ਬਾਬਾ ਜੀ! ਤੁਸੀਂ ਹੀ “ਕੌਮ ਦੇ ਹੀਰੇ” ਹੋ!!

ਬਾਬਾ ਪ੍ਰਕਾਸ਼ ਸਿੰਘ ਜੀ! ਤੁਸੀਂ “ਕੌਮ ਦੇ ਹੀਰੇ” ਹੋ, ਸੱਚ ਮੁੱਚ ਦੇ ਤੇ ਅਸਲੀ ਹੀਰੇ, ਜਿਸਦੇ ਹੁੰਦਿਆਂ ਨਹੀਂ ਲੋੜ ਸਾਨੂੰ ਬਾਲੀਵੁੱਡ ਵਿਚ ਬਣੀ ਮੂਵੀ “ਕੌਮ ਦੇ ਹੀਰੇ” ਦੀ । ਨਹੀਂ ਰੀਸਾਂ ਕਰਨੀਆਂ ਤੁਹਾਡੀਆਂ ਕਿਸੇ ਨੇ ਅਤੇ ਨਾ ਹੀ ਕੋਈ ਕਰਨ ਦੇ ਸਮਰੱਥ ਹੈ । ਤੁਸੀਂ ਲਾਸਾਨੀ ਹੋ, ਤੁਸੀਂ ਮਹਾਨ ਹੋ, ਤੁਸੀਂ ਲਾਜਵਾਬ ਹੋ, ਤੁਸੀਂ ਧੰਨ ਹੋ ਤੇ ਤੁਹਾਡੀਆਂ ਪ੍ਰਾਪਤੀਆਂ ਬੇਸ਼ੁਮਾਰ ਅਤੇ ਬੇਓੜਕ ਹਨ । ਤੁਹਾਡੇ ਵਰਗੇ ਬਾਬਾ ਬੋਹੜ ਨੇਤਾ ਬਾਰ ਬਾਰ ਪੈਦਾ ਨਹੀਂ ਹੁੰਦੇ । ਕੋਈ ਐਸਾ ਖੇਤਰ ਨਹੀਂ, ਚਾਹੇ ਉਹ ਧਾਰਮਿਕ ਹੋਵੇ, ਚਾਹੇ ਸਮਾਜਿਕ, ਚਾਹੇ ਸਿਆਸੀ, ਚਾਹੇ ਆਰਥਿਕ, ਚਾਹੇ ਵਿਦਿਅਕ, ਚਾਹੇ ਸਨਅੱਤੀ, ਜਿਸ ਵਿਚ ਤੁਸੀਂ ਵਡੀਆਂ ਵਡੀਆਂ ਮਲ੍ਹਾਂ ਨਾ ਮਾਰੀਆਂ ਹੋਣ, ਕੋਈ ਐਸਾ ਸ਼ੋਹਬਾ ਨਹੀਂ ਜਿਸ ਵਿਚ ਤੁਸੀਂ ਰੀਕਾਰਡ ਨਾ ਤੋੜੇ ਹੋਣ, ਗਿਣਤੀ ਕਰਨ ਲਗੀਏ, ਤਾਂ ਸ਼ਾਇਦ ਹਿੰਦਸੇ ਵੀ ਪਿੱਛੇ ਰਹਿ ਜਾਣ । ਰਹਿਣ ਵੀ ਕਿਉਂ ਨਾ, ਆਖ਼ਿਰ ਤੁਸੀਂ ਮਲਵਈ ਸਰਦਾਰ ਹੋ । ਕੋਈ ਸਮਾਂ ਸੀ ਜਦੋਂ ਮਾਲਵੇ ਦੀ ਧਰਤੀ ਬੰਜਰ ਹੁੰਦੀ ਸੀ, ਉਹ ਇਕ ਪਛੜਿਆ ਹੋਇਆ ਇਲਾਕਾ ਸਮਝਿਆ ਜਾਂਦਾ ਸੀ ਤੇ ਮਲਵਈ ਹੁੰਦੇ ਵੀ ਗਰੀਬੜੇ ਜਿਹੇ ਸੀ । ਪਰ ਪਤਾ ਨਹੀਂ ਕਿਉਂ? ਮਲਵਈਆਂ ਨੂੰ  ਜਰਾਇਮ ਪੇਸ਼ੇ ਵਾਲੇ ਕਿਹਾ ਜਾਂਦਾ ਸੀ । ਪਰ ਇਹ ਗਲ ਬਹੁਤ ਪੁਰਾਣੀ ਹੈ, ਅੱਜ ਇਹ ਕਹਿਣੀ ਢੁਕਦੀ ਨਹੀਂ, ਕਿਉਂਕਿ ਤੁਹਾਡੇ ਰਾਜ ਵਿਚ ਤਾਂ ਮਾਲਵੇ ਦੀ ਧਰਤੀ ਪੰਜਾਬ ਦਾ ਬਹਿਸ਼ਤ ਬਣਦੀ ਜਾ ਰਹੀ ਹੈ । ਉਂਝ ਮੈਨੂੰ ਜ਼ਾਤੀ ਤੌਰ ਉਤੇ ਇਸ ਗਲ ਦਾ ਕੋਈ ਇਲਮ ਨਹੀਂ ਕਿ ਤੁਹਾਡਾ ਪਿਛੋਕੜ ਕਿਤੇ ਉਨ੍ਹਾਂ ਲੋਕਾਂ ਨਾਲ ਤਾਂ ਨਹੀਂ ਰਿਹਾ ।

ਵੈਸੇ ਇਹ ਵਖਰੀ ਗਲ ਹੈ ਕਿ ਬਹਿਸ਼ਤ ਦੀ ਝਲਕ ਸਿਰਫ਼ ਤੁਹਾਡੇ ਪਿੰਡਾਂ ਤਕ ਹੀ ਵੇਖਣ ਨੂੰ ਨਸੀਬ ਹੁੰਦੀ ਹੈ, ਕਿਉਂਕਿ ਬਾਕੀ ਦਾ ਮਾਲਵਾ ਤਾਂ ਕੈਂਸਰ ਦੇ ਰੋਗਾਂ ਨਾਲ ਪੀੜਤ ਹੈ । ਕੈਂਸਰ ਦੇ ਮਰੀਜ਼ਾਂ ਨਾਲ ਲਦੀਆਂ ਰੇਲ ਗਡੀਆਂ ਦਾ ਕਾਫ਼ਲਾ ਰੋਜ਼ ਮਾਲਵੇ ਦੀ ਧਰਤੀ ਤੋਂ ਇਲਾਜ ਕਰਵਾਉਣ ਲਈ ਦੂਜਿਆਂ ਸੂਬਿਆਂ ਲਈ ਰਵਾਨਾ ਹੁੰਦਾ ਹੈ, ਕਿਉਂਕਿ ਤੁਹਾਡੇ ਹਲਕੇ ਵਿਚ ਉਨ੍ਹਾਂ ਦੇ ਇਲਾਜ ਲਈ ਸਹੂਲਤਾਂ ਨਹੀਂ ਹਨ । ਵਿਚਾਰੇ ਗਰੀਬ ਮਲਵਈਆਂ ਨੂੰ ਤਿਖੜ ਦੁਪਹਿਰੇ ਪੀਣ ਵਾਲੇ ਪਾਣੀ ਨੂੰ ਲਿਆਉਣ ਵਾਸਤੇ ਮੀਲਾਂ ਬਧੀ ਤੁਰ ਕੇ ਜਾਣਾ ਪੈਂਦਾ ਹੈ, ਮਾਲ ਡੰਗਰ ਨੂੰ ਪਾਣੀ ਡਾਹੁਣ ਵਾਸਤੇ ਦੂਰ ਦੁਰਾਡੇ ਲਿਜਾਣਾ ਪੈਂਦਾ ਹੈ, ਕਿਉਂਕਿ ਖੂਹ ਸੁੱਕ ਗਏ ਹਨ, ਧਰਤੀ ਤਿਹਾਈ ਮੂੰਹ ਅੱਡ ਅੱਡ ਕੇ ਪਾਣੀ ਨੂੰ ਤਰਸ ਰਹੀ ਏ, ਖੇਤ ਸੁਕੇ ਪਏ ਹਨ । ਸਕੂਲ ਹਨ, ਪਰ ਅਧਿਆਪਕ ਨਹੀਂ, ਜੇ ਅਧਿਆਪਕ ਹਨ ਤਾਂ ਸਕੂਲਾਂ ਦੀਆਂ ਇਮਾਰਤਾਂ ਖਸਤਾ ਹਾਲਤ ਵਿਚ ਖੰਡਰ ਬਣੀਆਂ ਹੋਈਆਂ ਬਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਅੱਖਾਂ ਕੱਢ ਕੱਢ ਕੇ ਆਪਣੇ ਡਿਗ ਜਾਣ ਦੇ ਡਰ ਦੇ ਖ਼ੌਫ਼ ਦੀ ਬੁਕਲ ਵਿਚ ਲੈ ਜਾਂਦੀਆਂ ਹਨ । ਇਸੇਤਰ੍ਹਾਂ ਜੇ ਹਸਪਤਾਲਾਂ ਵਲ ਝਾਤ ਪਾਈਏ ਤਾਂ ਓਥੇ ਕੁਰਬਲ ਕੁਰਬਲ ਕਰਦੇ ਬੇਵਸ ਤੇ ਮਾਯੂਸ ਮਰੀਜ਼ ਨਜ਼ਰ ਆਉਂਦੇ ਹਨ, ਪਰ ਨਾ ਡਾਕਟਰ ਹਨ ਤੇ ਨਾ ਹੀ ਨਰਸਾਂ । ਜੇ ਸਟਾਫ਼ ਹੈ, ਤਾਂ ਮਸ਼ੀਨਾਂ ਜਿਵੇਂ ਕਿ ਆਕਸੀਜਨ, ਡਾਇਲਾਸਿਸ, ਵੈਂਟੀਲੇਟਰ ਆਦਿ ਕਈ ਲੋੜੀਂਦੇ ਯੰਤਰ ਨਹੀਂ ਹਨ । ਜੇ ਹਨ, ਤਾਂ ਜ਼ੰਗ ਲਗੇ ਹੋਏ ਬੇਕਾਰ ਪਏ ਹਨ ਤਾਂ ਕਿ ਘਟੋ ਘੱਟ ਨੁਮਾਇਸ਼ ਦੇ ਤੌਰ ਉਤੇ ਦਰਸ਼ਨ ਕਰਵਾਏ ਜਾ ਸਕਣ ।

ਬਾਬਾ ਜੀ! ਨਹੀਂ ਰੀਸਾਂ ਤੁਹਾਡੀਆਂ, ਤੁਹਾਡੇ ਰਾਜ ਦੀਆਂ ਤੇ ਤੁਹਾਡੇ ਵਿਕਾਸ ਦੀਆਂ । ਜਿਸ ਪਾਸੇ ਵੀ ਜਾਓ, ਪਰਤੱਖ ਨੂੰ ਪਰਮਾਣ ਦੀ ਕੀ ਲੋੜ ਹੈ, ਹਰ ਥਾਂ ਆਪਣੇ ਆਪ ਵਿਚ ਤੁਹਾਡੇ “ਕੌਮ ਦੇ ਹੀਰੇ”ੋ ਹੋਣ ਦੀ ਮੂੰਹ ਬੋਲਦੀ ਤਸਵੀਰ ਦਿਸਦੀ ਹੈ । ਪੰਜਾਬ ਦੀਆਂ ਸੜਕਾਂ ਦਾ ਹਾਲ ਦੇਖੋ ਤਾਂ ਥਾਂ ਪਰ ਥਾਂ ਟੋਏ ਟਿਬੇ ਨਜ਼ਰ ਆਉਂਦੇ ਹਨ, ਬਸਾਂ ਬਸਾਂ ਵਿਚ ਟਕਰਾ ਰਹੀਆਂ ਹਨ, ਟਰੱਕ ਉਲਟ ਰਹੇ ਹਨ, ਸੜਕੀ ਦੁਰਘਟਨਾਵਾਂ ਵਿਚ ਟੈਂਪੂਆਂ ਦੇ ਪੜਛਤੇ ਉਡ ਰਹੇ ਹਨ, ਸਕੂਲੀ ਬਸਾਂ ਵਿਚ ਸਫ਼ਰ ਕਰ ਰਹੇ ਮਾਸੂਮ ਬਚਿਆਂ ਦੀਆਂ ਲਾਸ਼ਾਂ ਚੀਕ ਚੀਕ ਕੇ ਤੇ ਪੁਕਾਰ ਪੁਕਾਰ ਕੇ ਤੁਹਾਨੂੰ ਕਹਿ ਰਹੀਆਂ ਹਨ, “ਅਸੀਂ ਕੀ ਕਸੂਰ ਕੀਤਾ ਏ, ਅਸੀਂ ਤਾਂ ਆਪਣਾ ਭਵਿਖ ਸੁਆਰਨ ਲਈ ਘਰੋਂ ਬਾਹਰ ਪੈਰ ਪਾਇਆ ਸੀ । ਸਾਡੇ ਮਾਪਿਆਂ ਨੇ ਸਾਡੇ ਮੂੰਹ ਮੱਥੇ ਚੁੰਮ ਕੇ ਸਾਨੂੰ ਸਵੇਰੇ ਘਰੋਂ ਤੋਰਿਆ ਸੀ, ਸਾਡੇ ਲੰਚ ਬੈਗ ਤਿਆਰ ਕੀਤੇ ਸਨ, ਅਸੀਂ ਤਾਂ ਹਾਲੇ ਆਪਣੇ ਲੰਚ ਬੈਗ ਖੋਲ੍ਹੇ ਵੀ ਨਹੀਂ ਸਨ ਕਿ ਤੁਹਾਡੀਆਂ ਟੁਟੀਆਂ ਸੜਕਾਂ ਰਾਹੀਂ ਮੌਤ ਨੇ ਸਾਨੂੰ ਦਬੋਚ ਲਿਐ । ਸਾਡੇ ਸੁਪਨਿਆਂ ਦਾ ਖੂਨ ਪੀ ਗਏ ਤੁਸੀਂ । ਸਾਡੇ ਬੁਢਿਆਂ ਮਾਪਿਆਂ ਦੀਆਂ ਦੀਆਂ ਜੁਆਨ ਆਸਾਂ ਉਤੇ ਪਾਣੀ ਫੇਰ ਦਿਤਾ ਤੁਸੀਂ । ਬਰਸਾਤ ਹੋ ਜਾਏ ਤਾਂ ਪੁਛੋ ਹੀ ਕੁਝ ਨਾ । ਹਰ ਸ਼ਹਿਰ, ਹਰ ਬਾਜ਼ਾਰ, ਹਰ ਗਲੀ ਇਕ ਝੀਲ ਬਣ ਜਾਂਦੀ ਹੈ । ਫ਼ਰਕ ਸਿਰਫ਼ ਏਨਾ ਹੁੰਦਾ ਏ ਕਿ ਝੀਲਾਂ ਵਿਚ ਪਾਣੀ ਪਹਾੜਾਂ ਤੋਂ ਰਿੜ ਰਿੜ ਕੇ ਆਉਂਦਾ ਹੈ, ਪਰ ਗਲੀਆਂ, ਬਾਜ਼ਾਰਾਂ ਤੇ ਸ਼ਹਿਰਾਂ ਵਿਚ ਪਾਣੀ ਗੰਦੇ ਮਲ ਮੂਤ ਵਾਲੇ ਨਾਲਿਆਂ ਵਿਚੋਂ ਉਛਲ ਉਛਲ ਕੇ ਬਾਹਰ ਵਗ ਰਿਹਾ ਹੁੰਦਾ ਹੈ, ਜਿਸ ਵਿਚੋਂ ਤੁਹਾਡੇ ਸੂਬੇ ਦੇ ਸ਼ਹਿਰੀਆਂ ਤੇ ਬਚਿਆਂ ਨੂੰ ਮਜਬੂਰਨ ਲੰਘ ਕੇ ਆਪਣਿਆਂ ਟਿਕਾਣਿਆਂ ਉਤੇ ਸਮੇਂ ਸਿਰ ਪਹੁੰਚਣਾ ਪੈਂਦਾ ਹੈ ਤੇ ਕਈ ਤਰ੍ਹਾਂ ਦੀਆਂ ਨਾਮੁਰਾਦ ਬੀਮਾਰੀਆਂ ਸਹੇੜਨੀਆਂ ਪੈਂਦੀਆਂ ਹਨ ।
ਡਾਕਟਰ ਮਨਮੋਹਨ ਸਿੰਘ ਦੀ ਬਾਦੌਲਤ ਤੁਹਾਨੂੰ, ਤੁਹਾਡੇ ਸੂਬੇ ਤੇ ਤੁਹਾਡੇ ਮਾਲਵੇ ਦੇ ਖੇਤਰ ਬਠਿੰਡੇ ਵਿਚ ਥਰਮਲ ਪਲਾਂਟ ਲਾਉਣ ਲਈ ਵੱਧ ਤੋਂ ਵੱਧ ਸਹੂਲਤਾਂ ਤਾਂ ਮੁਹਈਆ ਕੀਤੀਆਂ ਗਈਆਂ, ਪਰ ਪਤਾ ਨਹੀਂ ਤੁਹਾਡੇ ਰਾਜ ਵਿਚ ਉਹ ਪੈਸਾ ਤੇ ਵਡੀਆਂ ਵਡੀਆਂ ਰਕਮਾਂ ਕੌਣ ਡਕਾਰ ਗਿਆ ਕਿ ਪੰਜਾਬੀ ਹਾਲੇ ਤੱਕ ਵੀ ਬਿਜਲੀ ਨੂੰ ਤਰਸਦੇ ਪਏ ਹਨ । ਨਾ ਤਾਂ ਸਨਅਤਕਾਰਾਂ ਨੂੰ ਉਤਪਾਦਨ ਲਈ ਲੋੜੀਂਦੀ ਤੇ ਤੁਹਾਡੇ ਵਲੋਂ ਇਕਰਾਰ ਕੀਤੀ ਗਈ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਕਿਸਾਨਾਂ ਨੂੰ ਆਪਣੇ ਖੇਤਾਂ ਨੂੰ ਸਿੰਜਣ ਲਈ ਉਨ੍ਹਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਬਿਜਲੀ ਮਿਲ ਰਹੀ ਹੈ । ਨਾ ਦਸਤਕਾਰੀ ਨੂੰ, ਨਾ ਸਨਅਤਾਂ ਨੂੰ, ਨਾ ਕਿਸਾਨਾਂ ਨੂੰ ਅਤੇ ਨਾ ਹੀ ਘਰਾਂ ਵਿਚ ਰਹਿਣ ਵਾਲੇ ਆਮ ਲੋਕਾਂ ਨੂੰ ਲੋੜ ਮੁਤਾਬਕ ਬਿਜਲੀ ਮਿਲ ਰਹੀ ਹੈ । ਭਾਵੇਂ ਬਾਬਾ ਜੀ, ਤੁਸੀਂ “ਕੌਮ ਦੇ ਹੀਰੇ” ਹੋਣ ਦੇ ਨਾਤੇ ਪੰਜਾਬੀਆਂ ਤੇ ਖਾਸ ਕਰਕੇ ਵੋਟਰਾਂ ਨਾਲ ਵਾਅਦੇ ਤਾਂ ਬੜੇ ਲੁਭਾਉਣੇ ਕੀਤੇ ਸਨ ਕਿ ਪੰਜਾਬ ਨੂੰ ਬਿਜਲੀ ਦੇਣੀ ਤਾਂ ਇਕ ਪਾਸੇ ਰਹੀ ਤੁਸੀਂ ਤਾਂ ਪੰਜਾਬ ਨੂੰ ਬਿਜਲੀ ਵੱਧ ਪੈਦਾ ਕਰਨ ਵਾਲਾ ਰਾਜ (ਸ਼ੁਰਪਲੁਸ ਸ਼ਟੳਟੲ) ਬਣਾ ਦੇਣਾ ਹੈ । ਬਾਬਾ ਜੀ, ਕਿਥੇ ਗਏ ਤੁਹਾਡੇ ਪੰਜਾਬੀਆਂ ਨਾਲ ਕੀਤੇ ਉਹ ਇਕਰਾਰ? ਬਚਪਨ ਵਿਚ ਗਾਣਾ ਸੁਣਦੇ ਸਾਂ: “ਜੋ ਵਾਅਦਾ ਕੀਆ ਵੋਹ ਨਿਭਾਨਾ ਪੜੇਗਾ”, ਪਰ ਤੁਹਾਡੀ ਹਾਲਤ ਏਨੀ ਪਤਲੀ ਪੈ ਗਈ ਹੈ ਕਿ ਤੁਹਾਡੇ ਲਈ ਤਾਂ ਇਹ ਗਲ ਢੁਕਵੀਂ ਹੋਵੇਗੀ, “ਜੋ ਵਾਅਦਾ ਕੀਆ ਵੋਹ ਭੁਲਾਨਾ ਪੜੇਗਾ”।

ਬਾਬਾ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਦੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਤੁਸੀਂ ਤੇ ਤੁਹਾਡਾ ਪੁੱਤ ਦੁਹਰਾਉਂਦੇ ਥਕਦੇ ਨਹੀਂ, ਪਰ ਇਹ ਵੀ ਦੱਸ ਦਿਆ ਕਰੋ ਕਿ ਤੁਸੀਂ ਉਨ੍ਹਾਂ ਕੁਰਬਾਨੀਆਂ ਵਿਚ ਕਿੰਨਾ ਹਿੱਸਾ ਪਾਇਆ ਹੈ ਕਿ ਕੇਵਲ ਇਸ ਉਤੇ ਕਾਬਜ਼ ਹੋਕੇ ਦੂਹਰੇ ਤੀਹਰੇ ਗਫੇ ਹੀ ਛੱਕ ਰਹੇ ਹੋ? ਤੁਸੀਂ ਤਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੱਦ ਨੂੰ ਬੌਣਾ ਬਣਾ ਛਡਿਆ ਹੈ । ਤੁਹਾਡੀ ਨਜ਼ਰ ਵਿਚ ਗੁਰੂ ਘਰ ਦੇ ਵਜ਼ੀਰਾਂ ਦੀ ਵੁਕਤ ਇਕ ਦਿਹਾੜੀਦਾਰ ਮਜ਼ਦੂਰ ਤੋਂ ਵੱਧ ਨਹੀਂ ਰਹਿ ਗਈ ਜਾਪਦੀ । ਇਥੋਂ ਤਕ ਕਿ ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਾ ਮਾਣ ਸਤਿਕਾਰ ਵੀ ਕੱਚੀ ਕੌਡੀ ਤੋਂ ਵੱਧ ਨਹੀਂ ਰਹਿ ਗਿਆ । ਹੋਰ ਤਾਂ ਹੋਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿਤ੍ਰ ਅਸਥਾਨ ਤੇ ਪਹਿਲੇ ਇਤਿਹਾਸਕ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਮਹਾਨ ਅਸਥਾਨ ਦੀ ਅਹਿਮੀਅਤ ਅਤੇ ਉਸਦੇ ਜਥੇਦਾਰ ਸਾਹਿਬ ਨੂੰ ਕਖੋਂ ਹੌਲਾ ਕਰਨ ਦੀਆਂ ਚਾਲਾਂ ਦਿਨ-ਬਾ-ਦਿਨ ਚਲਦੀਆਂ ਰਹਿੰਦੀਆਂ ਹਨ ਤੇ ਉਹ ਤੁਹਾਡੇ ਹੁਕਮਾਂ ਦੇ ਗੁਲਾਮ ਬਣਕੇ ਬਸ ਰਹਿ ਗਏ ਹਨ ।

ਬਾਬਾ ਜੀ, ਤੁਸੀਂ ਆਪਣੇ ਰਾਜ ਸਮੇਂ ਪੰਜਾਬ ਵਿਚ ਦੁੱਧ ਦੀਆਂ ਵਗਦੀਆਂ ਨਦੀਆਂ ਨੂੰ ਸ਼ਰਾਬ ਦੀਆਂ ਨਦੀਆਂ ਵਿਚ ਤਬਦੀਲ ਕਰਨ ਵਿਚ ਪਿਛਲੇ ਸਾਰੇ ਰੀਕਾਰਡ ਤੋੜ ਦਿਤੇ ਹਨ । ਸ਼ਹਿਰ ਸ਼ਹਿਰ ਵਿਚ, ਗਲੀ ਗਲੀ ਵਿਚ, ਬਾਜ਼ਾਰ ਬਾਜ਼ਾਰ ਵਿਚ ਸ਼ਰਾਬ ਦੇ ਠੇਕਿਆਂ ਦੀ ਭਰਮਾਰ ਹੋ ਗਈ ਹੈ । ਲੜਕੀਆਂ ਦੇ ਸਕੂਲਾਂ ਤੇ ਕਾਲਜਾਂ ਦੇ ਸਾਹਮਣੇ ਠੇਕਿਆਂ ਦਾ ਸ਼ੋਰ ਸ਼ਰਾਬਾ, ਗੁਰਦੁਆਰਿਆਂ, ਮੰਦਰਾਂ, ਧਰਮਸਾਲਾਂ, ਮਸਜਿਦਾਂ, ਗਿਰਜਿਆਂ ਦੇ ਆਸ ਪਾਸ ਸ਼ਰਾਬ ਦੇ ਠੇਕਿਆਂ ਦਾ ਜਮਘਟਾ । ਗਲ ਕੀ ਚੱਪੇ ਚੱਪੇ ਤੇ ਸ਼ਰਾਬ ਦੇ ਠੇਕੇ ਅਤੇ ਉਨ੍ਹਾਂ ਦੇ ਉਦਾਲੇ ਸ਼ਰਾਬੀਆਂ ਦੇ ਖੁਲ੍ਹੇ ਆਮ ਲਲਕਾਰੇ ਮਾਰਨਾ, ਗਾਲੀ ਗਲੋਚ ਕਰਨਾ, ਕਿਸੇ ਸ਼ਰੀਫ਼ ਘਰਾਣੇ ਦੀ ਲਾਗੋਂ ਲੰਘਦੀ ਧੀ ਭੈਣ ਨੂੰ ਅਵਾਜ਼ਾਂ ਕਸਣੀਆਂ, ਬਾਬਾ ਜੀ, ਤੁਹਾਡੇ ਰਾਜ ਦੀਆਂ ਇਹ ਆਮ ਕਹਾਣੀਆਂ ਬਣ ਗਈਆਂ ਹਨ । ਕੋਈ ਸਮਾਂ ਸੀ, ਜਦੋਂ ਅਸੀਂ ਇਨ੍ਹਾਂ ਗਲੀਆਂ ਬਾਜ਼ਾਰਾਂ ਵਿਚ ਦੀ ਲੰਘਦੇ ਸੀ, ਤਾਂ ਗੁਰਦੁਆਰਿਆਂ ਵਿਚ ਚਲ ਰਹੇ ਇਲਾਹੀ ਗੁਰਬਾਣੀ ਦੇ ਕੀਰਤਨ ਦਾ ਰਸ ਕੰਨਾਂ ਵਿਚ ਪੈਂਦਾ ਸੀ । ਕਿਸੇ ਲਾਗਲੇ ਮੰਦਰ ਵਿਚੋਂ ਟੱਲ ਖੜਕਣ ਦੀ ਆਵਾਜ਼ ਆਉਂਦੀ ਸੀ, ਕਿਸੇ ਪਾਸਿਓਂ ਸੰਖ ਵਜਣ ਦੀ ਆਵਾਜ਼ ਸੁਣਾਈ ਦਿੰਦੀ ਸੀ, ਕਿਸੇ ਮਸਜਿਦ ਦੀ ਨੁਕਰ ਵਿਚੋਂ ਆਜ਼ਾਨ ਦੀ ਆਵਾਜ਼ ਦੀ ਗੂੰਜ ਕੰਨੀ ਪੈਂਦੀ ਸੀ ਜਾਂ ਕਿਸੇ ਗਿਰਜੇ ਦੀ ਛੱਤ ਵਿਚ ਲਗੇ ਘੜਿਆਲ ਦੀ ਆਵਾਜ਼ ਲੰਘਦੇ ਰਾਹਗੀਰਾਂ ਦੇ ਕੰਨੀ ਪੈ ਜਾਂਦੀ ਸੀ, ਪਰ ਅੱਜ ਤੁਹਾਡੀ ਬਾਦੌਲਤ ਤੁਹਾਡੇ ਸ਼ਰਾਬ ਦੇ ਠੇਕਿਆਂ ਰਾਹੀਂ ਸ਼ਰਾਬੀ ਹੋਏ ਲੋਕਾਂ ਦੇ ਮੂੰਹਾਂ ਵਿਚੋਂ ਨਿਕਲੀਆਂ ਗੰਦੀਆਂ ਗਾਲੀ ਗਾਲੋਚ ਦੀਆਂ ਕੁਰਖੱਤ ਆਵਾਜ਼ਾਂ ਹੀ ਕੰਨੀ ਪੈਂਦੀਆਂ ਹਨ ਤੇ ਬੋਲ ਕੁਬੋਲ ਸੁਨਣੇ ਪੈਂਦੇ ਹਨ । ਲੋਕ ਕਹਿੰਦੇ ਹਨ ਕਿ ਤੁਹਾਡੇ ਪੁੱਤ ਦੇ ਸਾਲੇ ਬਿਕਰਮ ਰਾਹੀਂ ਨਸ਼ਿਆਂ ਦਾ ਮਾਫ਼ੀਆ ਬੜਾ ਸਰਗਰਮ ਹੈ ਤੇ ਉਸਨੂੰ ਕੋਈ ਹੱਥ ਵੀ ਨਹੀਂ ਪਾ ਸਕਦਾ, ਕਿਉਂਕਿ ਉਹ ਤੁਹਾਡੇ ਹੋਣਹਾਰ ਪੁਤਰ ਸੁਖਬੀਰ ਦਾ ਸਾਲਾ ਹੈ । ਭਾਵੇਂ ਬਿਕਰਮ ਮਜੀਠੀਆ ਨਸ਼ਿਆਂ ਦਾ ਸਭ ਤੋਂ ਵੱਡਾ ਤਸਕਰ ਹੋਵੇ, ਭਾਵੇਂ ਉਹ ਰੇਤਾ ਚੋਰ ਹੋਵੇ, ਬਜਰੀ ਚੋਰ ਹੋਵੇ, ਗੁਡਿੰਆਂ ਦਾ ਸਰਦਾਰ ਹੋਵੇ, ਭਾਵੇਂ ਉਹ ਸ਼ਰ-ਏ-ਆਮ ਮਾਣ ਮਰਿਆਦਾ ਵਾਲੀ ਪੰਜਾਬ ਅਸੈਂਬਲੀ ਵਿਚ ਖੜਾ ਹੋ ਕੇ ਤੇ ਲਲਕਾਰੇ ਮਾਰ ਕੇ ਕਾਂਗਰਸੀ ਵਿਧਾਇਕ ਨੂੰ ਮਾਂ-ਭੈਣ ਦੀਆਂ ਗਾਲਾਂ ਕਢ ਲਵੇ, ਉਸ ਵਲ ਕੋਈ ਅੱਖ ਭਰ ਕੇ ਤੱਕ ਨਹੀਂ ਸਕਦਾ, ਕਿਉਂਕਿ ਉਹ ਤੁਹਾਡੇ ਪੁੱਤ ਦਾ ਸਾਲਾ ਜੋ ਹੋਇਆ ।

ਇਥੇ ਹੀ ਬਸ ਨਹੀਂ ਜਦੋਂ ਬਿਕਰਮ ਉਸ ਸਮੇਂ ਸਾਰੀਆਂ ਹੱਦਾਂ ਟੱਪ ਗਿਆ, ਜਦ ਉਹ ਸਾਹਿਬ–ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਪਵਿਤ੍ਰ ਬਾਣੀ ਨਾਲ ਛੇੜ ਛਾੜ ਕਰਕੇ ਦੋ ਟਕਿਆਂ ਦੇ ਇਕ ਸਿਆਸੀ ਨੇਤਾ ਨੂੰ ਖੁਸ਼ ਕਰਨ ਲਈ ਬਾਣੀ ਨੂੰ ਤੋੜ ਮਰੋੜ ਕੇ ਇਹ ਕਹਿ ਗਿਆ “ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ । ਨਾ ਡਰੋਂ ਅਰਿ ਸੋ ਜਬ ਜਾਏ ਲਰੋਂ ਨਿਸਚੈ ਕਰ ਅਰੁਨ ਜੇਤਲੀ ਕੀ ਜੀਤ ਕਰੋਂ”। ਬਾਬਾ ਜੀ, ਹੱਦ ਹੋ ਗਈ ਏ । ਇਸ ਹੱਦ ਤਕ ਤਾਂ ਨਾ ਪਹੁੰਚੋ ਕਿ ਤੁਹਾਡੇ ਦਿਲੋ ਦਿਮਾਗ਼ ਵਿਚੋਂ ਗੁਰੂ ਸਾਹਿਬਾਂ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਹੀ ਖਤਮ ਹੋ ਜਾਵੇ ।

ਬਾਬਾ ਜੀ, ਗੱਲ “ਕੌਮ ਦੇ ਹੀਰੇ” ਤੋਂ ਤੁਰੀ ਸੀ । ਕੌਮ ਦੇ ਹੀਰੇ ਉਹ ਹੁੰਦੇ ਹਨ, ਜੋ ਕੌਮ ਤੋਂ ਆਪਾ ਤੇ ਆਪਣਾ ਟੱਬਰ ਕੁਰਬਾਨ ਕਰਦੇ ਹਨ, ਜਿਵੇਂ ਕਿ ਭਗਤ ਸਿੰਘ ਸ਼ਹੀਦ, ਰਾਜ ਗੁਰੂ, ਸੁਖਦੇਵ, ਮਦਨ ਲਾਲ ਢੀਂਗੜਾ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਬਾਬਾ ਗੁਰਦਿਤ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਤੇਜਾ ਸਿੰਘ ਸਮੁੰਦਰੀ, ਜਥੇਦਾਰ ਦਰਸ਼ਨ ਸਿੰਘ ਫੇਰੂਮਾਨ, ਸੰਤ ਜਰਨੈਲ ਸਿੰਘ ਭਿੰਡਰਾਵਾਲਾ, ਜਨਰਲ ਸ਼ਬੇਗ ਸਿੰਘ ਆਦਿ ਆਦਿ । ਕੌਮ ਦੇ ਹੀਰੇ ਉਹ ਨਹੀਂ ਹੁੰਦੇ, ਜਿਨ੍ਹਾਂ ਨੇ ਸ਼ਹੀਦਾਂ ਨੇ ਨਾਮ ਨੂੰ ਵਰਤ ਵਰਤ ਕੇ ਆਪਣਾ ਕੁਨਬਾ ਪਾਲ ਲਿਆ ਹੋਵੇ ਜਾਂ ਪਾਲ ਰਹੇ ਹੋਣ ਤੇ “ਕੌਮ ਦੇ ਹੀਰੇ” ਦੇ ਨਾਮ ਉਤੇ ਧੱਬੇ ਹੋਣ । ਉਹ ਤਾਂ “ਕੌਮ ਦੇ ਖਲ-ਨਾਇਕ” ਹੁੰਦੇ ਹਨ । ਕੇਂਦਰੀ ਸਰਕਾਰ ਵਲੋਂ ਮਿਲੀਆਂ ਗਰਾਂਟਾਂ ਨਾਲ ਖਰੀਦੀਆਂ ਐਂਬੂਲੈਂਸ ਬਸਾਂ ਉਤੇ ਪਰਕਾਸ਼ ਸਿੰਘ ਬਾਦਲ ਦੀਆਂ ਵਡੀਆਂ ਵਡੀਆਂ ਫੋਟੋਆਂ ਲਾਣ ਨਾਲ, ਸਰਕਾਰੀ ਖਰਚੇ ਵਿਚੋਂ ਸਕੂਲੀ ਬਚਿਆਂ ਨੂੰ ਮੁਫ਼ਤ ਸਾਈਕਲਾਂ ਉਤੇ ਬਾਦਲ ਦੀਆਂ ਫੋਟੋਆਂ ਲਾਣ ਨਾਲ, ਸਿਲਾਈ ਮਸ਼ੀਨਾਂ, ਗਲੇ ਸੜੇ ਆਟੇ ਦਾਲ ਦੇ ਬੋਰਿਆਂ ਉਤੇ ਬਾਦਲ ਦੀਆਂ ਫੋਟੋਆਂ ਲਾਣ ਨਾਲ ਪਰਕਾਸ਼ ਸਿੰਘ ਬਾਦਲ ਕੌਮ ਦਾ ਹੀਰਾ ਨਹੀਂ ਬਨਣ ਲਗਾ, ਕਿਉਂਕਿ ਉਸਨੇ ਕੌਮ ਲਈ ਕੋਈ ਕੁਰਬਾਨੀ ਨਹੀਂ ਕੀਤੀ, ਸਿਵਾਏ ਕੌਮ ਨੂੰ ਦੋਹੀਂ ਦੋਹੀਂ ਹੱਥੀਂ ਲੁੱਟ ਕੇ ਖਾਣ ਦੀ । ਹੁਣ ਫ਼ੈਸਲਾ ਤੁਸੀਂ ਖ਼ੁਦ ਕਰੋ ਕਿ ਕੌਮ ਦੇ ਅਸਲ ਹੀਰੇ ਕੌਣ ਹਨ?
ਬਾਬਾ ਜੀ, ਜਿਵੇਂ ਕਿ ਮੈਂ ਇਸ ਲੇਖ ਦੇ ਮੁਢਲੇ ਪਹਿਰੇ ਵਿਚ ਕਹਿ ਆਇਆ ਹਾਂ ਕਿ ਤੁਸੀਂ ਸਚਮੁਚ ਕੌਮ ਦੇ ਹੀਰੇ ਹੋ, ਇਸਨੂੰ ਭੁਲੇਖੇ ਵਿਚ ਸੱਚ ਨਾ ਜਾਣ ਜਾਇਓ । ਇਹ ਤਾਂ ਤੁਹਾਡੇ ਉਤੇ ਇਕ ਅਵਾਜ਼ਾ ਕਸਿਆ ਹੈ ਸਿਰਫ਼ ਤੁਹਾਨੂੰ ਝੰਜੋੜਨ ਵਾਸਤੇ, ਕਿਉਂਕਿ ਜਾਪਦਾ ਹੈ ਤੁਸੀਂ ਅਖਾਂ ਮੀਚ ਕੇ ਸੁਤੇ ਪਏ ਹੋ ਜਾਂ ਗੁਰਬਾਣੀ ਅਨੁਸਾਰ, “ਮਾਇਆਧਾਰੀ ਅਤਿ ਅੰਨਾ ਬੋਲਾ ਸਬਦੁ ਨ ਸੁਣਈ ਬਹੁ ਰੋਲ ਘਚੋਲਾ”॥ ਤੇ ਪੰਜਾਬ ਵਲੋਂ ਅੱਖਾਂ ਮੀਚ ਕੇ ਤੇ ਕੰਨ ਬੰਦ ਕਰਕੇ ਬਿਲਕੁਲ ਅਵੇਸਲੇ ਹੋਏ ਬੈਠੇ ਹੋ । ਬਾਬਾ ਜੀ, ਆਖ਼ਰ ਭਗਤ ਨਾਮ ਦੇਵ ਜੀ ਦੇ ਧਨਾਸਰੀ ਰਾਗ ਵਿਚ ਉਚਾਰਨ ਕੀਤੇ ਇਕ ਸ਼ਬਦ ਵਲ ਤੁਹਾਡਾ ਧਿਆਨ ਦੁਆ ਕੇ ਅੱਜ ਦੀ ਵਾਰਤਾ ਇਥੇ ਖਤਮ ਕਰਦਾ ਹਾਂ ।

ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ॥

ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥ ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ

ਧਰਿ ਮੂੰਡ ਬਲਾਏ ॥1॥ ਹਮਰੋ ਕਰਤਾ ਰਾਮੁ ਸਨੇਹੀ ॥ ਕਾਹੇ ਰੇ ਨਰ ਗਰਬੁ ਕਰਤ ਹਹੁ

ਬਿਨਸਿ ਜਾਇ ਝੂਠੀ ਦੇਹੀ ॥1॥ ਰਹਾਉ ॥ ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥

ਬਾਰਹ ਜੋਜਨ ਛਤ੍ਰ ਚਲੈ ਥਾ ਦੇਹੀ ਗਿਰਝਨ ਖਾਈ ॥2॥ ਸਰਬ ਸੁੋਇਨ ਕੀ ਲੰਕਾ ਹੋਤੀ ਰਾਵਨ

ਸੇ ਅਧਿਕਾਈ ॥ ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥ 3॥ ਦੁਰਬਾਸਾ

ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥ ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ

ਗੁਨ ਗਾਏ ॥4॥1॥

ਬਾਬਾ ਜੀ, ਤੁਸੀਂ ਵੀ ਜਿੰਨੀਆਂ ਮਰਜ਼ੀ ਡੂੰਘੀਆਂ ਨੀਹਾਂ ਪੁੱਟ ਕੇ ਮਹੱਲ ਉਸਾਰ ਲਵੋ, ਉਪਰ ਛੱਤਰ ਝੁਲਾ ਲਵੋ, ਇਹ ਝੂਠੀ ਦੇਹੀ ਇਕ ਦਿਨ ਬਿਨਸ ਜਾਣੀ ਜੇ । ਕੈਰੋ, ਪਾਂਡਵ, ਦੁਰਯੋਧਨ ਤੁਰ ਗਏ, ਜਿਨ੍ਹਾਂ ਦਾ ਰਾਜ ਦੂਰ ਦੂਰ ਤਕ ਫੈਲਿਆ ਹੋਇਆ ਸੀ, ਉਨ੍ਹਾਂ ਦਾ ਮਾਸ ਵੀ ਗਿਲਝਾਂ ਨੋਚ ਨੋਚ ਕੇ ਖਾ ਗਈਆਂ । ਨਾ ਰਾਵਣ ਦੀ ਸੋਨੇ ਦੀ ਲੰਕਾ ਹੀ ਰਹੀ । ਜਿਸਦੇ ਰਾਜ ਵਿਚ ਹਾਥੀ ਖੜੇ ਰਹਿੰਦੇ ਸਨ, ਉਹ ਨਹੀਂ ਰਹੇ ਤੇ ਬਾਬਾ ਜੀ, ਤੁਸੀਂ ਕਿਸ ਪਾਣੀ ਹਾਰ ਹੋ?

ਹੁਣੇ ਹੁਣੇ ਮਿਲੀਆਂ ਖ਼ਬਰਾਂ ਅਨੁਸਾਰ ਜਿਥੇ ਬਠਿੰਡੇ ਦੀ ਜ਼ਿਮਨੀ ਚੋਣ ਵਾਲੀ ਸੀਟ ਤੋਂ ਤੁਹਾਡੇ ਉਮੀਦਵਾਰ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ, ਕਿਵੇਂ ਹੋਈ ਹੈ, ਉਥੇ ਪਟਿਆਲੇ ਦੇ ਸ਼ਾਹੀ ਘਰਾਣੇ ਤੋਂ ਤੁਹਾਨੂੰ ਕਰਾਰੀ ਹਾਰ ਵੀ ਨਸੀਬ ਹੋਈ ਹੈ । ਇਸਦੀ ਚਰਚਾ ਕਿਤੇ ਫੇਰ ਕਰਾਂਗੇ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>