60 ਫੀਸਦੀ ਸਿੱਖ ਗੁਰਧਾਮਾਂ ਦੀ ਸੇਵਾ ਕਰਨ ਵਾਲੇ ਪਾਕਿਸਤਾਨ ਦੇ ਸਿੱਖਾਂ ਨੂੰ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ-ਸਰਨਾ

ਅੰਮ੍ਰਿਤਸਰ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਸਿੱਖਾਂ ਦੇ ਮੁਕੱਦਸ ਅਸਥਾਨ ਨਨਕਾਣਾ ਸਾਹਿਬ ਸਮੇਤ 60 ਫੀਸਦੀ ਸਿੱਖ ਗੁਰਧਾਮ ਪਾਕਿਸਤਾਨ ਵਿੱਚ ਹਨ ਜਿਹਨਾਂ ਦੀ ਸੇਵਾ ਸੰਭਾਲ ਦਾ ਕਾਰਜ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋ ਲੈ ਜਾਣ ਵਾਲੇ ਫੈਸਲਿਆ ਸਮੇਂ ਪਾਕਿਸਤਾਨ ਦੇ ਸਿੱਖਾਂ ਨੂੰ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ।
ਆਪਣੇ ਪਾਕਿਸਤਾਨ ਦੌਰੇ ਤੇ ਵਾਪਸ ਆਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਸਰਨਾ ਨੇ ਕਿਹਾ ਕਿ 60 ਫੀਸਦੀ ਸਿੱਖ ਗੁਰਧਾਮ ਪਾਕਿਸਤਾਨ ਤੇ 40 ਫੀਸਦੀ ਹਿੰਦੋਸਤਾਨ ਵਿੱਚ ਹਨ ਜਿਹਨਾਂ ਦੀ ਸੇਵਾ ਸੰਭਾਲ ਪਾਕਿਸਤਾਨ ਕਮੇਟੀ  ਪਾਕਿਸਤਾਨ ਸਰਕਾਰ ਤੇ ਓਕਬ ਬੋਰਡ ਨਾਲ ਮਿਲ ਤੇ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਘੇਰਾ ਸਿਰਫ ਪੰਜਾਬ ਤੱਕ ਹੀ ਸੀਮਤ ਹੈ ਜਦ ਕਿ ਪਾਕਿਸਤਾਨ ਕਮੇਟੀ ਦੇ ਸੁਮੱਚੇ ਪਾਕਿਸਤਾਨ ਮੁਲਕ ਵਿੱਚ ਫੈਲੀ ਹੋਈ ਹੈ। ਉਹਨਾਂ ਕਿਹਾ ਕਿ ਭਾਂਵੇ ਪਾਕਿਸਤਾਨ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ ਫਿਰ ਵੀ ਪੰਥਕ ਫੈਸਲੇ ਲੈਣ ਸਮੇਂ ਉਥੋਂ ਦੇ ਸਿੱਖਾਂ ਨੂੰ ਅੱਖੋਂ ਪਰੋਖੇ ਕਰਨਾ ਕਿਸੇ ਤਰ੍ਵਾ ਵਾਜਬ ਨਹੀਂ ਹੈ।
ਪਾਕਿਸਤਾਨ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ 16 ਜੂਨ ਨੂੰ ਮਨਾਏ ਗਏ ਸ਼ਹੀਦੀ ਗੁਰਪੁਰਬ ਬਾਰੇ ਉਹਨਾਂ ਕਿਹਾ ਕਿ ਇਸ ਵਾਰੀ ਜਿੰਨੀ ਸੰਗਤ ਨੇ ਸ਼ਹੀਦੀ ਜੋੜੇ ਮੇਲੇ ਮੌਕੇ ਕੀਤੇ ਗਏ ਸਮਾਗਮ ਵਿੱਚ ਭਾਗ ਲਿਆ ਇਸ ਤੋ ਪਹਿਲਾਂ ਕਦੇ ਵੀ ਇੰਨੀ ਗਿਣਤੀ ਵਿੱਚ ਸੰਗਤ ਇਕੱਠੀ ਨਹੀ ਹੋਈ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਸਿੱਖਾਂ ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀ ਕਰਨ ਨੂੰ ਲੈ ਕੇ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਉਹ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਹੀ ਮਾਨਤਾ ਦਿੰਦੇ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਸਿੱਖਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹੱਲ ਕਰਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਕਮੇਟੀ ਨੂੰ ਸਮਾਂਬੱਧ ਕਰਦਿਆਂ ਇਹ ਐਲਾਨ ਕੀਤਾ ਹੈ ਕਿ ਜੇਕਰ 9 ਅਕਤੂਬਰ 2014 ਤੱਕ ਇਹ ਮਾਮਲਾ ਹੱਲ ਨਾ ਕੀਤਾ ਗਿਆ ਤਾਂ ਉਹ ਪਾਕਿਸਤਾਨ ਦੇ ਸਿੱਖ ਦੁਨੀਆਂ ਭਰ ਦੀਆ ਸਿੱਖ ਸੰਸਥਾਵਾਂ ਨਾਲ ਮਿਲ ਤੇ ਇੱਕ ਸਰਬੱਤ ਖਾਲਸਾ ਨਨਕਾਣਾ ਸਾਹਿਬ ਵਿਖੇ ਬੁਲਾਉਣ ਦੀ ਵਿਉਂਤਬੰਦੀ ਕਰ ਰਹੇ ਹਨ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਜਿਹੜੀ ਦੁਬਿੱਧਾ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਵੱਲੋ ਪਾਕਿਸਤਾਨ ਦੇ ਸਿੱਖਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਨੂੰ ਪਾਕਿਸਤਾਨ ਦੇ ਸਿੱਖਾਂ ਨੇ ਪੂਰੀ ਨਕਾਰਦਿਆਂ ਸ਼ਹੀਦੀ ਗੁਰਪੁਰਬ 16 ਜੂਨ ਨੂੰ ਮਨਾ ਕੇ ਖਤਮ ਕਰ ਦਿੱਤਾ ਹੈ।ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਇਹ ਕਹੇ ਰਹੇ ਹਨ ਕਿ ਪਾਕਿਸਤਾਨ ਵਿੱਚ 90 ਫੀਸਦੀ  ਸਿੱਖਾਂ ਨੇ ਸੋਧੇ ਹੋਏ ਕੈਲੰਡਰ ਨੂੰ ਮੰਨ ਲਿਆ ਹੈ ਤਾਂ ਸ੍ਰ ਸਰਨਾ ਨੇ ਕਿਹਾ ਕਿ ਜਿਸ ਬਾਰੇ ਇੱਕ ਹੰਢਿਆ ਵਰਤਿਆ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਕਹਿ ਰਿਹਾ ਹੈ ਕਿ ਮੱਕੜ ਝੂਠ ਬੋਲਦਾ ਹੈ ਤਾਂ ਫਿਰ ਉਸ ਦੇ ਝੂਠ ਦਾ ਉਹਨਾਂ ਨੂੰ ਕੋਈ ਵੀ ਜਵਾਬ ਦੇਣ ਦੀ ਲੋੜ ਨਹੀ ਹੈ।
ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਸਰਬੱਤ ਖਾਲਸਾ ਸਿਰਫ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਹੀ ਬੁਲਾਇਆ ਜਾ ਸਕਦਾ ਹੈ ਤਾਂ ਸ੍ਰ ਸਰਨਾ ਨੇ ਕਿਹਾ ਕਿ ਜੇਕਰ ਸਰਬੱਤ ਖਾਲਸਾ ਨਹੀ ਬੁਲਾਇਆ ਜਾ ਸਕਦਾ ਤਾਂ ਵਿਸ਼ਵ ਸਿੱਖ ਕਨਵੈਨਸ਼ਨ ਬੁਲਾਉਣ ਤੋ ਉਹਨਾਂ ਨੂੰ ਕੋਈ ਵੀ ਰੋਕ ਨਹੀ ਸਕਦਾ। ਉਹਨਾਂ ਕਿਹਾ ਕਿ ਸਾਰੇ ਸਿੱਖ ਜਗਤ ਨੂੰ ਪਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਸਿਆਸੀ ਦਬਾ ਥੱਲੇ ਨਾਨਕਸਰ ਵਾਲੇ ਬਾਬਾ ਲੱਖਾ ਸਿੰਘ ਤੇ ਦਮਦਮੀ ਟਕਸਾਲ ਵਾਲੇ ਬਾਬਾ ਹਰਨਾਮ ਸਿੰਘ ਧੁੰਮਾਂ ਦੀਆ ਵੋਟਾਂ ਹਾਸਲ ਕਰਨ ਲਈ ਹੀ ਸਿੱਖ ਵਿਰੋਧੀ ਸ਼ਕਤੀਆ ਦੇ ਦਬਾ ਹੇਠ ਬਦਲਿਆ ਗਿਆ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦਾ ਪਿਛੋਕੜ ਕਾਫੀ ਪੰਥਕ ਰਿਹਾ ਹੈ ਅਤੇ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਚਾਹੀਦਾ ਹੈ ਕਿ ਉਹ ਪੰਥਕ ਧਿਰ ਵਾਲਾ ਰੋਲ ਨਿਭਾ ਕੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਾਰਉਣ ਵਿੱਚ ਆਪਣਾ ਰੋਲ ਨਿਭਾ ਕੇ ਗੁਰੂ ਘਰ ਤੇ ਸੰਗਤਾਂ ਦਾ ਜੱਸ ਖੱਟਣ।
ਪਾਕਿਸਤਾਨ ਸਥਿਤ ਗੁਰੂਦੁਆਰਾ ਡੇਹਰਾ ਸਾਹਿਬ ਦੀ ਕਾਰ ਸੇਵਾ ਉਹਨਾਂ ਨੂੰ ਸੌਂਪੇ ਜਾਣ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਸ੍ਰੀ ਅਕਾਲ ਪੁਰਖ ਦੀ ਕਿਰਪਾ ਤੇ ਗੁਰੂ ਦੀ ਰਹਿਮਤ ਨਾਲ ਪਾਕਿਸਤਾਨ ਸਰਕਾਰ ਤੇ ਓਕਬ ਬੋਰਡ ਨੇ ਉਹਨਾਂ ਨੂੰ ਇਸ ਦੇ ਯੋਗ ਸਮਝਿਆ ਹੈ ਤਾਂ ਹੀ ਉਹਨਾਂ ਨੂੰ ਸੇਵਾ ਸੌਂਪੀ ਗਈ  ਹੈ। ਉਹਨਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਤੇ ਸ਼ਰਧਾ ਨਾਲ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਨਾਲ ਮਿਲ ਕੇ ਸੇਵਾ ਕਰਨਗੇ। ਉਹਨਾਂ ਕਿਹਾ ਕਿ ਪਹਿਲਾਂ ਵੀ ਜਿਹੜੀ ਸੇਵਾ ਉਹਨਾਂ ਨੂੰ ਸੌਂਪੀ ਗਈ ਸੀ ਉਸ ਨੂੰ ਵੀ ਉਹਨਾਂ ਨੇ ਬਾਬਾ ਜਗਤਾਰ ਸਿੰਘ ਨਾਲ ਮਿਲ ਕੇ ਪੂਰਾ ਕੀਤਾ ਹੈ। ਇਸ ਸਮੇਂ ਉਹਨਾਂ ਦੇ ਨਾਲ ਸ੍ਰ ਮਨਜੀਤ ਸਿੰਘ ਸਰਨਾ ਤੇ ਰਮਨਦੀਪ ਸਿੰਘ ਸੋਨੂੰ, ਬੀਬੀ ਭੁਪਿੰਦਰ ਕੌਰ ਤੇ ਬੀਬੀ ਬਲਬੀਰ ਕੌਰ ਵੀ ਹਾਜਰ ਸਨ।
ਇਸ ਤੋ ਬਾਅਦ ਸ੍ਰ ਸਰਨਾ ਨੇ ਬਾਬਾ ਜਗਤਾਰ ਸਿੰਘ ਨਾਲ ਗੁਰੂਦੁਆਰਾ ਡੇਹਰਾ ਸਾਹਿਬ ਦੀ ਕਾਰ ਸੇਵਾ ਕਰਨ ਸਬੰਧੀ ਇੱਕ ਮੀਟਿੰਗ ਵੀ ਕੀਤੀ ਤੇ ਅਗਲੀ ਰੂਪ ਰੇਖਾ ਤਿਆਰ ਕਰਨ ਬਾਰੇ ਵਿਚਾਰਾਂ ਵੀ ਕੀਤੀਆ। ਇਸ ਤੋ ਪਹਿਲਾਂ ਸ੍ਰੀ ਸਰਨਾ ਨੇ ਗੁਰੂਦੁਆਰਾ ਡੇਹਰਾ ਸਾਹਿਬ ਦੀ ਸੇਵਾ ਮਿਲਣ ਲਈ ਗੁਰੂ ਸਾਹਿਬ ਦੇ ਧੰਨਵਾਦ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>