ਦਿੱਲੀ ਕਮੇਟੀ ‘ਚ ਭ੍ਰਿਸ਼ਟਾਚਾਰ ਅਤੇ ਔਰਤਾਂ ਨਾਲ ਛੇੜਛਾੜ ਦੇ ਵੱਧਦੇ ਮਾਮਲੇ ਵੇਖਦੇ ਹੋਏ ਅਹੁਦੇਦਾਰ ਅਸਤੀਫਾ ਦੇਣ

ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਤੇ ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਕਿ ਪ੍ਰਬੰਧਕਾਂ ਤੇ ਗੁਰੂ ਦੀ ਗੋਲਕ ਨੂੰ ਲੁੱਟਣ ਦੇ ਲੱਗਦੇ ਦੋਸ਼ਾਂ ਤੋ ਬਾਅਦ ਦਿੱਲੀ ਕਮੇਟੀ ਦੀ ਇੱਕ ਮਹਿਲਾ ਅਧਿਕਾਰੀ ਵੱਲੋਂ ਜਨਰਲ ਮੈਨੇਜਰ ਤੇ ਜਿਸਮਾਨੀ ਛੇੜਛਾੜ ਦੇ ਦੋਸ਼ ਲਾਉਦਿਆ ਪੁਲੀਸ ਕੋਲ ਪਰਚਾ ਦਰਜ ਕਰਵਾਏ ਜਾਣ ਦੀ ਦਿੱਤੀ ਗਈ ਦਰਖਾਸਤ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਕਮੇਟੀ ਵਿੱਚ ਸਭ ਅੱਛਾ ਨਹੀਂ ਹੈ ਅਤੇ ਅੱਜ ਮਹਿਲਾ ਮੁਲਾਜਮ ਵੀ ਸੁਰੱਖਿਅਤ ਨਹੀਂ ਹਨ।
ਪੱਤਰਕਾਰਾਂ ਨਾਲ  ਗੱਲਬਾਤ ਕਰਦਿਆਂ ਸਰਨਾ ਭਰਾਵਾਂ ਨੇ ਕਿਹਾ ਕਿ ਦਿੱਲੀ ਕਮੇਟੀ ਵਿੱਚ ਇਸ ਵੇਲੇ ਤੰਦ ਨਹੀ ਤਾਣੀ ਹੀ ਉਲਝੀ ਪਈ ਹੈ ਦੀ ਕਹਾਵਤ ਅਨੁਸਾਰ ਆਵਾ ਹੀ ਊਤਿਆ ਪਿਆ ਹੈ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋ ਇਲਾਵਾ ਮਹਿਲਾ ਮੁਲਾਜਮਾਂ ਨਾਲ ਇੱਕ ਜਿੰਮੇਵਾਰ ਅਧਿਕਾਰੀ ਜਨਰਲ ਮੈਨੇਜਰ ਹਰਜੀਤ ਸਿੰਘ ਵਲੋਂ ਛੇੜਖਾਨੀ ਕਰਨ ਦੀ ਘਟਨਾ ਨੇ ਸਿੱਖ ਪੰਥ ਦੇ ਪੰਥ ਦਰਦੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਉਹਨਾਂ ਕਿਹਾ ਕਿ ਸੰਗਤਾਂ ਵਿੱਚ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ ਕਿ ਜੇਕਰ ਗੁਰੂਦੁਆਰੇ ਦੀ ਹਦੂਦ ਅੰਦਰ ਮਹਿਲਾ ਮੁਲਾਜਮ ਸੁਰੱਖਿਅਤ ਨਹੀ ਤਾਂ ਫਿਰ ਸ਼ਰਧਾਲੂ ਬੀਬੀਆਂ ਕਿਵੇ ਸੁਰੱਖਿਅਤ ਹੋ ਸਕਦੀਆਂ ਹਨ? ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ ਗੁਰੂਦੁਆਰਾ ਸਭ ਤੋਂ ਵੱਧ ਸੁਰੱਖਿਅਤ ਸਥਾਨ ਮੰਨਿਆ ਗਿਆ ਹੈ ਪਰ ਹਰਜੀਤ ਸਿੰਘ ਵੱਲੋਂ ਕੀਤੀ ਗਈ ਇਸ ਹਰਕਤ ਨਾਲ ਔਰਤ ਸ਼ਰਧਾਲੂਆਂ ਵਿੱਚ ਸਹਿਮ ਤੇ ਡਰ ਪਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਮਹਿਲਾ ਮੁਲਾਜਮ ਵੱਲੋਂ ਥਾਣਾ ਪਾਰਲੀਮੈਂਟ ਸਟਰੀਟ ਨੂੰ ਦਿੱਤੀ ਗਈ ਦਰਖਾਸਤ ਵਿੱਚ ਜਿਸ ਤਰੀਕੇ ਨਾਲ ਜਨਰਲ ਮੈਨੇਜਰ ਵੱਲੋਂ ਕੀਤੀਆ ਜਾਂਦੀਆ ਹਰਕਤਾਂ ਦਾ ਸੰਜੀਦਗੀ ਨਾਲ ਬਿਆਨ ਕੀਤਾ ਹੈ ਉਹ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਮਹਿਲਾਂ ਮੁਲਾਜ਼ਮ ਨੇ ਕਿਹਾ ਕਿ ਉਸ ਨੇ ਕਈ ਵਾਰੀ ਪ੍ਰਬੰਧਕਾਂ ਨੂੰ ਵੀ ਉਸ ਨਾਲ ਹੋ ਰਹੀ ਵਧੀਕੀ ਬਾਰੇ ਦੱਸਿਆ ਹੈ ਪਰ ਕੋਈ ਕਾਰਵਾਈ ਨਹੀ ਕੀਤੀ ਗਈ ਜਿਸ ਕਰਕੇ ਉਸ ਨੂੰ ਕਨੂੰਨ ਦਾ ਸਹਾਰਾ ਲੈਣਾ ਪਿਆ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਤੇ ਕਾਬਜ ਧਿਰ ਲਈ ਇਹ ਬੜੀ ਹੀ ਨਮੋਸ਼ੀ ਭਰੀ ਘਟਨਾ ਹੈ ਕਿ ਇੱਕ ਜਨਰਲ ਮੈਨੇਜਰ ਪੱਧਰ ਦਾ ਅਧਿਕਾਰੀ ਇਹੋ ਜਿਹੀਆ ਹਰਕਤਾਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇਨਸਾਫ ਲੈਣ ਲਈ ਪੀੜਤ ਮਹਿਲਾ ਮੁਲਾਜ਼ਮ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੱਕ ਪਹੁੰਚ ਕਰੇਗੀ ਤਾਂ ਅਕਾਲੀ ਦਲ ਦਿੱਲੀ ਯਕੀਨ ਦਿਵਾਉਦਾ ਹੈ ਉਸ ਨੂੰ ਹਰ ਪ੍ਰਕਾਰ ਦੀ ਸਹਾਇਤਾ ਉਪਲੱਬਧ ਕਰਵਾਏਗਾ। ਉਹਨਾਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਤੇ ਪੁਲੀਸ ਕਮਿਸ਼ਨਰ ਵੀ ਨੂੰ ਅਪੀਲ ਕੀਤੀ ਕਿ ਉਹ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਲੋੜੀਦੀ  ਕਨੂੰਨੀ ਕਾਰਵਾਈ  ਨੂੰ ਯਕੀਨੀ ਬਣਾਉਣ ਤਾਂ ਔਰਤਾਂ ਦਾ ਦਿੱਲੀ ਪ੍ਰਸ਼ਾਸ਼ਨ ਵਿੱਚ ਵਿਸ਼ਵਾਸ਼ ਬੱਝ ਸਕੇ।
ਭ੍ਰ੍ਰਿਸ਼ਟਾਚਾਰ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਦਿਲੀ ਕਮੇਟੀ ਨੇ ਲਖਾਂ ਰੁਪਏ ਦੇ ਚਾਰ ਜਨਰੇਟਰ, ਕੂਲਰ ਤੇ ਹੋਰ ਸਾਜੋ ਸਮਾਨ ਸਿਰਫ 92000 ਵਿੱਚ ਕਬਾੜੀਆ ਨੂੰ ਵੇਚ ਕੇ ਇੱਕ ਹੋਰ ਘੱਪਲੇ ਨੂੰ ਅੰਜਾਮ ਦਿੱਤਾ ਹੈ। ਉਹਨਾਂ ਕਿਹਾ ਕਿ ਇੱਕ ਜਨਰੇਟਰ ਅੱਜ ਬਜਾਰ ਵਿੱਚੋ ਲੈਣ ਜਾਈਏ ਤਾਂ ਪੰਜ ਲੱਖ ਤੋ ਘੱਟ ਨਹੀ ਮਿਲਦਾ ਤੇ ਇਹਨਾਂ ਨੇ ਠਚੋਰਾਂ ਦੇ ਕੱਪੜੇ ਤੇ ਡਾਂਗਾ ਦੇ ਗਜ਼ ਦੀ ਕਹਾਵਤ ਅਨੁਸਾਰ ਲੁੱਟ ਮੱਚਾ ਦਿੱਤੀ ਹੈ। ਉਹਨਾਂ ਕਿਹਾ ਕਿ ਗੁਰੂ ਦੀ ਗੋਲਕ ਨੂੰ ਚਾਰੇ ਪਾਸਿਉ ਤੋਂ ਲੁੱਟਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹਰ ਪੰਥ ਦਰਦੀ ਚਿੰਤੁਤ ਹੈ।
ਉਹਨਾਂ ਕਿਹਾ ਕਿ ਉਹ ਕਈ ਵਾਰੀ ਮੰਗ ਕਰ ਚੁੱਕੇ ਹਨ ਕਿ ਦਿੱਲੀ ਕਮੇਟੀ ਦੇ ਪ੍ਰਬੰਧਕ ਵੱਲੋਂ ਆਪਣੇ ਵਿਦੇਸ਼ੀ ਦੌਰਿਆਂ ਦਾ ਸੰਗਤ ਨੂੰ ਹਿਸਾਬ ਕਿਤਾਬ ਦਿੱਤਾ ਜਾਵੇ ਕਿਉਕਿ ਹੁਣ ਤੱਕ ਕਰੀਬ ਇੱਕ ਕਰੋੜ ਤੋਂ ਉਪਰ ਰਕਮ ਗੁਰੂ ਦੀ ਗੋਲਕ ਵਿੱਚੋਂ ਖਰਚ ਕਰਕੇ ਵਿਦੇਸ਼ੀ ਦੌਰੇ ਕੀਤੇ ਜਾ ਚੁੱਕੇ ਹਨ ਜਿਹਨਾਂ ਦਾ ਕਮੇਟੀ ਤੇ ਕਾਬਜ ਧਿਰ ਨੂੰ ਕੋਈ ਨਿੱਜੀ ਫਾਇਦਾ ਤਾਂ ਹੋ ਸਕਦਾ ਹੈ ਪਰ ਸਿੱਖ ਪੰਥ ਨੂੰ ਕੋਈ ਫਾਇਦਾ ਨਹੀ ਹੋਇਆ। ਉਹਨਾਂ ਕਿਹਾ ਕਿ ਕਾਬਜ ਧਿਰ ਦਾ ਕੋਈ ਜਵਾਬ ਨਾ ਦੇਣਾ ਸਾਬਤ ਕਰਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਜਰੂਰ ਜਾਂ ਫਿਰ ਦਾਲ ਹੀ ਕਾਲੀ ਹੈ।
ਉਹਨਾਂ ਕਿਹਾ ਕਿ ਬਾਲਾ ਸਾਹਿਬ ਗੁਰੂਦੁਆਰੇ ਦੇ ਹਸਪਤਾਲ ਬਾਰੇ ਜਿਹੜੀ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਹੁਣ ਤੱਕ ਉਹਨਾਂ (ਸਰਨਾ ਭਰਾਵਾ) ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ ਉਹਨਾਂ ਦੀ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਜਾਂਚ ਕਿਉ ਨਹੀ ਕਰਾਈ ਗਈ ਅਤੇ ਹੋਇਆ ਭ੍ਰਿਸ਼ਟਾਚਾਰ ਜੱਗ ਜ਼ਾਹਿਰ ਕਿਉ ਨਹੀ ਕੀਤਾ ਗਿਆ? ਉਹਨਾਂ ਕਿਹਾ ਕਿ ਅਸਲ ਵਿੱਚ ਭ੍ਰਿਸ਼ਟਾਚਾਰ ਦਾ ਰੌਲਾ ਪਾ ਕੇ ਇਹਨਾਂ ਨੇ ਵੋਟਾਂ ਜਰੂਰ ਲਈਆ ਹਨ ਪਰ ਅਸਲ ਵਿੱਚ ਭ੍ਰਿਸ਼ਟਾਚਾਰ ਹੋਇਆ ਹੀ ਨਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਨਵੇ ਆਹੁਦੇਦਾਰ ਜਰੂਰ ਹਸਪਤਾਲ ਨੂੰ ਲੈ ਕੇ ਸੌਦੇਬਾਜੀਆ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਹਨਾਂ (ਸਰਨਿਆ) ਦੇ 11 ਸਾਲ ਦੇ ਸਮੇਂ ਤੋ ਮੌਜੂਦਾ ਪ੍ਰਬੰਧਕਾਂ ਦੇ ਡੇਢ ਸਾਲ ਦੇ ਕਾਰਜਕਾਲ ਦੀ ਜਾਂਚ ਕਿਸੇ ਸਿੱਖ ਹਾਈਕੋਰਟ ਜਾਂ ਸੁਪਰੀਮ ਕੌਰਟ ਦੇ ਸਾਬਕਾ ਜੱਜ ਕੋਲੋ ਕਰਵਾਈ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧ ਵਿੱਚ ਜਸਟਿਸ ਆਰ.ਐਸ. ਸੋਢੀ ਨੂੰ ਜਾਂਚ ਕਰਨ ਦੀ ਬੇਨਤੀ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਹੈ ਕਿ ਜੇਕਰ ਦਿੱਲੀ ਕਮੇਟੀ ਉਹਨਾਂ ਨੂੰ ਰਿਕਾਰਡ ਮੁਹੱਈਆ ਕਰਵਾ ਦੇਵੇਗੀ ਤਾਂ ਉਹ ਗੁਰੂ ਘਰ ਦਾ ਇਹ ਕਾਰਜ ਪਹਿਲ ਦੇ ਆਧਾਰ ਤੇ ਕਰਨ ਨੂੰ ਤਿਆਰ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਵੱਲੋ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਹ ਹਰ ਪ੍ਰਕਾਰ ਦੀ ਜਾਂਚ ਕਰਵਾਉਣ ਲਈ ਸਹਿਯੋਗ ਦੇਣ ਲਈ ਤਿਆਰ ਹਨ ਬਸ਼ਰਤੇ ਕਿ ਇਹ ਪੂਰੀ ਤਰਾਂ ਪਾਰਦਰਸ਼ੀ ਹੋਵੇ।ਇਸ ਸਮੇਂ ਮਨਜੀਤ ਸਿੰਘ ਸਰਨਾ. ਦਮਨਦੀਪ ਸਿੰਘ, ਸਤਨਾਮ ਸਿੰਘ ਭਜਨ ਸਿੰਘ ਵਾਲੀਆ, ਬਲਦੇਵ ਸਿੰਘ ਰਾਣੀ ਬਾਗ, ਭੁਪਿੰਦਰ ਸਿੰਘ ਸਰਨਾ ਆਦਿ ਵੀ ਹਾਜਰ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>