ਹੁੱਡਾ ਦੀਆਂ ਘੁੰਣਤਰਬਾਜੀਆਂ ਨੂੰ ਬੂਰ ਨਹੀਂ ਪੈਣ ਦਿਆਂਗੇ – ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ -  ਰੋਹਤਕ ਵਿੱਚ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਬਾਬਾ ਦਯਾ ਸਿੰਘ ਸੁਰਸਿੰਘ ਵਾਲਿਆਂ ਦੀ ਯਾਦ ਨੂੰ ਸਮਰਪਿਤ ਆਯੋਜਿਤ ਮਹਾਨ ਗੁਰਮਤਿ ਸਮਾਗਮ ਅੰਦਰ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਹਰਿਆਣਾ ਰਾਜ ਦੀਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਹੁੱਡਾ ਆਪਣੇ ਹੱਥ ਠੋਕਿਆਂ ਰਾਹੀਂ ਸੋਚੀ ਸਮਝੀ ਸਾਜਿਸ਼ ਆਧੀਨ ਸਿੱਖ ਕੌਮ ਵਿੱਚ ਵੰਡੀਆਂ ਪਾਉਣ ਦੀ ਕੋਝੀ ਖੇਡ ਖੇਡ ਰਿਹਾ ਹੈ । ਉਸ ਤੋਂ ਹਰਿਆਣੇ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਜ਼ੋਰਦਾਰ ਨਿਸ਼ਾਨਾ ਬਣਾਉਂਦਿਆਂ ਹੋਇਆਂ ਕਿਹਾ ਕਿ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਲਈ ਬਿਆਨਬਾਜ਼ੀ ਕਰਕੇ ਹੁੱਡਾ ਸਿੱਖ ਕੌਮ ਅੰਦਰ ਪਾੜਾ ਪਾਉਣ ਦੀਆਂ ਕਾਰਵਾਈਆਂ ਕਰ ਰਿਹਾ ਹੈ। ਉਸ ਨੂੰ ਸਮੁੱਚਾ ਪੰਥ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ । ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਨੂੰ ਵੱਡੇ ਪੱਧਰ ‘ਤੇ ਢਾਅ ਲਾਉਣ ਦੀਆਂ ਤਿਆਰੀ ਕਰੀ ਬੈਠੀਆਂ ਹਨ। ਜਿੰਨਾਂ ਦੇ ਮਨਸੂਬੇ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਹੁੱਡਾ ਦੀ ਅਗਵਾਈ ਵਿੱਚ ਹਰਿਆਣਾ ਰਾਜ ਦੀ ਕਾਂਗਰਸ ਜਮਾਤ ਗੁਰਦੁਆਰਿਆਂ ਦੇ ਪ੍ਰਬੰਧ ‘ਚ ਘੁਸਪੈਠ ਕਰਨ ਦੀ ਕੂਟਨੀਤੀ ਆਪਣੇ ਹੱਥ ਠੋਕਿਆਂ (ਝੀਡਾਂ ਤੇ ਨਲਵੀ) ਰਾਹੀਂ ਅਪਣਾ ਰਹੀ ਹੈ। ਇਹ ਦੋਵੇ ਹਰਿਆਣੇ ਦੀ ਸੰਗਤ ਵੱਲੋਂ ਪਹਿਲਾਂ ਹੀ ਨਕਾਰੇ ਜਾ ਚੁੱਕੇ ਹਨ। ਉਨ੍ਹਾਂ ਹੋਰ ਕਿਹਾ ਕਿ ਹੁੱਡਾ ਦੀਆਂ ਇਹ ਘੁੰਣਤਰਬਾਜੀਆਂ ਅਤਿ ਨਿੰਦਣਯੋਗ ਹਨ।
ਗੁਰਮਤਿ ਸਮਾਗਮ ਦੌਰਾਨ ਉਨ੍ਹਾਂ ਨੇ ਜਿੱਥੇ ਬਾਬਾ ਦਯਾ ਸਿੰਘ ਸੁਰਸਿੰਘ ਵਾਲਿਆਂ ਵੱਲੋਂ ਪੰਥ ਪ੍ਰਤੀ ਕੀਤੇ ਗਏ ਕਾਰਜਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਉਥੇ ਨਾਲ ਹੀ ਸਮਾਗਮ ਅੰਦਰ ਇੱਕਤਰ ਹੋਈਆਂ ਸੰਗਤਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸੇਵਾ ਤੇ ਸਿਮਰਨ ਦੇ ਸਿਧਾਂਤ ਵਿੱਚ ਪ੍ਰਪੱਕ ਹੋਣ ਦੀ ਜ਼ੋਰਦਾਰ ਤਾਕੀਦ ਕੀਤੀ। ਇਸ ਤੋਂ ਪਹਿਲਾਂ ਗੁਰਮਤਿ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਇੰਦਰਜੀਤ ਸਿੰਘ ਬੰਬੇ ਵਾਲੇ ਤੇ ਭਾਈ ਰਾਏ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਭਾਈ ਸਰੂਪ ਸਿੰਘ ਸੁਰਸਿੰਘ ਵਾਲੇ, ਭਾਈ ਗੁਰਚਰਨਬੀਰ ਸਿੰਘ ਦੇ ਕੀਰਤਨੀ ਜੱਥਿਆਂ ਨੇ ਗੁਰੂ ਸਾਹਿਬਾਨ ਵੱਲੋਂ ਉਚਰੀ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪ੍ਰਸਿੱਧ ਵਿਦਵਾਨ ਤੇ ਕਥਾ ਵਾਚਕ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ, ਗਿਆਨੀ ਮਾਨ ਸਿੰਘ ਮਸਕੀਨ ਤੇ ਗਿਆਨੀ ਉਤੱਮ ਸਿੰਘ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਤੇ ਗੁਰੂ ਸ਼ਬਦ ਕਥਾ ਰਾਹੀਂ ਮੰਤਰ ਮੁਗਧ ਕੀਤਾ। ਇਸ ਦੌਰਾਨ ਉਘੇ ਪੰਥਕ ਕਵੀ ਹਰੀ ਸਿੰਘ ਜਾਚਕ ਤੇ ਗੁਰਚਰਨ ਸਿੰਘ ਚੌਹਾਨ ਨੇ ਗੁਰੂ ਇਤਿਹਾਸ ਦੇ ਫਲਸਫੇ ਸਬੰਧੀ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੁੜਨ ਦੀ ਜ਼ੋਰਦਾਰ ਅਪੀਲ ਵੀ ਕੀਤੀ।
ਗੁਰਮਤਿ ਸਮਾਗਮ ਦੀ ਸਮਾਪਤੀ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕਾਂ ਅਵਤਾਰ ਸਿੰਘ ਪ੍ਰਧਾਨ, ਰਣਜੀਤ ਸਿੰਘ ਮੀਤ ਪ੍ਰਧਾਨ, ਮੈਂਬਰ ਜਗਮੋਹਨ ਸਿੰਘ, ਕੇਸਰ ਸਿੰਘ, ਇੰਦਰਜੀਤ ਸਿੰਘ ਤੇ ਗੁਰਦੁਆਰਾ ਕਾਪਨਮਾਜਰਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਸਿਰਪਾਉ ਤੇ ਸਿਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਸਮੇਂ ਉਨ੍ਹਾਂ ਦੇ ਨਾਲ ਬਾਬਾ ਬਚਨ ਸਿੰਘ ਕਾਰ ਸੇਵਾ ਵਾਲੇ, ਬਾਬਾ ਅਵਤਾਰ ਸਿੰਘ ਮੁੱਖੀ ਬਿਧੀ ਚੰਦ ਸੰਪ੍ਰਦਾ ਸੁਰਸਿੰਘ ਵਾਲੇ, ਸ. ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਸਮੇਤ ਬਾਬਾ ਪ੍ਰੇਮ ਦਾਸ ਰੋਹਤਕ, ਰਾਮਗੜ੍ਹੀਆ ਫੈਡਰੇਸ਼ਨ ਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਮੁੱਖ ਅਹੁੱਦੇਦਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>