ਪੰਜਾਬੀ ਬੋਲੀ ਦਾ ਜੁਝਾਰੂ ਅਤੇ ਇਨਕਲਾਬੀ ਲੋਕ ਕਵੀ-ਉਸਤਾਦ ਦਾਮਨ

ਕੋਈ ਵੀ ਬੋਲੀ ਲੋਕਾਂ ਦੇ ਬੁਲ੍ਹਾਂ ਤੇ ਜਿਓਂਦੀ ਹੈ। ਲੋਕਾਂ ਦਾ ਪਿਆਰ ਹੀ ਉਸ ਬੋਲੀ ਨੂੰ ਜਿੰਦਾ ਰੱਖਦਾ ਹੈ। ਸਾਹਿਤਕਾਰ ਤੇ ਖਾਸ ਤੌਰ ਤੇ ਸ਼ਾਇਰ ਤਾਂ ਹੀ ਲੋਕਾਂ ਵਿਚ ਮਕਬੂਲ ਹੁੰਦਾ ਹੈ ਜੇਕਰ ਉਹ ਲੋਕਾਂ ਦੇ ਮੂੰਹ ਤੇ ਚੜ੍ਹਨ ਵਾਲੀ ਸਰਲ ਬੋਲੀ ਵੀ ਵਰਤੋਂ ਕਰੇਗਾ। ਸਟੇਜੀ ਕਵੀ ਵੀ ਉਹ ਹੀ ਹਰਮਨ ਪਿਆਰਾ ਹੁੰਦਾ ਹੈ ਜਿਹੜਾ ਸ਼ਬਦਾਂ ਦੀ ਜਾਦੂਗਿਰੀ ਦਾ ਮਾਹਿਰ ਹੋਵੇ।  ਅਜਿਹਾ ਹੀ ਸਾਂਝੇ ਪੰਜਾਬ ਦੇ ਪੰਜਾਬੀ ਦਾ ਲੋਕ ਕਵੀ ਉਸਤਾਦ ਦਾਮਨ ਵਿਲੱਖਣ ਸ਼ਖਸੀਅਤ ਦਾ ਮਾਲਕ ਸੀ। ਪੰਜਾਬੀ ਬੋਲੀ ਦੇ ਨਾਲ ਉਸਨੂੰ ਅਥਾਹ ਪਿਆਰ ਅਤੇ ਸਤਿਕਾਰ ਸੀ। ਉਹ ਦੇਸ ਭਗਤੀ ਦੀਆਂ ਕਵਿਤਾਵਾਂ ਲਿਖਦਾ ਸੀ । ਗ਼ੁਲਾਮ ਦੇਸ ਵਿਚ ਇਨਕਲਾਬੀ ਕਵਿਤਾ ਲਿਖਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ। ਉਹ ਆਜਾਦੀ ਦੇ ਅੰਦੋਲਨ ਸੰਬੰਧੀ ਹੋਣ ਵਾਲੀਆਂ ਕਾਨਫਰੰਸਾਂ ਦਾ ਸ਼ਿੰਗਾਰ ਹੁੰਦਾ ਸੀ। ਭਾਰਤ ਦੀ ਵੰਡ ਹੋਣ ਸਮੇਂ ਪੰਜਾਬ ਵੀ ਦੋ ਭਾਗਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਵੰਡਿਆ ਗਿਆ। ਭੂਗੋਲਿਕ ਵੰਡ ਪੰਜਾਬੀਆਂ ਦੀ ਵਿਰਾਸਤ ਬੋਲੀ-ਪਹਿਰਾਵਾ-ਰਸਮੋ  ਰਿਵਾਜ-ਹਵਾ-ਸਭਿਅਤਾ ਅਤੇ ਸਭਿਆਚਾਰ ਦੀਆਂ ਵੰਡੀਆਂ ਨਾ ਪਾ ਸਕੀ। ਪੰਜਾਬੀ ਭਾਵੇਂ ਦੋ ਖਿਤਿਆਂ ਵਿਚ ਵੰਡੇ ਜਾ ਚੁੱਕੇ ਸਨ ਪ੍ਰੰਤੂ ਉਨ੍ਹਾਂ ਦੀਆਂ ਭਾਵਨਾਵਾਂ ਆਪਣੀ ਮਾਤਭੂਮੀ ਲਈ ਭੱਟਕ ਰਹੀਆਂ ਸਨ। ਉਹ ਮਾਨਸਿਕ ਅਤੇ ਆਤਮਿਕ ਤੌਰ ਤੇ ਮਾਖਿਓਂ ਮਿੱਠੀ ਪੰਜਾਬੀ ਭਾਸ਼ਾ ਨਾਲ ਓਤਪੋਤ ਸਨ। ਪੰਜਾਬੀ ਦੇ ਸ਼ਾਇਰਾਂ ਖਾਸ ਤੌਰ ਤੇ ਲੋਕ ਕਵੀਆਂ ਨੂੰ ਆਪਣੀ ਮਿੱਟੀ ਦਾ ਮੋਹ ਤੜਪਾ ਰਿਹਾ ਸੀ। ਮਜਬੂਰੀ ਵੱਸ ਉਨ੍ਹਾਂ ਨੂੰ ਆਪਣੀ ਧਰਤੀ ਮਾਤਾ ਨੂੰ ਅਲਵਿਦਾ ਕਹਿਣਾ ਪਿਆ ਸੀ। ਲਹਿੰਦੇ ਪੰਜਾਬ ਦੇ ਲੋਕ ਕਵੀਆਂ ਵਿਚੋਂ ਚਿਰਾਗ ਦੀਨ ਦਾਮਨ ਜੋ ਉਸਤਾਦ ਦਾਮਨ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ-ਉਹ ਪੰਜਾਬ ਦੀ ਵੰਡ ਨੂੰ ਮਾਨਸਿਕ ਤੌਰ ਤੇ ਭੁਲਾ ਨਾ ਸਕਿਆ। ਦੇਸ ਦੀ ਵੰਡ ਦੀ ਚੀਸ ਹਮੇਸਾ ਉਸਨੂੰ ਰੜਕਦੀ ਰਹੀ ਅਤੇ ਇਹ ਚੀਸ ਉਸਦੀਆਂ ਕਵਿਤਾਵਾਂ ਦਾ ਵਿਸ਼ਾ ਰਹੀ। ਇਸ ਕਰਕੇ ਉਹ ਦੇਸ ਦੀ ਵੰਡ ਤੋਂ ਬਾਅਦ ਵੀ ਭਾਰਤ ਵਿਚ ਹੋਣ ਵਾਲੇ ਕਵੀ ਦਰਬਾਰਾਂ ਦੀ ਰੌਣਕ ਵਧਾਉਂਦਾ ਰਿਹਾ। ਜਿਸਮਾਨੀ ਤੌਰ ਤੇ ਭਾਵੇਂ ਉਹ ਪਾਕਿਸਤਾਨ ਵਿਚ ਰਹਿ ਰਿਹਾ ਸੀ ਪ੍ਰੰਤੂ ਭਾਵਨਾਤਮਿਕ ਤੌਰ ਤੇ ਉਹ ਚੜ੍ਹਦੇ ਪੰਜਾਬ-ਪੰਜਾਬੀ ਅਤੇ ਪੰਜਾਬੀਅਤ ਨਾਲ ਗੜੂੰਦ ਸੀ। ਦੇਸ ਦੀ ਵੰਡ ਸੰਬੰਧੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਦੋ ਪੰਜਾਬੀ ਦੇ ਸ਼ਾਇਰਾਂ ਅੰਮ੍ਰਿਤਾ ਪ੍ਰੀਤਮ ਅਤੇ ਚਿਰਾਗ ਦੀਨ ਦਾਮਨ ਨੇ ਬੜੀਆਂ ਹੀ ਦਿਲ ਨੂੰ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ ਜਿਹੜੀਆਂ ਰਹਿੰਦੀ ਦੁਨੀਆਂ ਤੱਕ ਤਰੋ ਤਾਜਾ ਰਹਿਣਗੀਆਂ। ਭਾਰਤ ਦੀ ਵੰਡ ਦੇ ਦੁਖਾਂਤ ਨੂੰ ਅੰਮ੍ਰਿਤਾ ਪ੍ਰੀਤਮ ਨੇ ਬੜੇ ਹੀ ਖੂਬਸੂਰਤ ਸ਼ਬਦਾਂ ਵਿਚ ਅੰਕਿਤ ਕਰਕੇ         ਪੰਜਾਬੀਆਂ ਦੇ ਦਿਲਾਂ ਨੂੰ ਤੜਪਾ ਦਿੱਤਾ ਸੀ। ਇਸੇ ਤਰ੍ਹਾਂ ਉਸਤਾਦ ਦਾਮਨ ਨੇ ਵੀ ਇਸ ਵੰਡ ਦੇ ਦਰਦ ਨੂੰ ਆਪਣੇ ਅੰਦਾਜ ਵਿਚ ਲਾਲ ਕਿਲ੍ਹੇ ਦਿੱਲੀ ਵਿਚ ਹੋਏ ਇੱਕ ਕਵੀ ਦਰਬਾਰ ਵਿਚ ਆਪਣੀ ਕਵਿਤਾ ਪੜ੍ਹੀ ਉਥੇ ਹਾਜਰ ਭਾਰਤ ਦੇ ਰਾਸਟਰਪਤੀ ਬਾਬੂ ਰਾਜਿੰਦਰ ਪ੍ਰਸ਼ਾਦ ਅਤੇ  ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਹਾਜਰ ਸਨ। ਪੰਡਤ ਜਵਾਹਰ ਲਾਲ ਨਹਿਰੂ ਜਿਸ ਕਵਿਤਾ ਨੇ ਰੁਆ ਦਿੱਤਾ ਸੀ। ਉਸ ਦੀ ਕਵਿਤਾ ਦੇ ਬੋਲ ਇਹ ਹਨ-

ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀਂ-ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਹਨਾਂ ਆਜਾਦੀਆਂ ਹੱਥੋਂ ਬਰਬਾਦ ਹੋਏ-ਤੁਸੀਂ ਵੀ ਓ ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜਿੰਦਗੀ ਮਿਲ ਜਾਵੇਗੀ-ਮੋਏ ਤੁਸੀਂ ਵੀ ਓ ਮੋਏ ਅਸੀਂ  ਵੀ ਆਂ।
ਜਿਓਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ-ਢੋਏ ਤੁਸੀਂ ਵੀ ਓ ਢੋਏ ਅਸੀਂ ਵੀ ਆਂ।
ਜਾਗਣੇ ਵਾਲਿਆਂ ਰੱਜ ਕੇ ਲੁੱਟਿਆ ਏ-ਸੋਏ ਤੁਸੀਂ ਵੀ ਓ ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ-ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।

ਇਹ ਕਵਿਤਾ ਸੁਣ ਕੇ ਪੰਡਤ ਜਵਾਹਰ ਲਾਲ ਨਹਿਰੂ ਨੇ ਉਸਤਾਦ ਦਾਮਨ ਨੂੰ ਉਠ ਕੇ ਜੱਫੀ ਵਿਚ ਲੈ ਲਿਆ ਅਤੇ ਉਸਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ ਪ੍ਰੰਤੂ ਉਸਤਾਦ ਦਾਮਨ ਨੇ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿਚ ਹੀ ਭਾਵੇਂ ਜੇਲ੍ਹ ਵਿਚ ਹੀ ਰਹਿਣਾ ਪਵੇ। ਪਾਕਿਸਤਾਨ ਵਿਚ ਉਸਨੂੰ ਪੰਜਾਬੀ ਭਾਸ਼ਾ ਵਿਚ ਕਵਿਤਾ ਲਿਖਣ ਤੋਂ ਵਰਜਿਆ ਜਾਂਦਾ ਰਿਹਾ ਪ੍ਰੰਤੂ ਉਹ ਆਪਣੀ ਵਿਰਾਸਤ ਨਾਲੋਂ ਟੁੱਟਣ ਨੂੰ ਆਪਣੀ ਆਤਮਕ ਮੌਤ ਮਹਿਸੂਸ ਕਰਦਾ ਸੀ। ਇਸ ਕਰਕੇ ਹੀ ਉਹ ਪਾਕਿਸਤਾਨ ਵਿਚ ਬੈਠਾ ਵੀ ਪੰਜਾਬੀ ਭਾਸ਼ਾ ਦੇ ਸੋਹਲੇ ਗਾਉਂਦਾ ਰਿਹਾ-ਭਾਵੇਂ ਉਸ ਨੂੰ ਇਸ ਦੇ ਇਵਜਾਨੇ ਵਜੋਂ ਮਜ੍ਹਬੀ ਜਨੂੰਨ ਦਾ ਸਾਹਮਣਾ ਕਰਨਾ ਪਿਆ। ਉਸਦਾ ਘਰ ਅਗਨੀ ਭੇਂਟ ਕਰ ਦਿੱਤਾ ਗਿਆ ਜਿਸਤੋਂ ਬਾਅਦ ਉਹ ਸਾਰੀ ਉਮਰ ਮਸੀਤ ਦੇ ੍ਯਇੱਕ ਅੱਠ ਬਾਈ ਅੱਠ ਦੇ ਛੋਟੇ ਜਿਹੇ ਕਮਰੇ ਵਿਚ ਆਪਣਾ ਜੀਵਨ ਬਸਰ ਕਰਦਾ ਰਿਹਾ ਜਿਸ ਵਿਚ ਨਾ ਕੋਈ ਰੋਸਨਦਾਨ ਅਤੇ ਨਾ ਹੀ ਤਾਕੀ ਸੀ ਪ੍ਰੰਤੂ ਪੰਜਾਬੀ ਵਿਚ ਕਵਿਤਾ ਲਿਖਣੋਂ ਕਦੀਂ ਵੀ ਨਾ ਹਟਿਆ। ਜਦੋਂ ਫਿਰਕਾਪ੍ਰਸਤਾਂ ਨੇ ਉਸਨੂੰ ਵਾਰ-ਵਾਰ ਪੰਜਾਬੀ ਵਿਚ ਕਵਿਤਾ ਲਿਖਣ ਤੋਂ ਵਰਜਿਆ ਗਿਆ ਤਾਂ ਉਹ ਡਰਿਆ ਨਹੀਂ ਸਗੋਂ ਉਸਨੇ ਲਿਖਿਆ ਕਿ—-

ਇਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ-ਉਰਦੂ ਵਿਚ ਕਿਤਾਬਾਂ ਦੇ ਠੱਣਦੀ ਰਹੇਗੀ।
ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ-ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ ਪਏ ਹੋਣ ਪੈਦਾ-ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਤੇ ਪੰਜਾਬੀ ਨਹੀਂ ਮਰਦੀ-ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।

ਪਾਕਿਸਤਾਨ ਵਿਚ ਬੈਠਾ ਉਸਤਾਦ ਦਾਮਨ ਪੰਜਾਬੀ ਭਾਸ਼ਾ ਦੀ ਸੇਵਾ ਕਰਦਾ ਰਿਹਾ। ਪੰਜਾਬੀ ਦਾ ਉਹ ਨਿਧੜਕ ਜਰਨੈਲ ਲੋਕ ਕਵੀ ਸੀ ਜਿਸਨੇ ਤਾਹਨੇ ਮਿਹਣੇ ਸਹਿੰਦਿਆਂ ਪੰਜਾਬੀ ਵਿਚ ਕਵਿਤਾ ਲਿਖਣੋਂ ਗੁਰੇਜ ਨਹੀਂ ਕੀਤਾ। ਹਾਲਾਂਕਿ ਉਸਨੂੰ ਪਤਾ ਸੀ ਕਿ ਕਿਸੇ ਵੀ ਸਮੇਂ ਉਸਨੂੰ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਅੱਜ ਅਗਲੇ ਪੰਜਾਹ ਸਾਲਾਂ ਵਿਚ ਪੰਜਾਬੀ ਜ਼ੁਬਾਨ ਦੇ ਖਤਮ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਜੇਕਰ ਉਸਤਾਦ ਦਾਮਨ ਵਰਗੇ ਸਿਰੜ੍ਹੀ ਪੰਜਾਬੀ ਭਾਸ਼ਾ ਤੇ ਪਹਿਰਾ ਦਿੰਦੇ ਰਹਿਣਗੇ ਤਾਂ ਇਹ ਬੋਲੀ ਕਦੀਂ ਵੀ ਖਤਮ ਨਹੀਂ ਹੋ ਸਕਦੀ । ਇਹ ਸਾਰਾ ਕੁਝ ਪੰਜਾਬੀਆਂ ਤੇ ਹੀ ਨਿਰਭਰ ਕਰਦਾ ਹੈ। ਪੰਜਾਬੀ ਭਾਸ਼ਾ ਤੋਂ ਕੰਨੀ ਕਤਰਾਉਣ ਵਾਲੇ ਲੇਖਕਾਂ ਅਤੇ ਬੁਧੀਜੀਵੀਆਂ ਨੂੰ ਉਸਤਾਦ ਦਾਮਨ ਤੋਂ ਸੇਧ ਲੈ ਕੇ ਪੰਜਾਬੀ ਭਾਸ਼ਾ ਤੋਂ ਮੁਨਕਰ ਹੋਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਵਿਦਵਾਨੀ ਦੇ ਨਾਂ ਹੇਠ ਗੂੜ੍ਹੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਜਿਹੜੀ ਲੋਕਾਂ ਦੇ ਸਮਝ ਵਿਚ ਹੀ ਨਾ ਆ ਸਕੇ। ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੀ ਸੌਖਿਆਂ ਹੀ ਲੋਕਾਂ ਦੇ ਪੱਲੇ ਪੈ ਜਾਵੇ ਅਤੇ ਉਸਦੀ ਸਾਰਥਿਕਤਾ ਦਾ ਪਤਾ ਲੱਗੇ। ਵੇਖੋ ਸਬਜੀ ਦੀ ਸਫਾਈ ਰੱਖਣ ਬਾਰੇ ਉਸਤਾਦ ਦਾਮਨ ਕਿੰਨੀ ਸਰਲ ਸ਼ਬਦਾਵਲੀ ਵਰਤਦਾ ਹੈ-

ਸਬਜੀ ਲਿਆਓ ਭੱਜ ਕੇ-ਖਾਓ ਸਾਰੇ ਰੱਜ ਕੇ-ਬਾਕੀ ਰੱਖੋ ਕੱਜ ਕੇ।

ਕਵਿਤਾ ਪੜ੍ਹਨ ਤੇ ਇਓਂ ਲਗਦਾ ਹੈ ਕਿ ਜਿਵੇਂ ਹਲਕੀ ਫੁਲਕੀ ਜਿਹੀ ਹੈ ਪ੍ਰੰਤੂ ਨੀਝ ਲਾ ਕੇ ਸਮਝੋ ਕਿ ਸਰਲ ਸ਼ਬਦਾਂ ਵਿਚ ਕਿਤਨੀ ਵੱਡੀ ਗੱਲ ਕਰ ਗਿਆ ਹੈ। ਜਦੋਂ ਵਾਰ ਵਾਰ ਉਸ ਉਪਰ ਦਬਾਅ ਪਾਇਆ ਗਿਆ ਕਿ ਮੁਸਲਮਾਨ ਹੋਣ ਅਤੇ ਪਾਕਿਸਤਾਨ ਵਿਚ ਰਹਿਣ ਕਰਕੇ ਉਸਨੂੰ ਪੰਜਾਬੀ ਦੀ ਥਾਂ ਉਰਦੂ ਵਿਚ ਆਪਣੀਆਂ ਨਜਮਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਉਸਨੇ ਕਵਿਤਾ ਵਿਚ ਹੀ ਉਨ੍ਹਾਂ ਨੂੰ ਜਵਾਬ ਦਿੰਦਿਆਂ ਲਿਖਿਆ-

ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਾਹੀਂ ਅੰਗਰੇਜੀ ਦਾ
ਪੁਛਦੇ ਹੋ ਮੇਰੇ ਦਿਲ ਦੀ ਬੋਲੀ-ਹਾਂ ਜੀ ਹਾਂ ਪੰਜਾਬੀ ਏ

ਚਿਰਾਗ ਦੀਨ ਦਾਮਨ ਦਾ ਜਨਮ 3 ਸਤੰਬਰ 1911 ਨੂੰ ਲਾਹੌਰ ਵਿਚ ਕਰੀਮ ਬੀਬੀ ਦੀ ਕੁੱਖੋਂ ਮੀਆਂ ਮੀਰ ਬਖਸ ਦੇ ਘਰ ਹੋਇਆ ਸੀ। ਆਪਦਾ ਦਾ ਪਿਤਾ ਫੌਜ ਦੇ ਦਰਜੀਖਾਨੇ ਵਿਚ ਕਪੜੇ ਸਿਉਣ ਦਾ ਕੰਮ ਕਰਦਾ ਸੀ ਪ੍ਰੰਤੂ ਚਿਰਾਗ ਦੀਨ ਦਾਮਨ ਵੱਲੋਂ ਇਨਕਲਾਬੀ ਅਤੇ ਫੌਜੀ ਰਾਜ ਵਿਰੁਧ ਕਵਿਤਾਵਾਂ ਲਿਖਣ ਕਰਕੇ ਉਸ ਦੇ ਪਿਤਾ ਨੂੰ ਫੌਜ ਦੀ ਨੌਕਰੀ ਤੋਂ ਹੱਥ ਧੋਣੇ ਪਏ। ਫਿਰ ਆਪਨੇ ਆਪਣੇ ਪਿਤਾ ਨਾਲ ਰਲਕੇ ਦਰਜੀ ਦੀ ਦੁਕਾਨ ਕਰ ਲਈ ਜਿਸਨੂੰ ਵੀ ਮਜ੍ਹਬੀ ਜਨੂੰਨੀਆਂ ਨੇ ਅੱਗ ਲਗਾਕੇ ਸਾੜ ਦਿੱਤਾ। ਫਿਰ ਵੀ ਦਾਮਨ ਨੇ ਕਿਸੇ ਨੂੰ ਚੰਗਾ ਮਾੜਾ ਚੰਗਾ ਨਹੀਂ ਕਿਹਾ ਸਗੋਂ ਲਿਖਿਆ-

ਕਿਸੇ ਤੀਲ੍ਹੀ ਐਸੀ ਲਗਾਈ ਏ-ਥਾਂ ਥਾਂ ਤੇ ਅੱਗ ਮਚਾਈ ਏ।
ਪਈ ਸੜਦੀ ਲੋਕਾਈ ਏ-ਤੇ ਪੈਂਦੀ ਹਾਲ ਦੁਹਾਈ ਏ।

ਦਾਮਨ ਦੀ ਮਾਂ ਨੇ ਲੋਕਾਂ ਦੇ ਭਾਂਡੇ ਮਾਂਜਕੇ ਪਰਵਾਰ ਦਾ ਗੁਜਾਰਾ ਕੀਤਾ। ਤੰਗੀਆਂ ਤਰੁਸ਼ੀਆਂ ਦਾ ਜੀਵਨ ਵੀ ਆਪਨੂੰ ਪੰਜਾਬੀ ਵਿਚ ਕਵਿਤਾ ਲਿਖਣ ਤੋਂ ਰੋਕ ਨਹੀਂ ਸਕਿਆ। ਫਿਰ ਉਹ ਲਿਖਦਾ ਹੈ ਕਿ-

ਮੈਨੂੰ ਕਈਆਂ ਨੇ ਆਖਿਆ ਕਈ ਵਾਰ-ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ
ਗੋਦੀ ਜਿਹਦੀ ਵਿਚ ਪਲਕੇ ਜਵਾਨ ਹੋਇਆਂ-ਉਹ ਮਾਂ ਛੱਡਦੇ ਤੇ ਗਰਾਂ ਛੱਡਦੇ
ਜੇ ਪੰਜਾਬੀ ਪੰਜਾਬੀ ਈ ਕੂਕਣਾ ਏ-ਜਿਥੇ ਖਲੋਤਾ ਏਂ ਥਾਂ ਛੱਡਦੇ
ਮੈਨੂੰ ਇੰਜ ਲੱਗਦੈ ਲੋਕੀ ਆਖਦੇ ਨੇ-ਤੂੰ ਪੁੱਤਰਾ ਆਪਣੀ ਮਾਂ ਛੱਡਦੇ

ਉਸਤਾਦ ਦਾਮਨ ਨੇ ਸਾਰੀ ਉਮਰ ਅਣਖ ਨਾਲ ਸ਼ਾਇਰੀ ਕੀਤੀ। ਉਹ ਜਿਮਾਨੀ ਤੌਰ ਤੇ ਰੋਹਬ ਦਾਬ ਵਾਲਾ ਪਹਿਲਵਾਨੀ ਦਿਖ ਵਾਲਾ ਸ਼ਾਇਰ ਸੀ । ਸਰਕਾਰਾਂ ਦੇ ਦਮਨ ਦਾ ਸ਼ਿਕਾਰ ਵੀ ਹੋਇਆ। ਇਨਕਲਾਬੀ ਕਵਿਤਾ ਸਮਾਜਿਕ ਬੁਰਾਈਆਂ ਅਤੇ ਆਮ ਜਨਤਾ ਉਪਰ ਸਰਕਾਰ ਵਲੋਂ ਕੀਤੇ ਜਾਂਦੇ ਜੋਰ ਜਬਰਦਸਤੀ ਦੀਆਂ ਕਾਰਵਾਈਆਂ ਵਿਰੁਧ ਲਿਖਣ ਕਰਕੇ ਆਪ ਉਪਰ ਕਈ ਕੇਸ ਦਰਜ ਕਰਕੇ ਜੇਲ੍ਹ ਵਿਚ ਬੰਦ ਰੱਖਿਆ ਗਿਆ ਪ੍ਰੰਤੂ ਆਪਨੇ ਸਰਕਾਰਾਂ ਨਾਲ ਆਡ੍ਹਾ ਲਾਈ ਰੱਖਿਆ। ਸਰਕਾਰਾਂ ਦੀਆਂ ਜੋਰ ਜਬਰਦਸਤੀ ਦੀਆਂ ਕਾਰਵਾਈਆਂ ਦੇ ਉਹ ਆਪਣੀਆਂ ਕਵਿਤਾਵਾਂ ਵਿਚ ਬਖੀਏ ਉਧੇੜ ਦਿੰਦਾ ਸੀ। ਫੌਜੀ ਰਾਜ ਤੋਂ ਵੀ ਉਹ ਡਰਿਆ ਨਹੀਂ ਸਗੋਂ ਉਸਨੇ ਫੌਜੀ ਰਾਜ ਤੇ ਟਕੋਰ ਕਰਦਿਆਂ ਅਰਥ ਭਰਪੂਰ ਕਵਿਤਾ ਲਿਖੀ-

ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ-ਜਿਧਰ ਦੇਖੋ ਫੌਜਾਂ ਹੀ ਫੌਜਾਂ।
ਇਹ ਕੀ ਕਰੀ ਜਾਨਾ-ਕਦੀ ਚੀਨ ਜਾਨਾ ਕਦੀ ਰੂਸ ਜਾਨਾ।
ਕਦੀ ਸਿਮਲੇ ਜਾਨਾ ਕਦੀ ਮਰੀ ਜਾਨਾ-ਜਿਧਰ ਜਾਨਾ ਬਣਕੇ ਜਲੂਸ ਜਾਨਾ।
ਲਈ ਖੇਸ ਜਾਨਾ ਖਿੱਚੀ ਦਰੀ ਜਾਨਾ-ਇਹ ਕੀ ਕਰੀ ਜਾਨਾ।

ਨੌਜਵਾਨ ਪੀੜ੍ਹੀ ਤੇ ਕਟਾਖਸ ਕਰਨ ਲੱਗਿਆਂ ਵੀ ਕਮਾਲ ਦੀਆਂ ਪੰਜਾਬੀ ਦੀਆਂ ਠੇਠ ਤਸ਼ਬੀਹਾਂ ਆਪਣੀਆਂ ਕਵਿਤਾਵਾਂ ਵਿਚ ਦਿੰਦਾ ਸੀ ਜਿਹੜੀਆਂ ਅੱਜ ਵੀ ਸੰਤਰ ਸਾਲ ਬਾਅਦ ਢੁਕਦੀਆਂ ਹਨ ਉਹ ਲਿਖਦਾ ਹੈ-

ਇਹ ਕਾਲਜ ਏ ਕਿ ਫੈਸਨ ਦੀ ਫੈਕਟਰੀ ਏ-
ਕੁੜੀਆਂ ਮੁੰਡਿਆਂ ਨਾਲ ਇੰਜ ਫਿਰਨ-
ਜਿਵੇਂ ਅਲਜਬਰੇ ਨਾਲ ਜੁਮੈਟਰੀ ਏ।

ਉਸਤਾਦ ਦਾਮਨ ਆਪਣੀ ਜਿੰਦਗੀ ਦਾ ਬਹੁਤਾ ਸਮਾਂ ਆਪਣੀਆਂ ਇਨਕਲਾਬੀ ਕਵਿਤਾਵਾਂ ਕਰਕੇ ਜੇਲ੍ਹ ਵਿਚ ਹੀ ਰਿਹਾ ਹੈ। ਉਹ ਇਹ ਵੀ ਆਮ ਕਹਿੰਦਾ ਸੀ ਕਿ ਉਸਦਾ ਕਮਰਾ ਹੀ ਬਹੁਤ ਛੋਟਾ ਸੀ ਜਿਸ ਕਰਕੇ ਮੇਰੇ ਉਪਰ ਬੰਬ ਰੱਖਣ ਦੇ ਕੇਸ ਬਣਦੇ ਰਹੇ ਜੇਕਰ ਮੇਰਾ ਘਰ ਵੱਡਾ ਹੁੰਦਾ ਤਾਂ ਟੈਂਕ ਰੱਖਣ ਦੇ ਕੇਸ ਵੀ ਹੋ ਸਕਦੇ ਸਨ। ਜੇਲ੍ਹ ਵਿਚ ਰਹਿਣ ਸੰਬੰਧੀ ਉਹ ਲਿਖਦਾ ਹੈ ਕਿ-

ਸਟੇਜਾਂ ਤੇ ਆਈਏ ਸਿਕੰਦਰ ਹੋਈਦਾ ਏ-ਸਟੇਜੋਂ ਉਤਰਕੇ ਕ¦ਦਰ ਹੋਈਦਾ ਏ।
ਉਲਝੇ ਜੋ ਦਾਮਨ ਹਕੂਮਤ ਕਿਸੇ ਨਾਲ-ਬਸ ਏਨਾ ਹੀ ਹੁੰਦਾ-ਅੰਦਰ ਹੋਈਦਾ ਏ।

ਪਾਕਿਸਤਾਨ ਵਿਚ ਵੀ ਪੰਜਾਬੀ ਦੇ ਹੋਰ ਵੀ ਬਹੁਤ ਸਾਰੇ ਸ਼ਾਇਰ ਹੋਏ ਹਨ ਪ੍ਰੰਤੂ ਉਸਤਾਦ ਦਾਮਨ ਜਿੰਨਾ ਦਲੇਰ-ਮੂੰਹ ਫਟ-ਸਰਲ-ਸਪਸਟ ਅਤੇ ਰੋਜ ਮਰਰ੍ਹਾ ਦੀ ਜਿੰਦਗੀ ਨਾਲ ਸੰਬੰਧਤ ਲਿਖਣ ਕੋਈ ਵੀ ਨਹੀਂ ਸੀ। ਜੇਲ੍ਹ ਵਿਚ ਰਹਿਣ ਕਰਕੇ ਉਸਦੀ ਵਿਆਹੁਤਾ ਜਿੰਦਗੀ ਵੀ ਬਹੁਤੀ ਸਫਲ ਨਹੀਂ ਰਹੀ। ਉਸਦਾ ਵਿਆਹ ਇੱਕ ਸਿੱਖ ਪਰਵਾਰ ਵਿਚ ਹੋਇਆ ਸੀ। ਉਸਦਾ ਇੱਕ ਲੜਕਾ ਵੀ ਸੀ ਪ੍ਰੰਤੂ ਬਹੁਤਾ ਸਮਾਂ ਜੇਲ੍ਹ ਵਿਚ ਰਹਿਣ ਕਰਕੇ ਇੱਕ ਵਾਰ ਵਿਛੜਿਆ ਪਰਵਾਰ ਮੁੜਕੇ ਮਿਲ ਨਹੀਂ ਸਕਿਆ। ਜਿਓਂਦੇ ਜੀਅ ਗ਼ਰੀਬੀ ਕਰਕੇ ਉਹ ਆਪਣੀਆਂ ਕਵਿਤਾਵਾਂ ਦੀ ਕੋਈ ਵੀ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਉਸਤਾਦ ਦਾਮਨ ਦੀ ਮੌਤ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦੀ ਪੁਸਤਕ ਪਾਕਿਸਤਾਨ ਦੇ ਲੋਕਾਂ ਨੇ ਗੁਰਮੁਖੀ ਵਿਚ ਪ੍ਰਕਾਸ਼ਤ ਹੀ ਨਹੀਂ ਕੀਤਾ ਸਗੋਂ ਉਰਦੂ ਵਿਚ ਪ੍ਰਕਾਸ਼ਤ ਕਰਕੇ ਉਸਨੂੰ ਉਰਦੂ ਦਾ ਸ਼ਾਇਰ ਵਿਖਾਉਣ ਦੀ ਕੋਸਿਸ ਕੀਤੀ ਗਈ ਹੈ। ਕੈਨੇਡਾ ਵਿਚ ਰਹਿਣ ਵਾਲੇ ਪੰਜਾਬੀ ਦੇ ਮੁੱਦਈ ਭਾਈ ਜੈਤੇਗ ਸਿੰਘ ਅਨੰਤ ਨੇ ਉਸਤਾਦ ਦਾਮਨ ਦੀ ਪੰਜਾਬੀ ਭਾਸ਼ਾ ਵਿਚ ਲਿਖੀ ਕਵਿਤਾ ਬਾਰੇ ਵਾਰਤਕ ਦੀ ਇੱਕ ਖੋਜ ਭਰਪੂਰ ਪੁਸਤਕ-ਬੇਨਿਆਜ ਹਸਤੀ-ਉਸਤਾਦ ਦਾਮਨ ਪ੍ਰਕਾਸ਼ਤ ਕਰਵਾਕੇ ਉਸਤਾਦ ਦਾਮਨ ਦੀ ਪੰਜਾਬੀ ਪ੍ਰਤੀ ਸੇਵਾ ਨੂੰ ਲੋਕਾਂ ਦੇ ਰੂਬਰੂ ਕਰਕੇ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਪੁਸਤਕ ਪਾਕਿਸਤਾਨ ਵਿਚ ਲਾਹੌਰ-ਭਾਰਤ ਅਤੇ ਕੈਨੇਡਾ ਵਿਚ ਜੈਤੇਗ ਸਿੰਘ ਅਨੰਤ ਨੇ ਲੋਕ ਅਰਪਣ ਕੀਤੀ ਹੈ। ਉਸਤਾਦ ਦਾਮਨ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੋ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਤੇ ਪਹਿਰਾ ਦੇਈਏ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਦੇ ਉਪਰਾਲੇ ਕਰੀਏ।

This entry was posted in ਲੇਖ.

One Response to ਪੰਜਾਬੀ ਬੋਲੀ ਦਾ ਜੁਝਾਰੂ ਅਤੇ ਇਨਕਲਾਬੀ ਲੋਕ ਕਵੀ-ਉਸਤਾਦ ਦਾਮਨ

  1. harchand singh says:

    congu.kamal di lekhni! panjabi boli di sachi suchi sewa.app ne cherag din ware boht vdmuli jankari pathkan nu arpn keti hai.mere vlon boht boht vdhae.

Leave a Reply to harchand singh Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>