ਕੀ ਭਾਲਦੇ ਹੋ ਹੈ ਤਿਆਗ ਵਿਹੂਣੇ ਆਗੂਆਂ ਤੋਂ ਪੰਜਾਬੀਉ ?

ਗੁਰਚਰਨ ਪੱਖੋਕਲਾਂ

ਪੰਜਾਬ ਦੀ ਗੁਰੂਆਂ ਦੇ ਨਾਂ ਤੇ ਵੱਸਣ ਵਾਲੀ  ਕਿਰਤੀ ਪੰਜਾਬੀ ਲੋਕਾਂ ਦੀ ਦੁਨੀਆਂ ਜਦ ਤਬਾਹ ਹੁੰਦੇ ਪੰਜਾਬ ਦੀ ਹੋਣੀ ਦੇਖਦੀ ਹੈ ਮੁੜ ਮੁੜ ਰਾਜਨੀਤਕਾਂ ਵੱਲ ਦੇਖਣ ਲੱਗਦੀ ਹੈ ਕਿ ਸਾਇਦ ਇੰਹਨਾਂ ਵਿੱਚੋਂ ਹੀ ਕੋਈ ਪੰਜਾਬ ਦਾ ਤਾਰਨਹਾਰ ਹੋਵੇਗਾ । ਵਰਤਮਾਨ ਸਮੇਂ ਵਿੱਚ ਪੇਸੇਵਰਾਨਾ ਜਮਾਨੇ ਵਿੱਚ ਖਪਤਕਾਈ ਯੁੱਗ ਦੀ ਪੈਦਾਇਸ ਵਿੱਚ ਵਪਾਰਕ ਵਿਦਿਆ ਪੜੇ ਹੋਏ ਰਾਜਨੀਤਕਾਂ ਤੋਂ ਕੋਈ ਆਸ ਰੱਖਣੀ ਉੱਠ ਦੇ ਬੁੱਲ ਡਿੱਗਣ ਵਰਗੀ ਆਸ ਹੈ ਜੋ ਕਦੇ ਪੂਰੀ ਨਹੀਂ ਹੋਵੇਗੀ ਕਿਉਂਕਿ ਇਹਨਾਂ ਵਿੱਚੋਂ ਕਿਸੇ ਕੋਲ ਵੀ ਤਿਆਗ ਦੀ ਬਿਰਤੀ ਹੀ ਨਹੀਂ ਹੈ ਅਤੇ ਨਾਂ ਹੀ ਇੰਹਨਾਂ ਵਿੱਚੋਂ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਸਾਰੀ ਉਮਰ ਵਿੱਚ ਉਹਨਾਂ ਦੀ ਜਰੂਰਟਤ ਹੀ ਕੀ ਹੈ । ਕੁਦਰਤ ਦਾ ਸਭ ਤੋਂ ਵਿਕਸੳਤ ਮਨੁੱਖ ਅਤੇ ਵਰਤਮਾਨ  ਵਪਾਰੀ ਆਗੂ ਲੋਕ ਇਹ ਹੀ ਨਹੀਂ ਜਾਣਦੇ ਕਿ ਸਾਰੀ ਸੌ ਸਾਲ ਦੀ ਉਮਰ ਵਿੱਚ ਸਿਰਫ 120 ਕਵਿੰਟਲ ਅਨਾਜ ਹੀ ਖਾ ਸਕਦਾ ਹੈ ਦੂਸਰਾ ਤਰਲ ਪਦਾਰਥ ਜੋ ਕੁਦਰਤ ਨੇ ਮੁਫਤ ਦੇ ਰੱਖਿਆਂ ਹੈ ਜਰੂਰ 90 ਹਜਾਰ ਲੀਟਰ ਪੀ ਸਕਦਾ ਹੈ । ਪਰ ਸਾਡੇ ਵਰਤਮਾਨ ਆਗੂ ਤਾਂ ਹਜਾਰਾਂ ਏਕੜਾਂ ਦੇ ਮਾਲਕ ਹੋਣ ਦੇ ਬਾਵਜੂਦ ਏਨੇਂ ਭੁੱਖੇ ਹਨ ਕਿ ਉਹਨਾਂ ਨੂੰ ਕੌਰੂੰ ਬਾਦਸਾਹ ਦੀ ਤਰਾਂ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਤਰਾਂ ਜਿਧਰ ਵੀ ਮਾਇਆਂ ਦਿਖਾਈ ਦਿੰਦੀ ਹੈ ਲੁੱਟਣ ਤੁਰ ਪੈਂਦੇ ਹਨ । ਸਾਡੇ ਵਰਤਮਾਨ ਰਾਜਨੀਤਕ ਆਗੂ ਪੰਜਾਬ ਤੋਂ ਬਾਹਰ ਤਾਂ ਲੁੱਟ ਨਹੀਂ ਸਕਦੇ ਸੋ ਇਹਨਾਂ ਨੇ ਆਪਣੇ ਘਰ ਪੰਜਾਬ ਵਿੱਚ ਵਸਦੇ ਪੰਜਾਬੀਆਂ ਨੂੰ ਹੀ ਲੁੱਟਣ ਵਿੱਚ ਇਨਕਲਾਬ ਸਮਝ ਰੱਖਿਆਂ ਹੈ । ਗੁਰੂਆਂ ਪੀਰਾਂ ਫਕੀਰਾਂ ਦੇ ਨਾਂ ਤੇ ਵੱਸਦੇ ਪੰਜਾਬੀ ਦੀ ਵਿਰਾਸਤ ਤਾਂ ਲੋੜਵੰਦਾਂ ਦੀ ਸੇਵਾ ਕਰਨਾਂ ਹੈ ਪਰ ਸਾਡੇ ਧਰਮ ਵਿਹੂਣੇ ਆਗੂ ਸੇਵਾ ਕਰਨ ਦੀ ਥਾਂ ਸੇਵਾ ਕਰਵਾਉਣਾਂ ਹੀ ਪਰਮੋ ਧਰਮ ਸਮਝਣ ਲੱਗ ਪਏ ਹਨ  । ਗੁਰੂਆਂ ਨੇ ਕਿਹਾ ਹੈ ਕਿ ਧਰਮੀ ਰਾਜਾ ਰਾਜ ਕਰੈ ਪਰਜਾ ਸੁੱਖੀ ਵਸੈ ਪਰ ਪਰਜਾ ਜਿਸ ਤਰਾਂ ਖੁਦਕਸੀਆਂ ਕਰਨ ਵੱਲ ਜਾ ਰਹੀ ਹੈ ਨੂੰ ਦੇਖਕੇ ਕਹਿਣ ਲਈ ਕੁੱਝ ਬਾਕੀ ਹੀ ਨਹੀਂ ਬਚਦਾ ।

ਨਿੱਤ ਦਿਨ ਦੇਸ ਦੀ ਰਾਜਨੀਤੀ ਵਿੱਚ ਨਵੇਂ ਨਵੇਂ ਲੁਟੇਰੇ ਅੰਤਰ ਰਾਸਟਰੀ ਵਪਾਰਕ ਕੰਪਨੀਆਂ ਦੇ ਏਜੰਟ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਪਾਰਟੀਆਂ ਬਣਾ ਰਹੇ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਨਵੇਂ ਵਿਚਾਰਾਂ ਅਤੇ ਨਵੇਂ ਸਬਜਬਾਗ ਦਿਖਾਕੇ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ । ਇਸ ਤਰਾਂ ਦਾ ਹੀ ਵਰਤਾਰਾ ਆਮ ਆਦਮੀ ਦੇ ਨਾਂ ਤੇ ਖਾਸ ਲੋਕਾਂ ਦੇ ਏਜੰਟ ਆਦਮੀਆਂ ਵੱਲੋਂ ਖੇਡਿਆਂ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਪੈਸੇ ਦੀ ਹਵਸ ਦਾ ਸਿਕਾਰ ਪੂਰੇ ਦੇ ਪੂਰੇ ਭੁੱਖੇ ਲੋਕ ਨਿੱਤ ਦਿਨ ਡਰਾਮੇ ਕਰ ਰਹੇ ਹਨ  ਜਿੰਹਨਾਂ ਵਿੱਚ ਮਸਖਰੇ ਅਤੇ ਪੈਸਾ ਕਮਾਊ ਲੋਕ ਲੋਕ ਸੇਵਾ ਵਾਲੇ ਧੰਦਿਆਂ ਵਿੱਚੋਂ ਵੀ ਕਰੋੜਾਪਤੀ ਬਣੇ ਹੋਏ ਹਨ ਅਤੇ ਨਕਾਬ ਪਹਿਨੇ ਹੋਏ ਹਨ ਇਮਾਨਦਾਰੀਆਂ ਅਤੇ ਸਮਾਜਸੇਵਾ ਦੇ । ਇੱਕ ਨੇਤਾ ਆਪਣੇ ਪਿੰਡ ਦੇ ਭਾਈਚਾਰੈ ਨੂੰ ਪਿੱਛੜੇ ਗਰਦਾਨ ਕੇ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਹੱਦਾ ਲੰਘਦਾ ਹੋਇਆ ਪਟਿਆਲੇ ਅਤੇ ਚੰਡੀਗੜ ਨੂੰ ਤਿਆਗ ਕੇ ਅਮਰੀਕਾ ਤੱਕ ਘਰ ਬਣਾਈ ਅਤੇ ਵਸਾਈ ਬੈਠਾ ਹੈ ਅਤੇ ਇਸ ਆਗੂ ਨੂੰ ਸਾਰੇ ਪੰਜਾਬ ਵਿੱਚ ਇੱਕ ਕੁੜੀ ਵੀ ਵਿਆਹ ਕਰਵਾਉਣ ਲਈ ਪਸੰਦ ਨਹੀਂ ਆਈ ਬਲਕਿ ਅਮਰੀਕਾ ਦੀ ਪੈਸਾ ਕਮਾਊ ਅਤੇ ਗਰੀਨ ਕਾਰਡ ਦਿਵਾਊ ਕੁੜੀ ਹੀ ਪਸੰਦ ਆਈ ਹੈ ਇਹੋ ਜਿਹਾ ਬੇਸਬਰਾ ਅਤੇ ਪੰਜਾਬੀਆਂ ਦੇ ਮਣਾਂ ਮੂੰਹੀ ਪਿਆਰ ਹਾਸਲ ਕਰਨ ਵਾਲਾ ਨਾਂ ਸੁਕਰਾ ਬੰਦਾਂ ਪੰਜਾਬੀਆਂ ਨੂੰ ਕੀ ਦੇ ਦੇਵੇਗਾ ? ਆਪਣੇ ਪਿੰਡ ਵਾਲਿਆਂ ਦਾ ਮਜਾਕ ਉਡਾਉਣ ਵਾਲਾ ਇਹ ਨੇਤਾ ਜਿਸ ਕੋਲ ਪੰਜਾਬ ਦੀ ਆਰਥਿਕਤਾ ਅਤੇ ਬੇਰੁਜਗਾਰੀ ਬਾਰੇ ਬੋਲਣ ਲਈ ਕੋਈ ਯੋਜਨਾਂ ਨਹੀ ਸਿਰਫ ਲੋਕਾਂ ਨੂੰ ਹਸਾਕੇ ਹੀ ਲੁਟਣਾਂ ਭਾਲਦਾ ਹੈ । ਆਪਣੇ ਸੰਘਰਸ ਦੇ ਦਿਨਾਂ ਦੇ ਸਾਥੀ ਰਹੇ ਕਲਾਕਾਰਾਂ ਦੀ ਆਰਥਿਕ  ਲੁੱਟ ਕਰਕੇ ਵੱਡੀਆਂ ਮੀਡੀਆਂ ਕੰਪਨੀਆਂ ਨਾਲ ਸੌਦੇਬਾਜੀਆਂ ਕਰਨ ਦਾ ਮਾਹਿਰ ਆਪਣੇ ਰਾਜਨੀਤਕਾਂ ਨਾਲ ਵੀ ਰਾਤੋ ਰਾਤ ਡਰਾਮਾ ਖੇਡਣ ਦਾ ਮਾਹਰ ਪੰਜਾਬ ਨੂੰ ਖੂਹ ਵਿੱਚ ਧੱਕਾ ਦੇਣ ਵਾਲਾ ਹੀ ਹੋਵੇਗਾ । ਪੰਜਾਬੀ ਸਭਿਆਚਾਰ ਨੂੰ ਗੰਦ ਦੇ ਵਿੱਚ ਡੋਬਣ ਵਾਲਿਆਂ ਦੀ ਪੁਸਤ ਪਨਾਹੀ ਕਰਕੇ ਕਿਹੋ ਜਿਹਾ ਇਨਕਲਾਬ ਦੇਵੇਗਾ ਸੌਖਾ ਹੀ ਸਮਝਿਆ ਜਾ ਸਕਦਾ ਹੈ।

ਵਰਤਮਾਨ ਸਥਾਪਤ ਧਿਰਾਂ ਕਾਂਗਰਸ ਅਤੇ ਅਕਾਲੀਆਂ ਵਿੱਚ ਵੀ ਆਪਣੇ ਵੱਡਿਆਂ ਦੀਆਂ ਲੱਤਾਂ ਅਤੇ ਗੋਡਿਆਂ ਨੂੰ ਘੁੱਟਣ ਵਾਲੇ ਚਮਚਾ ਕਿਸਮ ਦੀ ਲੀਡਰਸਿਪ ਹੀ ਵਿਕਾਸ ਕਰ ਰਹੀ ਹੈ । ਪੰਜਾਬ ਦੀ ਦਿਵਾਲੀਆ ਹੋਈ ਆਰਥਿਕਤਾ ਨੂੰ ਕਿਨਾਰੇ  ਲਾਉਣ ਵਾਲ ਇੱਕ ਵੀ ਦਲੇਰ ਅਤੇ ਭੁੱਖ ਰਹਿਤ ਤਿਆਗੀ ਅਤੇ ਧਰਮੀ ਰਾਜਨੀਤਕ ਦਿਖਾਈ ਨਹੀਂ ਦਿੰਦਾਂ । ਭਾਵੇਂ ਰਾਜਨੀਤੀ ਵਿੱਚ ਬਹੁਤ ਸਾਰੇ ਲੋਕ ਇਮਾਨਦਾਰ ਹੁੰਦੇ ਹਨ ਪਰ ਪੰਜਾਬ ਦੇ ਨਵੇਂ ਬਣੇ ਹਾਲਾਤਾਂ ਨੂੰ ਸਮਝਣ ਵਾਲਾ ਅਤੇ ਠੀਕ ਕਰਨ ਦੀ ਸੋਚ ਕਿਸੇ ਵਿੱਚ ਵੀ ਹਾਲੇ ਤੱਕ ਦਿਖਾਈ ਨਹੀਂ ਦਿੰਦੀ । ਮੌਤ ਦੀ ਬਾਜੀ ਅਤੇ ਸੇਰ ਵਰਗੀ ਗਰਜ ਵਾਲਾ ਆਗੂ ਹੀ ਵਰਤਮਾਨ ਰਾਜਨੀਤਕ ਬਘਿਆੜਾਂ ਨੂੰ ਲਲਕਾਰ ਸਕਦਾ ਹੈ ਜੋ ਪੰਜਾਬ ਦੀ ਡੁਬਦੀ ਬੇੜੀ ਵਿੱਚ ਸਵਾਰ ਲੋਕਾਂ ਨੂੰ ਕਿਨਾਰੇ ਲਿਜਾ ਸਕੇ । ਪੰਜਾਬ ਅਤੇ ਪੰਜਾਬੀਆਂ ਦੀ ਇੱਜਤ ਦਾਅਤੇ ਲੱਗੀ ਹੋਈ ਹੈ । ਧੌਣ ਉੱਚੀ ਕਰਕੇ ਭੁੰਨੇ ਛੋਲਿਆਂ ਨੂੰ ਖਾਕੇ ਗੁਜਾਰਾ ਕਰਨ ਵਾਲੇ ਪੰਜਾਬੀ ਕਰਜਾਈ ਹੋਣ  ਕਾਰਨ ਨਿੰਮੋਝੂਣੇ ਹੋਏ ਪਏ ਹਨ ਅਤੇ ਧੌਣਾਂ ਨਿਵਾਈ ਜਿੰਦਗੀ ਜਿਉਣ ਲਈ ਮਜਬੂਰ ਹਨ । ਪੰਜਾਬ ਦੇ ਰਾਜਨੀਤਕ ਆਗੂ ਨਿੱਤ ਦਿਨ ਦਿੱਲੀ ਹਕੂਮਤ ਅਤੇ ਦੇਸ ਦੇ ਵੱਡੇ ਆਗੂਆਂ ਅਤੇ ਮੰਤਰਈਆਂ ਪੂਰੇ ਮੰਗਤੇ ਬਣੇ ਖੜੇ ਦੇਖਦੇ ਹਾਂ । ਦੇਸ ਨੂੰ ਰਜਾਉਣ ਵਾਲਾ ਪੰਜਾਬ ਅਤੇ ਪੰਜਾਬੀ ਮੰਗਤੇ ਬਣੇ ਦੇਖਕੇ  ਕੀ ਕਿਹਾ ਜਾਵੇ ਸਬਦ ਭਾਲਣੇ ਵੀ ਔਖੇ ਹਨ । ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਕਿ ਮੇਰਾ ਸਿੱਖ ਮੇਰਾ ਪੰਥ ਕਦੇ ਵੀ ਕਰਜਾਈ ਨਹੀ ਹੋਣਾਂ ਚਾਹੀਦਾ ਕਿਧਰੇ ਭੁਲਾ ਦਿੱਤਾ ਗਿਆ ਹੈ । ਕਰਜਾਈ ਲੋਕ ਅਤੇ ਕਰਜਾਈ ਸੂਬਾ ਧੌਣ ਉੱਚੀ ਕਰ ਹੀ ਨਹੀਂ ਸਕਦਾ ਅਤੇ ਧੋਣ ਨਿਵਾਕੇ ਤੁਰਨ ਵਾਲਾ ਕੋਈ ਵੀ ਮੇਰੇ ਗੁਰੂ ਦਾ ਸਿੱਖ ਜਾਂ ਪੰਥ ਹੋ ਹੀ ਨਹੀਂ ਸਕਦਾ ।

ਵਰਤਮਾਨ ਸਮੇਂ ਵਿੱਚ ਪੰਜਾਬੀ ਲੋਕਾਂ ਸੱਚ ਧਰਮ ਦੀ ਸੋਚ ਤੋਂ ਵਿਹੂਣੇ ਕਰ ਦਿੱਤੇ ਗਏ ਹਨ ਅਤੇ ਇਹਨਾਂ ਨੂੰ ਆਸ ਲੁਟੇਰੀ ਵਿਦਿਆ ਪੜੇ ਹੋਏ ਲੋਕਾਂ ਤੋਂ ਹੀ ਹੋਈੌ ਪਈ ਹੈ । ਜਦਕਿ ਡੁਬਦੀਆਂ ਬੇੜੀਆਂ ਨੂੰ ਜਾਨਾਂ ਦੀ ਬਾਜੀ ਲਾਉਣ ਵਾਲੇ ਮਲਾਹ ਹੀ ਪਾਰ ਲਾਉਂਦੇ ਹਨ ਜੋ  ਜਰੂਰੀ ਨਹੀਂ ਪੜੇ ਲਿਖੇ ਹੀ ਹੋਣ ਜਾਂ ਜਿਆਦਾ ਡਰਾਮੇ ਕਰਨ ਵਾਲੇ ਹੀ ਹੋਣ । ਦੂਜਿਆ ਦੇ ਲਈ ਜਾਨ ਦੀ ਬਾਜੀ ਲਾਉਣ ਵਾਲਾ ਹੀ ਮੋਹ ਅਤੇ ਮਾਇਆਂ ਰਹਿਤ ਹੁੰਦਾਂ ਹੈ ਅਤੇ ਤਿਆਗੀ ਜਾਂ ਸਬਰ ਵਾਲਾ ਹੋਣਾਂ  ਹੀ ਉਸਦੀ ਨਿਸਾਨੀ ਹੁੰਦੀ ਹੈ । ਧੋਤੇ ਦਿਮਾਗਾਂ ਵਾਲੇ ਪੰਜਾਬੀ ਬੁਧੀਜੀਵੀ ਅਖਵਾਉਂਦੇ ਲੋਕ ਜੋ ਲੁਟੇਰਿਆਂ  ਰਾਜਨੀਤਕਾਂ ਨਾਲ ਗੱਠਜੋੜ ਕਰੀ ਬੈਠੇ ਹਨ ਆਮ ਪੰਜਾਬੀ ਲੋਕਾਂ ਨੂੰ ਹਰ ਪਰਚਾਰ ਸਾਧਨ ਤੇ ਗੁੰਮਰਾਹ ਕਰਨ ਦਾ ਯੁੱਧ ਛੇੜੀ ਬੈਠੇ ਹਨ । ਆਮ ਪੰਜਾਬੀਆਂ ਨੂੰ ਹੀ ਇੱਕ ਦਿਨ ਇਹ ਪਛਾਣ ਕਰਨੀਂ ਪਵੇਗੀ । ਆਮ ਲੋਕ ਬੋਲਦੇ ਘੱਟ ਸਮਝਦੇ ਵੱਧ ਹੁੰਦੇ ਹਨ ਜਿਸ ਦਿਨ ਵਕਤ ਆਇਆ ਰੱਬ ਦਾ ਰੂਪ ਆਮ ਲੋਕ ਹੀ ਖਾਸ ਲੋਕਾਂ ਨੂੰ ਧੋਬੀ ਪਟੜਾ ਜਰੂਰ ਮਾਰਨਗੇ । ਜਿਸ ਦਿਨ ਆਮ ਪੰਜਾਬੀਆਂ ਨੇ ਨਵਾਂ ਸਿਰਜਣ ਦਾ ਫੈਸਲਾ ਕਰ ਲਿਆ ਉਸ ਦਿਨ ਜਰੂਰ ਹੀ ਇਤਿਹਾਸ ਦੁਬਾਰਾ ਲਿਖਿਆ ਜਾਵੇਗਾ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>