ਨਵੀਂ ਦਿੱਲੀ : ਦਿੱਲੀ ਦੀਆਂ ਸਮੂਹ ਇਸਤ੍ਰੀ ਸਤਿਸੰਗ ਜਥਿਆਂ ਦੇ ਵਿਚਕਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਕੀਰਤਨ ਮੁਕਾਬਲਿਆਂ ਦੇ ਸੈਮੀਫਾਈਨਲ ਰਾਉਂਡ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਕਰਵਾਏ ਗਏ। ਆਉ ਭੈਣੋ ਗੱਲ ਮਿਲਹੁ ਵਿਸ਼ੇ ਤੇ ਕਰਵਾਈ ਜਾ ਰਹੀ ਗੁਰਬਾਣੀ ਵਿਰਸਾ ਸੰਭਾਲ ਪ੍ਰਤਿਯੋਗਿਤਾ ਦੇ ਇਸ ਸੈਮੀਫਾਈਨਲ ਰਾਉਂਡ ‘ਚ ਆਏ ਪ੍ਰਤਿਯੋਗਿਆਂ ਦੀ ਕਾਬਲੀਯਤ ਦਾ ਜਾਇਜ਼ਾ ਦਿੱਲੀ ਕਮੇਟੀ ਦੇ ਹਜੂਰੀ ਰਾਗੀ ਭਾਈ ਹਰਜੀਤ ਸਿੰਘ, ਭਾਈ ਮਨੋਹਰ ਸਿੰਘ, ਭਾਈ ਬਲਵਿੰਦਰ ਸਿੰਘ ਅਤੇ ਭਾਈ ਸੁਖਚੈਨ ਸਿੰਘ ਨੇ ਲਿਆ। ਦਿੱਲੀ ਕਮੇਟੀ ਦੀ ਮੈਂਬਰ ਬੀਬੀ ਦਲਜੀਤ ਕੌਰ ਖਾਲਸਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋ ਹਾਜਰੀ ਭਰਦੇ ਹੋਏ ਭਾਗ ਲੈਣ ਵਾਲੇ ਜੱਥਿਆਂ ਦੀ ਬੀਬੀਆਂ ਨੂੰ ਮਾਤਾ ਸੁੰਦਰੀ ਜੀ ਯਾਦਗਾਰੀ ਮੈਡਲ ਪ੍ਰਦਾਨ ਕੀਤੇ। ਇਸ ਪ੍ਰੋਗਰਾਮ ਦੀ ਕਨਵੀਨਰ ਬੀਬੀ ਨਰਿੰਦਰ ਕੌਰ ਨੇ ਇਸ ਪ੍ਰਤਿਯੋਗਿਤਾ ਦੇ ਆਯੋਜਨ ਵਾਸਤੇ ਦਿੱਲੀ ਕਮੇਟੀ ਦੇ ਪ੍ਰਬੰਧਕਾ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਬੀਬੀਆਂ ਨੂੰ ਗੁਰਮਤਿ ਦੀ ਰੋਸ਼ਨੀ ‘ਚ ਆਪਣੇ ਪਰਿਵਾਰਾਂ ‘ਚ ਧਰਮ ਪ੍ਰਚਾਰ ਦੀ ਲਹਿਰ ਚਲਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਫਾਈਨਲ ਮੁਕਾਬਲੇ ‘ਚ 20 ਜੱਥੇ ਭਾਗ ਲੈ ਕੇ ਪ੍ਰਤਿਯੋਗਿਤਾ ਨੂੰ ਜਿੱਤਣ ਦੀ ਕੋਸ਼ਿਸ਼ ਕਰਨਗੇ।