ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਹੁੱਡਾ ਸਰਕਾਰ ਨੂੰ ਲੂੰਬੜ ਚਾਲਾਂ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ

ਚੰਡੀਗੜ੍ਹ: – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਇਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ, ਸੈਕਟਰ ੨੭-ਬੀ, ਚੰਡੀਗੜ੍ਹ ਵਿਖੇ ਬੁਲਾਈ ਗਈ। ਜਿਸ ਵਿਚ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਤੇ ਧਾਰਮਿਕ ਮਾਮਲਿਆਂ ਵਿਚ ਬੇਲੋੜੀ ਦਖਲਅੰਦਾਜੀ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦੇਣ ਬਾਰੇ ਵਿਚਾਰ-ਮਸ਼ਵਰਾ ਕੀਤਾ ਗਿਆ।

‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ੍ਰੀ ਭੂਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਹਰਿਆਣਾ ਸਰਕਾਰ ਵਲੋਂ ਸਿੱਖਾਂ ਦੀ ਮਹਾਨ ਲੋਕਤੰਤਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਸੰਸਥਾ) ਜਿਹੜੀ ਕਿ ਸਿੱਖਾਂ ਨੇ ਅਣਗਿਣਤ ਬਹੁਮੁੱਲੀਆਂ, ਬੇਸ਼ਕੀਮਤੀ ਕੁਰਬਾਨੀਆਂ,ਸਾਲਾਂ ਬੱਧੀ ਜੇਲ੍ਹਾਂ ‘ਚ ਕੈਦ ਕੱਟ ਅਤੇ ਆਪਣੀਆਂ ਜਾਇਦਾਦਾਂ ਕੁਰਕ ਕਰਵਾ ਕੇ ਅੰਗਰੇਜ਼ ਸਾਮਰਾਜ ਪਾਸੋਂ ਸੰਗਤੀ ਪ੍ਰਬੰਧ ਦੇ ਰੂਪ ਵਿਚ ਪ੍ਰਾਪਤ ਕੀਤੀ।ਸਿੱਖ ਪੰਥ ਦੀ ਇਸ ਮਹਾਨ ਸੰਸਥਾ ਨੂੰ ਕਾਂਗਰਸ ਜਮਾਤ ਵੱਲੋਂ ਹਮੇਸ਼ਾਂ ਤੋੜਨ, ਸਿੱਖ ਵਿਰੋਧੀ ਫੈਂਸਲੇ ਕਰਨ,ਸਿੱਖ ਸ਼ਕਤੀ ਨੂੰ ਕਮਜ਼ੋਰ ਤੇ ਖੇਰੂੰ-ਖੇਰੂੰ ਕਰਨ ਲਈ ਹਮੇਸ਼ਾ ਦਾਅ ਤੇ ਰਹੀ ਹੈ।ਹੁਣ ਫੇਰ ਹਰਿਆਣੇ ਕਮੇਟੀ ਲਈ ੬ ਜੁਲਾਈ ਨੂੰ ਅਖਾਉਤੀ ਸੰਮੇਲਨ ਬੁਲਾ ਕੇ ਕਾਂਗਰਸ ਨੇ ਆਪਣੀ ਸਾਜਿਸ਼ੀ ਜਹਿਨੀਅਤ ਜੱਗ ਜਾਹਰ ਕਰ ਦਿੱਤੀ। ਸਿੱਖ ਕੌਮ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ , ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਨਾਲ ਹਮਲਾ ਕਰਕੇ, ਕਦੇ ੧੯੮੪ ਦੇ ਸਿੱਖ ਕਤਲੇਆਮ ਕਰਵਾ ਕੇ, ਕਦੇ ਸਿੱਖਾਂ ਨੂੰ ਉਚੇਚੇ ਤੌਰ ਤੇ ਕੁਚਲਣ ਲਈ ਟਾਡਾ ਵਰਗੇ ਕਾਨੂੰਨ ਬਣਾ ਕੇ ਅਤੇ ਕਦੇ ਏਸ਼ੀਅਨ ਗੇਮਾਂ ਸਮੇਂ ਹਰਿਆਣੇ ਵਿਚ ਸਿੱਖਾਂ ਨੂੰ ਜਲੀਲ ਕੀਤਾ ਗਿਆ।

ਹੁੱਡਾ ਦੀ ਕਾਂਗਰਸ ਸਰਕਾਰ ਨੇ ਪਿਛਲੇ ਲਗਾਤਾਰ ੮ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਾਹਬਾਦ ਮਾਰਕੰਡਾ ਵਿਖੇ ਉਸਾਰ ਗਏੇ ਮੈਡੀਕਲ ਕਾਲਜ ਨੂੰ ਮਾਨਤਾ ਨਾਂ ਦੇ ਕੇ ਸਿੱਖ ਬੱਚਿਆਂ ਨੂੰ ਡਾਕਟਰੀ ਦੀ ਉੱਚ ਪੱਧਰੀ ਵਿਦਿਆ ਪ੍ਰਾਪਤ ਕਰਨ ਤੋਂ ਵਾਂਝਿਆਂ ਰੱਖਿਆ ਹੈ।ਸ਼੍ਰੋਮਣੀ ਕਮੇਟੀ ਨੇ ਅਨੇਕਾਂ ਵਾਰ ਉਚੇਚੇ ਯਤਨ ਕੀਤੇ, ਪਰ ਕਾਂਗਰਸ ਸਰਕਾਰ ਦੀ ਬਦਨੀਯਤ ਕਾਰਣ ਇਹ ੧੫੦ ਕਰੋੜ ਦਾ ਪ੍ਰੋਜੈਕਟ ਅੱਜ ਵੀ ਅੱਧ ਵਿਚਕਾਏ ਲਟਕ ਰਿਹਾ ਹੈ।ਜੀਂਦ-ਧਮਤਾਨ ਤੇ ਹਰਿਆਣੇ ‘ਚ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾਂ ਨੂੰ ਮਾਨਤਾ ਨਾਂ ਦੇ ਕੇ ਸਿੱਖ ਵਿਰੋਧੀ ਸੋਚ ਨੂੰ ਪ੍ਰਗਟ ਕਰ ਰਹੀ ਹੈ। ਅੱਜ ਉਹ ਕਾਂਗਰਸ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਣ ਦੀ ਸਾਜਿਸ਼ ਰਚ ਰਹੀ ਹੈ ਤਾਂ ਜੋ ਉਹ ਸਿੱਖ ਸ਼ਕਤੀ ਨੂੰ ਖੇਰੂੰ-ਖੇਰੂੰ ਕਰਕੇ ਉਸ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੂਰ ਕੀਤਾ ਜਾ ਸਕੇ।ਇਹ ਇਕੱਤਰਤਾ ਕਾਂਗਰਸ ਦੀ ਇਸ ਸਾਜਿਸ਼ ਦੀ ਡਟਵੀ ਨਿੰਦਾ ਕਰਦੀ ਹੈ ਅਤੇ ਉਸ ਨੂੰ ਅਜਿਹੀਆਂ ਘਿਣਾਉਣੀਆਂ ਕਾਰਵਾਈ ਤੋਂ ਬਾਜ ਆਉਣ ਦੀ ਤਜੀਦ ਕਰਦੀ ਹੈ।

ਅੱਜ ਦੀ ਇਹ ਇਕੱਤਰਤਾ ਵਿਸ਼ਵ ਵਿਆਪੀ ਭਾਈਚਾਰੇ ਨੂੰ ਉਚੇਚੇ ਤੌਰ ਤੇ ਹਰਿਆਣਾ ਪ੍ਰਾਂਤ ਵਿਚ ਵੱਸਣ ਵਾਲੇ ਸਿੱਖ ਵੀਰਾਂ ਨੂੰ ਸੁਚੇਤ ਕਰਦੀ ਹੈ ਕਿ ਉਹ ਕਾਂਗਰਸ ਦੀਆਂ ਇਨ੍ਹਾਂ ਭਰਾ ਮਾਰੂ ਨੀਤੀਆਂ ਤੋਂ ਸੁਚੇਤ ਹੋ ਕੇ ਸਿੱਖਾਂ ਦੀ ਕੇਂੰਦਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਭੰਧਕ ਕਮੇਟੀ ਨਾਲ ਜੁੜੇ ਰਹਿਣ। ਸੰਸਾਰ ਭਰ ਦੀਆਂ ਸਿੱਖ ਸਭਾ ਸੁਸਾਇਟੀਆਂ,ਸੰਤ ਸਮਾਜ, ਸੰਤ ਸੰਪਰਦਾਵਾਂ, ਧਾਰਮਿਕ ਟਕਸਾਲਾਂ, ਬੁੱਧੀਜੀਵੀਆਂ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਦਲਾਂ, ਸਮਾਜਿਕ ਜਥੇਬੰਦੀਆਂ ਨੂੰ ਵੀ ਇਸ ਭਰਾ ਮਾਰੂ ਜੰਗ ਤੋਂ ਸੁਚੇਤ ਕਰਦਿਆਂ ਹੋਇਆਂ ਕਾਂਗਰਸ ਦੀ ਹਰਿਆਣਾ ਸਰਕਾਰ ਦੇ ਇਸ ਫੈਂਸਲੇ ਤੇ ਹਰ ਪੱਧਰ ਤੇ ਵਿਰੋਧ ਕਰਨ ਲਈ ਅਪੀਲ ਕਰਦੀ ਹੈ।

ਇਹ ਵੀ ਪ੍ਰਵਾਨ ਕੀਤਾ ਜਾਂਦਾ ਹੈ ਕਿ ਇਸ ਮਾਮਲੇ ਸਬੰਧੀ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਨ ਤੇ ਹਰ ਤਰ੍ਹਾਂ ਦੇ ਖਰਚਾਂ ਦੇ ਅਧਿਕਾਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ।’

ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦੇਂਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਹਰਿਆਣਾ ਦੀ ਕਾਂਗਰਸ ਸਰਕਾਰ ਜਾਂ ਓਥੋਂ ਦੇ ਕੁਝ ਆਗੂਆਂ ਵੱਲੋਂ ਇਹ ਕਹਿਣਾ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਪੈਸਾ ਸ਼੍ਰੋਮਣੀ ਕਮੇਟੀ ਲੈ ਜਾਂਦੀ ਹੈ ਸਰਾਸਰ ਗਲਤ ਤੇ ਕੋਰਾ ਝੂਠ ਹੈ। ਸਾਲ ੨੦੧੨-੧੩ ਦੀ ਕੁੱਲ ਆਮਦਨ ੩੦ ਕਰੋੜ ਦੇ ਲੱਗਭਗ ਹੈ ਜਦ ਕਿ ੨੬ ਕਰੋੜ ਰੁਪਿਆ ਇਨ੍ਹਾਂ ਗੁਰਦੁਆਰਿਆਂ ਦਾ ਖਰਚ ਹੈ। ਹੈਰਾਨਗੀ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ੧੫੦ ਕਰੋੜ ਦੇ ਪ੍ਰੋਜੈਕਟ ਵਾਲਾ ਮੈਡੀਕਲ ਕਾਲਜ ਕਿੱਥੋਂ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮੈਡੀਕਲ ਕਾਲਜ ਤੇ ਹੋਰ ਵਿਦਿਅਕ ਅਦਾਰਿਆਂ ਨੂੰ ਹੁੱਡਾ ਕਾਂਗਰਸ ਸਰਕਾਰ ਵੱਲੋਂ ਮਾਨਤਾ ਨਹੀਂ ਦਿੱਤੀ ਜਾ ਰਹੀ। ਜਦੋਂ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਤੇ ਕਰੋੜਾਂ ਰੁਪਏ ਖਰਚ ਕਰ ਚੁੱਕੀ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਨ੍ਹਾਂ ਅਦਾਰਿਆਂ ਵਿਚ ਹਰਿਆਣੇ ਦੀ ਅਵਾਮ ਦੇ ਹੀ ਬੱਚੇ ਸਿੱਖਿਆ ਲੈ ਰਹੇ ਹਨ ਨਾ ਕਿ ਪੰਜਾਬ ਤੋਂ। ਹਰਿਆਣਾ ਸਰਕਾਰ ਦਾ ਘਿਨਾਉਣਾ ਚਿਹਰਾ ਬੇਨਕਾਬ ਹੋ ਚੁੱਕਾ ਹੈ। ਇਸ ਦੀ ਸਿੱਖਾਂ ਨਾਲ ਕੋਈ ਹਮਦਰਦੀ ਨਹੀਂ। ਇਹ ਇਕ ਲੂੰਬੜ ਚਾਲ ਖੇਡੀ ਜਾ ਰਹੀ ਹੈ ਜਿਸ ਤੋਂ ਹਰਿਆਣੇ ਦੇ ਸਿੱਖ ਸੁਚੇਤ ਨਹੀਂ ਹਨ।

ਉਨ੍ਹਾਂ ਹਰਿਆਣਾ ਕਾਂਗਰਸ ਸਰਕਾਰ ਨੂੰ ਚੇਤਾਵਨੀ ਦੇਂਦਿਆਂ ਕਿਹਾ ਕਿ ਉਹ ਆਪਣੇ ਸਿੱਖ ਵਿਰੋਧੀ ਭੈੜੇ ਮਨਸੂਬਿਆਂ ਤੋਂ ਬਾਜ ਆਵੇ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਗੁਰਦੁਆਰਾ ਸਾਹਿਬਾਨ ਦੇ ਵਿਚ ੫੦੦ ਦੇ ਕਰੀਬ ਮੁਲਾਜਮ ਹਨ। ਜਿਨ੍ਹਾਂ ਦੇ ਵਿਚੋਂ ੪੦੦ ਤੋਂ ਵੱਧ ਹਰਿਆਣਾ ਪ੍ਰਾਂਤ ਨਾਲ ਹੀ ਸਬੰਧਤ ਹਨ।

ਇਕੱਤਰਤਾ ਸਮੇਂ ਸ.ਰਘੂਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ,ਸ.ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ,  ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ,ਸ. ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਸੁਰਜੀਤ ਸਿੰਘ ਗੜ੍ਹੀ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਨਿਰਮੈਲ ਸਿੰਘ ਜੌਲਾਂ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਕਰਨੈਲ ਸਿੰਘ ਪੰਜੋਲੀ ਤੇ ਸ.ਮੋਹਣ ਸਿੰਘ ਬੰਗੀ ਅੰਤ੍ਰਿੰਗ ਮੈਂਬਰ ਸਾਹਿਬਾਨ ਤੋ ਇਲਾਵਾ ਸਕੱਤਰ ਸ.ਦਲਮੇਘ ਸਿੰਘ, ਸ.ਰੂਪ ਸਿੰਘ, ਸ.ਸਤਬੀਰ ਸਿੰਘ ਤੇ ਸ.ਅਵਤਾਰ ਸਿੰਘ, ਵਧੀਕ ਸਕੱਤਰ ਸ.ਦਿਲਜੀਤ ਸਿੰਘ ਬੇਦੀ, ਸ.ਪਰਮਜੀਤ ਸਿੰਘ ਸਰੋਆ,ਸ. ਸਤਿੰਦਰਪਾਲ ਸਿੰਘ ਨਿਜੀ ਸਹਾਇਕ ਪ੍ਰਧਾਨ ਸਾਹਿਬ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>