ਆਪਣੀ ਧਿਰ–ਪਰਾਈ ਧਿਰ

……..ਤੇ ਰੋਜ਼ ਵਾਂਗ ਉਸ ਨੇ ਛੋਟੀ ਗਲ੍ਹੀ ਵਲ ਨੂੰ ਖੁਲ੍ਹਦੇ ਬੰਦ ਕੀਤੇ ਦਰਵਾਜ਼ੇ ਦੀ ਹੇਠਲੀ ਵਿਰਲ ਰਾਹੀਂ ਅੰਦਰ ਨੂੰ ਸਰਕੀ ਅਖ਼ਬਾਰ ਚੁੱਕ ਲਈ । ਮੁੱਖ ਪੰਨੇ ਤੇ ਨਜ਼ਰ ਪੈਂਦਿਆਂ ਸਾਰ ਉਸ ਦੀਆਂ ਲੱਤਾਂ ਮਿਆਦੀ ਬੁਖਾਰ ਨਾਲ ਆਈ ਸਿਥੱਲਤਾ ਵਾਂਗ ਕੰਬ ਗਈਆਂ । ਭਰ ਸਿਆਲ ਦੀ ਸੱਜਰੀ ਸਵੇਰ ਉਸ ਦ ਮੱਥੇ ਤੇ ਪਸੀਨੇ ਦਾ ਛੱਟਾ ਮਾਰ ਗਈ । ਪਸ਼ਮੀਨੇ ਦੀ ਸ਼ਾਲ ਅੰਦਰ ਲਿਪਟੇ ਨੂੰ ਵੀ ਕੱਚੀ-ਠੰਡੀ ਤਰੇਲੀ ਆਉਣ ਲੱਗੀ ਤੇ ਨਿਢਾਲ ਜਿਹਾ ਹੋਇਆ , ਉਹ ਸਵਿਤਰੀ ਤੋਂ ਵੱਡੀ ਸੁਰਖੀ ਹੇਠਲੀ ਖ਼ਬਰ ਸੁਨਣ ਲਈ ਸੋਫੇ ਤੇ ਢੇਰੀ ਹੋ ਗਿਆ ।

…..ਇਹ ਕਿਵੇਂ ਹੋ ਗਿਆ ! ਉਸ ਨੇ ਕਿਸੇ ਅਣਪਛਾਤੇ ਦਾ ਕੀ ਵਿਗਾੜਿਆ ਸੀ ? ਉਹ ਤਾਂ ਕਦੀ ਕਿਸੇ ਨਾਲ ਉਚੀ ਕੂਇਆ ਵੀ ਨਹੀਂ ਸੀ । ਉਹ ਤਾਂ ਸਗੋਂ ਹੋਰਨਾਂ ਲਈ ਲੜਦਾ-ਭਿੜਦਾ ਕਈਆਂ ਮਹਿਕਮਿਆਂ ਦੇ ਅਫ਼ਸਰਾਂ ਦੀਆਂ ਅੱਖਾਂ ਅੰਦਰ ਰੜਕਣ ਲੱਗ ਪਿਆ ਸੀ । …….ਕਿਤੇ ਉਨ੍ਹਾਂ ਨੇ ਈ ਮਿਲ ਮਿਲਾ ਕੇ ਏਸ ਝਖੜ-ਝਾਂਸੇ ਅੰਦਰ ਉਸ ਦਾ ਕੰਢਾ ਨਾ ਕਢਵਾ ਤਾ ਹੋਵੇ, ਕਿਤੇ ਅਲਾਟੀਆਂ ਨੇ ਈ ਨਾ ਕੋਈ  ਨਵਾਂ ਚੰਦ ਚੜ੍ਹਾ ਦਿੱਤਾ ਹੋਵੇ , ਜਿਨ੍ਹਾਂ ਪਿਛਲੇ ਵਰ੍ਹੇ ਇਕ ਭਈਆ ਊਈਉਂ ਵਿੰਨ ਦਿੱਤਾ ਸੀ – ਅਖੇ , ਉਹ ਕਣਕ ਦੀ ਵਾਢੀ ਵਿਚਕਾਹੇ ਛੱਡਕੇ ਆਪਣੇ ਹਰੀ-ਪੁਰ ਪਿੰਡ ਉਤੇ ਕੀਤੇ ਡਾਕੂਆਂ ਦੇ ਵੱਡੇ ਧਾਵੇ ਦੀ ਖ਼ਬਰ ਸੁਣ ਕੇ , ਪਿਛਲੇ ਦਿਨੀਂ ਵੱਟੇ-ਸੱਟੇ ਅੰਦਰ ਲਿਆਂਦੀ ਪਕੇਰੀ ਉਮਰ ਦੀ ‘ਮਹਿਰੂਆਂ’ ਦਾ ਥਹੁ ਪਤਾ ਲੈਣ ਲਈ ਉਤਾਵਲਾ ਹੋ ਗਿਆ ਸੀ , ਪਰ ਅਲਾਟੀਆਂ ਨੇ ਤਾਂ ਉਸ ਦੇ ਪੂਰੇ ‘ਸੀਜ਼ਨ ’ ਲਈ ਢਾਈ ਸੈਂਕੜੇ ਅਗਾਊਂ ਭਾਰੇ ਹੋਏ ਸਨ । ਉਂਝ ਤਾਂ ਉਨ੍ਹਾਂ ਨੂੰ ਕਈਆਂ ਚਿਰਾਂ ਤੋਂ ਹਰ ਸੀਜ਼ਨ ਤੇ ਠੇਕੇਦਾਰ ਰਾਮਧਨ ਕੋਲੋਂ ਦਸ-ਵੀਹ ਭਈਏ ਸੌ ਸਵਾ ਸੌ ਅੰਦਰ ਈ ਮਿਲਦੇ ਰਹੇ ਸਨ,ਪਰ ਪਿਛਲੇ ਢਾਈ ਤਿੰਨ ਸਾਲ ਤੋਂ ਰਾਮਧਨ ਦੇ ਕਹਿਣ ਮੂਜਬ ‘ਭਈਆਂ ਨੂੰ ਵੀ ਅਕਲ ਆ ਗਈ ਸੀ । ‘ ਬੜੀ ਠੋਕ-ਬਜਾ ਕੇ ਜਵਾਬ ਦੇਣ ਵਰਗੀ ਹਾਂ ਕਰਦੇ – ‘ਅਰੇ ਸਰਦਾਰ ਸੈਬ , ਪੂਰੇ ਚਾਰ ਮਾਹ ਲਗੈਂ ਧਾਨ ਕੀ ਬੁਆਈ –ਕਟਾਈ ਮਾਂ, ਅਰ ਟਕੇ ਮਿਲੈਂ ਸੁਸਰੇ ਸੂ ਅਰ ਆਧ ; ਨਾਹੀਂ ਸੈਬ ਹਮਾਰ ਨਾਹੋਂ ਗੁਜਾਰ ਚਲਵੈ,ਹਮਾਰ ਮਾਈ ਬਾਪ , ਮਹਿਰੂਆ-ਬਾਲ ਬਚਾ ਭਾਈ-ਭੈਹਨ ਕਾ ਧਾਨ-ਰੋਟੀ ਕੈਸੇ ਚਲਵੈ…….ਪੂਰਾ ਤੀਨ ਸੈ ਧਾਨ ਅਰ ਚਾਰ ਸੈ ਕਣਕ ਕੇ ਲੇਂਗੇ ਹਮਾਰ ਤੋ । ‘ ਫਿਰ ਕਹਿ ਸੁਣੇ ਕੇ ਹੋਏ ਢਾਈ ਸੌ ਦੇ ਸੌਦੇ ਤੋਂ ਕੰਨੀ ਖਿਸਕਾਉਣ ਲਈ ਚਤਰ-ਫੁਰਤੀਆਂ ਮਾਰਨ ਦੇ ਯਤਨ ਕਰਦਾ ਰਾਜਾ ਰਾਮ ਰਾਤ ਵੀ ਮੰਜੇ ਦੇ ਪਾਵੇ ਨਾਲ ਸੰਗਲੀ ਪਾਈ ਬਝਾ ਰਹਿੰਦਾ ਤੇ ਦਿਨ ਵੇਲੇ ਖੇਤਾਂ ਅੰਦਰ ਔਖੇ ਭਾਰੇ ਕੰਮੀਂ ਜੁੜਿਆ ਰਹਿੰਦਾ । ਖੁਲ੍ਹੇ ਮੋਕਲੇ ਬੇਲਿਆਂ ਅੰਦਰ ਡੰਗਰ ਚਾਰਦਾ ਇਕ ਦਿਨ ਉਹ ਅਲਾਟੀਆਂ ਦੀ ਕੈਦ ਤੋਂ ਮੁਕਤ ਹੋਣ ਦਾ ਹੀਲਾ ਕਰਦਾ ,ਕਿਤੇ ਛੋਟੇ ਸਰਦਾਰ ਦੀ ਨਜ਼ਰੀਂ ਪੈ ਗਿਆ । ਦਿਨ-ਦੁਪੈਰੇ ਧੁੱਤ ਹੋਏ ਟਿੱਕਾ ਵਿਜੈ ਬਹਾਦਰ ਸਿੰਘ ਨੇ ਦੁਨਾਲੀ ਸੇਧੇ ਬਿਨਾਂ ਹੀ ਕਈ ਸਾਰੇ ਫ਼ਾਇਰ ਕਰ ਕੇ ਨੱਠੇ ਜਾਂਦੇ ਰਾਜਾ ਰਾਮ ਨੂੰ ‘ਸੁੱਟ ’ ਲਿਆ ਸੀ ।

……….ਪਰ, ਪ੍ਰੇਮ ਨਾਲ ਉਨ੍ਹਾਂ ਦਾ ਕਿਹੜਾ ਬੰਨੇ-ਚੰਨੇ ਦਾ ਵੈਰ ਸੀ ? ਨਹੀਂ , ਇਹ ਕੰਮ ਉਨ੍ਹਾਂ ਨਹੀਂ ਕੀਤਾ ਹੋਣਾ, ਕਿਸੇ ਹੋਰ ਦਾ ! ਹਰ ਰੋਜ਼ ਤਾਂ ਕੁਝ ਨਾ ਕੁਝ ਹੋ ਰਿਹਾ ਸੀ , ……..ਕਿਧਰੇ ਦੋ,ਕਿਧਰੇ ਚਾਰ , ਕਿਧਰੇ ਦਸ …….ਕਿਧਰੇ ਧੂਹ-ਘਸੀਟੀ ,ਸਾੜ-ਫੂਕ,ਲੁੱਟ-ਮਾਰ ……..ਹੋ ਸਕਦੈ , ਪਹਿਲੀ ਤਾਰੀਖ਼ ਨੂੰ ਤਨਖ਼ਾਹ ਖੋਹਣ ਦੇ ਲਾਲਚ ਨਾਲ ਹੀ ਕਿਸੇ ਨੇ ਉਸ ਨੂੰ ਪਾਰ ਬੁਲਾ ਦਿੱਤਾ ਹੋਵੇ । ਨਹੀਂ,ਇਹ ਕਿਸੇ ਓਪਰੇ ਦਾ ਕੰਮ ਨਹੀਂ ਹੋ ਸਕਦਾ, ਉਨ੍ਹਾਂ ਦੀ ਛਹਿ ਤੋਂ ਬਿਨਾਂ ਕੋਈ ਕਿਵੇਂ ਕਰ ਸਕਦਾ ……..।

ਛਾਉਣੀ ਅੰਦਰਲੇ ਵੱਡੇ ਮਾਡਲ ਸਕੂਲੇ ਪੜ੍ਹਦੀ ਸਵਿਤਰੀ ਤਾਂ ਮੋਟੀ ਸੁਰਖੀ ਹੇਠਲੀ ਸਾਰੀ ਅਬਾਰਤ ਮੁਕਾ ਕੇ , ‘ਆਜ ਕਾ ਦਿਨ ’ ਕਲ੍ਹ ਕੇ ਭਾਓ , ‘ਸਾਰਾਫ਼ਾ ਬਾਜ਼ਾਰ ‘,’ਸਟਾਕ ਐਕਸਚੇਂਜ ‘ ਵਰਗੇ ਸਾਰੇ ਕਾਲਮ ਰੋਜ਼ ਵਾਂਗ ਉਸ ਨੂੰ ਸੁਣਾ ਕੇ ਉਥੋਂ ਚਲੀ ਵੀ ਗਈ ਸੀ, ਪਰ ਉਸ ਦੀ ਨਿਗਾਹ ਮੂੰਧੜੇ-ਮੂੰਹ ਢੱਠੇ ਪ੍ਰੇਮ ਲਾਲ ਦੀ ਲਾਸ਼ ਤੇ ਇਕ-ਟੱਕ ਗੱਡੀ ਪਈ ਸੀ । ਪ੍ਰੇਮ ਜਿਹੜਾ ਉਸ ਦੇ ਵਿਚਕਾਰਲੇ ਪੁੱਤਰ ਦਾ ਹਾਣੀ ਸੀ , ਜਿਸ ਨੂੰ ਉਹ ਬੱਚੂ ਜਾਂ ਪੁੱਤਰਾ ਆਖ ਕੇ ਬੁਲਾਇਆ ਕਰਦਾ ,ਦੋਨਾਂ ਦੀਆਂ ਉਮਰਾਂ ਅੰਦਰਲਾ ਲੱਗ-ਭੱਗ ਤਿੰਨਾਂ ਦਹਾਕਿਆਂ ਦਾ ਪਾੜਾ , ਉਨ੍ਹਾਂ ਵਿਚਕਾਰ ਚਲਦੀ ਨੰਗੀ-ਚਿੱਟੀ ਟਿੱਚਰ –ਟਕੋਰ ਦੇ ਰਾਹ ਅੰਦਰ ਕਦੀ ਰੋੜ-ਕੰਕਰ ਨਹੀਂ ਸੀ ਬਣਿਆ ।

……..ਉਸ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਦਾ ਕਲੇਜਾ ਧੂਹ ਕੇ ਬਾਹਰ ਕੱਢ ਦਿੱਤਾ ਹੋਵੇ । ਆਪਣੀਆਂ ਪੰਜਾਂ ਧੀਆਂ ਤੇ ਚੌਂਹ ਪੁੱਤਰਾਂ ਨੂੰ ਘਰੋਂ ਤੋਰਨ ਲੱਗਿਆਂ ਉਸ ਨੇ ਕਦੀ ਦਿਲ ਭਾਰਾ ਨਹੀਂ ਕੀਤਾ , ਪਰ ਪ੍ਰੇਮ ਲਾਲ ਦੀ ਅਣਹੋਂਦ ਉਸ ਨੂੰ ਅਪਣੇ ਉੱਪਰ ਹੋਏ ਸੱਜਰੇ ਵਾਰ ਵਾਂਗ ਜਾਪੀ । ਪੰਚੀ-ਸਰਪੰਚੀ ਜਾਂ ‘ਸੁਸੈਟੀ ’ ਦੀਆਂ ਵੋਟਾਂ ਵੇਲੇ ਅਲਾਟੀਆਂ ਨਾਲ ਘਿਓ-ਖਿਚੜੀ ਹੋਇਆ ਉਹ ਹਰ ਵਾਰ ਪ੍ਰੇਮ ਲਾਲ ਹੋਰਾਂ ਵਿਰੁਧ ਹੀ ਭੁਗਤਿਆ ਸੀ । ਦੋਨਾਂ ਧਿਰਾਂ ਅੰਦਰ ਲੱਗੀ ਦੌੜ , ਬੱਸ ਇੱਕ ਦੂਜੇ ਨੂੰ ਠਿੱਬੀ ਮਾਰਨ ਤੱਕ ਹੀ ਸੀਮਤ ਸੀ । ਦੋਨਾਂ ਅੰਦਰ ਪਲਦਾ ਵਿਰੋਧ ਕਦੀ ਵੀ ਵੈਰ ਬਣ ਕੇ ਨਹੀਂ ਪੁੰਗਰਿਆ ।

ਸੈਂਕੜੇ ਮੁਰੱਬਿਆਂ ਵਾਲੇ ਬਾਰੀਏ ਸਰਦਾਰ , ਪਨਾਹਗੀਰ ਬਣ ਕੇ ਪਹਿਲਾਂ ਕਿਧਰੇ ਹੋਰ ਥਾਂ ਜਾ ਟਿਕੇ ਸਨ , ਫਿਰ ਅਲਾਟੀਏ ਬਣ ਕੇ ਉਸ ਦੇ ਪਿਓ ਦੇ ਗਰਾਈਂ ਬਣ ਗਏ । ਲੂਣ-ਤੇਲ ਦੀ ਹੱਟੀ ਕਰਦੇ ਮਨੀ ਰਾਮ ਨੇ ਵੀ ਅਲਾਟੀਆਂ ਲਈ ਮੁਰੱਬੇ ਕੱਛਦੀ ਜ਼ਰੀਬ ਰਾਹੀਂ ਅਪਣੇ ਅੱਠ ਕਿੱਲੇ ਇਕ ਪਾਸੇ ਕਰਵਾ ਲਏ । ਉਸ ਦੇ ਮਰਨ ਪਿੱਛੋਂ ਲੂਣ-ਤੇਲ ਤੋਂ ਲੈ ਕੇ ਕਪੜਾ-ਲੱਤਾ , ਖਾਦ ਡੀਜ਼ਲ ਤੱਕ ਉਧਾਰ-ਸੁਧਾਰਾ ਕਰਦੀ ਸਿਰੀ – ਰਾਮ ਦੀ ਡੇੜ-ਦੋ ਮਰਲੇ ਦੀ ਦੁਕਾਨ ,ਦੋ-ਦੋ, ਚਾਰ-ਚਾਰ ਮੁਰੱਬਿਆਂ ਦੇ ਮਾਲਕਾਂ ਦੀਆਂ ਗੋਟਣੀਆਂ ਲੁਆਈ ਤੁਰੀ ਆਉਂਣੀ ਸੀ । ਤੇ ਨਾਲ ਦੀ ਨਾਲ ਪਿੰਡੋਂ ਲਹਿੰਦੇ ਪਾਸੇ ਪੰਦਰਾਂ-ਵੀਹ ਖੇਤਾਂ ਦੀ ਵਿੱਥ ਤੋਂ ਲੰਘਦੀ ਜਰਨੈਲੀ ਸੜਕੋਂ ਪਾਰ, ਅੱਠਾਂ ਕਿੱਲਿਆਂ ਦੇ ਅੰਬਾਂ ਦੇ ਬਾਗ ਦੀ ਜੱਦੀ-ਪੁਸ਼ਤੀ ਮਾਲਕੀ ਦੀ ਕਥਾ ਅਨੇਕਾਂ ਵਾਰ ਸੁਣਾ ਕੇ ਉਸ ਨੇ ਵੀ ਅਲਾਟੀਆਂ ਤੋਂ ‘ਉੱਤਮ ’ ਹੋਣ ਦਾ ਉਵੇਂ ਹੀ ਚੰਗਾ ਚੋਖਾ ਭਰਮ-ਭੈਅ ਖੜਾ ਕਰ ਲਿਆ , ਜਿਵੇਂ ਹਮਲਿਆਂ ਵੇਲੇ ਉਜੜ ਕੇ ਗਏ ਮੁਸਲਮਾਨ ਰਾਜਪੂਤਾਂ ਨੂੰ ਉਸ ਦੇ ਪਿਓ ਨੇ ਲੱਤਾਂ ਹੇਠੋਂ ਦੀ ਲੰਘਾ ਰੱਖਿਆ ਹੋਇਆ ਸੀ ।

ਮਨੀ ਰਾਮ ਦੀ ‘ਰੰਗੜਾਂ ’ ਨਾਲ ਹੁੱਕੇ ਪਾਣੀ ਦੀ ਸਾਂਝ ਭਾਵੇਂ ਨਹੀਂ ਸੀ ਬਣ ਸਕੀ , ਪਰ ਸਵੇਰੇ – ਸ਼ਾਮ ਮਾਲਸ਼ਾਂ ਕਰਦੇ , ਡੰਡ-ਬੈਠਕਾਂ ਮਾਰਦੇ , ਅਖਾੜੇ ਦੇ ਜੋਟੀਦਾਰਾਂ ਨੂੰ ਨਿਸ਼ੰਗ ਹੋ ਕੇ ਉਹ ਕਈ ਵਾਰ ਆਖ ਦਿਆ ਕਰਦਾ ਸੀ – “ ਓਏ , ਕੁਲਗਦਿਓ  ਅੱਲਾ-ਮੀਆਂ ਕਿਓ , ਥੁਆਡਾ ਬੀ ਕੋਈ ਜੀਣ ਆ …..ਏ ਗੱਲ ਆ , ਪਈ ਥੁਆੜਾ ਬੱਡਾ-ਬਡੇਰਾ ਅਰੰਗੇ ਤੋਂ ਡਰਦਾ , ਆਹ ਬਾਈਆਂ ਪਿੰਡਾਂ ਬਦਲੇ ਸਰਦਾਰ ਫਤੇ ਸੂੰ ਤੋਂ ਰਾਅ ਫਤੇ ਖਾਂ ਬਣ ਗਿਆ ਤੀ …ਏ ਗੱਲ ਆ ,ਪਈ ਏਹ ਅਹੀਂ ਈ ਆਂ ਖੱਤਰੀ ਪੁੱਤ , ਜਿਨ੍ਹਾਂ ਕਲਗੀਆਂ ਆਲੇ ਦੀ ਫੌਜ ਲਈ ਪੰਜਾਬੋਂ ਇਕੋ-ਇਕ ਪੰਜ ਪਿਆਰਾ ,ਦਿੱਤਾ ਤੇ ਉਹ ਬੀ ਪਹਿਲੇ ਨੰਬਰ ਤੇ ….ਏ ਗੱਲ ਆ । ‘ ਤੇ ਉਸ ਦੇ ਪਿਓ ਨੇ ਆਪਣੇ ਵੱਡੇ-ਵਡੇਰਿਆਂਦੇ ਧਰਮ-ਹੱਠ ਬਦਲੇ ਰਾਏ ਫਤੇ ਖਾਨ ਤੋਂ ਲਈ ਅੱਠਾਂ ਘੁਮਾਂ ਦੀ ‘ਬਖਸ਼ੀਸ਼ ’ ਦੀ ਕਹਾਣੀ ਮਰਦੇ ਦਮ ਤੱਕ ਅਨੇਕਾਂ ਵਾਰ ਸੁਣਾਈ ਸੀ ।

‘ਏ ਗੱਲ ਆ ,ਪਈ , ਗੁਜਰਾਤ ਜ਼ਿਲੇ ਦੇ ਪਿੰਡ ਜਲਾਲਪੁਰ ਸੋਬਤੀਆਂ ਤੋਂ ਆ ਸਾਡੇ ਪਿਤਾ-ਪਤਾਮੇਂ । ਲ੍ਹੋਰ ਦਾ ਅਮੀਰ ਵਪਾਰੀ ਲਖਪੱਤ ਗੁਰੂ ਮ੍ਹਰਾਜ ਦਾ ਬਓਤ ਸਰਧਾਲੂ ਤੀ ਪਰ ਸੀ ਬਿਰਧ …ਇਕ ਬਸਾਖੀ ਨੂੰ ਆਂਹਦੇ ਆ ਕਲਗੀਆਂ ਆਲੇ ਨੇ ਸਾਰੇ ਈ ਸੇਵਕ ਸੱਦ ਲਏ ‘ਨੰਦਪੁਰ…ਲੱਖਪਤ ਨੇ ਜੁਆਨ-ਜਹਾਨ ਦਯਾ-ਰਾਮ ਨੂੰ ਭੇਜ ਦਿੱਤਾ….ਓਸ ਸ਼ੇਰ ਦੇ ਪੁੱਤ ਨੇ ਪੰਜਾਬ ਦੀ ਲਾਜ ਰੱਖ ਲੀ …ਪਹਿਲੇ ਨੰਬਰ ਤੇ ਜਾ ਹਾਜ਼ਰ ਹੋਇਆ , ਗੁਰੂ ਕਿਆਂ ਮੂਹਰੇ ..ਏ ਗੱਲ ਆ । ਓਧਰ ਏ ਗੱਲ ਆ , ਪਈ ਲ੍ਰੋਰ ਦੇ ਸੂਬੇਦਾਰ ਨੇ ਟੱਬਰ ਦੇ ਜੀਆਂ ਨੂੰ ਤੰਗ ਮਾਰਿਆ । ਕਹੇ – ਦੱਸੋ ਦਯਾ ਕੁੱਥੇ ਆ , ਥੁਹਾਡੀ ਮਰਜ਼ੀ ਨਾਲ ਈ ਗਿਆ ਹਊ । ….ਏ ਗੱਲ ਆ ਪਈ ਬਾਪ ਉਨ੍ਹਾਂ ਦਾ ਪਹਿਲੋਂ ਈ ਸੁਰਗਪੁਰੀ ਸੁਧਾਰ ਚੁੱਕਾ ਤੀ , ਮਾਂ ਬਚਾਰੀ ਫਸ ਗੀ  ਛਕੰਜੇ ‘ਚ …ਤੰਗ ਆ ਕੇ ਤੁਰ ਪਈ ਉਹ ਬੀ ‘ਨੰਦਪੁਰ ਨੂੰ । ….ਏ ਗੱਲ ਆ , ਪਈ ਜਦ ਪੁੱਜੀ ਜਲੰਧਰ ਤਾਂ ਪਤਾ ਚੱਲਿਆ ਕਿ ਗੁਰੂ ਸੈਬ ਨੰਦਪੁਰੌਂ ਚਲੇ ਗਏ ਕਿਧਰੇ ਹੋਰਥੇ । ਬਿਪਤਾ ਮਾਰੀ ਉਹ ਬੀ ਤੁਰ ਪਈ ਸ਼ਾਮਲ ਵੰਨੀ ਬੈਸਨੋ ਦੇਵੀ ,ਜੁਆਲਾ ਦੇਵੀ , ਨੈਣਾਂ ਦੇਵੀ ਮਨਸਾ ਦੇਵੀ ਕਿਧਰੇ ਬੀ ਦਿਨ ਕੱਟ ਲਊਂ , ਉਨ੍ਹੇ ਸੋਚਿਆ ਹੋਣਾ , ਏ ਗੱਲ ਆ । ਪਰ , ਆਂਹਦੇ ਆ ਦੁਖ-ਮਸੀਬਤ ਕੱਲੀ ਨਈਂ ਆਉਂਦੀ । …ਉਸ ਬਚਾਰੀ ਤੇ ਇੱਕ ਆਫ਼ਤ ਹੋਰ ਆ ਪਈ । ਸਭ ਤੋਂ ਨਿੱਕਾ ਏਨਾ ਡਗਾਰ ਹੋ ਗਿਆ ਕਿ ਅੱਗੇ ਤੁਰਿਆ ਨ ਜਾਏ । ਮੁਕੇਰੀਆਂ ਦਸੂਏ ਪਾਡਵਾਂ ਦੇ ਤਲਾਅ ਬੰਨੇ ਬਣੀ ਨਿੱਕੀ ਮੰਦਰੀ ਅੰਦਰ ਜਾ ਲੁਕੀ । ਏ ਗੱਲ ਆ ਪਈ ਉਧਰ ਬੰਨੀ ਸ਼ਿਕਾਰ ਖੇਲਣ ਨਿਕਲੇ ਰਾਅ ਸਾਹਿਬ ਦਾ ਉਸ ਨਾਲ ਟਾਕਰਾ ਹੋ ਗਿਆ । ਮੁਸੀਬਤ ਮਾਰੀ ਬਿਧਵਾ ਨੇ ਆਪਣੀ ਦੁੱਖ-ਭਰੀ ਕਹਾਣੀ ਨਿਧੜਕ ਹੋ ਕਿ ਕਹਿ ਸੁਣਾਈ । ਰਾਅ ਫ਼ਤੇ ਖਾਂ ਸ਼ਰਮ ਦਾ ਮਾਰਿਆ ਪਾਣੀਓਂ-ਪਾਣੀ ਹੁੰਦਾ ਫਿਰੇ , ਜਾਇਦਾਦ ਖਾਤਰ ਕੀਤੀ ਧਰਮ ਬਦਲੀ ਕਰਕੇ ਸਿਰ ਤਾਂਹ ਨਾ ਕਰੇ । ….ਏ ਗੱਲ ਆ ਪਈ ਉਹ ਸਾਰੇ ਟੱਬਰ ਨੁੰ ਨਾਲ ਲੈ ਗਿਆ ਤੇ ਆਪਣੇ ਛਪੰਜਾਂ ਸੈ ਘੁਮਾਂ ਦੇ ਮਾਰੂਸ ‘ਚੋਂ ਅੱਠ ਘੁਮਾਂ ਕੰਨਿਆਂ ਰਾਮ ਦੇ ਨਾਂ ਲੁਆ ਕੇ , ਉਸ ਨੂੰ ਬੀ ਆਪਣੇ ਅਰਗਾ ਮਾਲਕ ਬਣ ਲਿਆ ਤੀ …ਏ ਗੱਲ ਆ । ‘

ਬੀਤੇ ਢਾਈ ਤਿੰਨ ਸੌ ਵਰਿਆਂ ਅੰਦਰ ਕੰਨਿਆਂ ਰਾਮ ਦਾ ਪ੍ਰਵਾਰ ਕਿੰਨਾ ਵਧਿਆ ਸੀ ? ਇਹ ਅੱਠੇ ਕਿੱਲੇ ਉਨ੍ਹਾਂ ਕੋਲ ਹੀ ਕਿਉਂ ਰਹੇ ਸਨ ? ਉਸ ਦੇ ਕਿੱਸ ਵੱਡੇ-ਵਡੇਰੇ ਨੇ ਇਸ ਰਕਬੇ ਅੰਦਰ ਅੰਬਾਂ ਦੇ ਬੂਟੇ ਲਗਵਾਏ ਸਨ ?ਇਸ ਬਾਰੇ ਸਿਰੀ ਰਾਮ ਨੂੰ ਉਸ ਦੇ ਪਿਓ ਨੇ ਕੁਝ ਨਹੀਂ ਸੀ ਦੱਸਿਆ …ਨਾ ਹੀ ਉਸ ਦੇ ਪਿਓ ਨੂੰ ਉਸ ਦੇ ਬਾਪ ਨੇ । ਉਸ ਨੂੰ ਬੱਸ ਤਿੰਨ ਚੀਜ਼ਾਂ ਹੀ ਵਰਾਸਤ ਵਿੱਚ ਮਿਲੀਆਂ ਸਨ – ਇਹ ਕਹਾਣੀ , ਅੱਠ ਕਿੱਲੇ ਦਾ ਬਾਗ ਤੇ ਇਕ ਕੱਚੀ ਹੱਟੀ ।

ਹੱਟੀ ਨਾਲ ਲਗਦੇ ਖੇਮੇਂ ਅਮਲੀ ਦੀ ਸਾਰੀ ਹਵੇਲੀ ਖਰੀਦ ਕੇ ਬਣਾਈ ਖੁਲ੍ਹੀ-ਮੋਕਲੀ ਕੋਠੀ ਨਾਲ ਜੁੜਵੀਂ ਵੱਡੀ ਪੱਕੀ ਦੁਕਾਨ ਕਈਆਂ ਵਰ੍ਹਿਆਂ ਪਿਛੋਂ ਹਾਲੀਂ ਵੀ ਉਵੇਂ ਦੀ ਉਵੇਂ ਨਵੀਂ ਨਿਕੋਰ ਜਾਪਦੀ ਸੀ , ਜਿਸ  ਦੇ ਸਾਹਮਣੇ ਵੱਡੇ ਚੁਰਾਹੇ ਦੇ ਐਨ ਵਿਚਕਾਰ , ਸਿਰ ਦੇ ਆਕਾਸ਼ ਥੱਮੀਂ ਖੜੇ ਪਿੱਪਲ ਹੇਠ ਤਖਤਪੋਸ਼ ਡਾਹੀ,ਉਹ ਹਰ ਲੰਘੜੇ-ਵੜਦੇ ਨੂੰ ਹੁਜਤਬਾਜ਼ੀ ਕਰਦਾ ਰਹਿੰਦਾ ਸੀ ।

ਪਰ ,ਪਿਛਲੇ ਕਈਆਂ ਦਿਨਾਂ ਤੋਂ ਨਾ ਤਾਂ ਉਸ ਨੇ ਗਲੀ ਵਲ ਦੀ ਬੈਠਕ ਦਾ ਦਰਵਾਜ਼ਾ ਹੀ ਕਦੀ ਖੋਲ੍ਹਿਆਂ ਸੀ ਤੇ ਨਾ ਹੀ ਅਵੇਰੇ-ਸਵੇਰੇ ਪਿੱਪਲ ਹੇਠ ਆ ਜੁੜਦੀ ਢਾਣੀ ਦੇ ਢਿੱਡੀਂ ਪੀੜਾਂ ਪੁਆਈਆਂ ਸਨ। ਛੋਟੀ-ਵੱਡੀ ਉਮਰ ਦਾ ਖਿਆਲ ਕੀਤੇ ਬਿਨ੍ਹਾਂ ਸਾਰੇ ਪਿੰਡ ਵਾਸੀਆਂ ਨਾਲ ਚਲਦਾ ਹਰ ਵੇਲੇ ਦਾ ਮਖੌਲ ਇਕ ਤਾਂ ਉਸ ਦਾ ਬਹੀ-ਖਾਤਾ ਹੋਰ ਭਾਰਾ ਕਰਦਾ ਗਿਆ ਸੀ , ਦੂਜੇ ਆਲੇ-ਦੁਆਲੇ ਵਾਪਰਦੀਆਂ ਨਿੱਕੀਆਂ ਮੋਟੀਆਂ ਘਟਨਾਵਾਂ ਰਾਹੀਂ ਅਲਾਟੀਆਂ ਦੇ ਪੋਲ ਤੇ ਪ੍ਰੇਮ ਦੀਆਂ ਕਾਰਗੁਜ਼ਾਰੀਆਂ ਦੀ ਸੂਹ ਉਸ ਨੂੰ ਰੋਜ਼ ਮਿਲਦੀ ਰਹਿੰਦੀ ਸੀ ।

‘ਬ੍ਰਹਮਾ ਦੇ ਸਿਰ ਤੋਂ ਉਤਪਨ ਹੋਈ ਬ੍ਰਾਹਮਣ ਉੱਚੀ ਜਾਤ’ ਦੇ ਪ੍ਰੇਮ ਦਾ ਸ਼ੂਦਰਾਂ ਆਦਿ-ਧਰਮੀਆਂ ,ਮਜ਼ਬ੍ਹੀਆਂ ਘਰੀਂ ਬੈਠ ਕਿੰਨਾਂ-ਕਿੰਨਾਂ ਚਿਰ ਹੋਰੂ-ਹੋਰੂ ਜਿਹੀਆਂ ਗੱਲਾਂ ਕਰਨਾ ਭਾਵੇਂ ਉਸ ਨੁੰ ਫੁੱਟੀ ਅੱਖ ਨਹੀਂ ਸੀ ਭਾਉਂਦਾ , ਪਰ ਆਏ ਸਾਲ ਅਲਾਟੀਆਂ ਤੋਂ ਵੱਧ ਦਿਹਾੜੀ ਲੈਣ ਲਈ ਸਾਰੇ ਵਿਹੜੇ ਨੂੰ ਦਿੱਤੀ ਹੱਲਾ ਸ਼ੇਰੀ ,ਉਸ ਨੂੰ ਚੰਗੀ-ਚੰਗੀ ਲਗਦੀ ਸੀ । ਸਕੂਲੋਂ ਆਉਂਦੇ ਜਦੇ ਪ੍ਰੇਮ ਨੁੰ ਆਨੇ-ਬਹਾਨੇ ਰੋਕ ਕੇ ਆਖਦਾ – ‘ਜੀਂਦਾ ਰੈਹ ਬੱਚੂ , ਜੀਂਦਾ ਰੈਹ …..ਆਹ ਤੇਰੇ ਉੱਦਮ ਨਾਲ ਚਮਾੜ੍ਹਲੀ ਸੁਹਰੀ ਅੱਗੇ ਨਾਲੋਂ ਸੌਖੀ ਆ ,ਨਾ ਫੇ …..। ਮੇਰਾ ਭੁਗਤਾਨ ਹੁਣ ਸੁਖ ਨਾ …..। ਪਰ ਐਨ੍ਹਾਂ , ਲਾਟੀਆਂ ਖਾਤਰ ਜਿੜ੍ਹਾ ਤੂੰ ਹੱਡ-ਗੋਡੇ ਤੜਵਾਉਨਾ ,ਏਹ ਗੱਲ ਮੇਰੀ ਸਮਝੋਂ ਬਾਅਰ ਆ ਨਾ ਫੇ ….। ਤੂੰ ਆਪੂੰ ਈ ਦਸ ਪਈ ,ਉਨ੍ਹਾ ਨੂੰ ਕਿੜ੍ਹੀ ਸ਼ੈਅ ਦਾ ਘਾਟਾ ਆ- ਘਰ , ਹਵੇਲੀਆਂ , ਜਿਮੀਂ ,ਜੈਦਾਤ,ਟਰੱਕ-ਮੋਟਰਾਂ ,ਟਰੈਕਟਰ । ਪੂਰੇ ਪੂਰੇ ਸੈਂਕੜਾ ਬਟੋਰਦੇ ਆ ਬੋਰੀ ਪਿੱਛੇ ,ਨਾ ਫੇ …..। ਹੋਰ ਦੱਸ,ਵੰਝ ਲੈਣਾ ਉਨ੍ਹਾਂ …ਨਾਲੇ ਫੇ …ਨਾ ਫੇ ……। “

-ਓਏ ਬਾਬਿਓ ,ਦੂਜੇ ਘਰ ਲੱਗੀ ਬਸੰਤਰ ਈ ਦਿਸਦੀ ਹੁੰਦੀ ਆ , ਕਦੀ ਉਨ੍ਹਾਂ ਤੋਂ ਵੀ ਪੁੱਛਿਆ , ਜਿਨ੍ਹਾਂ ਦਾ ਪੱਲਾ ਵੀ ਪੂਰਾ ਨਹੀਂ ਹੁੰਦਾ …..ਐਦਾਂ ਈ ਥੋੜਾ ਚਿਰ ਹੋਰ ਸਾਰੇ ਕਿਸਾਨ ਵਰ੍ਹੇ-ਛਿਮਾਹੀ ਪਿੱਛੋਂ ਹੱਥ ਝਾੜਦੇ ਘਰੀਂ ਮੁੜਦੇ ਰਹੇ ਤਾਂ ਤੁਹਾਡੀਆਂ ਆਹ ਥੱਲ-ਥੱਲ ਕਰਦੀਆਂ ਗੋਗੜਾਂ ਨੁੰ ਸੋਕੜਾ ਪੈ ਜਾਊ ਦਿਨਾਂ ਅੰਦਰ ਈ ……। “

‘ਹਈ ਛਾਬਾਸ਼ੇ , ਨਈਂ ਰੀਸਾਂ ….ਬੱਚੂ ਇਹ ਤੰਦੂਰ ਐਓਂ ਨਈਂ ਹਲਕਾ ਹੋਣਾ ਨੇ ਫੇ …..। ਤੈਨੂੰ ਸੈਂਕੜੇ ਬਾਰ ਫਰਮੈਸ਼ ਪਾਈ ਆ , ਡੱਬੀ ਬੰਦ ਮੇਮ ਦੀ , ਤੂੰ ਨੰਨਾ ਈ ਨਈਂ ਧਰਦਾ …ਮੇਰਾ ਛਿੰਦ ਐਤਕੀਂ ਜ਼ਰੂਰ-ਬਰ-ਜ਼ਰੂਰ ਲਿਖ ਦਈਂ ਭਾਅਆਪਣੇ ਨੂੰ ਕਨੇਡੇ ……। ‘

-      ‘ਉਏ ਖੌਂਸੜਾ , ਉਹ ਭੜੇਲੇ ਜਿੱਡੀ ਸ਼ਾਹਣੀ ਕਿੱਥੇ ਸੁੱਟਣੀ ਐਂ ….ਤੂੰ । ‘

-      ‘ ਤੂੰ ਮਾਸਾ ਫਿਕਰ ਨਾ ਕਰ , ਆਪਾਂ ਉਨੂੰ ਛੋਟੀ ਬੈਠਕ ਅੰਦਰ ਹੂੜ ਕੇ ਬਾਅਰੋਂ ਜਿੰਦਾ ਮਾਰ ਦਿਆਂਗੇ ,ਨਾ ਫੇ ….।‘

…..ਠੱਠੇ ਮਖੌਲ ਅੰਦਰ ਸ਼ਾਹਣੀ ਨੂੰ ਬੰਦ ਕਰਨ ਲਈ ਰਖੇ ਕਮਰੇ ਅੰਦਰ ਤਾਂ ਉਹ ਆਪ ਸਵੇਰੇ ਤੋਂ ਦੜਿਆ ਪਿਆ ਸੀ । ਖ਼ਬਰਾਂ ਪੜ੍ਹ ਕੇ ਉੱਠਣ ਲੱਗੀ ਸਵਿਤਰੀ ਨੁੰ ਉਸ ਨੇ ਸਕੂਲ ਜਾਣੋਂ ਰੋਕ ਦਿੱਤਾ । ਕਈ ਦਿਨਾਂ ਤੋਂ ਅੱਧਾ ਬੰਦ ਰਹਿੰਦਾ ਦੁਕਾਨ ਦਾ ਸ਼ੱਟਰ ਪੂਰੇ ਦਾ ਪੂਰਾ ਬੰਦ ਪਿਆ ਰਿਹਾ । ਇਕੜ-ਦੁਕੜ ਆਏ ਗਾਹਕ ਸੁੰਨ-ਮਸਾਨ ਪਈ ਦੇਖ ਕੇ ਤਾਂ ਬਾਹਰੋਂ –ਬਾਹਰ ਹੀ ਮੁੜਦੇ ਗਏ  , ਪਰ ਸਿਰੀ ਰਾਮ ਦੇ ਅੰਦਰੋਂ ਉਠਿਆ ਤੂਫਾਨ ਹੋਰ ਅਗਾਂਹ ਵਧਦਾ ਆਇਆ । ਪੋਲੇ ਪੈਰੀਂ ਤੁਰਿਆ ਕਦੀ ਉਹ ਸਟੋਰ ਅੰਦਰਲੀ ਸੇਫ ਦੀਆਂ ਚਾਬੀਆਂ ਸਾਂਭਣ ਲੱਗ ਪੈਂਦਾ ਕਦੀ ਵੱਡੇ ਆਲ੍ਹੇ ਅੰਦਰ ਟਿਕਾਈ ਸ਼ਿਵਾਂ ਦੀ ਮੂਰਤੀ ਉਹਲੇ ਸਾਂਭੇ ਗਿਰਵੀ ਪਏ ਥੱਬਾ ਕੁ ਗਹਿਣਿਆਂ ਨੂੰ ਪਲੋਸਣ ਲੱਗ ਪੈਂਦਾ ।

ਬਾਹਰ ਵਿਹੜੇ ਅੰਦਰ ਡਾਹੇ ਮੰਜੇ ਤੇ ਚੁਫਾਲ ਪਈ ਸ਼ਾਹਣੀ ਨੇ ,ਉਸ ਤੋਂ ਇਕ ਅੱਧ ਵਾਰ ਇਓਂ ਡੌਰ-ਭੌਰ ਘੁਮੀਂ ਜਾਣ ਦਾ ਕਾਰਨ ਪੁਛਣਾ ਚਾਹਿਆ,ਪਰ ਉਹ ਨਜ਼ਰ ਬਚਾ ਕੇ ਫਿਰ ਛੋਟੀ ਬੈਠਕ ਦੇ ਓਸੇ ਸੋਫੇ ਤੇ ਆ ਢੱਠਾ, ਜਿਸ ਦੇ ਸਾਹਮਣੇ ਪਈ ਸਨਮਾਈਕਾ ਦੇ ਟੇਬਲ ਤੇ ਖਿਲਰਿਆ ਅਖ਼ਬਾਰ ਦਾ ਮੁੱਖ ਪੰਨਾ ਮੁੜ ਸਵੇਰੇ ਦਿੱਤੀ ਸੂਚਨਾ ਦੇ ਰਿਹਾ ਸੀ । ਉਸ ਨੂੰ ਜਾਪਿਆ ਜਿਵੇਂ ਪ੍ਰੇਮ ਲਾਲ ਦੀ ਛਾਤੀ ਚੋਂ ਨਿਕਲਦੇ ਖੂਨ ਨਾਲ ਪਹਿਲਾਂ ਤਾਂ ਸਾਰੀ ਅਖ਼ਬਾਰ ਲਿੱਬੜ ਗਈ ਹੋਵੇ, ਫਿਰ ਉਹੀ ਲਹੂ ਮੋਟੇ ਅੱਖਰਾਂ ਵਾਲੀ ਸੁਰਖੀ ਬਣਿਆ ਉਹਦੀ ਵਲ ਨੂੰ ਵਧਿਆ ਆ ਰਿਹਾ ਹੋਵੇ । ਉਸ ਨੇ ਘਬਰਾਏ ਜਿਹੇ ਨੇ ਅਖ਼ਬਾਰ ਝਬੂਟੀ ਮਾਰ ਕੇ ਚੁੱਕੀ , ਉਸ ਦੀਆਂ ਤਿੰਨ ਚਾਰ ਤੈਹਾਂ ਕੀਤੀਆਂ ਤੇ ਖਿਝ ਕੇ ਪਰਾਂ ਵਗਾਹ ਮਾਰੀ  । ਸਾਹਮਣਲੀ ਕੰਧ ਨਾਲ ਵੱਜ ਕੇ ਹੇਠ ਡਿਗੀ , ਉਹ ਕੁੱਲੀ ਜਿਹੀ ਬਣੀ ਨਾਲ ਡਿੱਠੇ ਦੀਵਾਨ ਉਤੇ ਜਾ ਟਿਕੀ , ਜਿਸ ਨੂੰ ਦੇਖਦਿਆਂ ਸਾਰ ਉਸ ਨੂੰ ਆਪਣੇ ਬਾਗ਼ ਅੰਦਰ ਅੰਬਾਂ ਦੀ ਹਰ ਰੁੱਤੇ ਪੈਂਦੀ ਕੱਖਾਂ-ਕਾਨਿਆਂ ਦੀ ਕੁੱਲੀ ਯਾਦ ਆ ਗਈ ਜਿਸ ਦੇ ਉਹਲੇ ਕਿਸ਼ੋਰ ਉਮਰੇ ਉਹਨੇ ਮਜ਼ਬ੍ਹੀਆਂ ਦੀ ਹਰ ਜੁਆਨ ਹੁੰਦੀ ਧੀ-ਭੈਣ ਦਾਗੀ ਕੀਤੀ ਸੀ , ਕਈ ਵਾਰ ਫੜੇ ਜਾਣ ਤੇ । ਉਸ ਦੇ ਪਿਓ ਨੇ ਪਿੰਡ ਦੀ ਪਰ੍ਹੇ ਸਾਹਮਣੇ ਤਾਂ ਓਪਰਾ ਓਪਰਾ ਦਬਕ-ਝਿੜਕ ਕੇ ਛਡਵਾ ਲਿਆ ਸੀ , ਪਰ ਪਾਰਲੇ ਪਿੰਡੋਂ ਆਏ ਭਰਥੂ-ਝੀਰ ਨਾਲ ਕੀਤਾ ਅੰਬਾਂ ਦਾ ਸੌਦਾ ਉਸ ਨੂੰ ਇੱਕ ਵਾਰ ਬਹੁਤ ਮਹਿੰਗਾ ਪਿਆ। ਛੁੱਟੀ ਕੱਟਣ ਆਏ ਭਰਥੂ ਦੇ ਫੌਜੀ ਪੁੱਤਰ ਨੇ ਜੁਆਨ ਜਹਾਨ ਭੈਣ ਤੇ ਪੈਂਦੀ ਸਿਰੀਏ ਦੀ ਟੇਡੀ ਨਜ਼ਰ ਤਾੜ ਲਈ । ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਪਹਿਲੋਂ ਉਹ ਉਸ ਨੁੰ ਪੱਕੇ ਅੰਬਾਂ ਦੀ ਢੇਰੀ ਤੱਕ ਲੈ ਆਇਆ । ਕੁਲੀ ਅੰਦਰੋਂ ਗਲਾਸੀ ਲੈਣ ਦੇ ਬਹਾਨੇ ਗਿਆ , ਉਹ ਝੱਟ ਦੇਣੀ ਰੱਸਾ ਤੇ ਡਾਂਗ ਲੈ ਕੇ ਉਸ ਦੇ ਸਾਹਮਣੇ ਭਬਕ ਮਾਰ ਕੇ ਆ ਖੜਾ ਹੋਇਆ । ਸਿਰੀ ਰਾਮ ਨੇ ਉਸ ਦੀਆਂ ਲੱਖ ਮਿਨਤਾਂ ਕੀਤੀਆਂ, ਪਰ ਉਸ ਦੇ ਫੌਜੀ ਗੁੱਸੇ ਨੇ , ਅੰਬ ਨਾਲ ਬੰਨ੍ਹ ਕੇ ਪਹਿਲਾਂ ਸਿਰੀ ਰਾਮ ਦੀ ਰੱਜ ਕੇ ਸੇਵਾ ਕੀਤੀ ਤੇ ਫਿਰ ਤਿੱਖੜ-ਧੁੱਪੇ ਅਲਫ਼ ਨੰਗਾ ਕਰ ਕੇ ਪਿੰਡ ਦੀ ਰਾਹੇ ਤੋਰ ਦਿੱਤਾ ਸੀ ।

…ਆਪਣੇ ਨੰਗੇਜ਼ ਨੂੰ ਦੇਖਣ ਤੋਂ ਸੰਕੋਚ ਕਰਦਿਆਂ ਸਿਰੀ ਰਾਮ ਨੇ ਆਪਣੀਆਂ ਅੱਖਾਂ ਘੁੱਟ ਕੇ ਮੀਟ ਲਈਆਂ ਪਰ ‘ਪਾਰਦਰਸ਼ੀ ਪਲਕਾਂ ਵਿਚੋਂ ਦੀ ਲੰਘਦੀ ਉਸ ਦੀ ਨਿਗਾਹ ਨੂੰ ਭਾਸਿਆ ਕਿ ਸਾਹਮਣੇ ਪਏ ਦੀਵਾਨ ਤੇ ਕੁੱਲੀ ਨਹੀਂ, ਸਗੋਂ ਪ੍ਰੇਮ ਲਾਲ ਕੰਧ ਦੀ ਢੋਅ ਲਾਈ ਬੈਠਾ, ਘੋਖਵੀਆਂ ਨਜ਼ਰਾਂ ਨਾਲ ਉਸ ਵੱਲ ਦੇਖਦਾ ਮਰਦਮ-ਸ਼ੁਮਾਰੀ ਕਰਨ ਆਇਆ ਕਈ ਸਾਰੀਆਂ ਗੱਲਾਂ ਪੁੱਛ ਰਿਹਾ ਹੈ …..। ਮਹਿਕਮੇਂ ਵੱਲੋਂ ਲੱਗੀ ਡਿਊਟੀ ਕਾਰਨ ਕਾਗਜ਼ ਪੱਤਰ ਸੰਭਾਲੀ ਇਕ ਦਿਨ ਦੁਪਹਿਰਾਂ ਵੇਲੇ ਪ੍ਰੇਮ ਲਾਲ ਛੋਟੀ ਬੈਠਕ ਅੰਦਰ ਸੋਫੇ ਤੇ ਅੱਧ-ਲੇਟੇ ਸਿਰੀ ਰਾਮ ਕੋਲ ਆ ਧਮਕਿਆ ਸੀ ।

-      ‘ਨਮਸਤੇ , ਸ਼ਾਹ ਜੀ ! ‘

-      ‘ ਆ ਕਾਕਾ ਜੀ ਓਏ , ਆ ਬੱਚੂ ਸੁੱਖ ਹੋਵੇ , ਅੱਜ ਤਾਂ ਨਮਸਤੇ ਬਗਾਹਮੀ ਮਾਰੀ ਆ , ਮੇਰੇ ਪੁੱਤ ਨੇ , ਨਾ ਫੇ …। ਮੇਰੀ ਫਰਮੈਸ਼ ਪੂਰੀ ਹੋ ਗਈ ਲਗਦੀ ਆ ਸੁੱਖ ਨਾ …..।‘

-‘ਕਿਹੜੀ ਫਰਮਾਇਸ਼…?’

-      ‘ਓਹੀ , ਮੜੀ ਮੇਮ ਦੀ ….।‘

-      ਓਏ ਸ਼ਾਹਾ,ਅੱਧਾ ਤੂੰ ਕਬਰ ‘ਚ ਲੱਥਾ ਹੋਇਐਂ,ਤੇਰਾ ਹਾਲੀਂ ਰੱਜ ਈ ਨਹੀਂ ਹੋਇਆ, ਬੁੱਢਿਆ ….।‘

-      ‘ ਨਾ ਪੁੱਤਰਾ , ਬੰਦਾ ਤੇ ਬਕਰੀ ਕਦੇ ਨਈਂ ਰੱਜਦੇ ਤੇ ਨਾ ਈ ਘੋੜਾ ਕਦੀ ਬੱਢਾ ਹੁੰਦਾ ਆ । ਤੂੰ ਆਪ ਈ ਦੱਸ ਪਈ ਮੇਰਾ ਕੁਛ ਬਿਗੜਿਆ ਅਜੇ , ਘੋੜੇ ਅਰਗਾ ਨੌ ਬਰ ਨੌ ਆਂ, ਨਾ ਫੇ ….। ਜੇ ਨਈਂ ਕੋਈ ਗੱਲ ਬਣਦੀ ਤਾਂ ਹਾਲ ਦੀ ਘੜੀ ਆਪਣੇ ਨਾਲ ਦੀ ਪਟੋਲਾ ਜਿਹੀ ਮਾਹਟਰਨੀ ….।‘

-      ‘ਅੱਛਾ,ਅੱਛਾ ਕਰਦੇ ਆਂ ਕੋਈ ਨਾ ਕੋਈ ਬੰਦੋਬਸਤ ਤੇਰਾ, ਓਨਾ ਚਿਰ ਆਹ ਜਨ-ਗਨਣਾ ਦੀਆਂ ਪਰਚੀਆਂ ਭਰਵਾ ਦੇ । ‘

-      ‘ਉਹ ਕੀ ਹੁੰਦੀ ਆ , ਜਨ ਜਨ….?’

-      ‘ਮਰਦੱਮ ਸ਼ੁਮਾਰੀ । ‘

-      ਐਓਂ ਆਖ ਨਾ ਬੱਚੂ ,ਮੈਂ ਤਾਂ ਡਰ ਈ  ਗਿਆ ਸੀ । ਮੈਂ ਜਾਤਾ ਕਿਤੇ ਬੇਹੀ ਖਾਤਾ ਈ ਨਾ ਖੋਲ੍ਹਣਾ ਪੈ ਜਏ ,ਨਾ ਫੇ….।ਸੱਚ ਤੁਆਡਾ ਤਾਂ ਸੰਨਬੰਧ ਈ ਨਹੀਂ ਓਸ ਮੈਹਕਮੇਂ ਨਾਲ ….ਬੜਾ ਨਾਜ਼ਕ ਟੈਮ ਆ, ਪੁੱਤਰਾ …ਆਪਣੇ ਪਰਾਏ ਦੀ ਪਛਾਣ ਈ ਨਈ ਰਈ , ਹੁਣ ਤਾਂ ਬੰਦਾ ਬੰਦੇ ਨੂੰ ਖਾਂਦਾ …ਕਲ੍ਹਜੁਗ ਆ ਨਿਰਾ ਈ ਕਲ੍ਹਜੁਗ …।‘

ਸਿਰੀ ਰਾਮ ਨੂੰ ਵਿਚਕਾਰੋਂ ਟੋਕਦਿਆਂ ਪ੍ਰੇਮ ਨੇ ਆਖਿਆ – ‘ਪਹਿਲੇ ਖਾਨੇ ਅੰਦਰ ਭਰਨਾ ਏ ,ਤੁਹਾਡਾ ਨਾਂ , …ਅਪਣਾ ਨਾਂ ਲਿਖਵਾਓ । ‘

-‘ਹੀ….ਈ…..ਹੀ…..ਹੀ ,ਮਖੌਲਾਂ ਕਰਦੇ ਆ ਮਾਹਟਰ ਹੁਣੀਂ,ਨਾ ਫੇ ….।ਠਾਰਾਂ –ਬੀਹ ਸਾਲ ਹੋ ਚੱਲੇ ਆ ,ਬਿਹਾਰ ਚਲਦਿਆਂ ਸਾਡਾ ਤੁਆਡਾ । ਤੇਰੇ ਬਿਆਹ ਦੀ ਬਰੀ ਲੈਣ ਗਿਆ ਸੀ ਮੈਂ ਬਾਪ ਤੇਰੇ ਨਾਲ ਅੰਬਰਸਰੋਂ । ਥੋੜੇ ਜਿੰਨੇ ਟੈਰੀਕੱਟ ਦੇ ਪੀਸ ਮੈਂ ਬੀ ਲਿਆ , ਰੱਖੇ ਹੱਟੀ ਤੇ , ਬੱਸ ਫੇਰ ਤਾਂ ਪੁੱਛੋ ਈ ਕੁਸ਼ ਨਾ , ਮਮੀਰੇ ਦੀ ਗੰਢੀ ਹੱਥ ਆ ਗਈ ਜੀਕਣ….ਕਿੰਨੇ ਭਾਗਾਂ ਆਲਾ ਸੀ ਬਾਪ ਤੇਰਾ , ਬੜਾ ਜੱਸ ਖੱਟਿਆ ਉਹਨੇ ਜੀਂਦੇ ਜੀਅ….ਫਸਲ-ਬਾੜੀ ਸਾਂਭਦਿਆਂ ਸਾਰ ਆ ਸਾਬ੍ਹ ਕਰਦਾ …ਐਹੋ ਜੇਹੇ ਬੰਦਿਆਂ ਆਸਰੇ ਈ ਡੰਗ ਟਪਾਈ ਹੁੰਦੀ ਆ ਮਾਤੜ੍ਹਾਂ ਦੀ ਨਾ ਫੇ …। ਕਿੱਥੇ ਉਹ ਡੱਬੀ ਜੇਹੀ ਹੱਟੀ, ਕਿੱਥੇ ਆਹ ਆਲੀਸ਼ਾਨ ਦੋ-ਹੱਟਾਂ , ਸੋਬਤੀ ਜਰਨਲ ਮਿਰਚੈਂਟ …ਕਈਆਂ ਨੂੰ ਤਾਂ ਪੁੱਤਰ ਐਹੋ ਜਿਹੀ ਢੀਠ ਮਿੱਟੀ ਲੱਗੀ ਹੁੰਦੀ ਆ , ਨਾ ਮੂਲ ਮੋੜਦੇ ਆ ਨਾ ਬਿਆਜ…।‘ ਉਸ ਦੀ ਲੜੀ ਟੁੱਟਣ ਤੋਂ ਪਹਿਲਾਂ , ਪ੍ਰੇਮ ਲਾਲ ਨੇ ਪਹਿਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤ ਸਾਰੇ ਖਾਨੇ ਆਪ ਹੀ ਭਰਨ ਪਿੱਛੋ ਪੁੱਛਿਆ ਸੀ –ਕਿੰਨੇ ਬੱਚੇ ਨੇ ਤੁਹਾਡੇ ਕੁੱਲ ….?

-‘ਰੱਬ ਦੀ ਦਾਤ ਐ , ਪੁੱਤਰਾ …ਆਪਾਂ ਕੇੜ੍ਹੇ ਦੁਨੀਆਂ ਤੋਂ ਬਾਅਰ੍ਹੇ ਆਂ । ਜੇੜ੍ਹੇ ਜੀਅ ਨੇ ਜ੍ਹਾਨ ਤੇ ਆਉਣਾ ਉਨ੍ਹੇ ਹਰ ਹੀਲੇ ਆਉਣਾ ਈ ਆਉਣਾ ਨਾ ਫੇ ….। ਨਾਲੇ ਮਰਨ ਜੰਮਣ ਤਾਂ ਈਸ਼ਵਰ ਨੇ ਆਪਣੇ ਹੱਥ ਰੱਖਿਆ ਹੋਇਆ । ਜਿੰਨੂ ਵੀ ਉਹ ਧਰਤੀ ਤੇ ਭੇਜਦਾ ਉਦ੍ਹੀ ਪਰਾਲਭਦ ਉਹਤੋਂ ਪਹਿਲਾਂ ਈ ਐਥੇ ਪਹੁੰਚ ਜਾਂਦੀ ਆ …ਓਦਾਂ ,ਗਿਆਰਾਂ ਜੀਅ ਆਏ ਮੇਰੇ ਘਰ –ਛੇ ਕੁੜੀਆਂ, ਪੰਜ ਮੁੰਡੇ ….।‘

-‘ ਬਹੁਤ ਹਿੰਮਤ ਮਾਰੀ ਤੁਸੀਂ , ਪਰ ਜੇ ਦਰਜਨ ਪੂਰੀ ਹੋ ਜਾਂਦੀ, ਤਾਂ ਮੁਰੱਬਾ ਮਿਲਣਾ ਸੀ , ਸਾਲਮ ,ਵੱਡੀ ਕੱਛ ਦਾ….।‘

ਦੋਨਾਂ ਵਿਚਕਾਰ ਚਲਦੀ ਇਸ ਤਰ੍ਹਾਂ ਦੀ ਟਿਚਰ ਟਕੋਰ ਦੇ ਨਾਲ ਨਾਲ ਸਿਰੀ ਰਾਮ, ਟੱਬਰ ਦੇ ਸਾਰੇ ਜੀਆਂ ਦੇ ਨਾਂ,ਪੜ੍ਹਾਈ , ਵਿਆਹ –ਸ਼ਾਦੀਆਂ ਤੇ ਕੀਤਾ ਲੱਖਾਂ ਦਾ ਖਰਚ ਸ਼ਹਿਰੀਂ ਤੇ ਦੂਜੇ ਪਿੰਡੀਂ ਚਲਦੀਆਂ ਦੁਕਾਨਾਂ,ਠੇਕੇਦਾਰ ਖੁਸ਼ਹਾਲ ਸਿੰਘ ਦੀ ‘ਕਿਰਪਾ ’ ਨਾਲ ਉਸਰੀਆਂ ਕਈ ਸਾਰੀਆਂ ਕੋਠੀਆਂ ਦਾ ਲੋੜੋਂ ਵੱਧ ਵੇਰਵਾ ਦਸਦਾ , ਇਕ ਦੱਮ ਸੰਜੀਦਾ ਹੋ ਗਿਆ ਸੀ , ਜਦ ਪ੍ਰੇਮ ਲਾਲ ਨੇ ਅਖੀਰਲਾ ਖਾਨਾ ਭਰਨ ਲਈ ਉਸ ਤੋਂ ਪੁੱਛਿਆ ਸੀ – ‘ਸ਼ਾਹ ਜੀ , ‘ਤੁਹਾਡੀ ਮਾਤ-ਭਾਸ਼ਾ ਕਿਹੜੀ ਐ ? ਭਾਵ ਤੁਹਾਡੇ ਪ੍ਰੀਵਾਰ ਦੇ ਜੀਆਂ ਦੀ ਬੋਲੀ । ‘

-‘ਲੈ ਖਾਂ, ਇਹ ਬੀ ਕੋਈ ਪੁੱਛਣ ਆਲੀ ਗੱਲ ਆ, ਮੈਂ ਸਿਰੀ ਰਾਮ, ਮੇਰਾ ਬਾਪ ਮਨੀ ਰਾਮ, ਦਾਦਾ ਕਾਂਸ਼ੀ ਰਾਮ,ਪੜਦਾਦ ਮਯਿਆ ਰਾਮ, ਲਕੜਦਾਦ ਕੰਨਿਆ ਰਾਮ, ਸਭ ਦੇ ਨਾਂ , ਧਰਮ-ਕਰਮ,ਰੀਤੀ –ਰਵਾਜ,ਬਿਆਹ –ਸ਼ਾਦੀਆਂ ਮਰਨੇ-ਪਰਨੇ ਸਭੋਈ ਹਿੰਦੂ ਧਰਮ ਮੂਜਬ ਹੁੰਦੇ ਆਏ ਆ  ਸਾਡੇ ਦੇਵੀ-ਦੇਵਤੇ,ਰਿਸ਼ੀ-ਮੁਨੀ,ਸੰਤ-ਮ੍ਹਾਤਮਾ ਸਾਰੇ ਹਿੰਦੂ ਈ ਸੀ ਤੇ ਹਿੰਦੀ ਈ ਬੋਲਦੇ ਸੀ , ਏਸ ਲਈ ਬੋਲੀ ਤਾਂ ਸਾਡੀ ਬੀ ਹਿੰਦੀ ਈ ਬਣਦੀ ਆ …।‘

-‘ਨਹੀਂ ਸ਼ਾਹ ਜੀ  ,ਮਾਤ –ਭਾਸ਼ਾ ਤੋਂ ਮਤਲਬ ਮਾਂ ਦਾ ਦੁੱਧ ਪੀਂਦਿਆਂ ਆਪ ਮੁਹਾਰੇ ਮਿਲੀ ਉਹ ਸਿਖਸ਼ਾ ਜਿਸ ਰਾਹੀਂ ਅਸੀਂ ਆਪਣੀ ਗੱਲ ਦੂਜਿਆਂ ਨੂੰ ਸਮਝਾਉਂਦੇ ਹਾਂ ….ਅਸੀਂ ਬ੍ਰਾਹਮਣ ਆਂ, ਸਾਡੇ ਘਰ ਦਾ ਰੰਗ-ਢੰਗ ,ਰਹਿਣੀ-ਬਹਿਣੀ ਹਿੰਦੂ ਮੱਤ ਅਨੁਸਾਰ ਚਲਦੀ ਐ ,ਪਰ ਘਰ ਅੰਦਰ ਅਸੀਂ ਸਾਰੇ ਪੰਜਾਬੀ ਬੋਲਦੇ ਆਂ , ਇਸ ਲਈ ਮੇਰੀ ਤੇ ਮੇਰੇ ਪ੍ਰੀਵਾਰ ਦੀ ਬੋਲੀ ਪੰਜਾਬੀ ਬਣੀ ਐ …..।‘

-‘ਤੂੰ ਜੋ ਮਰਜ਼ੀ ਬਣਾ ਆਪਣੀ ਬੋਲੀ, ਪਰ ਸਾਡੀ ਬੋਲੀ ਤਾਂ ਹਿੰਦੀ ਆ ਤੇ ਹਿੰਦੀ ਈ ਲਿਖ ।‘

-‘ਲਿਖਵਾਉਣ ਨਾਲ ਬੋਲੀ ਬਦਲ ਤਾਂ ਨਹੀਂ ਜਾਂਦੀ ਜਿਵੇਂ ਮਾਂ ….।‘

-‘ਬਦਲੇ ਭਾਮੇਂ ਨਾ ਬਦਲੇ , ਅਸੀਂ ਤਾਂ ਓਦਾਂ ਈ ਕਰਾਂਗੇ ,ਜਿੱਦਾਂ ਸਾਡਾ ਭਾਈਚਾਰਾ ਆਖੂ ….।‘

-‘ਤੁਹਾਡੇ ਭਾਈਚਾਰੇ ਨੂੰ ਕਿਧਰੇ ਹੱਥਾਂ ਨਾਲ ਦਿੱਤੀਆਂ ,ਦੰਦਾਂ ਨਾਲ ਖੋਲ੍ਹਣੀਆਂ ਨਾ ਪੈਣ …!’

-‘ਨਈਂ ਪੈਂਦੀਆਂ ਸਾਨੂੰ ਸਭ ਪਤੇ ਆ , ਅਸੀਂ ਕੋਈ ਨਿਆਣੇ ਨਈਂ,ਉਮਰਾਂ ਗਾਲ੍ਹ ਦਿੱਤੀਆਂ ਬੰਦੇ ਚਾਰਦਿਆਂ …ਤੂੰ ਅਜੇ ਜੰਮ ਤਾਂ ਲੈ , ਪਹਿਲੋਂ ਈ ਮਤਾਂ ਦੇਣ ਆ ਬੈਠਾ …ਕਲ੍ਹ ਦੀ ਭੂਤਨੀ ਤੇ ਸਿਵਿਆਂ ਦਾ ਅੱਧ ..ਕੰਮ ਆਪਣਾ ਮੁਕਾ ਤੇ ਉੱਠ ਕੇ ਤੁਰਦਾ ਬਣ । ‘

….ਆਪਣੇ ਗਲ੍ਹ ਆਪ ਬੱਧੀ ਗੋਲ ਗੰਢ, ਪੀਡੀ ਹੁੰਦੀ ਹੁੰਦੀ ਸ਼ਾਹ ਰਗ ਤੱਕ ਸਰਕਦੀ , ਜਦੋਂ ਉਸ ਨੂੰ ਆਪਣਾ ਸਾਹ ਘੁੱਟਦੀ ਜਾਪੀ ਤਾਂ ਗੁਸੇ ਤੇ ਪਛਤਾਵੇ ਨਾਲ ਕੰਬਦਾ ਸੋਫੇ ਤੋਂ ਉੱਠ ਕੇ ਦਰਵਾਜ਼ੇ ਵਲ੍ਹ ਨੂੰ ਬਾਹਾਂ ਖਿਲਾਰੀ  ਇਉਂ ਵਧਿਆ ਜਿਵੇਂ ਬਾਹਰ ਨਿਕਲਦੇ ਪ੍ਰੇਮ ਨੁੰ ਅਗਲਵਾਂਡੀ ਰੋਕ ਕੇ, ਸਾਰਾ ਆਪਾ ਉਹ ਅੱਗੇ ਢੇਰੀ ਕਰ ਦੇਣਾ ਚਾਹੁੰਦਾ ਹੋਵੇ । ਪਰ ਕੁਝ ਹੀ ਪਲਾਂ ਅੰਦਰ ਉਸ ਨੂੰ ਇਸ ਤਲਖ ਸੱਚ ਦਾ ਅਹਿਸਾਸ ਹੋ ਗਿਆ , ਕਿ ਪਿੰਡ ਦੇ ਹਰ ਘਰ ਨੂੰ ਜਾਂਦੀ ਛੋਟੀ ਗਲ੍ਹੀ ਵਲ ਨੁੰ ਖੁਲ੍ਹਦਾ ਦਰਵਾਜ਼ਾ ਤਾਂ ਉਸ ਨੇ ਕਈਆਂ ਦਿਨਾਂ ਤੋਂ ਆਪ ਬੰਦ ਕੀਤਾ ਹੋਇਆ ਹੈ ਅਤੇ ਭਾਂ-ਭਾਂ ਕਰਦੀ ਬੈਠਕ ਅੰਦਰ ਉਹ ਜਾਂ ਉਸ ਦੇ ਉੱਚੇ-ਲੰਮੇ ਘੜਕਦੇ ਸਾਹਾਂ ਤੋਂ ਬਿਨਾਂ ਕੋਈ ਵੀ  ਨਹੀਂ ਹੈ ।

ਅੱਧ-ਸਿਆਲ ਦੀ ਰੁੱਤੇ ਵੀ ਉਸ ਦੇ ਚੌੜੇ ਗੰਜੇ ਮੱਥੇ ਤੇ ਪਸੀਨੇ ਦੀਆਂ ਬੂੰਦਾ ਉਸ ਦੇ ਕੰਨੀ ਪਈਆਂ ਸੋਨੇ ਦੀਆਂ ਮੁਰਕੀਆਂ ਵਾਂਗ ਚਮਕਣ ਲੱਗ ਪਈਆਂ । ਦਰਵਾਜ਼ੇ ਦੇ ਬੰਦ ਪੱਲਿਆਂ ਪਿਛਵਾੜੇ ਲਮਕਦੇ ਮੋਟੇ ਪਰਦੇ ਨੂੰ ਆਕਾਰਨ ਤਰੋੜਦਾ-ਮਰੋੜਦਾ ,ਉਹ ਕਮਰੇ ਅੰਦਰਲੀਆਂ ਸਾਰੀਆਂ ਵਸਤਾਂ ਨੂੰ ਇਓਂ ਤਾੜਦਾ ਰਿਹਾ , ਜਿਵੇਂ ਕੋਈ ਵੱਡਾ ਗੁਨਾਹ ਕਰ ਕੇ ਉਹ ਵੀ ਉਸ ਵਾਂਗ ਕੰਧਾਂ ਉਹਲੇ ਆ ਲੁਕੀਆਂ ਹੋਣ । ਨਿੱਕੀ ਮੋਟੀ ਹਰ ਸ਼ੈਅ ਤੋਂ ਤਿਲਕਦੀ ਉਸ ਦੀ ਨਿਗਾਹ ਕੁਝ ਪਿਛੋਂ ਮੁੜ ਦੀਵਾਨ ਤੇ ਕੁੱਬੀ ਪਈ ਓਸੇ ਅਖ਼ਬਾਰ ਤੇ ਟਿੱਕੀ ,ਜਿਸ ਦੀ ਇਕੋ ਇਕ ਸੁਰਖੀ ਨੇ ਉਸ ਨੂੰ ਸਵੇਰ ਤੋਂ ਸੂਲੀ ਟੰਗਿਆ ਹੋਇਆ ਸੀ ।

-‘ਆਖਿਰ ਕਿਹੜੀ ਪਰਲੋ ਆ ਗਈ ਐ ਇਕ ਪ੍ਰੇਮ ਦੇ ਨਾ ਰਹਿਣ ਨਾਲ ‘- ਉਸ ਨੇ ਚਿੱਤ ਕਰੜਾ ਕਰਕੇ ਆਪਣੇ ਆਪ ਨਾਲ ਸੰਬਾਦ ਕਰਨ ਲਈ ਕੁਝ ਸ਼ਬਦ ਆਖੇ ।‘

-‘ਹੋਰ ਹੈ ਵੀ ਕੌਣ ਸੀ ਤੇਰਾ ਸਾਰੇ ਪਿੰਡ ਅੰਦਰ ‘ ਅੰਦਰੋਂ ਕਿਸੇ ਨੇ ਉੱਤਰ ਦਿੱਤਾ ।

-‘ਲੈ ਮੇਰਾ ਉਹ ਕਿਹੜਾ ਢਿਡੋਂ ਕੱਢਿਆ ਹੋਇਆ ਸੀ , ਐਹੋ ਜਿਹੇ ਸੈਂਕੜੇ ਮਿਲ ਜਾਂਦੇ ਆ, ਬੱਸ ਉਧਾਰ-ਸੁਧਾਰ ਲਈ ਹੱਥ ਢਿੱਲਾ ਹੋਣਾ ਚਾਹੀਦਾ ‘ਜਰਾ-ਮਾਸਾ’ ਉਸ ਨੇ ਫਿਰ ਤੜੀ ਦਿੱਤੀ ।

-‘ਓਹੋ ਜਿਹੇ ਸਭ ਅਲਾਟੀਆਂ ਹੱਥੀ ਚੜ੍ਹੇ ਫਿਰਦੇ ਆ, ਜਿੱਥੇ ਕਿਸੇ ਨੂੰ ਦਾਰੂ-ਸਿੱਕਾ ਮਿਲਦਾ,ਅਗਲਾ ਓਥੇ ਈ ਪੂਛ ਹਿਲਾਉਂਦਾ । …ਤੂੰ ਤਾਂ ਮੋਈ ਮੱਖੀ ਨਈਂ ਛੱਡਦਾ ਹੱਥੋਂ ।….ਇਹ ਪ੍ਰੇਮ ਹੀ ਸੀ ਜਿਹੜਾ ਬਿਨਾਂ ਕਿਸੇ ਲਾਲਚੋਂ ਤੇਰੇ ਲਾਗੇ-ਚਾਗੇ ਰਹਿੰਦਾ ਸੀ ‘- ਅੰਦਰੋਂ ਆਇਆ ਉੱਤਰ ਫਿਰ ਸੱਚ ਵਰਗਾ ਕੌੜਾ ਸੀ ।

-‘ਮੇਰਾ ਉਹ ਕੀ ਸੁਆਰਦਾ ਸੀ …ਸਾਰੀ ਉਮਰ ਐਹਨਾਂ ਚੂਹੜੇ-ਚਮਾਰਾਂ ਖਾਤਰ ਈ ਤੁਰਦਾ-ਫਿਰਦਾ ਰਿਹਾਂ,ਜਾਂ ਕਿਧਰੇ ‘ਲਾਟੀਆਂ ਪਿੱਛੇ ਰਗੜੇ ਖਾਂਦਾ ਰਿਹਾ ਹਊ…।‘

‘ਫੇਰ ਉਦ੍ਹੀ ਖਾਤਰ ਭੁੰਜੇ ਕਿਉਂ ਲੱਥਾ ਫਿਰਦੈਂ…?’

-‘ਕੌਣ ਕਹਿੰਦਾ…ਸਰਾ-ਸਰ ਝੂਠ; ਮੇਰੀ ਜਾਣੇ ਜੁੱਤੀ ; ਉਹ ਪਏ ਢੱਠੇ ਖੂਹ ‘ਚ , ਸਗੋਂ ਚੰਗਾ ਹੋਇਆ ਗੰਦ ਨਿਕਲਿਆ ਵਿਚੋਂ ,ਰੋਜ਼ ਕੋਈ ਨਾ ਕੋਈ ਪੁੱਠੀ-ਸਿੱਧੀ ਖ਼ਬਰ ਲਿਆ ਸੁਣਾਉਂਦਾ ਸੀ – ਅਖੇ ,ਲੋਕਾਂ ਨੇ ‘ਕੱਠੇ ਹੋ ਕੇ ਆਹ ਕਰ ‘ਇਤਾ ,ਓਹ ਕਰ’ਇਤਾ,..ਇਨ੍ਹਾਂ ਪੁੱਠੇ ਸਿਰਾਂ ਆਲਿਆਂ ਦਾ ‘ਲਾਜ ਈ ਗੋਲੀ ਐ  , ਜਿਹੜੇ ਮਾਤ੍ਹੜਾਂ ਨੂੰ ਰੋਟੀ ਖਾਂਦਿਆਂ ਨਹੀਂ ਦੇਖ ਸਕਦੇ…ਚੰਗਾ ਈ ਹੋਇਆ , ਬਹੁਤ ਈ ਖ਼ਰਾ ਹੋਇਆ …..!’

-‘ਖ਼ਰਾ ਹੋਇਆ ਜਾਂ ਮਾੜਾ , ਤੂੰ ਆਪਣੀ ਸੁੱਖ ਮੰਗ…..’,ਅੰਦਰੋਂ ਫਿਰ ਕਿਸੇ ਨੇ ਚੂੰਡੀ ਵੱਡੀ ।

-‘ਲੈ, ਮੇਰਾ ਉਨ੍ਹਾਂ ਦਾ ਕਾਹਦਾ ਵੈਰ , ਉਹ ਗੁਰੂ ਮ੍ਹਾਰਾਜ ਦੇ ਸੇਵਕ ,ਮੈਂ…ਮੈਂ ਉਨ੍ਹਾਂ ਦੀ ਲਾਡਲੀ ਫੌਜ ਦੇ ਖਾਨਦਾਨ ‘ਚੋਂ …ਹੋਰ ਇਸ ਤੋਂ ਵੱਡੀ ਸਾਂਝ ਕੀ ਹੋ ਸਕਦੀ ਐ …ਕੀ ਹੋਇਆ ਜੇ ਉਨ੍ਹਾਂ ਕੋਲ ਮੇਰੇ ਨਾਲੋਂ ਚਾਰ ਸਿਆੜ ਵਾਧੂ ਐ , ਪਰ ਆਪਾਂ ਸਾਰੇਈ ਨੱਪ ਕੇ ਰਖਿਓ ਆ; ਨੱਕ ਨਾਲ ਲਕੀਰਾਂ ਕੱਢਦੇ ਆ…ਇਹ ਤਾਂ ਐਸ ਛੋਕਰੇ ਜਿਹੇ ਨੇ ਸਾਡੇ ਵਿਚਕਾਰ ਤੇਰ-ਮੇਰ ਪਾਈ ….ਚੰਗਾ ਹੋਇਆ ਲਾਂਭੇ ਕੀਤਾ ਸੂ ਰਾਹ ‘ਚੋਂ । ਕਦੀ ਉਹ ਸਾਨੂੰ ਵਿਹਲੜ ਆਖਦਾ ਸੀ ਕਦੀ ਲੁਟੇਰੇ; ਕਦੀ ਉਹਨੂੰ ਸਾਡੀ ਬੋਲੀ ਚੱਕ ਮਾਰਦੀ ਸੀ ਕਦੀ ਵਿਆਜ…ਦੇਣ ਆਲਾ ਕੋਈ , ਲੈਣ ਆਲਾ ਕੋਈ , ਉਹ ਵਿੱਚ ਖਾਹ-ਮੁਖਾਹ …ਅਖੇ-ਸੂਏ ਮੈਂਹ ਕੱਟੇ ਦੀ ….।‘

ਇੱਕਾ-ਦਿਕ ਦਰਵਾਜ਼ੇ ਵਲੋਂ ਹਟ ਕੇ ਉਸ ਨੇ ਦੀਵਾਨ ਤੇ ਪਈ ਅਖ਼ਬਾਰ ਚੱਕੀ । ਉਸ ਦੀਆਂ ਤੈਹਾਂ ਖੋਲ੍ਹ ਕੇ ਮੂੰਹਦੜੇ-ਮੂੰਹ ਪਏ ਪ੍ਰੇਮ ਨੂੰ ਇੱਕ ਵਾਰ ਫਿਰ ਤਾੜਵੀਆਂ ਨਜ਼ਰਾਂ ਨਾਲ ਨਿਹਾਰਿਆ । ਉਸ ਦਾ ਜੀਅ ਕੀਤਾ ਕਿ ਪ੍ਰੇਮ ਸਮੇਤ ਸਾਰੀਆਂ ਤਸਵੀਰਾਂ ਨੂੰ ਪੁਰਜਾ-ਪੁਰਜਾ ਕਰ ਕੇ ਫਰਸ਼ ਤੇ ਵਗਾਹ ਮਾਰੇ ਅਤੇ ਪਾਟੇ ਖਿਲਰੇ ਵਰਕਿਆਂ ਨੂੰ ਭਾਰੇ ਪੈਰਾਂ ਹੇਠ ਲਿਤਾੜਦਾ ਕਮਰਿਓਂ ਬਾਹਰ ਚਲਾ ਜਾਵੇ । ਉਸ ਦੀ ਛਾਤੀ ਅੰਦਰ ਉੱਠਿਆ ਜਵਾਰਭਾਟਾ ਪਲ-ਛਿੰਨ ਅੰਦਰ ਹੀ ਉਸ ਦੇ ਹੱਥਾਂ ਪੈਰਾਂ ਦੇ ਕੰਢਿਆਂ ਤੱਕ ਪਹੁੰਚ ਗਿਆ ।ਨਫ਼ਤਰ…..ਨਫ਼ਤਰ ਤੇ ਗੁੱਸੇ ਦੇ ਹੜ ਅੰਦਰ ਰੁੜ੍ਹਦੇ ਸਿਰੀ ਰਾਮ ਨੇ ਦੁਵੱਲਿਓਂ ਖਿੱਚੀ ਅਖ਼ਬਾਰ ਇਕੋ ਝੱਟਕੇ ਨਾਲ ਸਿੱਧੀ ਚੀਰ ਮਾਰੀ । ਮੁੱਖ ਪੰਨੇ ਤੇ ਛਪੀਆਂ ਕਈ ਸਾਰੀਆਂ ਲੋਥਾਂ,ਦੋ ਟੁੱਕ ਹੋ ਕੇ ਉਸ ਦੇ ਦੋਨਾਂ ਹੱਥਾਂ ਅੰਦਰ ਲਟਕ ਗਈਆਂ । ਪ੍ਰਸੰਨ-ਚਿੱਤ ਹੁੰਦਾ, ਉਹ ਕੁਝ ਚਿਰ ਲਈ  ਧੜਾਂ ਤੋਂ ਅਲੱਗ ਕੀਤੇ ਬੇਪਛਾਣ ਚਿਹਰਿਆਂ ਨੂੰ ਓਪਰੀ ਨਜ਼ਰੇ ਦੇਖਦਾ ਰਿਹਾ,ਜਿਨ੍ਹਾਂ ਦੀ ਨੁਹਾਰ ਉਸ ਨੂੰ ਇਕ-ਦੱਮ ਪ੍ਰੇਮ ਦੇ ਚਿਹਰੇ ਨਾਲ ਰਲਦੀ-ਮਿਲਦੀ ਜਾਪੀ,ਪਰ ਪ੍ਰੇਮ ਦੀਆਂ ਮੁੰਦ ਹੋਈਆਂ ਅੱਖਾਂ ਤੇ ਨਜ਼ਰ ਪੈਂਦਿਆਂ ਸਾਰ,ਉਸ ਦੀ ਮਜ਼ਬੂਤ ਪਕੜ,ਅੰਦਰਲੀ ਹਿਲਜੁਲ ਕਾਰਨ ,ਇਕ ਵਾਰ ਫਿਰ ਢਿੱਲੀ ਪੈ ਗਈ । ਉਸ ਨੂੰ ਜਾਪਿਆ ਕਿ ਪ੍ਰੇਮ ਦੇ ਬੇਜਾਨ ਚੌੜੇ ਮੱਥੇ ਤੇ ਖਿਲਰੀ ਆਪ-ਮੁਹਾਰੀ  ਅਪਣਤ,ਜਿਵੇਂ ਸ਼ਰਾਰਤ ਨਾਲ ਉਸ ਨੁੰ ਆਖ ਰਹੀ ਹੋਵੇ –ਆ ਜਾਊ…ਆ ਜਾਊ , ਛੇਤੀ ਪਹੁੰਚ ਜਾਊ ਤੇਰੀ ਡੱਬੀ ਬੰਦ ਮੇਮ…ਓਨਾਂ ਚਿਰ ਤੂੰ ਏਸੇ ਈ ਲਾਲੀ ਨਾਲ ਗੁਜ਼ਾਰਾ ਕਰੀ ਚਲ….’ ਪਰੰਤੂ ਉਸ ਦੀ ਛਾਤੀ ਅੰਦਰੋਂ ਵੱਗਿਆ ਧਰਤੀ ਰੰਗਦਾ ਲਹੂ ,ਘੂਰ-ਘੂਰ ਕੇ ਸਿਰੀ ਰਾਮ ਨੂੰ ਨਿਹਾਰਦਾ ਜਿਵੇਂ ਉੱਚੀ ਉੱਚੀ ਕੂਕ ਰਿਹਾ ਹੋਵੇ –‘ਓਏ ਲਾਲ,ਇਹ ਸਭ ਤੇਰੀ ਈ ਲੂੰਬੜਬਾਜ਼ੀ ਐ …ਆਪਣੀ ਦੁਕਾਨਦਾਰੀ ਖਾਤਰ ਤੂੰ ਪਿੰਡ ਦੇ ਸਾਰੇ ਲੋਕਾਂ ਨੁੰ ਗਧੀ-ਗੇੜ ਪਾਇਆ ਹੋਇਆ …ਕਿਸੇ ਨੁੰ ਉਧਾਰ ਦੇ ਕੇ ਨਰੜਿਆ ਹੋਇਆ ਕਿਸੇ ਨੂੰ ਵਿਆਜ ਨਾਲ …ਆਪਣਾ ਉੱਲੂ ਸਿੱਧਾ ਕਰਨ ਲਈ , ਕਿਸੇ ਹੱਥ ਲਾਠੀ ਫੜਾ ਰੱਖੀ ਐ ਕਿਸੇ ਹੱਥ ਗੋਲੀ…ਜਾਤਾਂ-ਗੋਤਾਂ,ਮਜ਼੍ਹਬਾਂ,ਧਰਮਾਂ ਦੀ ਆੜ ਹੇਠ ਕਦੀ ਕਿਸੇ ਦੀ ਪੂਛੀ ਹੱਥ ਲਾਉਂਦੈਂ , ਕਦੀ ਕਿਸੇ ਦੀ …ਤੇਰਾ ਗੁਰੂ-ਪੀਰ,ਧਰਮ-ਈਮਾਨ ਸਿਰਫ ਪੈਸਾ ਈ ਪੈਸਾ, ਜਿਹਦੀ ਖਾਤਰ ਤੂੰ ਆਪਣੀ ਅਜ਼ਮਤ-ਇੱਜ਼ਤ,ਧੀਆਂ ਪੁੱਤਰਾਂ ਦੇ ਸੌਦੇ ਕਰਨ ਤੋਂ ਗੁਰੇਜ਼ ਨਹੀਂ ਕਰਦਾ…ਅਪਣੇ ਸ਼ਰੀਕ ਤੈਂ ਨਿਹੱਥੇ ਕਰ ਕੇ ਸਾਰੇ ਈ ਪਿੰਡੋਂ ਭਜਾ ਤੇ ..ਤੇ ਆਹ ਜਿਹੜਾ ਅਲਾਟੀਆਂ ਨਾਲ ਚਲਦਾ ਇੱਟ-ਖੜਿਕਾ ਤੂੰ ਜਾਣ-ਬੁੱਝ ਕੇ ਲਮਕਾਈ ਤੁਰਿਆ ਆਊਨੈਂ,ਇਹ ਸਿਰਫ਼ ਮੇਰੇ ਵਰਗੇ ‘ਮਾਸਟਰਾਂ ’ ਦਾ ਜੀਆ-ਘਾਤ ਕਰਨ ਲਈ ਅਡੰਬਰ ਰਚਿਆ ਹੋਇਆ ਹੈ ,ਹੋਰ ਕੁਝ ਨਹੀਂ …ਓਏ ਚੌਰਿਆ, ਤੂੰ  ਆਪਣੀ ਛਾਤੀ ਤੇ ਹੱਥ ਰੱਖ ਕੇ ਦੱਸ ਖਾਂ , ਤੇਰਾ ਉਨ੍ਹਾਂ ਨਾਲ ਕੀ ਵੰਡਿਆ ਹੋਇਐ ? ਦੋਨੋਂ ਧਿਰਾਂ ਤੁਸੀਂ ਇਕੇ ਘੜੇ ਦੇ ਢੱਕਣ ਓ …ਤੁਹਾਡੀ ਗੱਲ-ਬਾਤ,ਮੇਲ-ਮਿਲਾਪ ,ਰਹਿਣੀ-ਬਹਿਣੀ ਨਾ ਪਿੰਡ ਦੇ ਲੋਕਾਂ ਨਾਲ ਰਲਦੀ ਐ , ਨਾ ਇਸ ਦੀ ਮਿੱਟੀ ਨਾਲ ਮੇਲ ਖਾਂਦੀ ਐ …ਤੁਸੀ ਜਿਸ ਥਾਲੀ ਅੰਦਰ ਖਾਂਦੇ ਓ ਓਸੇ ਅੰਦਰ ਹੀ ਹੱਗ….’

‘….ਇਓਂ ਤੇ ਜਾਹ ਫੇਰ ਇਓਂ ਹੀ ਸਹੀ ,ਨਾ ਫੇ….’ ਦੂਜੇ , ਤੀਜੇ ਤੇ ਫਿਰ ਚੌਥੇ ਝਟਕੇ ਨਾਲ ਕਈ ਟੋਟੇ ਕਰ ਕੇ ਫਰਸ਼ ਤੇ ਸੁੱਟੀ ਅਖਬਾਰ ਪੈਰਾਂ ਹੇਠ ਲਿਤਾੜਦੇ ਸਿਰੀ ਰਾਮ ਨੇ  ਮੋਢੇ ਤੋਂ ਤਿਲਕੀ ਸ਼ਾਲ ਦੀ ਬੁੱਕਲ ਘੁੱਟ ਕੇ ਕੱਸੀ ਤੇ ਵਿਚਕਾਰਲੇ ਦਰਵਾਜ਼ੇ ਰਾਹੀਂ ਲੰਘ ਕੇ ਦੁਕਾਨ ਦਾ ਬੰਦ ਪਿਆ ਸ਼ੱਟਰ ਜਾ ਖੋਲ੍ਹਿਆ , ਅਤੇ ਸ਼ਿਵਾਂ ਦੀ ਗੱਦੀ ਤੇ ਕਈਆਂ ਦਿਨ੍ਹਾਂ ਦਾ ਚੜ੍ਹਿਆ ਘੱਟਾ ਹੱਥ ਝਾੜੂ ਨਾਲ ਝਾੜਨ ਲੱਗ ਪਿਆ ।

—————————–

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>