ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਖ਼ਤਰਿਆਂ ਵਿਰੁੱਧ ਵੱਡੀ ਮੁਹਿੰਮ ਛੇੜਨ ਦਾ ਅਹਿਦ

ਲੁਧਿਆਣਾ : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਖ਼ਤਰਿਆਂ ਪ੍ਰਤੀ ਸਮੁਚੇ ਪੰਜਾਬੀ ਜਨ ਮਾਨਸ ਨੂੰ ਚੇਤੰਨ ਕਰਨ ਲਈ ਵੱਡੀ ਮੁਹਿੰਮ ਛੇੜਨ ਦਾ ਅਹਿਦ ਲਿਆ ਹੈ। ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਅਤੇ ਸੀਨੀਅਰ ਮੀਤ ਪ੍ਰਧਾਨ ਅਤਰਜੀਤ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਚ ਹੋਈ ਕਾਰਜਕਾਰਨੀ ਦੀ ਮੀਟਿੰਗ ਵਿਚ ਇਹਦੇ ਨਾਲ ਹੀ ਹੋਰ ਵੀ ਮਹੱਤਵਪੂਰਣ ਫੈਸਲੇ ਕੀਤੇ ਗਏ ਹਨ। ਸਭਾ ਦੇ ਜਨਰਲ ਸਕਤਰ ਡਾ. ਕਰਮਜੀਤ ਸਿੰਘ ਨੇ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਦੱਸਿਆ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਨੂੰ ਕੇਂਦਰੀ ਸਭਾ ਕਬੂਲ ਕਰਦੀ ਹੈ ਅਤੇ ਪੰਜਾਬੀ ਚੇਤਨਾ ਮਾਰਚ ਦੇ ਨਾਲ ਨਾਲ ਵੱਡੇ ਸਮਾਗਮਾਂ ਅਤੇ ਸੈਮੀਨਾਰਾਂ ਰਾਹੀਂ ਪੰਜਾਬੀ ਦੀ ਅਲਖ ਜਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹਦੇ ਲਈ ਪੇਂਡੂ ਸਾਹਿਤ ਸਭਾਵਾਂ ਨੂੰ ਵਧੇਰੇ ਸਰਗਰਮ ਕਰ ਕੇ ਪੰਜਾਬ ਦੇ ਪਿੰਡ-ਪਿੰਡ  ਤੱਕ ਪਹੁੰਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਭਾਸ਼ਾ ਐਕਟ ਦੀਆਂ ਚੋਰ ਮੋਰੀਆਂ ਬੰਦ ਕਰਵਾਉਣ ਲਈ ਕੇਂਦਰੀ ਸਭਾ ਵਲੋਂ ਲੜੇ ਜਾਣ ਵਾਲੇ ਅੰਦੋਲਨ ਦੀ ਵਿਉਂਤ ਬੰਦੀ ਅਗਲੀ ਮੀਟਿੰਗ ਵਿਚ ਤੈਅ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਡਾ ਕਰਮਜੀਤ ਸਿੰਘ ਨੇ ਮੀਟਿੰਗ ਦੀ ਸਮੁੱਚੀ ਕਾਰਵਾਈ ਬਾਰੇ ਦੱਸਿਆ ਕਿ  ਕਾਰਜਕਾਰਨੀ ਵਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਜੋ  ਇਕ ਮਹੀਨੇ ਦੇ ਅੰਦਰ ਪਿਛਲੇ ਕਈ ਸਮੇਂ ਤੋਂ ਬੰਦ ਬੈਂਕ ਖਾਤਿਆਂ ਨੂੰ ਇਕ ਥਾਂ ਕਰਨ ਦਾ ਯਤਨ ਕਰੇਗੀ। ਇਸ ਕਮੇਟੀ ਵਿਚ ਕਨਵੀਨਰ ਅਤਰਜੀਤ ਤੋਂ ਇਲਾਵਾ ਕਰਮ ਸਿੰਘ ਵਕੀਲ਼ ਤਰਲੋਚਨ ਝਾਂਡੇ ਡਾ. ਹਰਜਿੰਦਰ ਅਟਵਾਲ਼ ਅਤੇ ਦੀਪ ਦੇਵਿੰਦਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ। ਮੀਟਿੰਗ ਵਿਚ ਵਿਭਿੰਨ ਜ਼ਿਲਿਆਂ ਵਲੋਂ ਕੇਂਦਰੀ ਸਭਾ ਨਾਲ਼ ਮਿਲ਼ ਕੇ ਕਰਵਾਏ ਜਾ ਰਹੇ ਸਮਗਮਾਂ ਦੀ ਰੂਪ ਰੇਖਾ ਵੀ ਦੱਸੀ ਗਈ। ਡਾ ਅਰਵਿੰਦਰ ਕੌਰ ਕਾਕੜਾ ਨੇ ਕੌਮਾਂਤਰੀ ਪੰਜਾਬੀ ਇਲਮ ਵਲੋਂ ਕਾਮਾਗਾਟਾਮਾਰੂ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਾਉਣ ਦੀ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਨਾਭਾ ਵਿਚ ਕਹਾਣੀ ਦੀ ਦਸ਼ਾ ਤੇ ਦਿਸ਼ਾ ਉਪਰ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ। ਸੁਸ਼ੀਲ ਦੁਸਾਂਝ ਅਤੇ ਕਰਮ ਸਿੰਘ ਵਕੀਲ ਨੇ ਚੰਡੀਗੜ੍ਹ ਅਤੇ ਮੁਹਾਲ਼ੀ ਵਿਚ ਤਿੰਨ ਰਾਜ ਪੱਧਰੀ ਸਮਾਗਮ ਕਰਵਾਉਣ ਦੀ ਜ਼ਿਮੇਵਾਰੀ ਲਈ। ਚਰਨਦੀਪ ਸਿੰਘ ਨੇ ਭਦੌੜ ਵਿਚ ਆਪਣੀ ਸਾਹਿਤ ਸਭਾ ਵਲੋਂ ਦੇਵਿੰਦਰ ਸਤਿਆਰਥੀ ਉਪਰ ਵੱਡਾ ਸਮਾਗਮ ਕਰਵਾਉਣ ਦੀ ਖ਼ੁਸ਼ਖ਼ਬਰੀ ਦਿੱਤੀ। ਡਾ. ਹਰਜਿੰਦਰ ਅਟਵਾਲ ਨੇ ਗ਼ਦਰੀ ਬਾਬਿਆਂ ਦੇ ਮੇਲੇ ਉਪਰ ਇਕ ਸੈਮੀਨਾਰ ਕਰਵਾਉਣ ਦੀ ਇਜ਼ਾਜ਼ਤ ਲੈਣ ਦੀ ਸਿਫ਼ਾਰਸ਼ ਕੀਤੀ ਜਿਸ ਵਿਚ ਗ਼ਦਰੀ ਬਾਬਿਆਂ ਦੀ ਲੋਕ ਬੋਲੀ ਨੂੰ ਦੇਣ ਅਤੇ ਮਾਂ ਬੋਲੀਆਂ ਨੂੰ ਅਜੋਕੀਆਂ ਚੁਣੌਤੀਆਂ ਉਪਰ ਚਰਚਾ ਕੀਤੀ ਜਾਵੇ। ਡਾ ਲਾਭ ਸਿੰਘ ਖੀਵਾ ਅਤੇ ਡਾ. ਕਰਮਜੀਤ ਸਿੰਘ ਨੇ ਇਸ ਦਾ ਸਮਰਥੱਨ ਕਰਦੇ ਹੋਏ ਸੁਝਾਅ ਦਿੱਤਾ ਕਿ ਇਸ ਮੌਕੇ ਵੱਡੀ ਪੱਧਰ ‘ਤੇ ਪੰਜਾਬੀ ਦੀ ਨੀਤੀ ਬਣਵਾਉਣ ਆਦਿ ਮਸਲਿਆਂ ਨਾਲ਼ ਸਬੰਧਤ ਪਰਚਾ ਵੀ ਵੰਡਿਆ ਜਾਵੇ। ਦੀਪ ਜਗਦੀਪ ਨੇ ਲੇਖਕਾਂ ਤੇ ਹੋਰ ਪੰਜਾਬੀ ਪਿਆਰਿਆਂ ਨੂੰ ਮੁਫ਼ਤ ਕੰਪਿਊਟਰ  ਟਰੇਨਿੰਗ ਦੇਣ ਦੀ ਪੇਸ਼ਕੱਸ਼ ਕੀਤੀ ਜੋ ਪ੍ਰਵਾਨ ਕੀਤੀ ਗਈ। ਪਹਿਲੀ ਵਰਕਸ਼ਾਪ ਲਾਉਣ ਲਈ ਜਲੰਧਰ ਸਾਹਿਤ ਸਭਾਵਾਂ ਵਲੋਂ ਸੱਦਾ ਦਿੱਤਾ ਗਿਆ।  ਦੇਵ ਦਵਿੰਦਰ ਅਤੇ ਦੇਵਦਰਦ  ਨੇ ਦੱਸਿਆ ਕਿ ਅੰਮ੍ਰਿਤਸਰ ਸਾਹਿਤ ਸਭਾਵਾਂ ਵਲੋਂ ਤਲਵਿੰਦਰ ਦੀ ਯਾਦ ਵਿਚ ਦੋ ਵੱਡੇ ਸਨਮਾਨ ਰੱਖੇ ਹਨ ਜੋ ਕੇਂਦਰੀ ਸਭਾ ਨਾਲ਼ ਮਿਲ਼ ਕੇ ਕੀਤੇ ਜਾਣਗੇ। ਸੁਸ਼ੀਲ ਦੁਸਾਂਝ ਨੇ ਸੁਝਾਅ ਦਿੱਤਾ ਕਿ ਨਵੇਂ ਕਹਾਣੀਕਾਰਾਂ ਅਤੇ ਕਵੀਆਂ ਦੇ ਸੰਗ੍ਰਹਿ ਛਪਵਾਏ ਜਾਣ। ਕੇਂਦਰੀ ਸਭਾ ਵਲੋਂ ਪਹਿਲਾ ਵੱਡਾ ਸਮਾਗਮ 5 ਅਕਤੂਬਰ ਨੂੰ ਜਲੰਧਰ ਵਿਚ ਕਰਨ ਦਾ ਫੈਸਲਾ ਕੀਤਾ ਗਿਆ। ਇਹ ਤੇ ਹੋਰਨਾਂ ਸਮਾਗਮਾਂ ਦੀਆਂ ਤਾਰੀਖਾਂ ਸਥਾਨ ਆਦਿ ਨਿਸਚਿਤ ਕਰਨ ਦੀ ਜ਼ਿੰਮੇਵਾਰੀ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਸੌਂਪੀ ਗਈ। ਕਾਰਜਕਾਰਨੀ ਵਲੋਂ ਮੈਂਬਰ ਸੂਚੀ ਦੀਆਂ ਗ਼ਲਤੀਆਂ ਸੋਧਣ ਦਾ ਨਿਰਣਾ ਵੀ ਲਿਆ ਗਿਆ। ਰਜਨੀਸ਼ ਬਹਾਦਰ  ਦਾ ਮਤ ਸੀ ਕਿ ਲੇਖਕਾਂ ਦੇ ਪੱਧਰ ਦਾ ਵੀ ਧਿਆਨ ਰੱਖਿਆ ਜਾਵੇ। ਬੋਗਸ ਮੈਂਬਰਾਂ ਦੀ ਭਰਤੀ ਦਾ ਮੁੱਦਾ ਵੀ ਉਠਾਇਆ ਗਿਆ। ਗੁਰਨਾਮ ਕੰਵਰ ਦਾ ਸੁਝਾਅ ਸੀ ਕਿ ਜਿਹੜੇ ਲੇਖਕ ਨਹੀਂ ਉਨ੍ਹਾਂ ਦਾ ਨਾਂ ਸੂਚੀ ਵਿਚੋਂ ਹਟਾ ਦੇਣਾ ਚਾਹੀਦਾ ਹੈ। ਚੋਣ ਸੁਧਾਰ ਕਮੇਟੀ ਦਾ ਗਠਨ ਅਗਲੀ ਕਾਰਜਕਾਨੀ ਵਿਚ ਕੀਤਾ ਜਾਵੇਗਾ। ਕਾਰਜਕਾਰਨੀ ਵਲੋ ਕੇਂਦਰੀ ਸਭਾ ਦੇ ਬੁਲੇਟਿਨ ‘ਪੰਜਾਬੀ ਲੇਖਕ’ ਦੇ ਸੰਪਾਦਕੀ ਬੋਰਡ ਦਾ ਗਠਨ ਕਰਨ ਦੇ ਅਧਿਕਾਰ ਜਨਰਲ ਸਕੱਤਰ ਨੂੰ ਦਿੱਤੇ ਗਏ। ਕੇਂਦਰੀ ਸਭਾ ਦੀ ਵੈੱਬਸਾਈਟ ਬਣਾਉਣ ਸਬੰਧੀ ਇਹ ਤੈਅ ਕੀਤਾ ਗਿਆ ਕਿ ਇਸ ਮੀਡੀਆ ਕਮੇਟੀ ਦੀ ਕਨਵੀਨਰ ਸਭਾ ਦੀ ਸਕੱਤਰ ਅੰਮ੍ਰਿਤਬੀਰ ਕੌਰ ਹੋਵੇਗੀ ਤੇ ਕਮੇਟੀ ਵਿਚ  ਵਿਚ ਜਸਬੀਰ ਝੱਜ , ਤਰਲੋਚਨ ਝਾਂਡੇ ਅਤੇ ਦੀਪ ਜਗਦੀਪ ਤਿੰਨ ਹੋਰ ਮੈਂਬਰ ਹੋਣਗੇ।
ਸਰਬਸੰਮਤੀ ਨਾਲ਼ ਇਹ ਫੈਸਲਾ ਲਿਆ ਗਿਆ ਕਿ ਜ਼ਿਲ੍ਹਾ ਕਨਵੀਨਰਾਂ ਦੀ ਨਿਯੁਕਤੀ ਨਾ ਕੀਤੀ ਜਾਵੇ ਸਗੋਂ ਇਨ੍ਹਾਂ ਦੀ ਥਾਂ ਕਾਰਜਕਾਰਨੀ ਦੇ ਮੈਂਬਰ ਹੀ ਆਪਣੀ ਵੱਡੀ ਭੂਮਿਕਾ ਨਿਭਾਉਣ। ਮੈਂਬਰਾਂ ਵਲੋਂ ਪ੍ਰਧਾਨ ਅਤੇ ਜਨਰਲ ਸਕੱਤਰ ਵਲੋਂ ਕੀਤੇ ਇਸ ਫੈਸਲੇ ਦਾ ਸੁਆਗਤ ਕੀਤਾ ਗਿਆ ਕਿ ਉਹ ਸਫ਼ਰ ਦਾ ਖ਼ਰਚਾ ਕੇਂਦਰੀ ਸਭਾ ਵਲੋਂ ਨਹੀਂ ਲੈਣਗੇ।
ਮੈਂਬਰਾਂ ਨੇ ਪੰਜਾਬੀ ਭਾਸ਼ਾ ਦੀ ਮੁਹਿੰਮ ਨੂੰ ਲੋਕਾਂ ਤਕ ਵਿਸ਼ੇਸ਼ ਤੌਰ ‘ਤੇ ਬੱਚਿਆਂ ਤਕ ਲੈ ਜਾਣ, ਲੱਚਰ ਗਾਇਕੀ ਵਿਰੁੱਧ ਚੇਤਨਾ ਬੱਚਿਆਂ ਦੀ ਪੱਧਰ ਤਕ ਲੈ ਜਾਣ, ਭਾਸ਼ਾ ਵਿਭਾਗ ਵਲੋਂ ਪਰਚੇ ਦੁਬਾਰਾ ਸ਼ੁਰੂ ਕਰਨ ਅਤੇ ਉਸਦੀ ਕਾਰਗੁਜ਼ਾਰੀ ਸੁਧਾਰਨ, ਸਾਹਿਤ ਦੀਆਂ ਵਿਧਾਵਾਂ ਉਪਰ ਕਾਰਜਸ਼ਾਲਾਵਾਂ ਕਰਵਾਉਣ, ਲੇਖਕਾਂ ਦੀ ਪ੍ਰਕਾਸ਼ਕਾਂ ਹੱਥੋਂ ਹੁੰਦੀ ਲੁੱਟ ਆਦਿ ਵਿਸ਼ਿਆਂ ਬਾਰੇ ਆਪਣੇ ਵਿਚਾਰ ਰੱਖੇ। ਇਸ ਚਰਚਾ ਵਿਚ ਹਰਮਿੰਦਰ ਕੋਹਾਰਵਾਲ਼ਾ, ਡਾ. ਹਜ਼ਾਰਾ ਸਿੰਘ ਚੀਮਾ, ਪ੍ਰਭਜੋਤ ਸੋਹੀ, ਚਰਨ ਕੌਸ਼ਲ, ਸ਼ਮਸ਼ੇਰ ਮੋਹੀ, ਸੋਮਾ ਸਬਲੋਕ, ਅਸ਼ਵਨੀ ਬਾਗੜੀਆ, ਰਵਿੰਦਰ ਸਿੰਘ ਸੰਧੂ, ਜਸਪਾਲ ਮਾਨਖੇੜਾ, ਵਰਗਸਿ ਸਲਾਮਤ, ਸੁੱਚਾ ਸਿੰਘ ਰੰਧਾਵਾ, ਡਾ. ਸੁਖਵਿੰਦਰ ਸਿੰਘ, ਜਸਪਾਲਜੀਤ ਡਾ. ਰਮੇਸ਼ ਰੰਗੀਲਾ, ਚਰਨਦੀਪ ਸਿੰਘ ਅਤੇ ਸੁਰਿੰਦਰ ਰਾਮਪੁਰੀ ਨੇ ਵੀ ਆਪਣੇ ਆਪਣੇ ਸਿਰਣਾਤਮਿਕ ਸੁਝਾਅ ਰੱਖੇ। ਅੰਤ ਉਪਰ ਸੀਨੀਅਰ ਮੀਤ ਪ੍ਰਧਾਨ ਅਤਰਜੀਤ ਸਿੰਘ ਨੇ ਮੈਂਬਰਾਂ ਦਾ ਸ਼ਾਂਤਮਈ ਵਾਤਵਰਣ ਵਿਚ ਸੁਚੱਜੇ ਅਤੇ ਸਿਰਜਣਾਤਮਿਕ ਸੁਝਾਅ ਦੇਣ ਲਈ ਧੰਨਵਾਦ ਕਰਦਿਆਂ ਕੰਮ ਵਿਚ ਜੁੱਟ ਜਾਣ ਦੀ ਆਸ ਪ੍ਰਗਟਾਈ।
ਮੀਟਿੰਗ ਵਿਚ ਸੂਫ਼ੀ ਗਾਇਕ ਬਰਕਤ ਸਿੱਧੂ, ਕੰਨੜ ਲੇਖਕ ਆਨੰਦਮੂਰਤੀ ਦੀ ਕਲਾ ਤੇ ਸਾਹਿਤ ਦੇ ਖੇਤਰ ਵਿਚ ਦੇਣ ਨੂੰ ਯਾਦ ਕੀਤਾ ਗਿਆ ਅਤੇ ਹਰਵਿੰਦਰ ਭੰਡਾਲ ਅਤੇ ਸ਼ਬਦੀਸ਼ ਦੇ ਪਿਤਾ, ਬੂਟਾ ਚੌਹਾਨ ਦੇ ਮਾਤਾ ਅਤੇ ਸੁਰਿੰਦਰ ਪ੍ਰੀਤ ਘਣੀਆਂ ਦੇ ਬਹਿਨੋਈ ਦੇ ਦੇਹਾਂਤ ‘ਤੇ ਸ਼ੋਕ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>