ਵਾਸ਼ਿੰਗਟਨ – ਅਮਰੀਕਾ ਨੇ ਇਰਾਕ ਵਿੱਚ ਅੱਤਵਾਦੀ ਸੰਗਠਨ ਆਈਐਸਆਈਐਸ ਦੀ ਵੱਧ ਰਹੀ ਪਾਵਰ ਨੂੰ ਠਲ੍ਹ ਪਾਉਣ ਲਈ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। 2011 ਵਿੱਚ ਇਰਾਕ ਛੱਡਣ ਤੋਂ ਬਾਅਦ ਅਮਰੀਕਾ ਪਹਿਲੀ ਵਾਰ ਇਸ ਖੇਤਰ ਵਿੱਚ ਸੈਨਿਕ ਕਾਰਵਾਈ ਕਰ ਰਿਹਾ ਹੈ।
ਸ਼ੁਕਰਵਾਰ ਨੂੰ ਅਮਰੀਕੀ ਹਵਾਈ ਸੈਨਾ ਦੇ ਦੋ ਐਫ-ਏ 18 ਜਹਾਜ਼ਾਂ ਨੇ ਉਤਰੀ ਇਰਾਕ ਦੇ ਇਰਬਿਲ ਵਿੱਚ ਆਈਐਸਆਈਐਸ ਦੇ ਤੋਪਖਾਨੇ ਤੇ ਭਾਰੀ ਬੰਬਾਰੀ ਕੀਤੀ। ਇਸ ਖੇਤਰ ਵਿੱਚ 500 ਪੌਂਡ ਤੱਕ ਦੇ ਬੰਬ ਸੁੱਟੇ ਗਏ। ਅੱਤਵਾਦੀ ਸੁੰਨੀ ਮੁਸਲਮਾਨਾਂ ਦਾ ਸੰਗਠਨ ਆਈਐਸਆਈਐਸ ਇਸ ਤੋਪਖਾਨੇ ਦਾ ਇਸਤੇਮਾਲ ਇਰਬਿਲ ਦੀ ਸੁਰੱਖਿਆ ਕਰ ਰਹੀ ਕੁਰਦ ਸੈਨਾ ਤੇ ਕਰਨ ਵਾਲਾ ਸੀ। ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਇਨ੍ਹਾਂ ਹਮਲਿਆਂ ਵਿੱਚ ਕਿੰਨਾਂ ਨੁਕਸਾਨ ਹੋਇਆ ਹੈ। ਅਮਰੀਕੀ ਹਵਾਈ ਸੈਨਾ ਨੇ ਸਿੰਜਰ ਪਹਾੜ ਤੇ ਫਸੇ ਲੋਕਾਂ ਦੇ ਲਈ ਪਾਣੀ ਅਤੇ ਖਾਣੇ ਦੇ ਪੈਕਟ ਸੁੱਟੇ। ਪਾਰਸੀਆਂ ਦੇ ਕਰੀਬ ਮੰਨੇ ਜਾਂਦੇ ਯਾਜਿਦੀ ਕਮਿਊਨਿਟੀ ਦੇ 50 ਹਜ਼ਾਰ ਲੋਕ ਸਿੰਜਰ ਪਹਾੜ ਤੇ ਫਸੇ ਹੋਏ ਹਨ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਸੈਨਾ ਨੂੰ ਵੀਰਵਾਰ ਨੂੰ ਹੀ ਆਈਐਸਆਈਐਸ ਦੇ ਖਿਲਾਫ਼ ਹਵਾਈ ਹਮਲੇ ਕਰਨ ਦੀ ਇਜ਼ਾਜਤ ਦੇ ਦਿੱਤੀ ਸੀ। ਇਰਬਿਲ ਵਿੱਚ ਅਮਰੀਕੀ ਅਧਿਕਾਰੀਆਂ ਦੇ ਅਤੇ ਸੈਨਿਕ ਸਲਾਹਕਾਰਾਂ ਦੇ ਆਫਿਸ ਹਨ। ਰਾਸ਼ਟਰਪਤੀ ਓਬਾਮਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇ ਇਸ ਅੱਤਵਾਦੀ ਸੰਗਠਨ ਨੇ ਕੁਰਦਿਸ਼ ਸੂਬੇ ਦੀ ਰਾਜਧਾਨੀ ਇਰਬਿਲ ਵੱਲ ਆਪਣੇ ਕਦਮ ਵਧਾਏ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਹੋਵੇਗੀ।