਹੈ ਅਜਿਹੇ ਮੁਲਕ ਦਾ? ਇਸ ਤੋਂ ਇਕ ਗੱਲ ਸਾਬਿਤ ਹੁੰਦੀ ਹੈ ਕਿ ਭਲਕ ਨੂੰ ਕੋਈ ਵਿਦੇਸ਼ੀ ਤਾਕਤ ਇਸ ਤੋਂ ਵਧ ਖ਼ਰਚ ਕਰ ਕੇ ਮੁਲਕ ਨੂੰ ਚੀਨ, ਪਾਕਿਸਤਾਨ, ਅਮਰੀਕਾ, ਜਪਾਨ ਕਿਸੇ ਦਾ ਵੀ ਗ਼ੁਲਾਮ ਬਣਾ ਸਕਦੀ ਹੈ।

ਪੰਜਾਬ ਦੇ ਚੋਣ ਨਤੀਜਿਆਂ ਦਾ ਲੇਖਾ ਜੋਖਾ

ਪੰਜਾਬ ਦੀਆਂ 13 ਸੀਟਾਂ ਵਿਚੋਂ 4 ਬਾਦਲ (ਫ਼ੀਰੋਜ਼ਪੁਰ, ਬਠਿੰਡਾ,ਖਡੂਰ ਸਾਹਿਬ, ਅਨੰਦਪੁਰ) ਨੇ, 2 ਭਾਜਪਾ ਨੇ (ਗੁਰਦਾਸਪੁਰ ਤੇ ਹੁਸ਼ਿਆਰਪੁਰ), 3 ਕਾਂਗਰਸ ਨੇ (ਜਲੰਧਰ, ਅੰਮ੍ਰਿਤਸਰ, ਲੁਧਿਆਣਾ), 4 ਆਮ ਆਦਮੀ ਪਾਰਟੀ ਨੇ (ਸੰਗਰੂਰ, ਫ਼ਰੀਦਕੋਟ, ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ)  ਜਿੱਤੀਆ ਹਨ। ਆਮ ਆਦਮੀ ਪਾਰਟੀ ਲੁਧਿਆਣਾ ਵਿਚ ਦੂਜੇ ਨੰਬਰ ‘ਤੇ ਅਤੇ 8 ਸੀਟਾਂ ‘ਤੇ ਤੀਜੇ ਨੰਬਰ ‘ਤੇ ਰਹੀ ਹੈ। ਮਾਨ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਕਮਿਊਨਿਸਟਾਂ ਨੇ ਸਾਰੀਆਂ ਸੀਟਾਂ ‘ਤੇ ਜ਼ਮਾਨਤਾਂ ਜ਼ਬਤ ਕਰਵਾਈਆਂ ਹਨ।

ਅੰਮ੍ਰਿਤਸਰ ਤੇ ਬਠਿੰਡਾ ਸੀਟਾਂ ਦਾ ਮਸਲਾ:  ਜਦੋਂ ਦੋ ਦੁਸ਼ਮਣ ਹੋਣ ਤਾਂ ਵਧ ਖ਼ਤਰਨਾਕ ਦੁਸ਼ਮਣ ਨੂੰ ਖ਼ਤਮ ਕਰਨਾ ਪਹਿਲੀ ਜ਼ਰੂਰਤ ਹੁੰਦੀ ਹੈ। ਇਸ ਕਰ ਕੇ ਅੰਮ੍ਰਿਤਸਰ ਤੇ ਬਠਿੰਡਾ ਸੀਟਾਂ ਵਾਸਤੇ ਸੰਜੀਦਗੀ ਨਾਲ ਸੋਚਣਾ ਚਾਹੀਦਾ ਸੀ। ਇਸ ਵਿਚ ਕੋਈ ਸ਼ਕ ਨਹੀਂ ਕਿ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਮੁਹੱਬਤ ਦਿੱਤੀ ਹੈ ਤੇ ਬਹੁਤ ਸਾਰੇ ਵੋਟਰ ਇਸ ਮੁਹੱਬਤ ਨੂੰ ਐਕਸ਼ਨ ਵਿਚ ਬਦਲਣਗੇ। ਪਰ ਹਕੀਕਤ ਨੂੰ ਕਬੂਲ ਕਰਨਾ ਸਿਆਣਪ ਹੁੰਦੀ ਹੈ।

ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਕਿਸੇ ਹਾਲਤ ਵਿਚ ਵੀ ਬਠਿੰਡਾ ਸੀਟ ਨਹੀਂ ਜਿੱਤ ਸਕਦੀ ਸੀ।ਇਨ੍ਹਾਂ ਸੀਟਾਂ ‘ਤੇ ਆਮ ਆਦਮੀ ਪਾਰਟੀ  ਦੇ ਜੱਸੀ ਜਸਰਾਜ ਨੂੰ 87901 ਵੋਟਾਂ ਮਿਲੀਆਂ ਹਨ ਅਤੇ ਹਰਸਿਮਰਤ ਕੌਰ ਸਿਰਫ਼ 19385 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ। ਮੈਂ ਨਹੀਂ ਕਹਿੰਦਾ ਕਿ ਮਨਪ੍ਰੀਤ ਬਾਦਲ ਦੀ ਹਿਮਾਇਤ ਕੀਤੀ ਜਾਣੀ ਚਾਹੀਦੀ ਸੀ, ਪਰ ਬਾਦਲ-ਭਾਜਪਾ ਨੂੰ ਜਿੱਤਣ ਤੋਂ ਰੋਕਣਾ ਲਾਜ਼ਮੀ ਸੀ। ਪਰ ਹਰਸਿਮਰਤ ਬਾਦਲ ਨੂੰ ਜਿੱਤਣ ਤੋਂ ਰੋਕਣਾ ਸਾਡੀ ਜ਼ਰੂਰਤ ਸੀ। ਜੇ ਇੱਥੇ ਜੱਸੀ ਜਸਰਾਜ ਖੜ੍ਹਾ ਨਾ ਹੁੰਦਾ ਤਾਂ ਇਹ ਪੰਜਾਬ ਦੀ ਧਰਤੀ ਦੀ 2014 ਦੀ ਸਭ ਤੋਂ ਵੱਡੀ ਕਮਾਲ ਹੋਣੀ ਸੀ। ਪਰ, ਜੱਸੀ ਜਸਰਾਜ ਨੇ ਬਹੁਤ ਨੁਕਸਾਨ ਕੀਤਾ ਹੈ; ਉਸ ਨੇ ਜ਼ਮਾਨਤ ਵੀ ਜ਼ਬਤ ਕਰਵਾਈ ਅਤੇ ਇਕ ਵੱਡੇ ਦੁਸ਼ਮਣ ਉਮੀਦਵਾਰ ਨੂੰ ਜਿਤਾਉਣ ਦਾ ਕਾਰਨ ਵੀ ਬਣਿਆ।

ਅੰਮ੍ਰਿਤਸਰ ਵਿਚੋਂ ਜੇਤਲੀ (ਭਾਜਪਾ) ਦੇ (1 ਲੱਖ 4 ਹਜ਼ਾਰ 140 ਵੋਟਾਂ ਨਾਲ) ਹਾਰਨ ਨਾਲ ਪੰਜਾਬ ਅਤੇ ਸਿੱਖਾਂ ਦੀ ਇੱਜ਼ਤ ਬਚ ਗਈ ਹੈ। ਜੇ ਇੱਥੇ ਡਾ: ਦਲਜੀਤ ਸਿੰਘ ਨਾ ਖੜ੍ਹਦੇ ਤਾਂ ਉਨ੍ਹਾਂ ਦੀਆਂ 82633 ਵੋਟਾਂ ਵੀ ਕੈਪਟਨ ਨੂੰ ਮਿਲਣੀਆਂ ਸਨ। ਇੱਥੇ ਪੰਜਾਬ ਦੇ ਹਿਤਾਂ ਦੀ ਕੁਰਬਾਨੀ ਕਰਨ ਵਾਸਤੇ ਤਿਆਰ ਜੇਤਲੀ ਦੀ ਹਾਰ ਜ਼ਰੂਰੀ ਸੀ।ਅੰਮ੍ਰਿਤਸਰ ਸਿੱਖਾਂ ਦਾ ਸਭ  ਤੋਂ ਅਹਿਮ ਧਾਰਮਿਕ ਨਗਰ ਹੈ; ਇਸ ਦਾ ਐਮ.ਪੀ., ਮੇਅਰ, ਡੀ.ਸੀ., ਐਸ.ਐਸ.ਪੀ. ਸਿੱਖ ਹੀ ਹੋਣਾ ਚਾਹੀਦਾ ਹੈ। ਐਮ.ਪੀ. ਕਿਰਪਾਲ ਸਿੰਘ ਤੋਂ ਮਗਰੋਂ ਇਸ ਸੀਟ ‘ਤੇ ਕਦੇ ਵੀ ਕੋਈ ਸਿੱਖ ਨਹੀਂ ਜਿੱਤ ਸਕਿਆ। ਕਾਂਗਰਸ ਅਤੇ ਭਾਜਪਾ ਨੇ ਸਦਾ ਇੱਥੋਂ ਹਿੰਦੂ ਨੂੰ ਹੀ ਸੀਟ ਦਿੱਤੀ। ਦਯਾ ਸਿੰਘ ਸੋਢੀ ਆਰ.ਐਸ.ਐਸ. ਦਾ ਸੰਜੀਦਾ ਵਰਕਰ ਹੈ। ਨਵਜੋਤ ਸਿੱਧੂ ਨੇ ਆਪਣੇ ਸਿਰ ‘ਤੇ ਤਾਂ ਪੱਗ ਤਾਂ ਸਿੱਖਾਂ ਨੂੰ ਧੋਖਾ ਦੇਣ ਅਤੇ ਮੂਰਖ ਬਣਾਉਣ ਵਾਸਤੇ ਰੱਖੀ ਹੋਈ ਹੈ। ਜਿਸ ਦੇ ਘਰ ਵਿਚ ਮੰਦਰ ਹੈ ਅਤੇ ਢਾਈ ਕਰੋੜ ਰੁਪੈ ਦਾ ਸ਼ਿਵਲਿੰਗ ਹੈ ਉਸ ਨੂੰ ਸਿੱਖ ਕਹਿਣਾ ਸਿੱਖੀ ਦੀ ਤੌਹੀਨ ਹੈ। ਅਮਰਿੰਦਰ ਸਿੰਘ ਬੇਸ਼ਕ ਕਾਂਗਰਸੀ ਹੈ ਅਤੇ ਸਿੱਖ ਕਾਂਗਰਸ ਨੂੰ ਕਦੇ ਮੁਆਫ਼ ਨਹੀਂ ਕਰ ਸਕਦਾ; ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਨੇ ਦਰਬਾਰ ਸਾਹਿਬ ‘ਤੇ ਇੰਦਰਾ ਗਾਂਧੀ ਦੇ ਹਮਲੇ ਦੇ ਖ਼ਿਲਾਫ਼ ਲੋਕ ਸਭਾ ਤੋਂ ਅਸਤੀਫ਼ਾ ਦਿੱਤਾ ਸੀ ਅਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਕਾਨੂੰਨ ਪਾਸ ਕੀਤਾ ਸੀ। ਸੋ, ਉਸ ਨੂੰ ਜਿਤਾ ਕੇ ਅੰਮ੍ਰਿਤਸਰ ਵਾਸੀਆਂ ਨੇ ਉਸ ਦਾ ਕਰਜ਼ਾ ਵੀ ਉਤਾਰਿਆ ਹੈ ਅਤੇ ਗੁਰੁ ਦੀ ਨਗਰੀ ਦੀ ਇਜ਼ਤ ਵੀ ਬਚਾਅ ਲਈ ਹੈ।

ਆਮ ਆਦਮੀ ਪਾਰਟੀ: ਪੰਜਾਬ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਕਮਾਲ ਕੀਤੀ ਹੈ। ਕਾਂਗਰਸ ਅਤੇ ਬਾਦਲ ਅਕਾਲੀ ਦਲ ਨੂੰ ਲੋਕਾਂ ਨੇ, ਖ਼ਾਸ ਕਰ ਕੇ ਨੌਜਵਾਨਾਂ ਨੇ ਬੁਰੀ ਤਰ੍ਹਾਂ ਰੱਦ ਕੀਤਾ ਹੈ। ਭਾਜਪਾ ਨੂੰ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਹਿੰਦੂ ਬੈਲਟ ਦੀ ਵੋਟ, ਸਿਰਫ਼ ਫ਼ਿਰਕਾਪ੍ਰਾਸਤੀ ਦੀ ਸੋਚ ਕਰ ਕੇ ਮਿਲੀ ਹੈ। ਬਠਿੰਡਾ, ਫ਼ੀਰੋਜ਼ਪੁਰ, ਹੁਸ਼ਿਆਰਪੁਰ ਅਤੇ ਅਨੰਦਪੁਰ ਸਾਹਿਬ ਦੀਆਂ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਬਾਦਲ। ਭਾਜਪਾ  ਦੀ ਹਰਸਿਮਰਤ ਕੌਰ, ਸ਼ੇਰ ਸਿੰਘ ਘੁਬਾਇਆ, ਵਿਜੈ ਸਾਂਪਲਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ (23697 ਵੋਟਾਂ ਦੇ ਫ਼ਰਕ ਨਾਲ) ਦੀ ਜਿੱਤ ਦੇ ਕਾਰਨ ਬਣੇ ਹਨ। ਜੇ ਇਨ੍ਹਾਂ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾ ਹੁੰਦੇ ਤਾਂ ਬਾਦਲ ਤੇ ਭਾਜਪਾ ਪੰਜਾਬ ਵਿਚੋਂ ਗੁਰਦਾਸਪੁਰ ਤੋਂ ਇਲਾਵਾ ਸਾਇਦ ਇਕ ਵੀ ਸੀਟ ਨਾ ਜਿੱਤ ਸਕਦੇ।

ਜਿੱਤੀਆਂ ਸੀਟਾਂ

ਭਗਵੰਤ ਮਾਨ ਨੇ 5,33,237 ਵੋਟਾਂ ਲੈ ਕੇ  (2,11,721 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ) ਜੋ ਕਮਾਲ ਕੀਤਾ ਹੈ ਉਹ ਵੀ ਤਵਾਰੀਖ਼ ਵਿਚ ਮਿਸਾਲ ਵਾਂਙ ਕਾਇਮ ਹੋ ਗਿਆ ਹੈ (ਇਸ ਸੀਟ ‘ਤੇ ਬਾਦਲ ਦਲ ਦੇ ਢੀਂਡਸਾ ਦੀਆਂ 3,21,516 ਅਤੇ ਕਾਂਗਰਸ ਦੇ ਵਿਜੈਇੰਦਰ ਸਿੰਗਲਾਂ ਦੀਆਂ 1,81,410 ਦੋਹਾਂ ਨੂੰ ਮਿਲਾ ਕੇ ਵੀ ਭਗਵੰਤ ਮਾਨ ਦੀਆਂ ਵੋਟਾਂ ਤੋਂ ਘਟ ਬਣਦੀਆਂ ਹਨ)। ਆਮ ਆਦਮੀ ਪਾਰਟੀ ਦੇ ਪ੍ਰੋ ਸਾਧੂ ਸਿੰਘ ਨੇ ਫ਼ਰੀਦਕੋਟ ਤੋਂ  4,50,751 ਵੋਟਾਂ ਲੈ ਕੇ, 1,72,516 ਦੇ ਫ਼ਰਕ ਨਾਲ, ਫ਼ਤਹਿਗੜ੍ਹ ਸਾਹਿਬ ਵਿਚ ਸ. ਹਰਿੰਦਰ ਸਿੰਘ ਨੇ 3,67,293 ਵੋਟਾਂ ਲੈ ਕੇ, 54144 ਦੇ ਫ਼ਰਕ ਨਾਲ,, ਪਟਿਆਲਾ ਵਿਚ ਡਾ: ਧਰਮ ਵੀਰ ਗਾਂਧੀ ਨੇ 3,65,671 ਵੋਟਾਂ ਲੈ ਕੇ, 20942 ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ ਹੈ।

ਹਾਰੀਆਂ ਸੀਟਾਂ

ਇੰਞ ਹੀ ਲੁਧਿਆਣਾ ਸੀਟ ਸਿਰਫ਼ ਮਾਮੂਲੀ ਫ਼ਰਕ ਨਾਲ (3,00,459 ਦੇ ਮੁਕਾਬਲੇ 2,80,750 ਵੋਟਾਂ; ਮਨਪ੍ਰੀਤ ਇਆਲੀ ਦੀਆਂ 2,56,590, ਯਾਨਿ ਸਿਰਫ਼ 19709 ਦੇ ਫ਼ਰਕ ਨਾਲ) ਹੀ ਹਾਰੀ ਹੈ। ਹੁਸ਼ਿਆਰਪੁਰ ਵਿਚ ਭਾਜਪਾ ਦੇ ਵਿਜੈ ਸਾਂਪਲਾ (3 ਲੱਖ 46 ਹਜ਼ਾਰ 643) ਨੇ ਮਹਿੰਦਰ ਸਿੰਘ ਕੇ.ਪੀ. (3 ਲੱਖ 33 ਹਜ਼ਾਰ 61) ਨੂੰ ਸਿਰਫ਼ 13582 ਵੋਟਾਂ ‘ਤੇ ਹਰਾਇਆ ਹੈ, ਜਦ ਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੀ ਯਾਮਿਨੀ ਗੋਮਰ ਨੇ 2 ਲੱਖ 13 ਹਜ਼ਾਰ 338 ਵੋਟਾਂ ਹਾਸਿਲ ਕੀਤੀਆਂ। ਅਨੰਦਪੁਰ ਸਾਹਿਬ ਵਿਚ ਵੀ ਆਮ ਆਦਮੀ ਪਾਰਟੀ ਨੇ ਕਮਾਲ ਕੀਤੀ ਹੈ। ਭਾਵੇਂ ਉਥੇ ਪ੍ਰੇਮ ਸਿੰਘ ਚੰਦੂਮਾਜਰਾ (3,47,394 ਵੋਟਾਂ ਲੈ ਕੇ) 23697 ਵੋਟਾਂ ਦੇ ਫ਼ਰਕ ਨਾਲ ਜਿੱਤਿਆ ਹੈ ਤੇ ਅੰਬੀਕਾ ਸੋਨੀ ਨੇ 3,23,697 ਵੋਟਾਂ ਲਈਆਂ ਹਨ, ਪਰ ਹਿੰਮਤ ਸਿੰਘ ਸ਼ੇਰਗਿੱਲ ਨੇ ਵੀ 3,06,008 ਵੋਟਾਂ ਹਾਸਿਲ ਕੀਤੀਆਂ ਹਨ।

ਖਡੂਰ ਸਾਹਿਬ ਵਿਚ ਵੀ ਬਾਦਲ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ (4 ਲੱਖ 67 ਹਜ਼ਾਰ 332) ਨੇ ਹਰਮਿੰਦਰ ਸਿੰਘ ਗਿੱਲ (3 ਲੱਖ 66 ਹਜ਼ਾਰ 763) ਨੂੰ 1 ਲੱਖ 569 ਵੋਟਾਂ ‘ਤੇ ਹਰਾਇਆ। ਇਸ ਦਾ ਕਾਰਨ ਬਲਦੀਪ ਸਿੰਘ ਵੱਲੋਂ 1 ਲੱਖ 44 ਹਜ਼ਾਰ 521 ਵੋਟਾਂ ਹਾਸਿਲ ਕਰਨਾ ਸੀ।

ਫ਼ੀਰੋਜ਼ਪੁਰ ਸੀਟ ਤੋਂ ਸ਼ੇਰ ਸਿੰਘ ਘੁਬਾਇਆ ਸਿਰਫ਼ 31420 ਵੋਟਾਂ ਦੇ ਫ਼ਰਕ ਨਾਲ ਜਿੱਤਿਆ। ਇੱਥੇ ਆਮ ਆਦਮੀ ਪਾਰਟੀ ਦੇ ਸਤਨਾਮ ਪਾਲ ਨੇ 1,13,412 ਵੋਟਾਂ ਹਾਸਿਲ ਕੀਤੀਆਂ ਹਨ। ਗੁਰਦਾਸਪੁਰ ਸੀਟ ਤੋਂ ਸੁੱਚਾ ਸਿੰਘ ਛੋਟੇਪੁਰ ਨੇ 1,73,376 ਵੋਟਾਂ ਹਾਸਿਲ ਕੀਤੀਆਂ ਹਨ। ਜਲੰਧਰ ਤੋਂ ਜਯੋਤੀ ਮਾਨ ਨੇ 2,54,121 ਵੋਟਾਂ ਹਾਸਿਲ ਕੀਤੀਆਂ ਹਨ।

ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਕੁਲ 33 ਲੱਖ 73 ਹਜ਼ਾਰ 12 ਵੋਟਾਂ ਹਾਸਿਲ ਕੀਤੀਆਂ ਹਨ।

ਸਿਮਰਨਜੀਤ ਸਿੰਘ ਮਾਨ:

ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਨੂੰ ਪਈਆਂ ਵੋਟਾਂ ਖਾਲਿਸਤਾਨ ਦੇ ਨਾਂ ‘ਤੇ ਪਈਆਂ ਵੋਟਾਂ ਹਨ। ਇਸ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਘਟੋ-ਘਟ ਏਨੇ ਬੰਦੇ ਤਾਂ ਖਾਲਿਸਤਾਨ ਵਾਸਤੇ ਜੀਅ ਜਾਨ ਨਾਲ ਖੜ੍ਹੇ ਹਨ ਤੇ ਦੂਜਾ ਪੱਖ ਇਹ ਵੀ ਹੈ ਕਿ ਸਿਰਫ਼ ਏਨੇ ਸਿੱਖ ਹੀ ਖਾਲਿਸਤਾਨ ਦੇ ਹਿਮਾਇਤੀ ਹਨ। ਮੇਰਾ ਵੱਡਾ ਵੀਰ ਸ. ਸਿਮਰਨਜੀਤ ਸਿੰਘ ਮਾਨ ਮੇਰੇ ਨਾਲ ਨਾਰਾਜ਼ ਜ਼ਰੂਰ ਹੋਵੇਗਾ। ਪਰ ਮੈਂ ਸਮਝਦਾ ਹਾਂ ਕਿ ਉਸ ਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ ਸਨ। ਕੀ ਹਰ ਵਾਰ, ਹਰ ਇਕ ਦੀ ਜ਼ਮਾਨਤ ਜ਼ਬਤ ਕਰਵਾਉਣਾ ਕੁਝ ‘ਹਾਸਿਲ’ ਕਰਨਾ ਹੈ (ਉਨ੍ਹਾਂ ਆਪ ਸਿਰਫ਼ 13 ਹਜ਼ਾਰ 990 ਵੋਟਾਂ ਹਾਸਿਲ ਕਤਿੀਆਂ)? ਜੇ ਉਹ ਇੰਞ ਸੋਚਦੇ ਹਨ ਤਾਂ ਫਿਰ ਉਹ ਜ਼ਰੂਰ ਠੀਕ ਹਨ। ਹਾਂ, ਜੇ ਉਹ ਸਚਮੁਚ ਕੁਝ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਿਰਫ਼ ਚੋਣਾਂ ਦੇ ਦਿਨਾਂ ਵਿਚ 15-20 ਜਲਸੇ ਕਰਨ ਦੀ ਬਜਾਇ ਪਿੰਡ ਪਿੰਡ ਵਿਚ ਜਾ ਕੇ ਜਨਤਾ ਨੂੰ ਜਾਗਰੂਕ ਕਰਨ। ਦੂਜਾ, ਸ. ਸਿਮਰਨਜੀਤ ਸਿੰਘ ਮਾਨ ਜੀਓ, ਸਿਰਫ਼ ਖਾਲਿਸਤਾਨ ਹੀ ਸਿੱਖਾਂ ਅਤੇ ਪੰਜਾਬ ਦਾ ਇਕੋ ਇਕ ਮਸਲਾ ਨਹੀਂ ਹੈ। ਨਸ਼ਿਆਂ ਵਿਚ ਗ਼ਰਕ ਹੋ ਰਹੀ ਜਵਾਨੀ, ਬੇਰੋਜ਼ਗਾਰੀ, ਕੁਨਬਾਪਰਵਰੀ, ਇਖ਼ਲਾਕ ਦੀ ਜਲਾਵਤਨੀ ਹੋਰ ਵੀ ਵੱਡੇ ਮਸਲੇ ਹਨ। ਇੰਞ ਹੀ, ਧਾਰਮਿਕ ਪੱਖੋਂ, ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ‘ਤੇ ਬਾਦਲ ਦਲ ਰਾਹੀਂ, ਆਰ.ਐਸ.ਐਸ. ਦੇ ਰਿਮੋਟ ਕੰਟਰੋਲ ਦਾ ਕਬਜ਼ਾ ਹੈ। ਪੰਥ ਵਿਚ ਸਿੱਖ ਵਿਰੋਧੀ ਅਖੌਤੀ ਜਥੇਦਾਰ ਦਾ ਅਹੁਦਾ ਕਾਇਮ ਹੋਣਾ, ਸਾਧ ਮਾਫ਼ੀਆ ਦਾ ਪੰਜਾਬ ਵਿਚ ਫੈਲਾਅ ਹੋਣਾ, ਗੁਰੁ ਸਾਹਿਬ ਜੀ ਦਾ ਨਾਂ ਵਰਤ ਕੇ ਦਮਦਮੀ ਟਕਸਾਲ ਦੇ ਨਾਂ ਝੂਠ ਹੇਠ ਜਾਅਲੀ ਬ੍ਰਾਹਮਣੀ-ਨਿਰਮਲਾ ਟਕਸਾਲ ਪੰਥ ਵਾਸਤੇ ਸਬ ਤੋਂ ਵੱਡੀਆਂ ਅਲਾਮਤਾਂ ਹਨ। ਇਸ ਦੇ ਨਾਲ-ਨਾਲ ਸਿੱਖਾਂ ਵਿਚ ਮਲਿਕ ਭਾਗੋ ਦਾ ਕਬਜ਼ਾ, ਭਾਈ ਲਾਲੋ ਦੀ ਬੇਕਦਰੀ, ਉਚ-ਨੀਚ, ਜ਼ਾਤ ਪਾਤ ਤੇ ਇਲਾਕਾਵਾਦ ਅਤੇ ਹੋਰ ਵੀ ਬਹੁਤ ਵੱਡੇ ਮਸਲੇ ਹਨ।

ਬਾਦਲ ਦਲ ਨਾਲ ਜੁੜੇ ਅਸਲ ਅਕਾਲੀ

ਇਸ ਦੇ ਨਾਲ ਹੀ ਮੈਂ ਸੱਚੇ ਟਕਸਾਲੀ ਅਕਾਲੀਆਂ ਨੂੰ ਮੁਖ਼ਾਤਿਬ ਹੁੰਦਾ ਹਾਂ। ਓਏ, ਤੁਸੀਂ ਪਿਛਲੇ 15-16 ਸਾਲ ਤੋਂ ਬਾਦਲ ਦਾ ਰੋਲ ਦੇਖ ਰਹੇ ਹੋ; ਪਰ ਤੁਹਾਡੇ ਵਿਚੋਂ ਜੋ ਉਸ ਦਾ ਰਾਜ਼ ਜਾਣ ਚੁਕੇ ਹਨ ਅਤੇ ਉਸ ਨੂੰ ਛੱਡ ਚੁਕੇ ਹਨ, ਉਨ੍ਹਾਂ ਨੂੰ ਮੈਂ ਸੂਝ ਵਾਲੀ ਸੋਚ ਰੱਖਣ ਕਰ ਕੇ ਮੁਬਾਰਕ ਕਹਿੰਦਾ ਹਾਂ ਅਤੇ ਜੋ ਅਜੇ ਵੀ ਉਸ ਦੇ ਨਾਲ ਹਨ ਉਨ੍ਹਾਂ ਨੂੰ ਪੁੱਛਦਾ ਹਾਂ ਓਏ! ਬਾਦਲ ਨੇ ਸਿੱਖਾਂ ਵਾਸਤੇ ਜਾਂ ਪੰਜਾਬ ਵਾਸਤੇ ਕੀ ਕੀਤਾ ਹੈ? ਕੋਈ ਜਣਾ ਬਾਦਲ ਦਾ ਕੋਈ ਇਕ ਨਿਗੂਣਾ ਜਿਹਾ ਪੰਥਕ ਕੰਮ ਵੀ ਦੱਸ ਦੇਵੋ ਜਾਂ ਕੋਈ ਇਕ ਮਿਸਾਲ ਦਿਓ ਕਿ ਜੇ ਉਸ ਨੇ ਪੰਜਾਬ ਦੀ ਜਵਾਨੀ ਜਾਂ ਇੱਥੋਂ ਦੇ ਕਲਚਰ, ਜ਼ਬਾਨ ਜਾਂ ਲੋਕਾਈ ਵਾਸਤੇ ਹੀ ਕੁਝ ਕੀਤਾ ਹੋਵੇ? ਹਾਂ, ਉਸ ਨੇ ਆਪਣਾ ਘਰ ਭਰਿਆ ਹੈ (ਮੈਨੂੰ ਤਾਂ ਸਮਝ ਨਹੀਂ ਲੱਗੀ ਕਿ  ਉਸ ਨੇ ਇਸ ਦੌਲਤ ਨੂੰ ਕਿੱਥੇ ਲੈ ਜਾਣਾ ਹੈ?)। ਹਾਂ, ਉਸ ਨੇ ਪੰਜਾਬ ਵਿਚ ਕੁਝ ਧਨਾਡ, ਠੱਗ, ਸਮਗਲਰ, ਮਾਫ਼ੀਆ ਪੈਦਾ ਕੀਤੇ ਹਨ। ਉਸ ਨੇ ਪੰਜਾਬ ਵਿਚ ਨਸ਼ਿਆਂ ਦਾ ਦਰਿਆ ਵਗਾ ਦਿੱਤਾ ਹੈ; ਤੇ ਤੁਹਾਡੇ ਵਿਚੋਂ ਸ਼ਾਇਕ ਇਕ ਵੀ ਅਜਿਹਾ ਸ਼ਖ਼ਸ ਨਹੀਂ ਹੋਣਾ ਜਿਸ ਦਾ ਕੋਈ ਨਾ ਕੋਈ ਰਿਸ਼ਤੇਦਾਰ ਇਨ੍ਹਾਂ ਨਸ਼ਿਆਂ ਕਰ ਕੇ ਮਰਿਆ ਨਾ ਹੋਵੇ ਤੇ ਕਿਦੇ ਦਾ ਘਰ ਉਜੜਿਆ ਨਾ ਹੋਵੇ। ਕੀ ਤੁਹਾਨੂੰ ਆਪਣੇ ਖ਼ੂਨ ਦੇ ਸਾਕ ਵਾਲਿਆਂ ਦੇ ਕੀਰਨੇ ਸੁਚਾਈ ਨਹੀਂ ਦੇਂਦੇ?

ਬਾਦਲ ਨੇ ਪੰਜਾਬ ਵਿਚੋਂ ਧਰਮ ਤੇ ਇਖ਼ਲਾਕ ਖ਼ਤਮ ਕਰ ਦਿੱਤਾ ਹੈ; ਉਸ ਨੇ ਧਰਮ ਨੂੰ ਕਰਮ ਕਾਂਡ ਜ਼ਰੂਰ ਬਣਾ ਦਿੱਤਾ ਹੈ। ਉਸ ਨੇ ਸੂਬੇ ਵਿਚ ਸਰਸਾ, ਬਿਆਸ, ਭੈਣੀ, ਨੂਰਮਹਿਲ ਦਾ ਮਾਫ਼ੀਆ ਕਾਇਮ ਕੀਤਾ ਹੈ ਅਤੇ ਇਹ ਸਭ ਕੁਝ ਉਸ ਨੇ ਵੋਟਾਂ ਵਾਸਤੇ ਕੀਤਾ ਹੈ। ਧਰਮ ਦੇ ਨਾਂ ‘ਤੇ ਇਸ ਮਾਫ਼ੀਆ ਨੇ ਆਪਣੀ ਕਿਸਮਤ ਆਪ ਬਣਾਉਣ ਵਾਲੇ ਬਹਾਦਰ ਪੰਜਾਬੀਆਂ ਨੂੰ ਸਾਧਾਂ ਦੇ ਚੇਲੇ ਬਣਾ ਕੇ ਜਾਦੂ ਦੇ ਵਹਿਮ ਦੇ ਗ਼ੁਲਾਮ ਬਣਾ ਦਿੱਤਾ ਹੈ ਤੇ ਲੋਕਾਂ ਦੀ ਮਾਨਸਿਕਤਾ ਨੂੰ ਨਪੁੰਸਕ ਕਰ ਦਿੱਤਾ ਹੈ।

ਕੀ ਇਸ ਦੇ ਬਾਵਜੂਦ ਤੁਸੀਂ ਉਸ ਦੇ ਨਾਲ ਹੋ?  ਜੇ ਇਹ ਗੱਲ ਹੈ ਤਾਂ ਮੈਂ ਤੁਹਾਥੋਂ ਪੁੱਛਾਂਗਾ ਕਿ ਕੀ ਤੁਹਾਡੇ ਅੰਦਰ ਦਾ ਸਿੱਖ ਤੇ ਇਨਸਾਨ ਮਰ ਚੁਕਾ ਹੈ? ਤੁਸੀਂ ਕਿਸੇ ਖ਼ੁਦਗਰਜ਼ੀ ਕਰ ਕੇ ਜਾਂ ਡਰ ਕਰ ਕੇ ਜਾਂ ਰਿਸ਼ਤੇਦਾਰੀਆਂ ਜਾਂ ਹੋਰ ਲਿਹਾਜ ਕਰ ਕੇ ਬਾਦਲ ਦੇ ਨਾਲ ਖੜ੍ਹੇ ਹੋ ਜਾਂ ਉਸ ਨੂੰ ਵੋਟ ਪਾਉਂਦੇ ਰਹੇ ਹੋ ਤੇ ਪਾ ਰਹੇ ਹੋ – ਕੀ ਤੁਸੀਂ ਕਦੇ ਨਹੀਂ ਸੋਚਿਆ ਕਿ ਤੁਸੀਂ ਕੀ ਕਰ ਰਹੇ ਹੋ? ਖ਼ੁਦਕੁਸ਼ੀ ਕਰਨ ਵਾਲਾ ਜੇ ਕਿਸੇ ਪਛਤਾਵੇ ਜਾਂ ਨਮੋਸ਼ੀ ਕਰ ਕੇ ਆਪਣੀ ਜਾਨ ਲੈਂਦਾ ਹੈ ਤਾਂ ਉਹ ਗੱਲ ਉਸ ਦੀ ਨਿੰਮੋਝੂਣਤਾ ਦਾ ਨਤੀਜਾ ਸਮਝੀ ਜਾ ਸਕਦੀ ਹੈ; ਪਰ ਜੋ ਨਿੱਕੇ ਤੇ ਵਕਤੀ ਲਾਲਚ ਜਾਂ ਮਜਬੂਰੀ ਕਰ ਕੇ ਖ਼ੁਦਕੁਸ਼ੀ ਕਰਦਾ ਹੈ ਤਾਂ ਉਹ ਮਹਾਂਮੂਰਖਾਂ ਦਾ ਵੀ ਮਹਾਂਮੁਰਖ ਹੈ। ਉਹ (ਜੇ ਉਹ ਰੱਬ ਨੂੰ ਮੰਨਦਾ ਹੈ) ਤਾਂ ਰੱਬ ਦੀ ਦਰਗਹ ਵਿਚ ਕਬੂਲ ਨਹੀਂ ਪਵੇਗਾ ਤੇ ਜੇ ਉਹ ਰੱਬ ਨੂੰ ਨਹੀਂ ਮੰਨਦਾ ਤਾਂ ਉਹ ਆਪਣੀ ਜ਼ਿੰਦਗੀ ਅਤੇ ਆਪਣੇ ਟੱਬਰ ਤੇ ਦੋਸਤਾਂ ਨਾਲ ਦੁਸ਼ਮਣੀ ਨਿਭਾ ਰਿਹਾ ਸਮਝਿਆ ਜਾਵੇਗਾ।

ਆਮ ਆਦਮੀ ਪਾਰਟੀ

ਸਿੱਖਾਂ ਨੇ ਦੇਖਿਆ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਯੋਗਿੰਦਰ ਯਾਦਵ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਸਲ ‘ਕੌੜਾ ਮੱਲ’ ਬਣ ਕੇ ਦਿਖਾਇਆ ਹੈ। ਪੰਜਾਬ ਦੀ ਧਰਤੀ ਤੇ ਸਿੱਖ ਕੌਮ ਦੀ ਇਹ ਸਿਫ਼ਤ ਹੈ ਕਿ ਇਹ ਦੋਸਤੀ ਦੇ ਇਜ਼ਹਾਰ ਦਾ ਜਵਾਬ ਦਿਲੀ ਇਸ਼ਕ ਨਾਲ ਦੇਂਦੀ ਹੈ। ਵੀਰ ਅਰਵਿੰਦ ਕੇਜਰੀਵਾਲ ਨੇ ਖ਼ੂਨੀ ਚੌਰਾਸੀ ਦੇ 1984 ਦੇ ਕਤਲੇਆਮ ਤੇ ਦਵਿੰਦਰ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਦੀ ਮੁਆਫ਼ੀ ਵਾਸਤੇ ਜੋ ਪਹਿਲ ਕੀਤੀ, ਉਹ ਸਚਮੁਚ ਕਾਬਲੇ-ਤਾਰੀਫ਼ ਹੈ। ਉਸ ਦਾ ਇਹ ਕਦਮ ਸਿੱਖਾਂ ਦੇ ਸੀਨੇ ਵਿਚ ਘਰ ਕਰ ਗਿਆ ਤੇ ਸਿੱਖਾਂ ਨੇ ਦਿਲੋਂ ਉਸ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ।

ਆਮ ਆਦਮੀ ਪਾਰਟੀ ਦਾ ਬਾਕੀ ਅਜੰਡਾ ਕੁਝ ਵੀ ਹੋਵੇ, ਉਸ ਵਿਚੋਂ ਕੁਝ ਵੀ ਸਿੱਖਾਂ ਵਾਸਤੇ ਨੁਕਸਾਨਦੇਹ ਨਹੀਂ ਹੈ। ਮੈਂ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਸਿੱਖਾਂ ਪੰਜਾਬ ਵਾਸਤੇ ਇਕ ‘ਵਰਦਾਨ’ ਹੈ। ਸ. ਹਰਵਿੰਦਰ ਸਿੰਘ ਫੂਲਕਾ ਵਰਗੇ ਸਾਥੀਆਂ ਦੇ ਹੁੰਦਿਆਂ ਆਮ ਆਦਮੀ ਪਾਰਟੀ ਤੋਂ ਸਿੱਖਾਂ ਅਤੇ ਪੰਜਾਬ ਦੇ ਵੱਡੇ ਮਸਲਿਆਂ (ਖਾਲਿਸਤਾਨ ਨੂੰ ਛੱਡ ਕੇ) ਵਿਚ ਵੱਡੀ ਮਦਦ ਦੀ ਆਸ ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਮੈਂ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਕੀ ਸਿੱਖ ਜਾਂ ਪੰਜਾਬ ਕਿਸੇ  ਹੋਰ ਪਾਰਟੀ ਤੋਂ ਕਿਸੇ ਭਲੇ ਦੀ ਜ਼ਰਾ ਮਾਸਾ ਵੀ ਆਸ ਰਖ ਸਕਦਾ ਹੈ? ਜਵਾਬ ਹੈ ਨਹੀਂ।

ਆਮ ਆਦਮੀ ਪਾਰਟੀ ਭਾਰਤ ਵਿਚ ਤੇ ਪੰਜਾਬ ਵਿਚ ਤੀਜੀ ਧਿਰ ਬਣ ਕੇ ਉਭਰੀ ਹੈ। ਜਦ ਸਾਰੇ ਪਾਸੇ ਹਨੇਰਾ ਹੋਵੇ ਤਾਂ ਕਈ ਵਾਰ ਚਾਣਨ ਦੀ ਇਕ ਕਿਰਨ ਹੀ ਰਸਤਾ ਦਿਖਾ ਦੇਂਦੀ ਹੈ। ਅਰਵਿੰਦ ਕੇਜਰੀਵਾਲ ਹਨੇਰੀ ਕੋਠੜੀ ਵਿਚ ਇਕ ਰੋਸ਼ਨਦਾਨ ਬਣ ਕੇ ਪਰਗਟ ਹੋਇਆ ਹੈ। ਮੈਂ ਦੇਖ ਸਕਦਾ ਹਾਂ ਕਿ ਸੱਚੇ ਸਿੱਖ ਤੇ ਸਚੇ ਪੰਜਾਬੀ ਆਮ ਆਦਮੀ ਪਾਰਟੀ ਨਾਲ ਜੁੜਨਗੇ ਅਤੇ 2017 ਵਿਚ ਬਾਦਲ ਦਲ, ਭਾਜਪਾ ਤੇ ਕਾਂਗਰਸ ਦਾ ਭੋਗ ਪਾ ਕੇ ਪੰਜਾਬ ਦਾ ਨਕਸ਼ਾ ਬਦਲ ਦੇਣਗੇ; ਪੰਜਾਬ ਵਿਚ ਅਗਲੀ ਸਰਕਾਰ ਆਮ ਆਦਮੀ ਪਾਰਟੀ  ਦੀ ਹੀ ਹੋਵੇਗੀ।

This entry was posted in ਲੇਖ.

One Response to 2014 ਦੀਆਂ ਦੀਆਂ ਲੋਕ ਸਭਾ ਦੀਆਂ ਚੋਣਾਂ ਕੌਣ ਜਿੱਤਿਆ?

  1. Karmjit Singh Longia says:

    The best analysis of Lok Sabha Election 2014 results. Can I gets your phone number Dilgeer Sahib? Need to talk to you urgently. Thank you.

    Karmjit

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>