ਬਾਦਲ-ਬੀਜੇਪੀ ਸਰਕਾਰ ਵੱਲੋਂ ਅਮਰੀਕ ਸਿੰਘ ਨੰਗਲ ਨੂੰ ਚੁੱਕਣਾ ਅਤੇ ਈ.ਟੀ.ਟੀ. ਅਧਿਆਪਕਾਂ ਉਤੇ ਲਾਠੀਚਾਰਜ ਕਰਨਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ – “ਬਹੁਤ ਦੁੱਖ ਅਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜੋ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਮੁਤੱਸਵੀ ਸਿੱਖ ਵਿਰੋਧੀ ਜਮਾਤ ਬੀਜੇਪੀ ਨਾਲ ਪਤੀ-ਪਤਨੀ ਦਾ ਰਿਸਤਾ ਰੱਖਦੇ ਹਨ, ਉਹ ਆਰ.ਐਸ.ਐਸ. ਦੇ ਮੁੱਖੀ ਭਗਵਤ ਵੱਲੋ ਸਿੱਖ ਕੌਮ ਨੂੰ ਹਿੰਦੂਆਂ ਦਾ ਹਿੱਸਾ ਗਰਦਾਨਣ ਦੇ ਠੇਸ ਪਹੁੰਚਾਉਣ ਵਾਲੀ ਬਿਆਨਬਾਜ਼ੀ ਉਪਰੰਤ ਵੀ ਮੂੰਹ ਨੂੰ ਜਿ਼ੰਦਰੇ ਲਗਾਕੇ ਬੈਠੇ ਹਨ । ਦੂਸਰੇ ਪਾਸੇ ਆਪੇ-ਆਪ ਨੂੰ ਪੰਥ ਦੇ ਵੱਡੇ ਖੈਰ-ਗਵਾਹ ਵੀ ਅਖ਼ਵਾਉਦੇ ਹਨ । ਜਦੋ ਆਰ.ਐਸ.ਐਸ, ਸਿ਼ਵ ਸੈਨਾ ਅਤੇ ਹੋਰ ਫਿਰਕੂ ਸੰਗਠਨ ਰੋਜਾਨਾ ਹੀ ਸੋਸਲ ਮੀਡੀਏ ਅਤੇ ਅਖ਼ਬਾਰਾਂ ਵਿਚ ਅਤਿ ਸ਼ਰਮਨਾਕ ਅਤੇ ਅਪਮਾਨਜਨਕ ਸ਼ਬਦਾਬਲੀ ਰਾਹੀ ਜ਼ਲੀਲ ਕਰਦੇ ਹਨ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਦੀ “ਪੰਥ ਹਿਤੈਸੀ” ਦੀ ਸੋਚ ਅਤੇ ਅਮਲ ਸਾਹਮਣੇ ਕਿਉਂ ਨਹੀਂ ਆਉਦੇ ? ਇਹ ਆਗੂ ਇਹਨਾਂ ਫਿਰਕੂਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋ ਕਿਉਂ ਭੱਜ ਜਾਂਦੇ ਹਨ ? ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਗੁਲਾਮੀਅਤ ਵਾਲੇ ਦਿਨ 15 ਅਗਸਤ ਦੇ ਸਮਾਗਮਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਦਾ ਸਿੱਖ ਕੌਮ ਨੂੰ ਸੱਦਾ ਦਿੱਤਾ ਹੈ, ਤਾਂ ਬੀਜੇਪੀ ਅਤੇ ਆਰ.ਐਸ.ਐਸ. ਦੇ ਹੁਕਮਾ ਤੇ ਬਾਦਲ ਦਲ ਦੀ ਪੁਲਿਸ ਸਾਡੇ ਜਿ਼ਲ੍ਹਾ ਪ੍ਰਧਾਨਾਂ, ਅਗਜੈਕਟਿਵ ਮੈਬਰਾਂ ਅਤੇ ਅਹੁਦੇਦਾਰਾਂ ਨੂੰ ਗੈਰ ਕਾਨੂੰਨੀ ਤਰੀਕੇ ਚੁੱਕ ਕੇ ਬੰਦੀ ਬਣਾਉਣ ਦੇ ਅਮਲ ਸੁਰੂ ਕਰ ਦਿੱਤੇ ਹਨ । ਅੰਮ੍ਰਿਤਸਰ ਦੇ ਦਿਹਾਤੀ ਪ੍ਰਧਾਨ ਸ. ਅਮਰੀਕ ਸਿੰਘ ਨੰਗਲ ਨੂੰ ਚੁੱਕ ਕੇ ਗ੍ਰਿਫ਼ਤਾਰ ਕਰਨ ਦੇ ਅਮਲ ਬੇਇਨਸਾਫ਼ੀ ਤੇ ਵਿਤਕਰੇ ਵਾਲੇ ਹਨ ਅਤੇ ਵਿਰੋਧੀਆਂ ਨੂੰ ਕੁੱਚਲਣ ਵਾਲੇ ਹਨ । ਅਸੀਂ ਪੁੱਛਣਾ ਚਾਹਵਾਂਗੇ ਕਿ ਹੁਣ ਉਹਨਾਂ ਦੀ ਪੰਥ ਹਿਤੈਸੀ ਸੋਚ ਰੱਖਣ ਵਾਲੀ ਜਮੀਰ ਕਿਉਂ ਮਰ ਗਈ ਹੈ ਅਤੇ ਹਿੰਦੂਤਵ ਸੋਚ ਕਿਉਂ ਉੱਠ ਖੜ੍ਹੀ ਹੋਈ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ, ਆਰ.ਐਸ.ਐਸ. ਅਤੇ ਹੋਰ ਮੁਤੱਸਵੀ ਹਿੰਦੂ ਸੰਗਠਨਾਂ ਦੇ ਗੁਲਾਮ ਬਣ ਚੁੱਕੇ ਅਤੇ ਬਾਹਰੀ ਰੂਪ ਵਿਚ ਆਪਣੇ ਆਪ ਨੂੰ ਪੰਥ ਹਿਤੈਸੀ ਕਹਾਉਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜਨਤਕ ਤੌਰ ਤੇ ਸਵਾਲ ਕਰਦੇ ਹੋਏ ਇਕ ਨੀਤੀ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਆਪਣੀਆ ਕਾਨੂੰਨੀ ਅਤੇ ਜ਼ਾਇਜ ਮੰਗਾਂ ਮੰਨਵਾਉਣ ਲਈ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਆਵਾਜ਼ ਬੁਲੰਦ ਕਰਨ ਵਾਲੇ ਈਟੀਟੀ ਅਧਿਆਪਕਾ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਉਤੇ ਬਠਿੰਡਾ ਪੁਲਿਸ ਵੱਲੋ ਅੰਨ੍ਹੇਵਾਹ ਲਾਠੀਚਾਰਜ ਕਰਕੇ ਮੁਲਾਜ਼ਮਾਂ ਨੂੰ ਜਖ਼ਮੀ ਕਰਨ ਅਤੇ ਗ੍ਰਿਫ਼ਤਾਰ ਕਰਨ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੱਤਾ । ਉਹਨਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਰਾਣੀ ਬੀਬੀ ਹਰਸਿਮਰਤ ਕੌਰ ਬਾਦਲ ਜੋ ਸਮੁੱਚੇ ਪੰਜਾਬ ਵਿਚ ਆਪਣੇ ਆਪ ਨੂੰ “ਨੰਨ੍ਹੀ ਛਾਂ” ਦੀ ਔਰਤ ਦੀ ਰਖਵਾਲੀ ਕਰਨ ਦਾ ਪ੍ਰਤੀਕ ਦੱਸਦੀ ਹੈ, ਜਦੋ ਸ. ਬਾਦਲ ਦੇ ਇਸਾਰੇ ਤੇ ਈਟੀਟੀ ਅਧਿਆਪਕਾ ਅਤੇ ਹੋਰ ਔਰਤ ਮੁਲਾਜ਼ਮਾਂ ਉਤੇ ਪਾਣੀ ਦੀਆਂ ਬੁਛਾੜਾ ਅਤੇ ਲਾਠੀਚਾਰਜ ਕੀਤਾ ਗਿਆ ਹੈ, ਉਸ ਸਮੇਂ ਇਸ ਨੰਨ੍ਹੀ ਛਾਂ ਦੀ ਆਤਮਾ ਕਿਉਂ ਨਾ ਜਾਗੀ ? ਉਹਨਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਮੈਂਬਰਾਂ ਦੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਅਤੇ ਦਿਖਾਉਣ ਵਾਲੇ ਹੋਰ ਹਨ । ਇਥੋ ਦੇ ਨਿਵਾਸੀਆਂ ਨੂੰ ਗੁੰਮਰਾਹ ਕਰਨ ਲਈ ਟੀਵੀ ਚੈਨਲਾਂ, ਮੀਡੀਏ ਅਤੇ ਅਖ਼ਬਾਰਾਂ ਵਿਚ “ਰਾਜ ਨਹੀਂ ਸੇਵਾ” ਦੀ ਗੱਲ ਕਰਕੇ ਆਪਣੇ ਸਵਾਰਥਾਂ ਦੀ ਪੂਰਤੀ ਕਰਦੇ ਹਨ । ਜਦੋਕਿ ਅਸਲੀਅਤ ਵਿਚ ਇਹ ਬਾਦਲ ਪਰਿਵਾਰ ਆਪਣੀ ਰਾਜਸੀ ਅਤੇ ਐਸ.ਜੀ.ਪੀ.ਸੀ. ਦੀ ਧਾਰਮਿਕ ਸ਼ਕਤੀ ਦੀ ਦੁਰਵਰਤੋ ਕਰਕੇ ਆਪੋ-ਆਪਣੇ ਧਨ-ਦੌਲਤਾ, ਜ਼ਾਇਦਾਦਾਂ ਦੇ ਭੰਡਾਰ ਗੈਰ ਕਾਨੂੰਨੀ ਤਰੀਕੇ ਇਕੱਤਰ ਕਰ ਰਹੇ ਹਨ । ਇਹਨਾਂ ਕੋਲ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਬਿਹਤਰੀ ਕਰਨ ਲਈ ਕੋਈ ਵੀ ਯੋਜਨਾ ਨਹੀ ਹੈ । ਕੇਬਲ ਪ੍ਰਚਾਰ ਸਾਧਨਾਂ ਉਤੇ ਲੱਖਾਂ-ਕਰੋੜਾਂ ਖ਼ਰਚ ਕਰਕੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਤਰੱਕੀ ਦੇ ਫੋਕੇ ਦਾਅਵੇ ਕਰ ਰਹੇ ਹਨ ਅਤੇ ਪੰਜਾਬ ਸੂਬੇ ਨੂੰ ਕੈਲੇਫੋਰਨੀਆ ਬਣਾਉਣ ਦੀਆਂ ਗੱਲਾਂ ਤਾਂ ਕਈ ਸਾਲਾਂ ਤੋ ਕਰ ਰਹੇ ਹਨ, ਲੇਕਿਨ ਅੱਜ ਤੱਕ ਇਥੋ ਦੇ ਨਿਵਾਸੀਆਂ ਨੂੰ ਪੀਣ ਵਾਲਾ ਸਾਫ-ਸੁਥਰਾ ਪਾਣੀ, ਸਾਫ਼-ਸੁਥਰੀਆਂ ਸੜਕਾਂ, ਰਿਸ਼ਵਤ ਤੋ ਰਹਿਤ ਪ੍ਰਬੰਧ, ਵਿਦਿਅਕ ਅਤੇ ਸਿਹਤ ਅਦਾਰਿਆ ਵਿਚ ਲੋੜੀਦੀਆਂ ਸਹੂਲਤਾਂ, ਉਦਯੋਗਾਂ ਅਤੇ ਜਿ਼ੰਮੀਦਾਰਾਂ ਨੂੰ ਆਪਣੇ ਕਾਰੋਬਾਰਾਂ ਲਈ ਲੋੜੀਦੀ ਬਿਜਲੀ ਆਦਿ ਦਾ ਪ੍ਰਬੰਧ ਨਹੀਂ ਕਰ ਸਕੇ । ਸ. ਮਾਨ ਨੇ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਇਹਨਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋ ਸੁਚੇਤ ਰਹਿਣ ਅਤੇ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਆਪਣੀ ਮੰਜਿ਼ਲ ਵੱਲ ਲਿਜਾਣ ਲਈ ਦ੍ਰਿੜ ਰਹਿਣ ਦੀ ਅਪੀਲ ਵੀ ਕੀਤੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>