ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ

ਡਾ: ਹਰਸ਼ਿੰਦਰ ਕੌਰ, ਐਮ ਡੀ,

‘‘ ਆਉ ਸਭਾਗੀ ਨੀਂਦੜੀਏ ਮਤੁ ਸਹੁ ਦੇਖਾ ਸੋਇ। ’’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਨੀਂਦਰ ਦਾ ਜ਼ਿਕਰ ਹੋਣਾ ਇਸਦੀ ਮਹੱਤਤਾ ਬਾਰੇ ਦਰਸਾ ਦਿੰਦਾ ਹੈ। ਨੀਂਦਰ ਬਾਰੇ ਹੋਈ ਇਕ ਖੋਜ ਇਸਦੀ ਅਹਿਮੀਅਤ ਬਾਰੇ ਹੋਰ ਚਾਨਣਾ ਪਾ ਦੇਵੇਗੀ। ਕੁੱਝ ਚੂਹਿਆਂ ਨੂੰ ਕਈ ਰਾਤਾਂ ਤੱਕ ਸੌਣ ਨਹੀਂ ਦਿੱਤਾ ਗਿਆ ਤੇ ਕੁੱਝ ਚੂਹਿਆਂ ਨੂੰ ਕਈ ਦਿਨ ਖਾਣ ਨੂੰ ਕੁੱਝ ਨਹੀਂ ਦਿੱਤਾ ਗਿਆ।
ਖੋਜ ਪੂਰੀ ਹੋਣ ਉਪਰੰਤ ਇਹ ਨਤੀਜੇ ਸਾਹਮਣੇ ਆਏ ਕਿ ਜਿਹੜੇ ਚੂਹੇ ਸੌਂ ਨਹੀਂ ਸਨ ਸਕੇ, ਉਹ 2 ਤੋਂ ਤਿੰਨ ਹਫ਼ਤਿਆਂ ਵਿਚ ਹੀ ਮਰ ਗਏ ਜਦਕਿ ਜਿਹੜੇ ਚੂਹੇ ਭੁੱਖੇ ਰੱਖੇ ਗਏ ਸਨ ਉਹ 4 ਤੋਂ 5 ਹਫ਼ਤਿਆਂ ਬਾਅਦ ਮਰੇ। ਇਸਤੋਂ ਇਹ ਸਪਸ਼ਟ ਹੋ ਗਿਆ ਕਿ ਨੀਂਦਰ ਨਾ ਆਉਣੀ ਭੁੱਖੇ ਰਹਿਣ ਤੋਂ ਵੱਧ ਜਾਨਲੇਵਾ ਸਾਬਤ ਹੋ ਜਾਂਦੀ ਹੈ।
ਨੀਂਦਰ ਵਿਚ ਕਈ ਤਰ੍ਹਾਂ ਦੇ ਪੜਾਅ ਆਉਂਦੇ ਹਨ ਜਿਨ੍ਹਾਂ ਵਿੱਚ ਡੂੰਘੀ ਨੀਂਦਰ, ਸੁਫ਼ਨਿਆਂ ਦਾ ਸਮਾਂ, ਤੇਜ਼ ਅੱਖਾਂ ਫਰਕਣ ਦਾ ਸਮਾਂ, ਕੱਚੀ ਨੀਂਦਰ, ਆਦਿ ਸ਼ਾਮਲ ਹਨ। ਇਨ੍ਹਾਂ ਨੂੰ ‘ਰੈਮ ਨੀਂਦਰ’ ਅਤੇ ‘ਨੌਨ ਰੈਮ ਨੀਂਦਰ’ ਵਿਚ ਵੰਡ ਦਿੱਤਾ ਗਿਆ ਹੈ।
ਚੰਗੀ ਤਰ੍ਹਾਂ ਨਾ ਸੌਂ ਸਕਣ ਨਾਲ ਨੀਂਦਰ ਦੇ ਸਾਈਕਲ ‘ਰੈਮ’ ਤੇ ‘ਨੌਨ ਰੈਮ’ ਉੱਤੇ ਡੂੰਘਾ ਅਸਰ ਪੈ ਜਾਂਦਾ ਹੈ ਅਤੇ ਬੰਦਾ ਦਿਨ ਸਮੇਂ ਪੂਰਾ ਜ਼ੋਰ ਲਾ ਕੇ ਜਾਗਣ ਦੇ ਬਾਵਜੂਦ ਝੱਪੀ ਲੈ ਲੈਂਦਾ ਹੈ। ਜੇ ਕਿਤੇ ਬੰਦਾ ਕਾਰ, ਸਕੂਟਰ, ਬਸ ਜਾਂ ਟਰੱਕ ਚਲਾ ਰਿਹਾ ਹੋਵੇ ਤਾਂ ਅਜਿਹੀ ਝੱਪੀ ਸੀਰੀਅਸ ਐਕਸੀਡੈਂਟ ਕਰਵਾ ਸਕਦੀ ਹੈ। ਸਿਰਫ਼ ਸਰੀਰਕ ਪੱਖੋਂ ਹੀ ਇਨਸਾਨ ਥੱਕਿਆ ਟੁੱਟਿਆ ਨਹੀਂ ਮਹਿਸੂਸ ਕਰਦਾ ਬਲਕਿ ਮਾਨਸਿਕ ਪੱਖੋਂ ਵੀ ਅਸਰ ਪੈ ਜਾਣ ਸਦਕਾ ਢਹਿੰਦੀ ਕਲਾ ਵਿਚ ਜਾ ਸਕਦਾ ਹੈ।
ਕਮਾਲ ਦੀ ਗੱਲ ਤਾਂ ਇਹ ਹੈ ਕਿ ਨੀਂਦਰ ਪੂਰੀ ਨਾ ਕਰਨ ਨਾਲ ਸਿਰਫ਼ ਇੱਕੋ ਇਨਸਾਨ ਉੱਤੇ ਹੀ ਅਸਰ ਨਹੀਂ ਪੈਂਦਾ ਬਲਕਿ ਉਸਦੇ ਚਿੜਚਿੜੇ ਹੋ ਜਾਣ ਕਾਰਣ ਬਾਕੀ ਦੇ ਟੱਬਰ ਉੱਤੇ ਵੀ ਕੋਈ ਨਾ ਕੋਈ ਅਸਰ ਜ਼ਰੂਰ ਪੈਂਦਾ ਹੈ।
ਸੌਂਦੇ ਹੋਏ ਸਰੀਰ ਅੰਦਰ ਕੀ ਕੁੱਝ ਵਾਪਰਦਾ ਹੈ, ਪਹਿਲਾਂ ਉਸ ਬਾਰੇ ਸਮਝਣ ਦੀ ਲੋੜ ਹੈ।
1.    ਓਕਸੀਡੇਸ਼ਨ ਨਾਲ ਸਰੀਰ ਅੰਦਰ ਹੋ ਰਹੀ ਭੰਨ ਤੋੜ ਉੱਤੇ ਰੋਕ ਲੱਗਦੀ ਹੈ।
2.    ਦਿਮਾਗ਼ ਅੰਦਰਲੇ ਸੈਲਾਂ ਵਿਚ ਚਲਦੇ ਪ੍ਰਤੀਕਰਮ ਹੌਲੀ ਹੋ ਜਾਂਦੇ ਹਨ ਅਤੇ ਸੈਲ ਘਟ ਟੁੱਟਦੇ ਹਨ।
3.    ਦਿਮਾਗ਼ ਦੇ ਸੈਲਾਂ ਵਿਚਲੀ ਅਤੇ ਸਰੀਰ ਅੰਦਰਲੀ ਊਰਜਾ ਨੂੰ ਸੁਰਜੀਤ ਕਰਨ ਲਈ ਪੂਰੀ ਨੀਂਦਰ ਲੈਣੀ ਜ਼ਰੂਰੀ ਹੁੰਦੀ ਹੈ।
4.    ਸੌਂਦੇ ਹੋਏ ਵੀ ਸਰੀਰ ਦਾ ਕੰਮ ਕਾਰ ਤੁਰਦਾ ਰਹਿੰਦਾ ਹੈ। ਮਸਲਨ, ਚਮੜੀ ਦੇ ਸੈਲ ਲਗਾਤਾਰ ਬਣਦੇ ਰਹਿੰਦੇ ਹਨ, ਦਿਲ ਧੜਕਦਾ ਰਹਿੰਦਾ ਹੈ, ਜਿਗਰ, ਗੁਰਦੇ, ਤਿਲੀ, ਲਹੂ ਦੀਆਂ ਨਾੜੀਆਂ, ਲਹੂ ਦੇ  ਸੈਲ ਆਦਿ ਸਭ ਆਪੋ ਆਪਣੇ ਕੰਮ ਵਿਚ ਜੁਟੇ ਰਹਿੰਦੇ ਹਨ। ਇਨ੍ਹਾਂ ਕੰਮ ਕਾਰਾਂ ਵਿਚ ਖਪਤ ਹੋ ਰਹੀ  ਊਰਜਾ  ਸੌਣ ਸਮੇਂ ਸਿਰਫ਼ 15 ਪ੍ਰਤੀਸ਼ਤ ਰਹਿ ਜਾਂਦੀ ਹੈ। ਇਸਤਰ੍ਹਾਂ ਇਕ ਤਰੀਕੇ ਸਾਰਾ ਸਰੀਰ ਹੀ  ਕੰਪਿਊਟਰ ਵਾਂਗ ਆਰਾਮ ਕਰਨ ਦੇ ‘ਮੋਡ’ ਵਿਚ ਚਲਾ ਜਾਂਦਾ ਹੈ। ਜੇ ਅਜਿਹਾ ਨਾ ਹੋਵੇ ਤਾਂ ਸਰੀਰ ਦੇ  ਵਾਧੂ ਕੰਮ ਕਰਦੇ ਰਹਿਣ ਨਾਲ ਢੇਰ ਸਾਰੀ ਊਰਜਾ ਵਰਤੀ ਜਾਂਦੀ ਹੈ ਜੋ ਵਾਪਸ ਸਰੀਰ ਅੰਦਰ ਭਰਨ  ਲਈ ਢਿੱਡ ਖਾਣ ਨੂੰ ਉਕਸਾਉਂਦਾ ਹੈ। ਨਤੀਜੇ ਵਜੋਂ ਵਾਧੂ ਖਾਧਾ ਜਾਂਦਾ ਹੈ। ਜੇ ਅਜਿਹਾ ਲਗਾਤਾਰ  ਚੱਲਦਾ ਰਹੇ ਤਾਂ ਹੌਲੀ ਹੌਲੀ ਭਾਰ ਵਧਣ ਲੱਗ ਪੈਂਦਾ ਹੈ।
5.    ਜਾਨਵਰਾਂ ਉੱਤੇ ਕੀਤੀ ਗਈ ਖੋਜ ਰਾਹੀਂ ਇਹ ਸਿੱਟੇ ਸਾਹਮਣੇ ਆਏ ਹਨ ਕਿ ਮਾਸ ਖਾਣ ਵਾਲੇ ਜਾਨਵਰ ਵੱਧ ਢੂੰਘੀ ਨੀਂਦਰ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਸ਼ਿਕਾਰ ਕਰਨ ਲਈ ਵੱਧ ਜ਼ੋਰ ਲਾਉਣਾ  ਪੈਂਦਾ ਹੈ ਤੇ ਉਸਨੂੰ ਹਜ਼ਮ ਕਰਨ ਲਈ ਵੀ। ਸ਼ਿਕਾਰ ਕਰ ਸਕਣ ਵਾਲੀ ਤਾਕਤ ਰੱਖਣ ਵਾਲੇ  ਜਾਨਵਰਾਂ ਦੀ ਨੀਂਦਰ ਵੀ ਚਿੰਤਾ ਰਹਿਤ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਘਾਹ ਖਾਣ ਵਾਲੇ ਜਾਨਵਰਾਂ ਤੋਂ  ਹਮਲੇ ਦਾ ਡਰ ਨਹੀਂ ਹੁੰਦਾ ਤੇ ਉਹ ਘੋੜੇ ਵੇਚ ਕੇ ਸੌਂਦੇ ਹਨ। ਕੁਦਰਤ ਦਾ ਕਮਾਲ ਵੋਖੋ ਕਿ ਹਾਥੀ ਵਰਗਾ ਜਾਨਵਰ ਵੀ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਮੰਨਦੇ ਹੋਏ ਸ਼ੇਰ ਤੱਕ ਨੂੰ ਭਜਾ ਦੇਣ ਦੀ  ਤਾਕਤ ਰੱਖਦਾ ਹੋਇਆ, ਇਕ ਕੀੜੇ ਵੱਲੋਂ ਕੰਨ ਅੰਦਰ ਕੀਤੇ ਹਮਲੇ ਨੂੰ ਜਰ ਨਹੀਂ ਸਕਦਾ ਤੇ ਦਹਾੜ   ਦਹਾੜ  ਕੇ ਪਾਗਲ ਹੋ ਜਾਂਦਾ ਹੈ ਪਰ ਉਸਦਾ ਕੁੱਝ ਵਿਗਾੜ ਨਹੀਂ ਸਕਦਾ।
ਕਿੰਨਾ ਪਿਆਰਾ ਕੁਦਰਤੀ ਸੁਣੇਹਾ ਹੈ ਕਿ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਮੰਨਣ ਵਾਲੇ  ਨੂੰ ਮਾਰਨ ਤੇ ਬੇਚੈਨ ਕਰਨ ਲਈ ਹੋਰ ਵੱਡੇ ਹਥਿਆਰਾਂ ਦੀ ਲੋੜ ਨਹੀਂ ਤੇ ਨਾ ਹੀ ਉਸੇ ਜਿੰਨੀ ਤਾਕਤ  ਰੱਖਣ ਵਾਲੇ ਦੀ ਲੋੜ ਹੈ, ਬਲਕਿ ਬਿਲਕੁਲ ਆਮ ਮਾੜਚੂ ਤੇ ਕਮਜ਼ੋਰ ਬੰਦਾ ਵੀ ਆਪਣੀ ਅੰਦਰੂਨੀ  ਹਿੰਮਤ ਨਾਲ ਉਸਦੀ ਹੈਂਕੜ ਨੂੰ ਤਾਰ ਤਾਰ ਕਰਨ ਲਈ ਬਥੇਰਾ ਹੁੰਦਾ ਹੈ।
6.    ਨਿੱਕੇ ਬੱਚੇ, ਨਵਜੰਮੇਂ ਬੱਚੇ ਅਤੇ ਜਾਨਵਰਾਂ ਦੇ ਨਿੱਕੇ ਬੱਚੇ ਵੱਧ ਨੀਂਦਰ ਲੈਂਦੇ ਹਨ ਕਿਉਂਕਿ ਉਨ੍ਹਾਂ ਦੇ  ਸਰੀਰ ਨੇ ਵਧਣ ਲਈ ਵਾਧੂ ਕੰਮ ਕਰਨਾ ਹੁੰਦਾ ਹੈ ਸੋ ਜ਼ਿਆਦਾ ਊਰਜਾ ਇੱਕਠੀ ਕਰਨ ਦੀ ਲੋੜ ਪੈਂਦੀ  ਹੈ।
7.    ਰਤਾ ਧਿਆਨ ਕਰੀਏ ਕਿ ਬਚੇ ਨੂੰ ਮਾਂ ਦੀ ਗੋਦ ਦੇ ਨਿੱਘ ਵਿਚ, ਵੱਡਿਆਂ ਨੂੰ ਆਪਣੇ ਕਮਰੇ ਅੰਦਰਲੇ ਬਿਸਤਰੇ ਅਤੇ ਸਿਰਹਾਣੇ ਦੇ ਨਿੱਘ ਵਿਚ, ਕੋਸੇ ਪਾਣੀ ਨਾਲ ਨਹਾ ਲੈਣ ਜਾਂ ਹਲਕੀ ਮਾਲਿਸ਼ ਤੋਂ ਬਾਅਦ ਵਧੀਆ ਨੀਂਦਰ ਕਿਉਂ ਆਉਂਦੀ ਹੈ ? ਇਸਦਾ ਵੀ ਵਿਗਿਆਨਿਕ ਆਧਾਰ ਹੈ।
ਜੇ ਸੌਣ ਦੇ ਸੈਂਟਰ (ਹਾਈਪੋਥੈਲਾਮਸ ਵਿਚ ਹੁੰਦਾ ਹੈ) ਨੂੰ ਰਤਾ ਕੁ ਨਿੱਘ ਮਿਲ ਜਾਏ ਜਾਂ ਚਮੜੀ ਨੂੰ ਹਲਕਾ ਕੋਸਾ ਮਾਹੌਲ ਮਿਲੇ ਤਾਂ ਨੀਂਦਰ ਦੀਆਂ ਤਰੰਗਾਂ ਤੁਰਨੀਆਂ ਸ਼ੁਰੂ ਹੋ ਜਾਂਦੀਆਂ ਹਨ।  ਜਾਨਵਰਾਂ ਉੱਤੇ ਕੀਤੀ ਖੋਜ ਨੇ ਇਹ ਤੱਥ ਸਾਬਤ ਕੀਤਾ ਹੈ। ਇਨਸਾਨਾਂ ਵਿਚ ਵੀ ਖੋਜ ਸਾਬਤ ਕਰ  ਚੁੱਕੀ ਕਿ ਦਿਮਾਗ਼ ਦੇ ਸੈਲ ਕੋਸਾ ਹੁੰਦੇ ਸਾਰ ਨੀਂਦਰ ਦੇ ਹਿਲੌਰੇ ਲੈਣ ਉੱਤੇ ਮਜਬੂਰ ਕਰ ਦਿੰਦੇ ਹਨ। ਜੇ     ਬਰੇਨਸਟੈਮ ਹਿੱਸੇ ਨੂੰ ਠੰਡਾ ਕਰ ਦਿੱਤਾ ਜਾਵੇ ਤਾਂ ਰੈਮ ਨੀਂਦਰ (ਤੇਜ਼ ਅੱਖਾਂ ਫਰਕਣ ਦਾ ਸਮਾਂ) ਦਾ  ਸਾਈਕਲ ਵਧ ਜਾਂਦਾ ਹੈ। ਰੈਮ ਨੀਂਦਰ ਦਾ ਚੱਕਰ ਸ਼ੁਰੂ ਹੁੰਦੇ ਸਾਰ ਦਿਮਾਗ਼ ਦਾ ਤਾਪਮਾਨ ਵਧਣ ਲੱਗ ਪੈਂਦਾ ਹੈ।
ਮਜ਼ੇਦਾਰ ਗੱਲ ਇਹ ਹੈ ਕਿ ਰੈਮ ਨੀਂਦਰ ਦੌਰਾਨ ਸਰੀਰਕ ਤਾਪਮਾਨ ਘਟ ਜਾਂਦਾ ਹੈ ਤੇ ਅਜਿਹਾ  ਸਵਖ਼ਤੇ ਵੇਲੇ ਹੁੰਦਾ ਹੈ।
8.    ਇਹ ਤਾਂ ਕਈ ਖੋਜਾਂ ਰਾਹੀਂ ਸਪਸ਼ਟ ਹੋ ਚੁੱਕਿਆ ਹੈ ਕਿ ਦਿਮਾਗ਼ ਦੇ ਸੈਲਾਂ ਦਾ ਵਧਣਾ ਰੈਮ ਨੀਂਦਰ ਦੌਰਾਨ ਹੁੰਦਾ ਹੈ। ਏਸੇ ਲਈ ਨਵਜੰਮੇਂ ਬੱਚੇ ਵਿਚ ਰੈਮ ਨੀਂਦਰ ਵੱਧ ਹੁੰਦੀ ਹੈ। ਸਤਮਾਹੇ ਜੰਮੇਂ ਬੱਚਿਆਂ  ਵਿੱਚ ਹੋਰ ਵੀ ਵੱਧ ਹੁੰਦੀ ਹੈ।
ਗਿਨੀ ਪਿਗ (ਚੂਹੇ ਵਰਗੀ ਕਿਸਮ) ਦੇ ਬੱਚਿਆਂ ਉੱਤੇ ਕੀਤੀਆਂ ਕਈ ਖੋਜਾਂ ਵਿਚ ਜ਼ਾਹਿਰ ਹੋਇਆ ਕਿ ਉਨ੍ਹਾਂ ਦੇ ਨਵੰਜਮੇਂ ਬੱਚੇ ਇਨਸਾਨਾਂ ਦੇ ਬੱਚਿਆਂ ਤੋਂ ਵਧ ਚੁਸਤ ਹੁੰਦੇ ਹਨ, ਦੰਦਾਂ ਸਮੇਤ  ਪੈਦਾ ਹੁੰਦੇ ਹਨ ਤੇ ਝਟਪਟ ਤੁਰਨਾ ਸ਼ੁਰੂ ਕਰ ਦਿੰਦੇ ਹਨ। ਇਸੇ ਲਈ ਜੰਮਣ ਸਮੇਂ ਉਨ੍ਹਾਂ ਦਾ ਦਿਮਾਗ਼  ਇਨਸਾਨੀ ਬੱਚੇ ਤੋਂ ਜ਼ਿਆਦਾ ਤਿਆਰ ਹੋਇਆ ਹੁੰਦਾ ਹੈ। ਸੋ ਗਿਨੀ ਪਿੱਗ ਦੇ ਬੱਚਿਆਂ ਵਿਚ ਰੈਮ     ਨੀਂਦਰ ਘੱਟ ਹੁੰਦੀ ਹੈ। ਇਹੀ ਕੁੱਝ ਜਿਰਾਫ਼ ਤੇ ਭੇਡਾਂ ਦੇ ਬੱਚਿਆਂ ਵਿਚ ਵੀ ਵੇਖਣ ਨੂੰ ਮਿਲਦਾ ਹੈ।
9.    ਨੀਂਦਰ ਦੌਰਾਨ ਜਿਉਂ ਹੀ ਰੈਮ ਨੀਂਦਰ ਦਾ ਹਿੱਸਾ ਸ਼ੁਰੂ ਹੋਵੇ, ਦਿਮਾਗ਼ ਅੰਦਰ ਪ੍ਰੋਟੀਨ ਬਣਨੀ ਸ਼ੁਰੂ ਹੋ  ਜਾਂਦੀ ਹੈ ਤੇ ਸੈਲ ਝਟਪਟ ਵਧਣ ਲੱਗ ਪੈਂਦੇ ਹਨ। ਸਿਰਫ ਦੋ ਜਾਂ ਤਿੰਨ ਦਿਨ ਹੀ ਜੇ ਠੀਕ ਤਰੀਕੇ ਨਾ  ਸੁੱਤਾ ਗਿਆ ਹੋਵੇ ਤਾਂ ਦਿਮਾਗ਼ ਦੇ ਡੈਂਟੇਟ ਗਾਇਰਸ ਹਿੱਸੇ ਵਿਚ ਸੈਲ ਬਣਨੇ ਬੰਦ ਹੋ ਜਾਂਦੇ ਹਨ।
ਨਵੰਜਮੇਂ ਬੱਚੇ ਨੂੰ ਜੇ ਲਗਾਤਾਰ ਹਨੇਰੇ ਵਿਚ ਰੱਖਿਆ ਜਾਵੇ ਤੇ ਉੱਕਾ ਹੀ ਲਾਈਟ ਨਾਂ  ਵਿਖਾਈ ਜਾਏ ਤਾਂ ਉਨ੍ਹਾਂ ਦੇ ਨਜ਼ਰ ਵਾਲੇ ਸੈਲ ਘਟ ਵੱਧਦੇ ਹਨ। ਜੇ ਨਵਜੰਮੇਂ ਬੱਚੇ ਨੂੰ ‘ਰੈਮ ਨੀਂਦਰ’  ਵੀ ਨਾ ਲੈਣ ਦਿੱਤੀ ਜਾਏ ਤਾਂ ਨਜ਼ਰ ਦੇ ਸੈਲ ਘਟਣ ਲੱਗ ਪੈਂਦੇ ਹਨ।
10.    ਕਈ ਵਿਗਿਆਨੀ ਇਹ ਮੰਨਦੇ ਹਨ ਅਤੇ ਇਸ ਸੰਬੰਧੀ ਖੋਜ ਪੱਤਰ ਵੀ ਛਪ ਚੁੱਕੇ ਹਨ ਕਿ ਨੀਂਦਰ  ਦੌਰਾਨ ਪਹਿਲਾਂ ਦੀਆਂ ਯਾਦ ਕੀਤੀਆਂ ਹੋਈਆਂ ਚੀਜ਼ਾਂ ਹੌਲੀ ਹੌਲੀ ਦਿਮਾਗ਼ ਦੀ ਹਾਰਡ ਡਿਸਕ ਉੱਤੇ  ਪੱਕੀ ਯਾਦ ਦੀ ਤੌਰ ਉੱਤੇ ਛਪਦੀਆਂ ਰਹਿੰਦੀਆਂ ਹਨ। ਏਸੇ ਲਈ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਮਤਿਹਾਨਾਂ ਵੇਲੇ ਵੀ ਦਿਨ ਵੇਲੇ ਯਾਦ ਕੀਤੀ ਚੀਜ਼ ਨੂੰ ਪੱਕਿਆਂ ਕਰਨ ਲਈ ਰਾਤ ਦੀ ਚੰਗੀ ਨੀਂਦਰ ਲੈਣੀ ਜ਼ਰੂਰੀ ਹੁੰਦੀ ਹੈ।
ਨੀਂਦਰ ਚੰਗੀ ਨਾ ਆਉਣ ਸਦਕਾ ਧਿਆਨ ਲਾ ਕੇ ਪੜ੍ਹਿਆ ਨਹੀਂ ਜਾ ਸਕਦਾ ਤੇ ਯਾਦਾਸ਼ਤ ਵੀ ਘਟ ਜਾਂਦੀ ਹੈ।
ਇਨਸਾਨੀ ਦਿਮਾਗ਼ ਦੇ ਪੈਰਾਈਟਲ ਕੌਰਟੈਕਸ ਹਿੱਸੇ ਦੀਆਂ ਤਰੰਗਾਂ ਨਾਪਣ ਉੱਤੇ ਪਤਾ ਲੱਗਿਆ ਕਿ ਰੈਮ ਨੀਂਦਰ ਦੌਰਾਨ ਇਹ ਵੱਧ ਜਾਂਦੀਆਂ ਹਨ ਤੇ ਪੱਕੀ ਯਾਦ ਬਣਨ ਵਿਚ ਸਹਾਈ  ਹੁੰਦੀਆਂ ਹਨ। ਕੁੱਝ ਜੀਨਜ਼ ਵੀ ਜਿਹੜੇ ਯਾਦਾਸ਼ਤ ਵਧਾਉਣ ਵਿਚ ਮਦਦ ਕਰਦੇ ਹਨ, ਨੀਂਦਰ  ਦੌਰਾਨ ਰਵਾਂ ਹੋ ਜਾਂਦੇ ਹਨ।
ਇਹ ਸਾਰੀਆਂ ਖੋਜਾਂ ਸਾਬਤ ਕਰਦੀਆਂ ਹਨ ਕਿ ਜੋ ਕੁੱਝ ਵੀ ਯਾਦ ਕੀਤਾ ਗਿਆ ਹੋਵੇ, ਉਸਨੂੰ ਪਕਾ ਕਰਨ ਲਈ ਡੂੰਘੀ ਨੀਂਦਰ ਲੈਣੀ ਜ਼ਰੂਰੀ ਹੁੰਦੀ ਹੈ ਤਾਂ ਜੋ ਦੁਬਾਰਾ ਲੋੜ ਪੈਣ ਉੱਤੇ ਉਹੀ  ਚੀਜ਼ ਦਿਮਾਗ਼ ਦੀ ਹੇਠਲੀ ਪਰਤ ਵਿੱਚੋਂ ਝੱਟ ਉੱਤੇ ਆ ਸਕੇ।
11.    ਨੀਂਦਰ ਸਿਰਫ਼ ਯਾਦਾਸ਼ਤ ਲਈ ਹੀ ਜ਼ਰੂਰੀ ਨਹੀਂ ਬਲਕਿ ਵਾਧੂ ਭਰੀਆਂ ਫਿਜ਼ੂਲ ਗੱਲਾਂ, ਤਣਾਓ,  ਮਾੜੀਆਂ ਯਾਦਾਂ, ਗੁੱਸਾ ਆਦਿ ਵੀ ਡੂੰਘੀ ਨੀਂਦਰ ਨਾਲ ਘਟ ਜਾਂਦੇ ਹਨ। ਕਈ ਗੱਲਾਂ ਤਾਂ ਸੁਫ਼ਨਿਆਂ  ਦੇ ਰੂਪ ਵਿਚ ਆ ਕੇ ਝੰਜੋੜ ਜਾਂਦੀਆਂ ਹਨ ਜਾਂ ਦੱਬੀ ਇੱਛਾ ਪੂਰੀ ਕਰ ਦਿੰਦੀਆਂ ਹਨ ਤੇ ਹੌਲੀ ਹੌਲੀ  ਫ਼ਾਲਤੂ ਗੱਲਾਂ ਦਿਮਾਗ਼ ਛੰਡ ਦਿੰਦਾ ਹੈ। ਇਸੇ ਲਈ ਵਕਤ ਲੰਘਣ ਨਾਲ ਡੂੰਘੇ ਫੱਟ ਵੀ ਭਰ ਜਾਂਦੇ  ਹਨ। ਲਗਾਤਾਰ ਉਨੀਂਦਰੇ ਨਾਲ ਕਈ ਬੀਮਾਰੀਆਂ ਵੀ ਸਰੀਰ ਅੰਦਰ ਪੱਕੀ ਤੌਰ ਉੱਤੇ ਵਸ ਜਾਂਦੀਆਂ  ਹਨ ਜਿਵੇਂ ਸ਼¤ਕਰ ਰੋਗ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਆਦਿ।
ਢਹਿੰਦੀ ਕਲਾ ਵਿਚ  ਗਏ ਬੰਦੇ ਦਾ ਸਭ ਤੋਂ ਵਧੀਆ ਇਲਾਜ ਨੀਂਦਰ ਹੈ। ਜਿਉਂ ਹੀ ਬੰਦਾ ਡੂੰਘੀ ਨੀਂਦਰ ਸੌਂ ਕੇ ਉੱਠਿਆ, ਢਹਿੰਦੀ ਕਲਾ ਵਿਚ ਲਿਜਾ ਰਹੇ ਹਾਰਮੋਨ ਘਟ ਕੇ, ਦਿਮਾਗ਼ ਦੇ ਸੈਲਾਂ ਦੀ ਸਾਫ਼ ਸਫ਼ਾਈ ਕਰ ਕੇ ਬੰਦੇ ਦੀ ਚਿੰਤਾ ਘਟਾ ਕੇ ਉਸਨੂੰ ਚੁਸਤ ਕਰ ਦਿੰਦੇ ਹਨ ਤੇ ਹਾਲਾਤ ਨਾਲ ਲੜ ਸਕਣ ਦੀ ਤਾਕਤ ਬਖ਼ਸ਼ ਦਿੰਦੇ ਹਨ। ਬਸ ਇਹ ਸੁਣੇਹਾ ਫੜਨ ਦੀ ਲੋੜ ਹੁੰਦੀ ਹੈ। ਜੇ ਸੁਣੇਹਾ ਨਾ ਫੜਿਆ ਗਿਆ ਤਾਂ ਦਵਾਈਆਂ ਖਾਣ ਦਾ ਚਕਰਵਿਊ ਸ਼ੁਰੂ ਹੋ ਜਾਂਦਾ ਹੈ।
ਜੇ ਚਿੰਤਾ ਕਾਰਣ ਰੈਮ ਨੀਂਦਰ ਪੂਰੀ ਨਾ ਲਈ ਜਾ ਰਹੀ ਹੋਵੇ ਤਾਂ ਬੰਦਾ ਚਿੜਚਿੜਾ, ਲੜਾਕਾ ਤੇ ਛੇਤੀ ਕਾਹਲਾ ਪੈ ਜਾਣ ਵਾਲਾ ਬਣ ਜਾਂਦਾ ਹੈ।
ਰੈਮ ਨੀਂਦਰ ਦਾ ਵਕਤ ਪੂਰੀ ਰਾਤ ਦੀ ਨੀਂਦਰ ਵਿਚ ਬਹੁਤ ਥੋੜਾ ਹੁੰਦਾ ਹੈ। ਜਿੱਥੇ ਚੂਹਿਆਂ ਵਿਚ 12 ਮਿੰਟ ਤੋਂ ਘੱਟ ਦਾ ਸਮਾਂ ਹੁੰਦਾ ਹੈ, ਉੱਥੇ ਇਨਸਾਨਾਂ ਵਿਚ 90 ਮਿੰਟ ਦੇ ਨੇੜੇ ਤੇੜੇ ਦਾ ਹੁੰਦਾ ਹੈ। ਗਿਨੀ ਪਿਗ ਲਗਭਗ ਇਕ ਘੰਟਾ ਰੈਮ ਨੀਂਦਰ ਦਾ ਮਜ਼ਾ ਲੈਂਦੇ ਹਨ। ਪਲੈਟੀਪਸ ਲਗਭਗ 10 ਘੰਟੇ (ਸਭ ਤੋਂ ਵੱਧ) ਰੈਮ ਨੀਂਦਰ ਵਿਚ ਬਤੀਤ ਕਰਦੇ ਹਨ।
ਪਰਵਾਸੀ ਪੰਛੀ ਕਈ ਕਈ ਦਿਨ ਨਹੀਂ ਸੌਂਦੇ ਪਰ ਪਰਵਾਸ ਦੌਰਾਨ ਦਾ ਨੀਂਦਰ ਦਾ ਨਾਗਾ ਉਨ੍ਹਾਂ ਦੇ ਸਰੀਰ ਉੱਤੇ ਕੋਈ ਮਾੜਾ ਅਸਰ ਨਹੀਂ ਛੱਡਦਾ ਬਲਕਿ ਨਵੀਂ ਥਾਂ ਦਾ ਸਰੂਰ ਉਨ੍ਹਾਂ ਵਿਚ ਸਫ਼ੂਰਤੀ ਭਰ ਦਿੰਦਾ ਹੈ ਅਤੇ ਉਨ੍ਹਾਂ ਦੀ ਥਕਾਨ ਨਵੀਂ ਥਾਂ ਉੱਤੇ ਉੱਡ ਕੇ ਪੂਰੀ ਹੋ ਜਾਂਦੀ ਹੈ।

ਕੁਦਰਤ ਨੇ ਚੁਫੇਰੇ ਕੀ ਕਮਾਲ ਕੀਤਾ ਹੋਇਆ ਹੈ, ਇਹ ਤਾਂ ਉਸਦੀ ਰਚੀ ਹਰ ਨਿੱਕੀ ਤੋਂ ਨਿੱਕੀ ਚੀਜ਼ ਬਾਰੇ ਜਾਣ ਕੇ ਪਤਾ ਲੱਗਦਾ ।

ਖ਼ੈਰ! ਆਪਾਂ ਗੱਲ ਕਰੀਏ ਨੀਂਦਰ ਦੀ।
ਸਾਰ ਇਹੀ ਹੈ ਕਿ ਹੁਣ ਤੱਕ ਦੀਆਂ ਹੋਈਆਂ ਸਾਰੀਆਂ ਖੋਜਾਂ ਇਹੀ ਸਾਬਤ ਕਰਦੀਆਂ ਹਨ ਕਿ ਮਨੁੱਖੀ ਸਰੀਰ ਲਈ ਨੀਂਦਰ ਇਕ ਵਰਦਾਨ ਹੈ ਜੋ ਦਿਮਾਗ਼ ਅਤੇ ਸਰੀਰ ਨੂੰ ਸਹੀ ਤਰੀਕੇ ਕੰਮ ਕਰਦੇ ਰੱਖਣ ਲਈ ਜ਼ਰੂਰੀ ਹੁੰਦੀ ਹੈ। ਸੋ ਲੰਮੀਆਂ ਤਾਣ ਕੇ ਸੌਵੋਂ ਤੇ ਦਿਨ ਭਰ ਦਾ ਥਕੇਵਾਂ ਲਾਹ ਲਵੋ!
ਕੁਦਰਤ ਨੇ ਤਾਂ ਜ਼ਿੰਦਗੀ ਭਰ ਦਾ ਥਕੇਵਾਂ ਲਾਹੁਣ ਲਈ ਵੀ ਲੰਮੀ ਨੀਂਦਰ ਸੌਗਾਤ ਵਜੋਂ ਮੌਤ ਦੇ ਰੂਪ ਵਿਚ ਦਿੱਤੀ ਹੋਈ ਹੈ। ਸੋ ਜਦ ਤੱਕ ਸਦੀਵੀ ਨੀਂਦਰ ਦਾ ਸਮਾਂ ਨਹੀਂ ਆਉਂਦਾ, ਉਦੋਂ ਤਕ ਰੋਜ਼ ਦੀ ਥਕਾਨ ਲਾਹੁਣ ਲਈ ਅਤੇ ਤਰੋਤਾਜ਼ਾ ਰਹਿਣ ਲਈ ਰਾਤ ਦੀ ਨੀਂਦਰ ਦਾ ਆਨੰਦ ਜ਼ਰੂਰ ਮਾਣੋ!

This entry was posted in ਲੇਖ.

One Response to ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ

  1. surinder maan says:

    ਬਹੁਤ ਵਧੀਆ ਜਾਣਕਾਰੀ ਦਿਤੀ ਗਈ ਹੈ

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>