ਜੂਨ ਚੁਰਾਸੀ ਦੀ ਕਹਿਰ ਭਰੀ ਰਾਤ

ਗੁਰਨਾਮ ਸਿੰਘ ਅਕੀਦਾ

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ’ਚ ਸਾਰੇ ਹੀ ਬੇਗੁਨਾਹ ਮਾਰੇ ਸਨ ਫ਼ੌਜ ਨੇ
ਇਕ ਬਜ਼ੁਰਗ, ਨੇਤਰਹੀਣ, ਮੰਗਤੇ ਸਮੇਤ ਤਿੰਨ ਔਰਤਾਂ 14 ਮਰਦ ਬੇਗੁਨਾਹ ਸ਼ਹਿਦ ਹੋਏ
ਤੱਤਕਾਲੀ ਮੈਨੇਜਰ ਅਜਾਇਬ ਸਿੰਘ ਗਿੱਲ ਨੇ ਦਸੀ ਸਾਰੀ ਅੱਖਾਂ ਦੇਖੀ ਦਰਦਭਰੀ ਕਹਾਣੀ

ਮੈਨੇਜਰ ਅਜਾਇਬ ਸਿੰਘ ਗਿੱਲ

ਸਿੱਖਾਂ ’ਤੇ ਕਹਿਰਵਾਨ ਹੋਈ ਜੂਨ ਚੁਰਾਸੀ ਵਿਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਵਿਚ 17 ਬੇਗੁਨਾਹ ਸ਼ਹਿਦ ਹੋਏ ਸਨ ਜਿਨ੍ਹਾਂ ਵਿਚ ਇਕ 100 ਸਾਲਾ ਬਜ਼ੁਰਗ, ਮੰਗਤਾ ਤੇ ਨੇਤਰਹੀਣ ਸਮੇਤ ਤਿੰਨ ਔਰਤਾਂ 14 ਮਰਦ ਸ਼ਾਮਲ ਸਨ। ਇਹ ਦਰਦ ਭਰੇ ਇਤਿਹਾਸ ਦੇ ਵਰਕੇ ਫਰੋਲਦਾ ਤੱਥ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਤਤਕਾਲੀ ਮੈਨੇਜਰ ਸ. ਅਜਾਇਬ ਸਿੰਘ ਗਿੱਲ ਦੁਆਰਾ ਪ੍ਰਗਟ ਹੋਇਆ, ਕਿਉਂਕਿ ਸ. ਗਿੱਲ ਹੀ ਸਨ ਜਿਨ੍ਹਾਂ ਨੇ ਹੋਏ ਹਮਲੇ ਤੋਂ ਬਾਅਦ ਲਾਸ਼ਾਂ ਦੀ ਸ਼ਨਾਖ਼ਤ ਕੀਤੀ ਸੀ। ਹਮਲੇ ਤੋਂ ਬਾਅਦ ਸਰਦਾਰ ਬ੍ਰਿਗੇਡੀਅਰ ਚੌਧਰੀ ਹਰਪਾਲ ਸਿੰਘ ਨੇ ਅਫ਼ਸੋਸ਼ ਪ੍ਰਗਟ ਕਰਦਿਆਂ ਕਿਹਾ ਸੀ ‘ਮੈਂ ਅੱਜ ਸੁਖਮਨੀ ਸਾਹਿਬ ਦੇ ਦੋ ਪਾਠ ਕੀਤੇ ਸਨ, ਕਿ ਮੇਰੇ ਹੱਥੋਂ ਕੋਈ ਬੇਕਸੂਰ ਬੰਦਾ ਨਾ ਮਰ ਜਾਵੇ, ਪਰ ਅਫ਼ਸੋਸ਼ ਸਾਰੇ ਹੀ ਬੇਗੁਨਾਹ ਮਾਰੇ ਗਏ ਜਿਨ੍ਹਾਂ ਪਿੱਛੇ ਇਨ੍ਹਾਂ ਕੁੱਝ ਹੋਇਆ ਉਹ ਜਿੰਦਾ ਬਚ ਗਏ’।
ਜੂਨ 1984 ਵੇਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੈਨੇਜਰ ਸ. ਅਜਾਇਬ ਸਿੰਘ ਨੇ ਦੱਸਿਆ ਕਿ 2 ਜੂਨ ਦੀ ਰਾਤ ਸ਼ਰਾਂ ਵਿਚ ਵਾਪਰੀ ਘਟਨਾ ਅਗਲੇ ਖ਼ਤਰੇ ਦਾ ਅਲਾਰਮ ਬਜਾ ਗਈ ਸੀ ਜਦੋਂ ਦੋ ਜਣੇ ਗੁਰਦੁਆਰਾ ਸਾਹਿਬ ਵਿਚ ਮਾਰ ਕੇ ਸਰਹਿੰਦ ਰੋਡ ਤੇ ਸੁੱਟ ਦਿੱਤੇ ਸਨ ਜਿਨ੍ਹਾਂ  ਨੂੰ ਸੁਖਵੰਤ ਸਿੰਘ ਅੱਕਾਂਵਾਲੀ ਨੇ ਤਸ਼ੱਦਦ ਕਰਕੇ ਮਾਰਿਆ ਸੀ ਇਹ ਸ਼ਾਇਦ ਅੱਤਵਾਦੀਆਂ ਦੀ ਆਪਸੀ ਗੁੱਟਬਾਜ਼ੀ ਦਾ ਨਤੀਜਾ ਸੀ। ਪੰਜਾਬ ਵਿਚ ਕਿਤੇ ਸਹਿਮ ਸੀ ਕਿਤੇ ਵੀਰ ਤੇ ਕਿਤੇ ਭਗਤੀ ਰਸ ਦੀਆਂ ਗੱਲਾਂ ਹੋ ਰਹੀਆਂ ਸਨ, ਮੈਂ ਦੋ ਸਿੰਘਾਂ ਦੀ ਸ਼ਹੀਦੀ ਬਾਰੇ ਅਮਰ ਸਿੰਘ ਨਲੀਨੀ, ਦਰਬਾਰਾ ਸਿੰਘ ਸਿਉਣਾ, ਸਰਦਾਰਾ ਸਿੰਘ ਕੋਹਲੀ, ਪ੍ਰੇਮ ਸਿੰਘ ਚੰਦੂਮਾਜਰਾ ਦੇ ਕਹੇ ਅਨੁਸਾਰ ਪੈ¤੍ਰਸ ਨੋਟ ਜਾਰੀ ਕੀਤਾ ਸੀ ਪਰ ਕਰਫ਼ਿਊ ਲੱਗਣ ਕਰਕੇ ਖ਼ਬਰ ਨਹੀਂ ਲੱਗੀ, 3 ਜੂਨ ਨੂੰ ਹੀ ਸਵੇਰੇ ਸੀ. ਆਰ. ਪੀ. ਗੁਰੂ ਘਰ ਦੇ ਬਾਹਰ ਲੱਗ ਗਈ ਸੀ, ਕਰਫ਼ਿਊ ਕਰਕੇ ਲੋਕਾਂ ਵਿਚ ਇਕ ਤਰ੍ਹਾਂ ਦਾ ਕੋਈ ਵੱਖਰੀ ਤਰ੍ਹਾਂ ਦਾ ਡਰ ਵੀ ਸੀ ਪਰ ਸ਼ਾਂਤ ਸੀ। ਹੁਣ ਫ਼ੌਜ ਵੀ ਆ ਗਈ ਸੀ ਗੁਰੂ ਘਰ ਤੋਂ ਪਿਛਲਾ ਪਾਸਾ ਫ਼ੌਜ ਹਵਾਲੇ ਹੋ ਗਿਆ ਸੀ, ਫ਼ੌਜ ਵਾਟਰ ਟੈਂਕ ਤੇ ਵੀ ਚੜ ਗਈ ਸੀ, ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਖ਼ਾਲਸਾ ਕਾਲਜ ਹੁੰਦਾ ਸੀ ਉੱਥੇ ਹੀ ਲੰਗਰ ਹੁੰਦਾ ਸੀ, ਮੈਂ ਬਾਹਰ ਫਿਰਦੇ 10-15 ਮੰਗਤੇ ਵੀ ਅੰਦਰ ਹੀ ਬੁਲਾ ਲਏ ਸਨ ਤਾਂ ਕਿ ਭੁੱਖੇ ਨਾ ਰਹਿ ਜਾਣ, 5-6 ਜੂਨ ਦੀ ਰਾਤ ਕਹਿਰ ਭਰੀ ਸੀ, ਮੈਂ (ਅਜਾਇਬ ਸਿੰਘ ਗਿੱਲ) ਮੇਰੀ ਪਤਨੀ ਸੁਰਿੰਦਰ ਕੌਰ, ਮੇਰਾ 5 ਕੁ ਸਾਲ ਦਾ ਬੇਟਾ ਸੁਖਪ੍ਰੀਤ ਸਿੰਘ, ਸਟੋਰ ਕੀਪਰ ਜਗਜੀਤ ਸਿੰਘ ਧੂਰੀ, ਕਲਰਕ ਸੁਖਵਿੰਦਰ ਸਿੰਘ ਅੰਦਰ ਹੀ ਸਾਂ, ਰਾਤ ਦੇ 12 ਵਜੇ 40 ਮਿੰਟ ਹੋਏ ਕਿ ਗੋਲੀਆਂ ਦੀ ਕੜ-ਕੜ ਦੀ ਆਵਾਜ਼ ਕੰਨ ਪਾੜ ਰਹੀ ਸੀ, ਫ਼ੌਜ ਨੇ ਸਰਹਿੰਦ ਰੋਡ ਵਾਲਾ ਗੇਟ ਤੋੜ ਦਿੱਤਾ ਸੀ, ਸਾਡੀ ਜਾਨ ਮੁੱਠੀ ਵਿਚ ਆ ਗਈ, ਮੇਰੀ ਪਤਨੀ ਨੇ ਮੈਨੂੰ ਚੌਪਈ ਸਾਹਿਬ ਦਾ ਪਾਠ ਕਰਨ ਲਈ ਕਿਹਾ ਸੀ, ਪਰ ਉਸ ਸਮੇਂ ਪਾਠ ਦਾ ਕਰਨ ਲਈ ਮਨ ਦਾ ਜਾਣਾ ਵਾਹਿਗੁਰੂ ਦੀ ਹੀ ਕਿਰਪਾ ਕਿਹਾ ਜਾ ਸਕਦਾ ਹੈ, । 15-20 ਮਿੰਟ ਗੋਲੀ ਚਲੀ, ਥੋੜ੍ਹੀ ਦੇਰ ਗੋਲੀ ਚੱਲਣੀ ਬੰਦ ਹੋਈ, ਗੋਲੀ ਫੇਰ ਚੱਲੀ, 10-15 ਮਿੰਟ ਗੋਲੀ ਫੇਰ ਚਲੀ, ਪਰ ਫੇਰ ਗੋਲੀ ਚੱਲਣੀ ਬੰਦ ਹੋ ਗਈ, ਸਾਡੇ ਗੇਟ ਦੇ ਬਾਹਰ ਆਵਾਜ਼ ਆਈ, ਸਾਨੂੰ ਇੰਜ ਲੱਗਾ ਜਿਵੇਂ ਬੱਸ ਮੌਤ ਇਹ ਨੇੜੇ ਹੀ ਖੜੀ ਹੈ, ਗੋਲੀ ਹੁਣ ਲੱਗੀ ਕਿ ਲੱਗੀ,  ਕੋਈ ਚਾਰਾ ਨਹੀਂ ਸੀ ਅਸੀਂ ਬਾਹਰ ਆ ਗਏ, ਬਾਹਰ ਕੁੱਝ ਫ਼ੌਜੀ ਖੜੇ ਸਨ ਤੇ ਸਾਨੂੰ ਸਰਾਂ ਵਾਲੇ ਪਾਸੇ ਮੂਹਰੇ ਲਾਕੇ ਲੈ ਗਏ, ਅੱਗੇ ਸਰਾਂ ਦੇ ਪਿੱਪਲ ਕੋਲ ਮੰਗਤਾ ਪਿਆ ਸੀ, ਸਾਨੂੰ 19 ਨੰਬਰ ਕਮਰੇ ਵਿਚ ਲੈ ਗਏ,‘ਵੋਟ ਕਮਰਾ ਬਤਾਓ ਜਿਸਕਾ ਦਰਵਾਜ਼ਾ ਨਹੀਂ ਹੈ’ ਫ਼ੌਜੀਆਂ ਦੀ ਗੱਲ ਸਾਨੂੰ ਸਮਝ ਨਹੀਂ ਆ ਰਹੀ ਸੀ ਪਰ ਇਹ ਸਮਝ ਆਇਆ ਬੱਸ, ਪਰ ਅਜਿਹਾ ਕਮਰਾ ਤਾਂ ਗੁਰੂ ਘਰ ਵਿਚ ਕੋਈ ਹੈ ਨਹੀਂ ਸੀ। ਸਰਾਂ ਦਾ ਗੋਲੀਆਂ ਲੱਗਣ ਕਰਕੇ ਬੁਰਾ ਹਾਲ ਹੋ ਗਿਆ ਸੀ, ਬਾਹਰੋਂ ਇਕ ਸਰਦਾਰ ਫ਼ੌਜੀ ਅਫ਼ਸਰ ਆ ਗਿਆ, ਉਸ ਨੇ ਮੇਰਾ ਨਾਂ ਲਿਆ, ਉਸ ਨੇ ਕੜਕਵੀਂ ਆਵਾਜ਼ ਵਿਚ ਪੁੱਛਿਆ ‘ਬਾਂਦਰ (ਅੱਤਵਾਦੀ) ਕਿਥੇ ਨੇ’ ਮੈਂ ਕਿਹਾ ਕਿ ‘ਉਹ ਤਾਂ ਨਿਕਲ ਗਏ ਨੇ’। ਅਫ਼ਸਰ ਨੇ ਮੈਨੂੰ ਕਿਹਾ ਉੱਪਰ ਦੇਖ, ਮੈਂ ਉੱਪਰ ਦੇਖਿਆ ਤਾਂ ਉੱਪਰ ਛੱਤਾਂ ਤੇ ਮਿਲਟਰੀ ਬਹੁਤ ਜ਼ਿਆਦਾ ਖੜੀ ਸੀ। ਉਸ ਨੇ ਕਿਹਾ ‘ਇਸ ਘੇਰੇ ਵਿਚੋਂ ਕੋਈ ਬਚ ਕੇ ਕੌਣ ਨਿਕਲ ਸਕਦਾ ਹੈ’
ਉਸ ਤੋਂ ਬਾਅਦ ਮੈਨੂੰ ਬਾਹਰ ਲੈ ਜਾਇਆ ਗਿਆ, ਸਰਾਂ ਤੋਂ ਬਾਹਰ ਇਕ ਡੈਡ ਬਾਡੀ ਯੂ ਪੀ ਦੇ ਆਰਜ਼ੀ ਸੇਵਾਦਾਰ ਸ਼ਾਗਰ ਦੀ ਮੈਂ ਪਛਾਣ ਲਈ, ਸ਼ਰਾਂ ਵਿਚ ਫੇਰ ਦੇਖਿਆ ਗਿਆ ਤਾਂ ਇੱਥੇ ਇਕ ਤਰਨਤਾਰਨ ਦੀ ਸਰਦਾਰਨੀ ਆਇਆ ਕਰਦੀ ਸੀ, ਉਸ ਦੇ ਸੋਨੇ ਦੇ ਗਹਿਣੇ ਪਾਏ ਹੁੰਦੇ ਸਨ ਪਰ ਹੁਣ ਉਸ ਦੀ ਲਾਸ਼ ਬਿਨਾਂ ਕਿਸੇ ਗਹਿਣੇ ਗੱਟੇ ਤੋਂ ਪਈ ਸੀ, ਇੱਥੇ 14 ਲਾਸ਼ਾਂ ਪਈਆਂ ਸਨ ਜਿਨ੍ਹਾਂ ਵਿਚੋਂ ਮੈਂ ਤਰਨਤਾਰਨ ਦੀ ਸਰਦਾਰਨੀ, ਸ਼ੁਰਮਾ ਸਿੰਘ, ਇਕ ਨਿਹੰਗ ਸਿੰਘ ਤੇ ਇਕ ਮੰਗਤਾ ਤੇ ਇਕ ਅੰਨ੍ਹੇ ਦੀ ਲਾਸ਼ ਪਹਿਚਾਣ ਲਈ ਸੀ, ਅੰਨ੍ਹਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਰਹਿਣ ਵਾਲੇ ਡਾ. ਮਾਨ ਸਿੰਘ ਦਾ ਕੁੜਮ ਸੀ। ਸ਼ਰਾਂ ਵਿਚ ਸਭ ਤੋਂ ਪਹਿਲਾਂ ਫਾਇਰਿੰਗ ਕਰਨ ਦਾ ਕਾਰਨ ਇਹ ਸੀ ਕਿ ਇੱਥੇ ਹੀ ਅੱਤਵਾਦੀ ਛੁਪੇ ਹੋਏ ਹਨ, ਕਿਉਂਕਿ ਦੋ ਜੂਨ ਨੂੰ ਇੱਥੋਂ ਹੀ ਦੋ ਨੌਜਵਾਨ ਤਸ਼ੱਦਦ ਕਰਕੇ ਮਾਰੇ ਗਏ ਸਨ, ਉਸ ਤੋਂ ਬਾਅਦ ਮੈਨੂੰ ਦਫਤਰ ਵਿਚ ਲਿਆਂਦਾ ਗਿਆ, ਉੱਥੇ ਕੁੱਝ ਭਾਨ ਖਿੱਲਰੀ ਪਈ ਸੀ, ਬਾਹਰ ਪਟਿਆਲਾ ਦੇ ਐੱਸ ਐੱਸ ਪੀ ਐਨ ਪੀ ਐੱਸ ਔਲਖ ਵੀ ਖੜੇ ਸਨ, ਮੇਰਾ ਉਨ੍ਹਾਂ ਨੂੰ ਪੁੱਛਣਾ ਸੀ ਕਿ ਇਹ ਕੀ ਹੋ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਕੁੱਝ ਨਹੀਂ ਕਰ ਸਕਦੇ ਇੱਥੇ ਮਿਲਟਰੀ ਦਾ ਰਾਜ ਹੈ,  ਫੇਰ ਦਰਬਾਰ ਸਾਹਿਬ ਵਿਚ ਲੈ ਗਏ ਉੱਥੇ ਪੌੜੀਆਂ ਤੇ ਹੀ ਬਾਬਾ ਰਤਨ ਸਿੰਘ 95-100 ਸਾਲ ਦੀ ਉਮਰ ਦਾ ਸ੍ਰੀ ਅਨੰਦਪੁਰ ਸਾਹਿਬ ਤੋਂ (ਸਿਰਫ਼ ਇਸ ਬਜ਼ੁਰਗ ਨੇ ਹੀ ਗੋਲੀ ਚਲਾਈ ਸੀ ਫ਼ੌਜ ਤੇ), ਕਿੱਲਾ ਬਖੂਹਾ ਨੇੜੇ ਧੂਰੀ ਦਾ 40 ਕੁ ਸਾਲ ਦਾ ਜੇਲ੍ਹ ਵਾਰਡਨ ਥੋੜ੍ਹਾ ਦਿਮਾਗ਼ ਘੱਟ ਵਾਲਾ, ਸਰਹਿੰਦ ਦੇ ਬੀਡੀਓ ਦਲੀਪ ਸਿੰਘ ਗਿੱਲ ਦਾ 21 ਕੁ ਸਾਲ ਦਾ ਮੁੰਡਾ ਜਸਪਾਲ ਸਿੰਘ ਆਦਿ ਦੀਆਂ ਲਾਸਾਂ ਪਈਆਂ ਸਨ, ਜਸਪਾਲ ਸਿੰਘ ਮੈਨੂੰ ਬਾਹਰ ਜਾਣ ਲਈ ਕਹਿ ਰਿਹਾ ਸੀ ਪਰ ਕਰਫ਼ਿਊ ਲੱਗਣ ਕਰਕੇ ਉਹ ਬਾਹਰ ਨਾ ਜਾਕੇ ਵਾਹਿਗੁਰੂ ਕੋਲ ਚਲਾ ਗਿਆ ਸੀ। ਇਹ ਲਾਸਾਂ ਪਹਿਚਾਣ ਕੇ ਜਦੋਂ ਬਾਹਰ ਆਇਆ ਤਾਂ ਉੱਥੇ ਬਲਬੀਰ ਸਿੰਘ ਸਵੀਟੀ ਤੇ ਇਕ ਹੋਰ ਮੁੰਡਾ ਰਸਿਆਂ ਨਾਲ ਬੰਨ੍ਹਿਆ ਹੋਇਆ ਸੀ, ਫੇਰ ਕਾਰਨਰ ਤੇ ਗਏ ਤਾਂ ਉੱਥੇ ਹਰਵਿੰਦਰ ਸਿੰਘ ਖ਼ਾਲਸਾ ਤਤਕਾਲੀ ਸੀ. ਮੀਤ. ਪ੍ਰਧਾਨ ਸਿੱਖ ਸਟੂਡੈਂਟਸ, ਸੁਖਵਿੰਦਰ ਸਿੰਘ ਅੱਕਾਂਵਾਲੀ, ਨਛੱਤਰ ਸਿੰਘ ਦੋਦੜਾ ਸਨ, ਮਨਜੀਤ ਸਿੰਘ ਚਾਹਲ ਬੈਠੇ ਸਨ, ਇੱਥੇ ਅੱਕਾਵਾਲੀ ਨੂੰ ਪੁਲਸ ਕੁੱਟ ਰਹੀ ਸੀ ਉਹ ਪੁਲਸ ਨੂੰ ਗਾਲ੍ਹਾਂ ਕੱਢ ਰਿਹਾ ਸੀ, ਉੱਥੇ ਆਏ ਫ਼ੌਜੀ ਅਫ਼ਸਰ ਬ੍ਰਿਗੇਡੀਅਰ ਹਰਪਾਲ ਸਿੰਘ ਚੌਧਰੀ ਨੇ ਕਿਹਾ ਕਿ ਇਸ ਨੂੰ ਕਿਉਂ ਕੁੱਟਿਆ ਜਾ ਰਿਹਾ ਹੈ, ਉਸ ਕੋਲੋਂ ਸਟੇਨ ਗੰਨ ਮਿਲੀ ਸੀ, ਪਰ ਉਹ ਖ਼ਰਾਬ ਸੀ, ਜਿਸ ਕਰਕੇ ਉਸ ਨੂੰ ਕੁੱਟਣਾ ਬੰਦ ਕੀਤਾ ਗਿਆ, ਮੈਨੂੰ ਹਰਵਿੰਦਰ ਸਿੰਘ ਖ਼ਾਲਸਾ ਨੂੰ ਪਹਿਚਾਨਣ ਲਈ ਕਿਹਾ, ਜੋ ਕਿ ਉੱਥੇ ਹੀ ਬੈਠਾ ਸੀ ਉਸ ਦੇ ਘੁੰਗਰਾਲੇ ਵਾਲ ਖਿੱਲਰੇ ਸਨ, ਇੱਥੇ ਕਈ ਹੋਰ ਬੰਦੇ ਔਰਤਾਂ ਵਾਂਗ ਵਾਲ ਖਿਲਾਰ ਕੇ ਛੁਪੇ ਬੈਠੇ ਸਨ। 4 ਕੁ ਵਜੇ ਦਾ ਸਮਾਂ ਹੋ ਗਿਆ ਸੀ, ਸਰੋਵਰ ਦੀ ਪ੍ਰਕਰਮਾ ਤੇ 50 ਕੁ ਸਿੰਘ ਤੇ 40 ਕੁ ਸਿੰਘਣੀਆਂ ਸਹਿਮ ਵਿਚ ਬੈਠੇ ਸਨ। ਪਰ ਦੇਖਣ ਦੇ ਬਾਵਜੂਦ ਮੈਂ ਹਰਵਿੰਦਰ ਸਿੰਘ ਖ਼ਾਲਸਾ ਨੂੰ ਨਹੀਂ ਪਹਿਚਾਣਿਆ। ਇਕ ਹੋਰ ਹੱਥ ਬੰਨੇ ਵਾਲਾ ਬੰਦਾ ਰਣਜੀਤ ਸਿੰਘ ਸਮਾਣਾ ਆ ਗਿਆ, ਉਸ ਨੇ ਹੀ ਕਹੇ ਅਨੁਸਾਰ ਹਰਵਿੰਦਰ ਸਿੰਘ ਖ਼ਾਲਸਾ ਤੇ ਦੋ ਹੋਰਾਂ ਨੂੰ ਪਹਿਚਾਣ ਲਿਆ, ਫ਼ੌਜੀ ਅਫ਼ਸਰ ਵਾਇਰਲੈ¤ਸ ਵਿਚ ਕਿਸੇ ਹੋਰ ਅਫ਼ਸਰ ਨੂੰ ਉੱਚੀ ਉੱਚੀ ਸੁਨੇਹਾ ਦੇ ਰਹੇ ਸਨ ਕਿ ਹਰਵਿੰਦਰ ਸਿੰਘ ਖ਼ਾਲਸਾ ਜਿੰਦਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਟਿਆਲਾ ਮਿਸ਼ਨ ਸਫਲ ਹੋਇਆ। ਕਰਨਲ ਜੀ ਕੇ ਕਥੂਰੀਆ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ ਜਾ ਰਹੀਆਂ ਸਨ।
ਸਵੇਰੇ 5 ਕੁ ਵਜੇ ਬ੍ਰਿਗੇਡੀਅਰ ਚੌਧਰੀ ਹਰਪਾਲ ਸਿੰਘ ਨੇ ਮੈਨੂੰ ਗੁਰੂ ਘਰ ਦਾ ਸਵੇਰ ਦਾ ਪ੍ਰੋਗਰਾਮ ਪੁੱਛਿਆ, ਮੈਂ 2 ਵਜੇ ਤੋਂ ਗੁਰੂ ਘਰ ਵਿਚ ਹੁੰਦੀ ਸਾਰੀ ਕਾਰਵਾਈ ਬਾਰੇ ਦੱਸਿਆ ਪਰ ਹੁਣ ਤਾਂ 5 ਵੱਜ ਗਏ ਸਨ। ਤਾਂ ਬ੍ਰਿਗੇਡੀਅਰ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਹੈ¤ਡ ਗ੍ਰੰਥੀ ਕੋਲ ਜਾਵੋ ਤੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਕਾਰਵਾਈ ਕਰੋ। ਮੇਰੇ ਨਾਲ ਕੁੱਝ ਫ਼ੌਜੀ ਭੇਜੇ ਗਏ, ਕੁਆਟਰਾਂ ਵਿਚ ਕੋਈ ਨਹੀਂ ਸੀ, ਪਰ ਸਾਈਕਲ ਸਟੈਂਡ ਵਿਚ ਜਦੋਂ ਮੈਨੂੰ ਲੈਕੇ ਗਏ ਤਾਂ ਉੱਥੇ ਸਾਰਿਆਂ ਦੇ ਹੱਥ ਬੰਨੇ ਸਨ ਜਿਨ੍ਹਾਂ ਵਿਚ ਹੈ¤ਡ ਗ੍ਰੰਥੀ ਗੁਰਮੀਤ ਸਿੰਘ ਵੀ ਸ਼ਾਮਲ ਸੀ। ਉੱਥੇ ਸੀ ਆਰ ਪੀ ਦੇ ਐੱਸ ਪੀ ਖੜੇ ਸਨ ਤੇ ਥਾਣਾ ਸਿਵਲ ਲਾਇਨ ਦਾ ਇੰਸਪੈਕਟਰ ਰਣਧੀਰ ਸਿੰਘ ਵੀ ਉੱਥੇ ਹੀ ਸੀ। ਉੱਥੋਂ ਹੈ¤ਡ ਗ੍ਰੰਥੀ ਖੋਹਲ ਦਿੱਤਾ ਗਿਆ, ਉੱਥੇ ਗੁਰਦੁਆਰਾ ਸਾਹਿਬ ਦੇ ਲਾਇਸੰਸੀ ਅਸਲੇ ਸਮੇਤ ਕੁੱਝ ਅਸਲਾ ਵੀ ਪਿਆ ਸੀ। ਜਦੋਂ ਅਸੀਂ ਦਰਬਾਰ ਸਾਹਿਬ ਦੇ ਬਾਹਰ ਆਏ ਤਾਂ ਬ੍ਰਿਗੇਡੀਅਰ ਨੇ ਕਿਹਾ ਸੀ ਕਿ ‘ਮੈਂ ਅੱਜ ਸੁਖਮਨੀ ਸਾਹਿਬ ਦੇ ਦੋ ਪਾਠ ਕੀਤੇ ਸਨ, ਕਿ ਮੇਰੇ ਹੱਥੋਂ ਕੋਈ ਬੇਕਸੂਰ ਬੰਦਾ ਨਾ ਮਰ ਜਾਵੇ, ਪਰ ਅਫ਼ਸੋਸ ਸਾਰੇ ਹੀ ਬੇਗੁਨਾਹ ਮਾਰੇ ਗਏ ਜਿਨ੍ਹਾਂ ਪਿੱਛੇ ਇਨ੍ਹਾਂ ਕੁੱਝ ਹੋਇਆ ਉਹ ਜਿੰਦਾ ਬਚ ਗਏ’ ਉਨ੍ਹਾਂ ਕਿਹਾ ਕਿ ਜੋ ਦੋ ਮੁੰਡੇ 2 ਜੂਨ ਨੂੰ ਮਾਰ ਕੇ ਬਾਹਰ ਸੁੱਟੇ ਸਨ ਉਸ ਕਰਕੇ ਇਹ ਸਖ਼ਤ ਅਪ੍ਰੇਸ਼ਨ ਕੀਤਾ ਗਿਆ। ਦਰਬਾਰ ਸਾਹਿਬ ਦੀ ਤਲਾਸ਼ੀ ਲੈਣ ਲਈ ਕੈਪਟਨ ਅਮਰਜੀਤ ਸਿੰਘ ਸੰਧੂ ਨੂੰ ਕਿਹਾ ਗਿਆ ਉਸ ਨੇ ਸਿਰਫ਼ ਇਕ ਥਾਂ ਹੀ ਤਲਾਸ਼ੀ ਲਈ ਉਹ ਹਰਮੋਨੀਅਮ ਸੀ। ਉਸ ਤੋਂ ਬਾਅਦ ਸ਼ਰਾਂ ਵਾਲੇ ਪਾਸੇ ਸਭ ਨੂੰ ਜਾਣ ਤੋਂ ਮਨਾ ਕੀਤਾ ਤੇ ਬੰਨੇ ਹੋਏ ਸਾਰੇ ਸਿੰਘ ਸਿੰਘਣੀਆਂ ਮੰਗਤੇ ਆਦਿ ਸਾਡੀ ਬੇਨਤੀ ਤੇ ਖੋਹਲ ਦਿੱਤੇ ਗਏ। ਜਦੋਂ ਮੁਲਾਜਮ ਆਦਿ ਕੁਆਟਰਾਂ ਵਿਚ ਗਏ ਤਾਂ ਉੱਥੇ ਸਮਾਨ ਗ਼ਾਇਬ ਸੀ, ਚੋਰੀ ਹੋ ਗਿਆ ਸੀ ਜਿਸ ਬਾਰੇ ਕਿਹਾ ਗਿਆ ਕਿ ਇੱਥੇ 31 ਘੜੀਆਂ, 1 ਟਾਈਮ ਪੀਸ, 3 ਟੇਪ ਰਿਕਾਰਡ, 5 ਟਰਾਂਜ਼ਿਸਟਰ,  15 ਤੋਲੇ ਸੋਨੇ ਦੇ ਗਹਿਣੇ ਤੇ 8 ਤੋਲੇ ਚਾਂਦੀ ਦੇ ਗਹਿਣੇ ਤੇ 19994.18 ਰੁਪਏ ਚੋਰੀ ਕੀਤੇ ਗਏ ਹਨ ਜਿਸ ਬਾਰੇ ਬ੍ਰਿਗੇਡੀਅਰ ਚੌਧਰੀ ਵੱਲੋਂ ਲਗਾਈ ਡਿਊਟੀ ਅਨੁਸਾਰ ਕਰਨਲ ਅਨੰਦ ਕੁਮਾਰ ਗੁਪਤਾ ਵੱਲੋਂ ਕੀਤੀ ਪੜਤਾਲ ਵਿਚ ਵੀ ਕੁੱਝ ਪੱਲੇ ਨਹੀਂ ਪਿਆ। ਚੋਰੀ ਦੀ ਇਕ ਅਖ਼ਬਾਰ ਨੇ ਖ਼ਬਰ ਵੀ ਲਾਈ ਸੀ ਜਿਸ ਦਾ ਖੰਡਨ ਤਤਕਾਲੀ ਲੋਕ ਸੰਪਰਕ ਅਫ਼ਸਰ ਪਟਿਆਲਾ ਭਰਤਇੰਦਰ ਸਿੰਘ ਚਾਹਲ ਨੇ ਕੀਤਾ ਸੀ। ਉਸ ਤੋਂ ਬਾਅਦ ਗੋਲੀਆਂ ਦੇ ਨਿਸ਼ਾਨ ਮਿਟਾਉਣ ਲਈ ਕੋਸ਼ਿਸ਼ਾਂ ਹੁੰਦੀਆਂ ਰਹੀਆਂ।
ਡਿਊਟੀ ਅਨੁਸਾਰ ਮੈਂ ਟਰੱਕ ਵਿਚ ਭਰਕੇ 17 ਲਾਸਾਂ ਰਾਜਿੰਦਰਾ ਹਸਪਤਾਲ ਵਿਚ ਪੋਸਟਮਾਰਟਮ ਲਈ ਲੈਕੇ ਗਿਆ, ਇਕ ਟਰੱਕ ਭਰ ਕੇ ਬਡੂੰਗਰ ਪਟਿਆਲਾ ਦੀਆ ਮੜ੍ਹੀਆਂ ਵਿਚ ਲੱਕੜਾਂ ਦਾ ਭਰ ਕੇ ਛੱਡ ਆਇਆ। ਰਾਤ ਦੇ 8 ਵਜੇ ਤੱਕ ਪੋਸਟ ਮਾਰਟਮ ਹੁੰਦਾ ਰਿਹਾ, ਰਾਤ ਨੂੰ ਹੀ 6 ਲਾਸ਼ਾਂ ਦਾ ਇਕ ਥਾਂ, 6 ਇਕ ਥਾਂ ਤੇ 5 ਇਕ ਥਾਂ ਤੇ ਸੰਸ਼ਕਾਰ ਕਰਨ ਕਰਨ ਸਮੇਂ ਅੰਨ੍ਹੇ ਦਾ ਕੁੜਮ ਡਾ. ਮਾਨ ਸਿੰਘ ਵੀ ਨਾਲ ਹੀ ਸੀ, ਹਾਲਾਂ ਕਿ ਜਸਪਾਲ ਸਿੰਘ ਦੀ ਲਾਸ਼ ਲੈਣ ਲਈ ਉਸ ਦਾ ਪਿਤਾ ਦਲੀਪ ਸਿੰਘ ਗਿੱਲ ਆਇਆ ਸੀ ਪਰ ਲਾਸ਼ ਨਹੀਂ ਦਿੱਤੀ ਗਈ, ਉਹ ਦੁੱਖ ਵਿਚ ਗ਼ਲਤਾਨ ਰੋਂਦਾ ਹੋਇਆ ਸੰਸਕਾਰ ਕਰਨ ਤੋਂ ਪਹਿਲਾਂ ਹੀ ਵਾਪਸ ਮੁੜ ਗਿਆ(ਜਸਪਾਲ ਸਿੰਘ ਦੇ ਨਾਮ ਤੇ ਲੁਧਿਆਣਾ ਵਿਚ ਗੁਰੂ ਘਰ ਵੀ ਹੈ ਤੇ ਇਕ ਕਲੌਨੀ ਵੀ ਹੈ)। ਮੈਨੂੰ ਸੰਸ਼ਕਾਰ ਕਰਵਾ ਕੇ ਵਾਪਸ ਗੁਰਦੁਆਰਾ ਸਾਹਿਬ ਵਿਚ ਨਹੀਂ ਜਾਣ ਦਿੱਤਾ ਗਿਆ ਤਾਂ ਮੈਨੂੰ ਥਾਣਾ ਸਿਵਲ ਲਾਇਨ ਵਿਚ ਛੱਡ ਦਿੱਤਾ ਗਿਆ ਜਿੱਥੇ ਕਿ ਸ਼ਿੰਗਾਰਾ ਸਿੰਘ, ਸਰਦਾਰਾ ਸਿੰਘ ਕੋਹਲੀ, ਸਰੂਪ ਸਿੰਘ ਸਹਿਗਲ, ਅਰਜਨ ਸਿੰਘ ਭਾਟੀਆ ਆਦਿ ਬੰਦ ਸਨ। ਪਰ ਫੇਰ ਮੇਰੇ ਇਕ ਰਿਸ਼ਤੇਦਾਰ ਦੇ ਘਰ ਛੱਡ ਆਏ, ਰਿਸ਼ਤੇਦਾਰ ਦੇ ਘਰੋਂ ਮੈਨੂੰ ਫ਼ੌਜ ਲੈ ਗਈ, ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਹੁਣ ਮਾਰ ਦਿੱਤਾ ਜਾਵੇਗਾ ਕਿਉਂਕਿ ਮੈਂ ਹੀ ਇਸ ਅਪ੍ਰੇਸ਼ਨ ਦਾ ਚਸ਼ਮਦੀਦ ਗਵਾਹ ਸਾਂ, ਪਰ ਮੈਂ ਬਚ ਗਿਆ, ਬਾਅਦ ਵਿਚ ਮੈਨੂੰ ਫੇਰ ਗੁਰਦੁਆਰਾ ਸਾਹਿਬ ਵਿਚ ਲਿਆਂਦਾ ਗਿਆ, ਜਿੱਥੇ ਮੇਰੇ ਨਾਲ ਬ੍ਰਿਗੇਡੀਅਰ ਨੇ ਕਾਫ਼ੀ ਗੱਲਾਂ ਕੀਤੀਆਂ, ਮੈਂ ਗ਼ਮ ਵਿਚ ਸੀ, ਗ਼ਮ ਵਿਚ ਬ੍ਰਿਗੇਡੀਅਰ ਵੀ ਸੀ। ਫੌਜ ਵਲੋਂ ਲੱਗੀਆਂ ਗੋਲੀਆਂ ਦੇ ਨਿਸ਼ਾਨ ਸੀਮਿੰਟ ਨਾਲ ਭਰ ਦਿਤੇ ਜਨ, ਪਰ ਜਦੋਂ ਕਰਫ਼ਿਊ ਖੋਲ੍ਹਿਆ ਗਿਆ ਤਾਂ ਗੋਲੀਆਂ ਦੇ ਨਿਸ਼ਾਨਾਂ ਵਿਚ ਭਰਿਆ ਸੀਮਿੰਟ ਲੋਕਾਂ ਨੇ ਕੱਢ ਦਿੱਤਾ ਸੀ, ਜਿਸ ਕਰਕੇ ਸਰਕਾਰ ਨੇ ਫੇਰ ਸਿਰਫ਼ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਕਰਫ਼ਿਊ ਲਾਕੇ ਉੱਥੇ ਗੋਲੀਆਂ ਦੇ ਨਿਸ਼ਾਨ ਭਰਨ ਦੀ ਕੋਸ਼ਿਸ਼ ਕੀਤੀ ਗਈ। ਗੋਲੀਆਂ ਦੇ ਨਿਸ਼ਾਨ ਤਾਂ ਫੇਰ ਵੀ ਆਪੇ ਹੀ ਬੋਲਦੇ ਸਨ ਜੋ ਜਿੰਦਾ ਰਹਿਣੇ ਚਾਹੀਦੇ ਸਨ ਪਰ ਸਮੇਂ ਦੀਆਂ ਸਰਕਾਰਾਂ ਨੇ ਗੋਲੀਆਂ ਦੇ ਨਿਸ਼ਾਨ ਵੀ ਮਿਟਾ ਦਿੱਤੇ।
(ਇਸ ਦੁਖਦਾਈ ਘਟਨਾ ਦੀ ਕਿਤਾਬ ਲਿਖੀ ਜਾ ਰਹੀ ਹੈ)

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>