ਪਾਲਕ

ਪਾਲਕ ਬਾਰੇ ਮਸ਼ਹੂਰ ਹੈ ਕਿ ਇਹ ਪਾਲਣਹਾਰ ਹੈ। ਕਿਹਾ ਜਾਂਦਾ ਹੈ ਕਿ ਪੰਜਵੀਂ ਸਦੀ ਵਿਚ ਇਰਾਨ ਦੇ  ਵਿਚ ਇਹ ਲੱਭੀ ਗਈ ਤੇ ਸੱਤਵੀਂ ਸਦੀ ਵਿਚ ਨੇਪਾਲ ਦੇ ਰਾਜੇ ਨੇ ਸੌਗਾਤ ਵਜੋਂ ਇਸਨੂੰ ਚੀਨ ਭੇਜਿਆ। ਗਿਆਹਰਵੀਂ ਸਦੀ ਵਿਚ ਇਹ ਸਪੇਨ ਵਿਚ ਪਹੁੰਚੀ ਤੇ ਉੱਥੋਂ ਇਹ ਯੂਰਪ ਵੱਲ ਉਡਾਰੀ ਮਾਰ ਗਈ। ਯੂਰਪ ਵਿਚ ਓਦੋਂ ਇਸਨੂੰ ਪਾਲਕ ਨਹੀਂ ਬਲਕਿ ‘ਸਪੇਨ ਦੀ ਸਬਜ਼ੀ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਸੋਲ੍ਹਵੀਂ ਸਦੀ ਵਿਚ ਇਟਲੀ ਦੇ ਫਲੋਰੈਂਸ ਸ਼ਹਿਰ ਦੀ ਰਾਣੀ ਜਦੋਂ ਫਰਾਂਸ ਦੇ ਰਾਜੇ ਨਾਲ ਵਿਆਹੀ ਗਈ ਤਾਂ ਉਹ ਆਪਣੇ ਨਾਲ ਦੋ ਰਸੋਈਏ ਲੈ ਕੇ ਗਈ ਜਿਨ੍ਹਾਂ ਨੂੰ ਉਸਦੀ ਪਸੰਦ ਦੀ ਪਾਲਕ ਬਣਾਉਣੀ ਆਉਂਦੀ ਸੀ। ਉਦੋਂ ਤੋਂ ਹੀ ਫਰਾਂਸ ਵਿਚ ਜਿਸ ਸਬਜ਼ੀ ਜਾਂ ਮੀਟ ਵਿਚ ਪਾਲਕ ਪਾਈ ਜਾਏ, ਉਸਨੂੰ ‘‘ ਆ ਲਾ ਫਲੋਰੈਂਟੀਨ’’ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ।

ਅੱਜ ਦੇ ਦਿਨ ਭਾਰਤ ਨੂੰ ਪਿੱਛੇ ਛੱਡ ਅਮਰੀਕਾ ਤੇ ਨੀਦਰਲੈਂਡ ਪਾਲਕ ਉਗਾਉਣ ਵਿਚ ਪਹਿਲੇ ਨੰਬਰ ਉੱਤੇ ਜਾ ਪਹੁੰਚੇ ਹਨ ਕਿਉਂਕਿ ਉਹ ਇਸਦੇ ਫ਼ਾਇਦਿਆਂ ਨੂੰ ਵੇਖਦੇ ਹੋਏ ਇਸਦੀ ਧੜਾਧੜ ਵਰਤੋਂ ਕਰਨ ਲੱਗ ਪਏ ਹਨ।

ਪਾਲਕ ਵਿਚਲੇ ਤੱਤਾਂ ਬਾਰੇ ਜਾਣ ਕੇ ਝਟ ਸਮਝ ਆ ਸਕਦੀ ਹੈ ਕਿ ਇਹ ਮਲੂਕ ਜਿਹੇ ਹਰੇ ਪੱਤੇ ਕਿੰਨੇ ਲਾਹੇਵੰਦ ਹਨ :-

180 ਗ੍ਰਾਮ ਪਾਲਕ ਵਿਚ 41  ਕੈਲਰੀਆਂ ਹਨ

-    ਵਿਟਾਮਿਨ ਕੇ         987.2 ਪ੍ਰਤੀਸ਼ਤ
-    ਵਿਟਾਮਿਨ ਏ        104.8 ਪ੍ਰਤੀਸ਼ਤ
-    ਮੈਂਗਨੀਜ਼        84 ਪ੍ਰਤੀਸ਼ਤ
-    ਫੋਲੇਟ            65.7 ਪ੍ਰਤੀਸ਼ਤ
-    ਮੈਗਨੀਸ਼ੀਅਮ        39.1 ਪ੍ਰਤੀਸ਼ਤ
-    ਲੋਹ ਕਣ        35.7 ਪ੍ਰਤੀਸ਼ਤ
-    ਕੌਪਰ            34.4 ਪ੍ਰਤੀਸ਼ਤ
-    ਵਿਟਾਮਿਨ ਬੀ 2    32.3 ਪ੍ਰਤੀਸ਼ਤ
-    ਵਿਟਾਮਿਨ ਬੀ 6    25.8 ਪ੍ਰਤੀਸ਼ਤ
-    ਵਿਟਾਮਿਨ ਈ        24.9 ਪ੍ਰਤੀਸ਼ਤ
-    ਕੈਲਸ਼ੀਅਮ        24.4 ਪ੍ਰਤੀਸ਼ਤ
-    ਪੋਟਾਸ਼ੀਅਮ        23.9 ਪ੍ਰਤੀਸ਼ਤ
-    ਵਿਟਾਮਿਨ ਸੀ        23.5 ਪ੍ਰਤੀਸ਼ਤ
-    ਫਾਈਬਰ        17.2 ਪ੍ਰਤੀਸ਼ਤ
-    ਫਾਸਫੋਰਸ        14.4 ਪ੍ਰਤੀਸ਼ਤ
-    ਵਿਟਾਮਿਨ ਬੀ ਇਕ    14.1 ਪ੍ਰਤੀਸ਼ਤ
-    ਜ਼ਿੰਕ            12.4 ਪ੍ਰਤੀਸ਼ਤ
-    ਪ੍ਰੋਟੀਨ            10.1 ਪ੍ਰਤੀਸ਼ਤ
-    ਕੋਲੀਨ            8.3 ਪ੍ਰਤੀਸ਼ਤ
-    ਓਮੇਗਾ 3 ਫੈਟ        7 ਪ੍ਰਤੀਸ਼ਤ
-    ਵਿਟਾਮਿਨ ਬੀ 3    5.5 ਪ੍ਰਤੀਸ਼ਤ
-    ਪੈਂਟੋਥੀਨਿਕ ਏਸਿਡ    5.2 ਪ੍ਰਤੀਸ਼ਤ
-    ਸੀਲੀਨੀਅਮ        4.9 ਪ੍ਰਤੀਸ਼ਤ

ਆਓ ਹੁਣ ਸਭ ਤੋਂ ਪਹਿਲਾਂ ਪਾਲਕ ਬਾਰੇ ਹੋਈਆਂ ਕੁੱਝ ਖੋਜਾਂ ਬਾਰੇ ਜਾਣੀਏ।

ਗਦੂਦ ਦੇ ਕੈਂਸਰ ਦੇ ਮਰੀਜ਼ਾਂ ਨੂੰ ਚੁਨਿੰਦਾ ਸਬਜ਼ੀਆਂ ਖੁਆਈਆਂ ਗਈਆਂ ਜਿਨ੍ਹਾਂ ਵਿਚ ਵਧੀਆ ਕੁਦਰਤੀ ਤੱਤ ਜ਼ਿਆਦਾ ਮਾਤਰਾ ਵਿਚ ਸਨ, ਜਿਵੇਂ ਪਾਲਕ, ਬਰੌਕਲੀ, ਫੁੱਲਗੋਭੀ, ਗੋਂਗਲੂ, ਬੰਦਗੋਭੀ, ਆਦਿ। ਇਨ੍ਹਾਂ ਵਿੱਚੋਂ ਸਿਰਫ ਪਾਲਕ ਨੇ ਹੀ ਤੇਜ਼ੀ ਨਾਲ ਵਧਦੇ ਗਦੂਦ ਦੇ ਕੈਂਸਰ ਦੇ ਮਰੀਜ਼ਾਂ ਉੱਤੇ ਵਧੀਆ ਅਸਰ ਵਿਖਾਇਆ। ਪਾਲਕ ਵਿਚਲੇ ਐਂਟੀ ਕੈਂਸਰ ਕੈਰੋਟੀਨਾਇਡ (ਈਪੌਕਸੀ ਜ਼ੈਂਥੋਫਿਲਜ਼) ਸਦਕਾ ਸੰਭਵ ਹੋ ਸਕਿਆ ਜੋ ਪਾਲਕ ਵਿਚ ਤੂਸ ਤੂਸ ਕੇ ਭਰੇ ਹੋਏ ਹਨ, ਖ਼ਾਸ ਕਰ ਨੀਓਜ਼ੈਂਥੀਨ ਅਤੇ ਵੋਇਲਾ ਜ਼ੈਂਥੀਨ। ਭਾਵੇਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਇਨਸਾਨੀ ਸਰੀਰ ਹਜ਼ਮ ਨਹੀਂ ਕਰ ਸਕਦਾ ਪਰ ਜਿੰਨੇ ਵੀ ਹਜ਼ਮ ਹੁੰਦੇ ਹਨ, ਉਹ ਕੈਂਸਰ ਭਾਵੇਂ ਠੀਕ ਨਾ ਕਰ ਸਕਣ ਪਰ ਕੈਂਸਰ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਵਿਚ ਵਧੀਆ ਅਸਰ ਦਿਖਾਉਂਦੇ ਹਨ।

ਪਾਲਕ ਵਿਚਲੇ ਗਲਾਈਕੋ ਗਲਿਸਰੋ ਲਿਪਿਡ ਢਿੱਡ ਅੰਦਰ ਇਕ ਪਰਤ ਬਣਾ ਦਿੰਦੇ ਹਨ ਜੋ ਢਿਡ ਨੂੰ ਕਈ ਚੀਜ਼ਾਂ ਦੇ ਮਾੜੇ ਅਸਰਾਂ ਤੋਂ ਬਚਾਉਂਦੇ ਹਨ।  ਢਿੱਡ ਦੇ ਕੈਂਸਰ ਵਿਚ (ਐਡੀਨੋਕਾਰਸੀਨੋਮਾ). ਕੈਂਸਰ ਦੇ ਸੈੱਲਾਂ ਦੇ ਵਧਣ ਦੀ ਸਪੀਡ ਘਟਾਉਣ ਵਿਚ ਪਾਲਕ ਸਹਾਈ ਸਾਬਤ ਹੋਈ ਹੈ। ਜਾਨਵਰਾਂ ਉੱਤੇ ਕੀਤੀ ਗਈ ਖੋਜ ਵਿਚ ਚਮੜੀ ਦੇ ਕੈਂਸਰ (ਪੈਪੀਲੋਮਾ) ਦੇ ਸੈਲਾਂ ਨੂੰ ਛੇਤੀ ਵਧਣ ਤੋਂ ਰੋਕਣ ਵਿਚ ਵੀ ਪਾਲਕ ਫ਼ਾਇਦੇਮੰਦ ਦਿਸੀ।

ਪਾਲਕ ਵਿੱਚੋਂ ਇਹ ਫ਼ਾਇਦਾ ਲੈਣ ਲਈ ਇਸਨੂੰ ਖਾਣ ਤੋਂ ਪਹਿਲਾਂ ਇਕ ਮਿੰਟ ਲਈ ਉਬਾਲਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਇਸ ਵਿਚਲੇ ਤੱਤ ਖ਼ਰਾਬ ਵੀ ਨਾ ਹੋਣ ਪਰ ਓਗ਼ਜ਼ੈਲਿਕ ਏਸਿਡ ਦੀ ਮਾਤਰਾ ਜੋ ਨੁਕਸਾਨ ਪਹੁੰਚਾ ਸਕਦੀ ਹੈ, ਕਾਫੀ ਘੱਟ ਹੋ ਜਾਏ।

ਇੰਗਲੈਂਡ ਵਿਚ 1986 ਵਿਚ ਇਕ ਔਰਤ ਨੂੰ, ਜਿਸਨੂੰ ਛਾਤੀ ਦਾ ਫੈਲਿਆ ਕੈਂਸਰ ਸੀ, ਲਗਾਤਾਰ ਪਾਲਕ ਦਿੰਦੇ ਰਹਿਣ ਨਾਲ ਵੇਖਿਆ ਗਿਆ ਕਿ ਕੈਂਸਰ ਦੇ ਸੈੱਲ ਬਹੁਤਾ ਤੇਜ਼ੀ ਨਾਲ ਫੈਲ ਨਹੀਂ ਸਕੇ ਤੇ ਉਹ ਲੰਬੀ ਉਮਰ ਭੋਗ ਕੇ ਮਰੀ।

ਪਾਲਕ ਵਿਚ ਲਗਭਗ ਦਰਜਨ ਤੋਂ ਉੱਪਰ ਵੱਖੋ ਵੱਖਰੇ ਫਾਈਟੋਨਿਊਟਰੀਐਂਟ ਹਨ ਜਿਹੜੇ ਸੋਜ਼ਿਸ਼ ਘਟਾਉਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਫਲੇਵੋਨਾਇਡ ਜ਼ਿਕਰਯੋਗ ਹੈ – ‘‘ ਮਿਥਲੀਨ ਡਾਈਓਕਸੀ ਫਲੇਵੋਨੋਲ ਗਲੂਕਰੋਨਾਈਡਜ਼’’।

ਪਾਲਕ ਵਿਚਲੇ ਭਰਪੂਰ ਨੀਓਜ਼ੈਥੀਨ ਅਤੇ ਵੋਇਲਾ ਜ਼ੈਥੰੀਨ ਡਾਕਟਰਾਂ ਨੂੰ ਪਾਲਕ ਬਾਰੇ ਖੋਜ ਕਰਨ ਲਈ ਮਜਬੂਰ ਕਰਦੇ ਹਨ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਜੋੜਾਂ ਦੀ ਸੋਜ਼ਿਸ਼ ਵੀ ਘਟ ਜਾਂਦੀ ਹੈ।

ਪਾਲਕ ਵਿਚਲੇ ਵਿਟਾਮਿਨ ਸੀ, ਈ, ਏ, ਮੈਂਗਨੀਜ਼, ਜ਼ਿੰਕ ਅਤੇ ਸੀਲੀਨੀਅਮ ਤਗੜੇ ਐਂਟੀਓਕਸੀਡੈਂਟ ਹੋਣ ਸਦਕਾ ਬਲੱਡ ਪ੍ਰੈਸ਼ਰ ਕਾਬੂ ਵਿਚ ਰੱਖਣ, ਨਾੜੀਆਂ ਵਿਚ ਥਿੰਦਾ ਜੰਮਣ ਅਤੇ ਪਾਸਾ ਮਰ ਜਾਣ ਤੋਂ ਬਚਾਓ ਕਰਦੇ ਹਨ। ਬਲੱਡ ਪ੍ਰੈੱਸ਼ਰ ਘਟਾਉਣ ਵਿਚ ਸਿਰਫ ਇਹ ਹੀ ਨਹੀਂ ਬਲਕਿ ਪਾਲਕ ਵਿਚਲੇ ਪੈਪਟਾਈਡ ਵੀ ਵਧੀਆ ਰੋਲ ਅਦਾ ਕਰਦੇ ਹਨ ਜੋ ਐਨਜੀਓਟੈਨਸਿਨ ਕਨਵਰਟਿੰਗ ਐਨਜ਼ਾਈਮ ਘਟਾ ਦਿੰਦੇ ਹਨ।

ਪਾਲਕ ਵਿਚਲੇ ਕੈਰੋਟੀਨਾਇਡ – ਲਿਊਟੀਨ ਅਤੇ ਜ਼ੀਜ਼ੈਨਥੀਨ ਅੱਖਾਂ ਵਿਚਲੇ ਰੈਟੀਨਾ ਅਤੇ ਮੈਕੂਲਾ ਨੂੰ ਸਿਹਤਮੰਦ ਰੱਖਣ ਲਈ ਬਹੁਤ ਵਧੀਆ ਸਾਬਤ ਹੋ ਚੁੱਕੇ ਹਨ। ਇਸੇ ਲਈ ਮੈਕੂਲਰ ਡੀਜੈਨੇਰੇਸ਼ਨ ਦੇ ਮਰੀਜ਼ ਯਾਨੀ ਉਮਰ ਨਾਲ ਘਟ ਰਹੀ ਨਜ਼ਰ ਵਾਲਿਆਂ ਨੂੰ ਪਾਲਕ ਰੈਗੂਲਰ ਤੌਰ ਉੱਤੇ ਖਾਣੀ ਚਾਹੀਦੀ ਹੈ। ਭਾਵੇਂ ਬਹੁਤੀਆਂ ਖੋਜਾਂ ਇਸ ਪਾਸੇ ਨਹੀਂ ਹੋਈਆਂ ਪਰ ਜਿੰਨੀਆਂ ਵੀ ਹੋਈਆਂ ਹਨ, ਉਹ ਫ਼ਾਇਦਾ ਹੀ ਦਰਸਾ ਰਹੀਆਂ ਹਨ।

ਪਾਲਕ ਵਿਚਲੇ ਵਿਟਾਮਿਨ ‘ਕੇ’ ਦੇ ਭੰਡਾਰ ਹੱਡੀਆਂ ਨੂੰ ਤਗੜਾ ਕਰਦੇ ਹਨ। ਕਿਸੇ ਹੋਰ ਸਬਜ਼ੀ ਵਿਚ ਕੁਦਰਤ ਨੇ ਏਨਾ ਵਿਟਾਮਿਨ ‘ਕੇ’ ਨਹੀਂ ਭਰਿਆ ਜਿੰਨਾ ਪਾਲਕ ਵਿਚ ਹੈ। ਅੰਤੜੀਆਂ ਵਿਚ ਪਹੁੰਚ ਕੇ ਵਿਟਾਮਿਨ ‘ਕੇ ਇਕ,’ ‘ਕੇ ਦੋ’ ਵਿਚ ਤਬਦੀਲ ਹੋ ਜਾਂਦਾ ਹੈ ਜੋ ਓਸਟੀਓਕੈਲਸਿਨ ਨੂੰ ਚੁਸਤ ਕਰ ਦਿੰਦਾ ਹੈ ਕਿ ਹੱਡੀਆਂ ਅੰਦਰ ਕੈਲਸ਼ੀਅਮ ਜਮ੍ਹਾਂ ਕਰੇ। ਇਸਦੇ ਨਾਲੋ ਨਾਲ ਪਾਲਕ ਵਿਚਲਾ ਕੈਲਸ਼ੀਅਮ ਤੇ ਮੈਗਨੀਸ਼ੀਅਮ ਵੀ ਝਟਪਟ ਹੱਡੀ ਵਿਚ ਜਮਾਂ ਹੋ ਕੇ ਉਸਨੂੰ ਤਗੜੀ ਕਰਨ ਦਾ ਕੰਮ ਸ਼ੁਰੂ ਕਰ ਦਿੰਦਾ ਹੈ। ਇੰਜ ਕੁਦਰਤੀ ਤਰੀਕੇ ਸਰੀਰਕ ਕਮਜ਼ੋਰੀ ਕੁੱਝ ਦਿਨਾਂ ਵਿਚ ਹੀ ਕਾਫੂਰ ਹੋ ਜਾਂਦੀ ਹੈ।

ਏਨੇ ਫ਼ਾਇਦੇ ਵੇਖਦੇ ਹੋਏ ਅਤੇ ਬੱਚਿਆਂ ਨੂੰ ਇਸਨੂੰ ਨਾ ਖਾਂਦੇ ਵੇਖ ਕੇ ਵਿਕਸਿਤ ਦੇਸਾਂ  ਵਾਲਿਆਂ ਨੇ ਇਕ ਗੁਰ ਵਰਤਿਆ। ਪੌਪਈ ਨਾਂ ਦਾ ਇਕ ਕਾਰਟੂਨ ਬਣਾਇਆ ਜੋ ਮਾਰ ਪੈਣ ਤੋਂ ਬਾਅਦ ਮਰਨ ਕਿਨਾਰੇ ਪਹੁੰਚਿਆ ਹੋਇਆ ਵੀ ਡੱਬਾ ਬੰਦ ਪਾਲਕ ਖਾਂਦੇ ਸਾਰ ਤਗੜਾ ਹੋ ਕੇ ਦੁਸ਼ਮਨਾਂ ਨੂੰ ਮਾਰ ਸੁੱਟਦਾ ਹੈ। ਇਸਦਾ ਨਤੀਜਾ ਇਹ ਹੋਇਆ ਕਿ ਬੱਚੇ ਧੜਾਧੜ ਪਾਲਕ ਖਾਣ ਲੱਗ ਪਏ ਅਤੇ ਉਨ੍ਹਾਂ ਦੇ ਸਰੀਰ ਸਿਹਤਮੰਦ ਹੋਣੇ ਸ਼ੁਰੂ ਹੋ ਗਏ।

ਜਿਹੜੀਆਂ ਮਾਵਾਂ ਹਮੇਸ਼ਾਂ ਬੱਚੇ ਦੇ ਸਬਜ਼ੀ ਨਾ ਖਾਣ ਕਾਰਣ ਚਿੰਤਿਤ ਰਹਿੰਦੀਆਂ ਹਨ, ਉਨ੍ਹਾਂ ਨੂੰ ਵੀ ਅਜਿਹੀ ਜੁਗਤ ਵਰਤ ਲੈਣੀ ਚਾਹੀਦੀ ਹੈ ਕਿਉਂਕਿ ਹਰ ਬੱਚਾ ਜ਼ੋਰਾਵਰ ਬਣਨਾ ਚਾਹੁੰਦਾ ਹੈ।

ਕਿਵੇਂ ਖਾਧੀ ਜਾਏ :

ਕੱਚੀ ਪਾਲਕ ਵੀ ਸਲਾਦ ਵਿਚ ਪਾ ਕੇ ਜਾਂ ਬਰੈੱਡ ਵਿਚ ਪਨੀਰ ਨਾਲ ਪਾ ਕੇ ਬੱਚੇ ਨੂੰ ਖੁਆਈ ਜਾ ਸਕਦੀ ਹੈ। ਪਾਲਕ ਦੇ ਪੱਤੇ ਹਵਾਬੰਦ ਪਲਾਸਟਿਕ ਬੈਗ ਵਿਚ ਰੱਖ ਕੇ ਫਰਿੱਜ ਅੰਦਰ 5 ਦਿਨ ਤਕ ਠੀਕਠਾਕ ਰੱਖੇ ਜਾ ਸਕਦੇ ਹਨ, ਪਰ ਪਕਾ ਕੇ ਫਰਿੱਜ ਅੰਦਰ ਰੱਖੀ ਪਾਲਕ ਝਟਪਟ ਖ਼ਰਾਬ ਹੋ ਜਾਂਦੀ ਹੈ।

ਪਾਲਕ ਨੂੰ ਧੋਣ ਵੇਲੇ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਚੰਗੀ ਤਰ੍ਹਾਂ ਵੱਖੋ ਵੱਖਰਾ ਪੱਤਾ ਖੁੱਲੇ ਪਾਣੀ ਹੇਠਾਂ ਧੋ ਲਵੋ ਪਰ ਪਾਣੀ ਵਿਚ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਜਿਸ ਨਾਲ ਕੁੱਝ ਤੱਤ ਬਾਹਰ ਨਿਕਲ ਜਾਂਦੇ ਹਨ।

ਪਾਲਕ ਦੇ ਪੱਤੇ ਉਬਾਲ ਕੇ ਖਾਣੇ ਠੀਕ ਰਹਿੰਦੇ ਹਨ ਕਿਉਂਕਿ ਇੰਜ ਕਰਨ ਨਾਲ ਪਾਲਕ ਵਿਚਲਾ ਏਸਿਡ ਪਾਣੀ ਵਿਚ ਨਿਕਲ ਜਾਂਦਾ ਹੈ ਤੇ ਪਾਲਕ ਮਿੱਠੀ ਜਾਪਣ ਲੱਗ ਪੈਂਦੀ ਹੈ। ਬਚਿਆ ਉਬਾਲਿਆ ਪਾਣੀ ਪੀਣਾ ਨਹੀਂ ਚਾਹੀਦਾ ਕਿਉਂਕਿ ਉਸ ਵਿਚ ੳਗਜ਼ੈਲਿਕ ਏਸਿਡ ਦੀ ਮਾਤਰਾ ਵੱਧ ਹੁੰਦੀ ਹੈ।

ਇਕ ਮਿੰਟ ਤਕ ਪਾਲਕ ਦੇ ਪੱਤਿਆਂ ਨੂੰ ਉਬਾਲ ਕੇ ਫੇਰ ਕਿਸੇ ਵੀ ਸਬਜ਼ੀ, ਦਾਲ ਜਾਂ ਮੀਟ ਵਿਚ ਪਾ ਕੇ ਖਾਧਾ ਜਾ ਸਕਦਾ ਹੈ।

ਕੁੱਝ ਧਿਆਨਯੋਗ ਗੱਲਾਂ :-

1.   ਪਾਲਕ ਵਿਚ ਕੀਟਨਾਸ਼ਕ ਦੇ ਅੰਸ਼ ਚਲੇ ਜਾਣ ਤਾਂ ਇਸਤੋਂ ਪੂਰਾ ਫਾਇਦਾ ਨਹੀਂ ਲਿਆ ਜਾ ਸਕਦਾ ਪਰ ਨੁਕਸਾਨ ਜ਼ਰੂਰ ਪਹੁੰਚਦਾ ਹੈ। ਇਸੇ ਲਈ ਪੂਰਾ ਫ਼ਾਇਦਾ ਲੈਣ ਲਈ ਇਸਨੂੰ ਆਰਗੈਨਿਕ ਤਰੀਕੇ ਉਗਾਉਣਾ ਸ਼ੁਰੂ ਕੀਤਾ ਗਿਆ ਹੈ।

2.   ਪਾਲਕ ਵਿਚ ਈ . ਕੋਲਾਈ ਕੀਟਾਣੂ ਜੇ ਚਲੇ ਜਾਣ ਤਾਂ ਸਰੀਰ ਅੰਦਰ ਬੀਮਾਰੀ ਫੈਲਾ ਦਿੰਦੇ ਹਨ। ਇਹ ਸਿਰਫ਼ ਧੋਣ ਨਾਲ ਨਹੀਂ ਨਿਕਲਦੇ ਪਰ ਇਕ ਮਿੰਟ ਉਬਾਲਣ ਨਾਲ ਮਰ ਜਾਂਦੇ ਹਨ।

3.  ਪਾਲਕ ਵਿਚਲੇ ਓਗਜ਼ਾਲੇਟ ਵੀ ਐਲਰਜੀ ਕਰ ਦਿੰਦੇ ਹਨ ਅਤੇ ਸਰੀਰ ਨੂੰ ਕੈਲਸ਼ੀਅਮ ਪੂਰੀ ਤਰ੍ਹਾਂ ਹਜ਼ਮ ਨਹੀਂ ਕਰਨ ਦਿੰਦੇ। ਓਗਜ਼ਾਲੇਟ ਵੀ ਉਬਾਲਣ ਨਾਲ ਘੱਟ ਜਾਂਦੇ ਹਨ।

4.    ਪਾਲਕ ਵਿਚ ਪੂਰੀਨ ਹੈ ਜੋ ਯੂਰਿਕ ਏਸਿਡ ਵਧਾਉਂਦੀ ਹੈ। ਇਸੇ ਲਈ ਜੋੜਾਂ ਦੀ ਦਰਦ (ਗਾਊਟ) ਅਤੇ ਗੁਰਦੇ ਦੀ ਪੱਥਰੀ ਵਾਲੇ ਮਰੀਜ਼ ਪਾਲਕ ਨਾ ਹੀ ਵਰਤਣ ਜਾਂ ਘੱਟ ਵਰਤਣ ਤਾਂ ਠੀਕ ਰਹੇਗਾ।

ਬਾਕੀ ਜਣਿਆਂ ਨੂੰ ਇਹੋ ਸਲਾਹ ਹੈ ਕਿ ਹਫ਼ਤੇ ਵਿਚ ਤਿੰਨ ਵਾਰ ਇਸ ਕੁਦਰਤੀ ਪਾਲਣਹਾਰ ਪਾਲਕ ਨੂੰ ਜ਼ਰੂਰ ਖਾ ਲੈਣ ਤਾਂ ਜੋ ਕੁਦਰਤੀ ਤਰੀਕੇ ਸਰੀਰ ਨੂੰ ਤੰਦਰੁਸਤ ਰੱਖ ਸਕਣ ਅਤੇ ਲੰਬੀ ਉਮਰ ਭੋਗ ਸਕਣ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>