ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 27 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਸਮੁੱਚੇ ਸੂਬਿਆਂ ਦੇ ਸਿੱਖਾਂ ਦਾ ਵੱਖਰਾਂ ਇਕੱਠ ਕੀਤਾ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ – “ਬਾਦਲ ਦਲ ਵੱਲੋਂ ਜੋ 27 ਜੁਲਾਈ ਨੂੰ ਪੰਥਕ ਕੰਨਵੈਨਸ਼ਨ ਦੇ ਨਾਮ ਦੀ ਦੁਰਵਰਤੋਂ ਕਰਕੇ ਜੋ ਸਿੱਖਾਂ ਵਿਚ ਆਪਸੀ ਖਾਨਾਜੰਗੀ ਕਰਵਾਕੇ ਆਪਣੇ ਸਿਆਸੀ ਅਤੇ ਪਰਿਵਾਰਿਕ ਮੁਫਾਦਾਂ ਦੀ ਪੂਰਤੀ ਲਈ ਸਾਜਿ਼ਸ ਰਚੀ ਗਈ ਹੈ, ਉਸ ਨੂੰ ਬਿਲਕੁਲ ਵੀ ਅਜਿਹਾ ਕਰਨ ਵਿਚ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ । ਹਿੰਦ, ਪੰਜਾਬ ਅਤੇ ਬਾਹਰਲੇ ਮੁਲਕਾਂ ਦੇ ਸਿੱਖਾਂ ਨੂੰ ਸਹੀ ਸਥਿਤੀ ਤੋ ਜਾਣੂ ਕਰਵਾਉਣ ਲਈ ਅਤੇ ਅਗਲੇ ਕੌਮੀ ਪੰਥਕ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ 27 ਜੁਲਾਈ ਵਾਲੇ ਦਿਨ ਹੀ ਅੰਮ੍ਰਿਤਸਰ ਵਿਖੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ, ਦਿੱਲੀ, ਉਤਰਾਚਲ, ਯੂਪੀ ਆਦਿ ਹੋਰ ਸੂਬਿਆਂ ਦੇ ਸਿੱਖਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹੋਏ “ਸਰਬੱਤ ਖ਼ਾਲਸੇ” ਦੇ ਰੂਪ ਵਿਚ ਇਕੱਠ ਕੀਤਾ ਜਾਵੇਗਾ । ਜਿਸ ਵਿਚ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸਿੱਖ ਕੌਮ ਨਾਲ ਸੰਬੰਧਤ ਧਾਰਮਿਕ, ਸਿਆਸੀ ਸੰਗਠਨਾਂ ਨੂੰ 27 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਇਸ ਹੋਣ ਵਾਲੇ ਇਕੱਠ ਵਿਚ ਪਹੁੰਚਣ ਦਾ ਸਤਿਕਾਰ ਸਾਹਿਤ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ । ਤਾਂ ਜੋ ਬਾਦਲ ਵੱਲੋਂ ਭਰਾਮਾਰੂ ਜੰਗ ਕਰਵਾਉਣ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੇ ਅਤਿ ਦੁੱਖਦਾਇਕ ਅਮਲਾਂ ਨੂੰ ਆਪਸੀ ਵਿਚਾਰ ਵਟਾਂਦਰੇ ਰਾਹੀ ਦ੍ਰਿੜਤਾ ਨਾਲ ਰੋਕਿਆ ਵੀ ਜਾ ਸਕੇ ਅਤੇ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਤਰ ਕਰਕੇ ਅਗਲੇ ਪੰਥਕ ਪ੍ਰੋਗਰਾਮ ਨੂੰ ਕਾਮਯਾਬ ਵੀ ਕੀਤਾ ਜਾ ਸਕੇ ।”

ਇਹ ਜਾਣਕਾਰੀ ਅੱਜ ਇਥੇ ਕਿਲ੍ਹਾ ਸ. ਹਰਨਾਮ ਸਿੰਘ (ਫ਼ਤਹਿਗੜ੍ਹ ਸਾਹਿਬ) ਵਿਖੇ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਸਿਆਸੀ ਮਾਮਲਿਆ ਦੀ ਕਮੇਟੀ ਮੈਂਬਰਾਂ, ਅਗਜੈਕਟਿਵ ਮੈਬਰਾਂ ਅਤੇ ਜਿ਼ਲ੍ਹਾ ਜਥੇਦਾਰਾਂ ਦੀ ਹੋਈ ਭਰਵੀ 6 ਘੰਟੇ ਚੱਲੀ ਲੰਮੀ ਮੀਟਿੰਗ ਵਿਚ ਡੂੰਘੀਆਂ ਵਿਚਾਰਾਂ ਹੋਣ ਉਪਰੰਤ ਸਰਬਸੰਮਤੀ ਨਾਲ ਹੋਏ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਿੱਤੀ । ਮੀਟਿੰਗ ਵਿਚ ਬਹੁਗਿਣਤੀ ਬੁਲਾਰਿਆ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲ ਵੱਲੋਂ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਹਰਿਆਣੇ ਅਤੇ ਪੰਜਾਬ ਦੇ ਸਿੱਖਾਂ ਵਿਚਕਾਰ ਆਪਸੀ ਖਾਨਾਜੰਗੀ ਕਰਵਾਉਣ ਦੇ ਲਈ ਹੋ ਰਹੇ ਦੁੱਖਦਾਇਕ ਅਮਲਾਂ ਦੀ ਪਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਬਾਦਲ ਦਲ ਨੂੰ ਖ਼ਬਰਦਾਰ ਕੀਤਾ ਕਿ ਉਹ ਅਜਿਹੀਆਂ ਸਿਆਸੀ ਚਾਲਾਂ, ਜਿਸ ਨਾਲ ਸਿੱਖ ਕੌਮ ਦਾ ਨੁਕਸਾਨ ਹੋਵੇ ਅਤੇ ਉਸਦੀ ਬਦਨਾਮੀ ਹੋਵੇ, ਉਸ ਤੋਂ ਤੋਬਾ ਕਰਕੇ ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮਸਲਿਆ ਨੂੰ ਆਪਣੀ ਭਾਈਵਾਲ ਸੈਟਰ ਦੀ ਬੀਜੇਪੀ ਹਕੂਮਤ ਤੋਂ ਹੱਲ ਕਰਵਾਵੇ । ਜੋ ਉਸ ਵੱਲੋਂ 27 ਜੁਲਾਈ ਨੂੰ ਪੰਥ ਦੇ ਨਾਮ ਤੇ ਇਕੱਠ ਕਰਕੇ ਸਿੱਖ ਕੌਮ ਨੂੰ ਭੜਕਾਉਣ ਦੇ ਅਮਲ ਹੋ ਰਹੇ ਹਨ, ਐਸ.ਜੀ.ਪੀ.ਸੀ. ਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਦੀ ਦੁਰਵਰਤੋ ਕੀਤੀ ਜਾ ਰਹੀ ਹੈ, ਇਸ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਸਿੱਖ ਕੌਮ ਬਿਲਕੁਲ ਬਰਦਾਸਤ ਨਹੀਂ ਕਰੇਗੀ ।

ਅੱਜ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ ਪਟਿਆਲਾ ਅਤੇ ਤਲਵੰਡੀ ਸਾਬੋ ਦੀਆਂ ਹੋ ਰਹੀਆਂ ਜਿਮਨੀ ਚੋਣਾਂ ਲਈ ਪਾਰਟੀ ਆਪਣੇ ਬਲਬੂਤੇ ‘ਤੇ ਦੋਵੇ ਸਥਾਨਾਂ ਤੇ ਇਹਨਾਂ ਅਸੈਬਲੀ ਹਲਕਿਆ ਵਿਚ ਚੰਗੀ ਸਾਖ ਰੱਖਣ ਵਾਲੇ ਬੇਦਾਗ ਇਮਾਨਦਾਰ ਉਮੀਦਵਰਾਂ ਨੂੰ ਖੜ੍ਹਾਕੇ ਇਹ ਸਿਆਸੀ ਜੰਗ ਦ੍ਰਿੜਤਾ ਨਾਲ ਲੜੀ ਜਾਵੇਗੀ । ਇਸ ਦੇ ਨਾਲ ਹੀ ਭਾਈ ਜਗਤਾਰ ਸਿੰਘ ਹਵਾਰਾ ਬੰਦੀ ਤਿਹਾੜ ਜੇਲ੍ਹ ਦੇ ਸਹੀ ਇਲਾਜ ਲਈ ਗਵਰਨਰ ਦਿੱਲੀ ਦੇ ਆਦੇਸ਼ ਹੋਣ ਦੇ ਬਾਵਜੂਦ ਵੀ ਤੁਰੰਤ ਏਮਜ ਹਸਪਤਾਲ ਵਿਚ ਇਲਾਜ ਨਾ ਕਰਨ ਦੇ ਅਮਲ ਹੁਕਮਰਾਨਾਂ ਦੀ ਸਿੱਖ ਕੌਮ ਪ੍ਰਤੀ ਬੇਈਮਾਨੀ ਨੂੰ ਜ਼ਾਹਰ ਕਰਦੇ ਹਨ । ਮੀਟਿੰਗ ਨੇ ਜੋਰਦਾਰ ਰੋਸ ਕਰਦੇ ਹੋਏ ਫਿਰ ਤੋਂ ਗਵਰਨਰ ਦਿੱਲੀ ਸ੍ਰੀ ਨਜੀਬ ਜੰਗ ਨੂੰ ਮਿਲਕੇ ਆਪਣੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਅਤੇ ਭਾਈ ਹਵਾਰਾਂ ਦਾ ਤੁਰੰਤ ਇਲਾਜ ਕਰਵਾਉਣ ਲਈ ਡੈਪੂਟੇਸ਼ਨ ਭੇਜਣ ਦਾ ਫੈਸਲਾ ਕੀਤਾ । ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਕਿ ਪੰਜਾਬ ਤੋਂ ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕਿਆ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ, ਪੰਜਾਬ ਦੇ ਹੈੱਡਵਰਕਸ, ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀਆਂ ਨੂੰ ਰੀਪੇਰੀਅਨ ਕਾਨੂੰਨ ਅਨੁਸਾਰ ਪ੍ਰਾਪਤ ਕਰਨ, ਸਿੱਖ ਰੈਫਰੈਸ ਲਾਇਬ੍ਰੇਰੀ ਵਿਚੋਂ ਫ਼ੌਜ ਵੱਲੋਂ ਲੁੱਟੀਆ ਗਈਆਂ ਕੌਮੀ ਦੁਰਲੱਭ ਵਸਤਾਂ ਅਤੇ ਇਤਿਹਾਸ ਨੂੰ ਪ੍ਰਾਪਤ ਕਰਨ, ਧਰਮੀ ਫੌਜੀਆਂ ਅਤੇ ਜੇਲ੍ਹਾ ਵਿਚ ਬੰਦੀ ਸਿੰਘਾਂ ਦੇ ਮਸਲੇ ਅਤੇ ਰਿਹਾਈ, ਆਲ ਇੰਡੀਆ ਗੁਰਦੁਆਰਾ ਐਕਟ, ਆਨੰਦ ਮੈਰਿਜ਼ ਐਕਟ ਬਣਵਾਉਣ ਲਈ, ਮੋਦੀ ਦੀ ਜਾਬਰ ਹਕੂਮਤ ਵੱਲੋਂ ਠੌਸੀ ਜਾ ਰਹੀ ਹਿੰਦੀ ਨੂੰ ਬਿਲਕੁਲ ਵੀ ਪ੍ਰਵਾਨ ਨਾ ਕਰਨ, ਫ਼ੌਜ ਵਿਚ ਸਿੱਖਾਂ ਦੀ ਭਰਤੀ ਦੇ ਕੋਟੇ ਨੂੰ ਵਧਾਉਣ, ਪੰਜਾਬ ਦੇ ਸਰਹੱਦੀ ਜਿ਼ਲ੍ਹਿਆਂ ਦੇ ਲਈ ਵਿਸ਼ੇਸ਼ ਪੈਕਟ ਲਈ, ਪੰਜਾਬ ਸਿਰ ਚੜ੍ਹੇ 1 ਲੱਖ ਦੇ ਕਰਜੇ ਨੂੰ ਖ਼ਤਮ ਕਰਵਾਉਣ ਆਦਿ ਮਸਲਿਆ ਲਈ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਫਿਰ ਤੋਂ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ । ਮੀਟਿੰਗ ਨੇ ਸਮੁੱਚੇ ਖ਼ਾਲਸਾ ਪੰਥ ਨੂੰ 27 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਵੱਲੋ ਕੀਤੇ ਜਾ ਰਹੇ ਕੌਮੀ ਇਕੱਠ ਵਿਚ ਪਹੁੰਚਣ ਦੀ ਜਿਥੇ ਅਪੀਲ ਕੀਤੀ, ਉਥੇ ਪੰਥਕ ਗ਼ਦਾਰਾਂ ਵੱਲੋ ਮੰਜ਼ੀ ਸਾਹਿਬ ਵਿਖੇ ਕੀਤੇ ਜਾ ਰਹੇ ਅਖੌਤੀ ਬਾਦਲ ਦਲੀਆਂ ਦੇ ਇਕੱਠ ਦਾ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ।

ਅੱਜ ਦੀ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ, ਸ. ਜਸਵੰਤ ਸਿੰਘ ਮਾਨ ਸਕੱਤਰ ਜਰਨਲ, ਸ. ਕਸ਼ਮੀਰ ਸਿੰਘ ਪੱਟੀ ਚੇਅਰਮੈਨ ਗੁਰਦੁਆਰਾ ਚੋਣਾਂ, ਜਥੇਦਾਰ ਭਾਗ ਸਿੰਘ ਸੁਰਤਾਪੁਰ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾ ਦੋਵੇ ਮੀਤ ਪ੍ਰਧਾਨ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰ੍ਰੋ. ਮਹਿੰਦਰਪਾਲ ਸਿੰਘ (ਜਰਨਲ ਸਕੱਤਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਰਣਜੀਤ ਸਿੰਘ ਚੀਮਾਂ, ਹਰਬੀਰ ਸਿੰਘ ਸੰਧੂ (ਦੋਵੇ ਸਕੱਤਰ), ਰਣਦੇਵ ਸਿੰਘ ਦੇਬੀ ਕੌਮੀ ਯੂਥ ਪ੍ਰਧਾਨ, ਗੁਰਨਾਮ ਸਿੰਘ ਸਿੰਗੜੀ, ਹਰਭਜਨ ਸਿੰਘ ਕਸ਼ਮੀਰੀ ਅਤੇ ਸਰੂਪ ਸਿੰਘ ਸੰਧਾ ਪ੍ਰਧਾਨ ਪਟਿਆਲਾ, ਅਵਤਾਰ ਸਿੰਘ ਖੱਖ ਹੁਸਿਆਰਪੁਰ, ਗੁਰਬਚਨ ਸਿੰਘ ਪਵਾਰ ਗੁਰਦਾਸਪੁਰ, ਗੁਰਬਿੰਦਰ ਸਿੰਘ ਜੌਲੀ ਬਟਾਲਾ, ਅਮਰੀਕ ਸਿੰਘ ਨੰਗਲ ਅੰਮ੍ਰਿਤਸਰ, ਰਣਜੀਤ ਸਿੰਘ ਸੰਘੇੜਾ ਬਰਨਾਲਾ, ਹਰਜੀਤ ਸਿੰਘ ਸਜੂਮਾ ਸੰਗਰੂਰ, ਇਕਬਾਲ ਸਿੰਘ ਬਰੀਵਾਲਾ ਮੁਕਤਸਰ, ਦਵਿੰਦਰ ਸਿੰਘ ਖਾਨਖਾਨਾ ਨਵਾਂ ਸ਼ਹਿਰ, ਫੌਜਾਂ ਸਿੰਘ ਧਨੋਰੀ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਕੁੱਸਾ, ਰਣਜੀਤ ਸਿੰਘ ਸੰਤੋਖਗੜ੍ਹ, ਬੀਬੀ ਤੇਜ ਕੌਰ, ਰਜਿੰਦਰ ਸਿੰਘ ਛੰਨਾ, ਗੁਰਨੈਬ ਸਿੰਘ ਨੈਬੀ, ਬਲਕਾਰ ਸਿੰਘ ਭੁੱਲਰ, ਸਹਿਬਾਜ ਸਿੰਘ ਡਸਕਾ, ਬਹਾਦਰ ਸਿੰਘ ਭਸੋੜ, ਕਰਮ ਸਿੰਘ ਭੋਈਆ, ਤਰਲੋਕ ਸਿੰਘ ਡੱਲ੍ਹਾ ਜਗਰਾਓ, ਦੀਦਾਰ ਸਿੰਘ ਰਾਣੋ, ਸਵਰਨ ਸਿੰਘ ਫਾਟਕ ਮਾਜਰੀ ਫ਼ਤਿਹਗੜ੍ਹ ਸਾਹਿਬ ਆਦਿ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ ਨੇ ਵਿਚਾਰਾਂ ਸਹਿਤ ਸਮੂਲੀਅਤ ਕੀਤੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>