ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਗੁਰੂਦੁਆਰਾ ਪ੍ਰਬੰਧਕ ਕਮੇਟੀਆ ਬਣਾਈਆਂ ਜਾਣ-ਸਰਨਾ

ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਫਤਵਾ ਦਿੰਦਿਆ ਕਿਹਾ ਕਿ ਸਿਰਫ ਹਰਿਆਣਾ ਕਮੇਟੀ ਹੀ ਵੱਖਰੀ ਕਮੇਟੀ ਨਹੀ ਬਣਾਈ ਜਾਣੀ ਚਾਹੀਦੀ ਸਗੋਂ ਜਿਥੇ ਜਿਥੇ ਵੀ ਸਿੱਖ ਮੁਕਾਮੀ ਹਨ ਉਥੇ ਉਥੇ ਹੀ ਇਤਿਹਾਸਕ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਲਈ ਵੱਖਰੀ ਕਮੇਟੀ ਬਣਾਈ ਜਾਣੀ ਬਹੁਤ ਹੀ ਜਰੂਰੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿਹੜੇ ਲੋਕ ਹਰਿਆਣਾ ਦੀ ਵੱਖਰੀ ਕਮੇਟੀ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੇ ਹੁਣ ਤੱਕ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਅਤੇ ਹਮੇਸ਼ਾਂ ਹੀ ਸਿੱਖਾਂ ਦੀਆ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੇ ਆਪਣੇ ਸੁਆਰਥੀ ਹਿੱਤਾਂ ਦੀ ਹੀ ਪੂਰਤੀ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਹਰਿਆਣਾ ਵਿੱਚ ਸਿੱਖਾਂ ਦੀਆਂ ਗੁਰਧਾਮਾਂ ਸਬੰਧੀ ਧਾਰਮਿਕ ਭਾਵਨਾਵਾਂ ਨੂੰ ਨਹੀ ਸਮਝ ਰਹੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਇਹ ਦੱਸਣ ਦੀ ਕਿਰਪਾਲਤਾ ਕਰਨ ਕਿ ਜਿਹਨਾਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਪੰਜਾਬ ਵਿੱਚ ਸੰਘਰਸ਼ ਸ਼ੁਰੂ ਕੀਤਾ ਸੀ ਕੀ ਉਹਨਾਂ ਦੀ ਪੂਰਤੀ ਹੋ ਗਈ ਹੈ?
ਉਹਨਾਂ ਕਿਹਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਬਨਣ ਨਾਲ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਹੋਰ ਵੀ ਵਧੀਆ ਤਰੀਕੇ ਨਾਲ ਹੋ ਸਕੇਗੀ। ਉਹਨਾਂ ਕਿਹਾ ਕਿ ਜਿਹੜੇ ਲੋਕ ਹਰਿਆਣਾ ਕਮੇਟੀ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੇ ਪਾਕਿਸਤਾਨ ਦੀ ਵੱਖਰੀ ਕਮੇਟੀ ਬਨਣ ਸਮੇਂ ਵੀ ਵਿਰੋਧ ਕੀਤਾ ਕਿਉਂਕਿ ਹਰ ਸਾਲ ਜਦੋਂ ਵੀ ਸ਼ਰੋਮਣੀ ਕਮੇਟੀ ਦੇ ਅਧਿਕਾਰੀ ਪਾਕਿਸਤਾਨ ਵਿਖੇ ਗੁਰਪੂਰਬ ਮਨਾਉਣ ਜਾਂਦੇ ਸਨ ਤਾਂ ਉਹ ਗੁਰੂ ਦੀ ਗੋਲਕ ਤਾਂ ਵਲੇਟ ਲੈ ਆਂਉਦੇ ਸਨ ਪਰ ਗੁਰਧਾਮਾਂ ਦੀ ਸੇਵਾ ਸੰਭਾਲ ਕਰਨਾ ਆਪਣਾ ਫਰਜ਼ ਨਹੀਂ ਸਮਝਦੇ ਸਨ। ਉਹਨਾਂ ਕਿਹਾ ਕਿ ਜਦੋਂ ਦੀ ਪਾਕਿਸਤਾਨ ਸਰਕਾਰ ਨੇ ਵੱਖਰੀ ਕਮੇਟੀ ਬਣਾਈ ਹੈ ਉਸ ਸਮੇਂ ਤੋਂ ਗੁਰਧਾਮਾਂ ਦੀ ਕਾਇਆ ਕਲਪ ਹੋ ਰਹੀ ਹੈ। ਉਹਨਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਦਾ ਵੀ ਸ਼ਰੋਮਣੀ ਕਮੇਟੀ ਤੇ ਇਹੀ ਇਲਜ਼ਾਮ ਹੈ ਕਿ ਉਹ ਗੋਲਕ ਤਾਂ ਲੈ ਕੇ ਜਾ ਰਹੇ ਹਨ ਪਰ ਹਰਿਆਣਾ ਦੇ ਗੁਰਧਾਮਾਂ ਦੇ ਵਿਕਾਸ ਲਈ ਕੋਈ ਵੀ ਉਪਰਾਲਾ ਨਹੀ ਹੋ ਰਿਹਾ।
ਸ਼੍ਰੋਮਣੀ ਕਮੇਟੀ ਦੀ ਕਾਰਗੁਜਾਰੀ ਤੇ ਵੀ ਕਿੰਤੂ ਕਰਦਿਆਂ ਸ੍ ਸਰਨਾ ਨੇ ਕਿਹਾ ਕਿ ਪਿਛਲੇ ਕੁਝ ਸਾਲਾ ਤੋਂ ਪੰਜਾਬ ਵਿੱਚ ਪਤਿਤਪੁਣੇ, ਗੁਰੂ ਡੰਮ ਅਤੇ ਨਸ਼ਿਆਂ ਦੀ ਵਿਕਰੀ ਵਿੱਚ ਢੇਰ ਸਾਰਾ ਵਾਧਾ ਹੋਇਆ ਹੈ ਜਿਸ ਲਈ ਸ਼੍ਰੋਮਣੀ ਕਮੇਟੀ ਸਿੱਧੇ ਰੂਪ ਵਿੱਚ ਦੋਸ਼ੀ ਹੈ ਅਤੇ ਸ਼੍ਰੋਮਣੀ ਕਮੇਟੀ ਆਪਣੀ ਇਸ ਜਿੰਮੇਵਾਰੀ ਤੋਂ ਭੱਜ ਨਹੀ ਸਕਦੀ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਸਰਕਾਰ ਨੇ 429 ਸਕੂਲ ਬੰਦ ਕਰ ਦਿੱਤੇ ਹਨ ਤੇ 1600 ਨਵੇਂ ਠੇਕੇ ਖੋਹਲ ਦਿੱਤੇ ਹਨ ਜੋ ਪੰਜਾਬ ਦੀ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਨੇ ਪਾਰਲੀਮੈਂਟ ਵਿੱਚ ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦਾ ਨਾਮ ਲੈ ਬਗੈਰ ਉਂਗਲੀ ਕਰਦਿਆਂ ਕਿਹਾ ,‘‘ ਜੇਕਰ ਤੂੰ ਹਰਿਆਣਾ ਵਿੱਚ ਆਪਣੇ ਮੁੱਖ ਮੰਤਰੀ ਨੂੰ ਵੱਖਰੀ ਗੁਰੂਦੁਆਰਾ ਕਮੇਟੀ ਬਣਾਉਣ ਲਈ ਹੱਲਾਸ਼ੇਰੀ ਦੇਵੇਗੀ ਤਾਂ ਵੇਖੀ ਤੇਰਾ ਅਸੀ ਪੰਜਾਬ ਵਿੱਚ ਕੀ ਹਸ਼ਰ ਕਰਦੇ ਹਾਂ।’’ ਉਹਨਾਂ ਕਿਹਾ ਕਿ ਬੀਬੀ ਹਰਸਿਮਰਤ ਬਾਦਲ ਨੇ ਪਾਰਲੀਮੈਂਟ ਜਿਸ ਨੂੰ ਦੇਸ਼ ਦਾ ਸਭ ਤੋ ਵੱਡਾ ਮੰਦਰ ਕਿਹਾ ਜਾਂਦਾ ਹੈ ਤੇ ਹਰੇਕ ਸੰਸਦ ਮੈਂਬਰ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਆਪਣਾ ਪੱਖ ਤਰੀਕੇ ਤੇ ਸਲੀਕੇ ਨਾਲ ਰੱਖੇ ਪਰ ਜਿਹੜੀ ਭਾਸ਼ਾ ਵਰਤੀ ਹੈ ਉਹ ਕਿਸੇ ਸੰਸਦ ਮੈਂਬਰ ਨੂੰ ਸ਼ੋਭਾ ਨਹੀ ਦਿੰਦੀ। ਉਹਨਾਂ ਕਿਹਾ ਕਿ ਬੀਬੀ ਸੋਨੀਆ ਗਾਂਧੀ ਇੱਕ ਨਹੀ ਕਈ ਵਾਰੀ ਕਹਿ ਚੁੱਕੀ ਹੈ ਕਿ ਉਹ ਕਿਸੇ ਵੀ ਕੌਂਮ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਨਹੀ ਕਰਦੇ ਫਿਰ ਵੀ ਬੀਬੀ ਬਾਦਲ ਵੱਲੋ ਦੋਸ਼ ਲਗਾਉਣੇ ਕਦਾਚਿਤ ਵੀ ਜਾਇਜ ਨਹੀ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਅਨੰਦਪੁਰ ਸਾਹਿਬ ਦੇ ਮੱਤੇ ਨੂੰ ਲਾਗੂ ਕਰਨ ਦੀ ਗੱਲ ਤਾਂ ਕਰਦਾ ਹੈ ਪਰ ਸਿੱਖਾਂ ਨੂੰ ਬਣਦੇ ਅਧਿਕਾਰਾਂ ਦੀ ਗੱਲ ਨਹੀ ਕਰਦਾ। 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵਾਪਰੀ ਘਟਨਾ ਲਈ ਉਹਨਾਂ ਨੇ ਟਾਸਕ ਫੋਰਸ ਤੇ ਪ੍ਰਬੰਧਕਾਂ ਨੂੰ ਦੋਸ਼ੀ ਠਹਿਰਾਉਦਿਆ ਕਿਹਾ ਕਿ ਸੁਚੱਜੇ ਪ੍ਰਬੰਧ ਕਰਕੇ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>