ਸਥਾਪਤ ਸਿਆਸੀ ਪਾਰਟੀਆਂ ਨਵੀਆਂ ਪਾਰਟੀਆਂ ਦੇ ਪੈਰ ਨਹੀਂ ਲੱਗਣ ਦਿੰਦੀਆਂ

ਪੁਰਾਣੀਆਂ ਸਥਾਪਤ ਘਾਗ ਸਿਆਸੀ ਪਾਰਟੀਆਂ ਨਵੀਆਂ ਪਾਰਟੀਆਂ ਦੇ ਪੈਰ ਨਹੀਂ ਲੱਗਣ ਦਿੰਦੀਆਂ। ਭਾਰਤ ਦੀ ਪਰਜਾਤੰਤਰਿਕ ਪ੍ਰਣਾਲੀ ਵਿਚ ਅਜੇ ਤੱਕ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਹੀ ਕੌਮੀ ਪੱਧਰ ਤੇ ਆਪਣਾ ਦੱਬਦਬਾ ਬਣਾਕੇ ਰੱਖਣ ਵਿਚ ਸਫਲ ਰਹੀਆਂ ਹਨ। ਆਜਾਦੀ ਤੋਂ ਬਾਅਦ ਬਹੁਤਾ ¦ਬਾ ਸਮਾਂ ਤਾਂ ਕਾਂਗਰਸ ਪਾਰਟੀ ਹੀ ਸਿਆਸੀ ਤਾਕਤ ਦਾ ਆਨੰਦ ਮਾਣਦੀ ਰਹੀ ਹੈ। ਭਾਰਤੀ ਜਨਤਾ ਪਾਰਟੀ ਤਾਂ ਸਿਰਫ ਪਹਿਲੀ ਵਾਰ ਹੀ ਇਤਨੀ ਜਿਆਦਾ ਸਪੱਸਟ ਬਹੁ-ਸੰਮਤੀ ਨਾਲ ਤਾਕਤ ਵਿਚ ਆਈ ਹੈ। ਇਸ ਤੋਂ ਪਹਿਲਾਂ ਇੱਕ ਵਾਰ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਵਿਚ ਵਿਰੋਧੀ ਪਾਰਟੀਆਂ ਨੇ ਕਾਂਗਰਸ ਪਾਰਟੀ ਨੂੰ ਠਿੱਬੀ ਲਾਈ ਸੀ ਪ੍ਰੰਤੂ ਉਹ ਵੀ ਜਲਦੀ ਹੀ ਆਪਣੀ ਪਕੜ ਖੋ ਬੈਠੀ ਸੀ। ਫਿਰ ਮੁੜਕੇ ਕਾਂਗਰਸ ਪਾਰਟੀ ਤਾਕਤ ਵਿਚ ਆ ਗਈ ਸੀ। ਕਮਿਊਨਿਸਟ ਪਾਰਟੀਆਂ ਨੂੰ ਵੀ ਖੋਰਾ ਲੱਗ ਚੱਕਿਆ ਹੈ। ਰਾਜ ਪੱਧਰ ਦੀਆਂ ਰੀਜਨਲ ਪਾਰਟੀਆਂ ਤਾਂ ਰਾਜਾਂ ਵਿਚ ਸਫਲ ਸਾਬਤ ਹੋ ਰਹੀਆਂ ਹਨ। ਇਸ ਦੌਰਾਨ ਸਿਆਸਤਦਾਨਾ ਵਿਚ ਭਰਿਸ਼ਟਾਚਾਰ ਦਾ ਬੋਲਬਾਲਾ ਵੱਧ ਗਿਆ। ਭਰਿਸ਼ਟਾਚਾਰ ਦੇ ਵਿਰੋਧ ਵਿਚ ਸਮਾਜ ਸੇਵਕ ਅੰਨਾ ਹਜਾਰੇ ਨੇ ਲਾਮਬੰਦ ਢੰਗ ਨਾਲ ਅੰਦੋਲਨ ਸ਼ੁਰੂ ਕੀਤਾ ਸੀ ਜਿਸਦੇ ਸਿੱਟੇ ਵਜੋਂ ਦੇਸ ਭਰ ਦੇ ਇਮਾਨਦਾਰ ਲੋਕ ਅੰਨਾ ਹਜਾਰੇ ਦੇ ਪਿਛੇ ਮਜਬੂਤ ਹੋ ਕੇ ਖੜ੍ਹ ਗਏ ਸਨ। ਅੰਨਾ ਹਜਾਰੇ ਦਾ ਅੰਦੋਲਨ ਸਮੁਚੇ ਭਾਰਤ ਵਿਚ ਫੈਲ ਗਿਆ ਕਿਉਂਕਿ ਲੋਕ ਭਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਸਨ ਪ੍ਰੰਤੂ ਹੈਰਾਨੀ ਦੀ ਗੱਲ ਹੋਈ ਕਿ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਨੇ ਅੰਨਾ ਹਜਾਰੇ ਦੀ ਮੁਹਿੰਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਅੰਨਾ ਹਜਾਰੇ ਦੀ ਮੁਹਿੰਮ ਨੂੰ ਲੋਕਤੰਤਰ ਵਿਚ ਦਖਲ-ਅੰਦਾਜੀ ਤੱਕ ਕਹਿ ਦਿਤਾ। ਇੱਥੋਂ ਤੱਕ ਕਿ ਉਸਨੂੰ ਵੰਗਾਰ ਦਿੱਤੀ ਕਿ ਜੇਕਰ ਉਹ ਸੰਵਿਧਾਨ ਵਿਚ ਸੋਧ ਕਰਨੀ ਚਾਹੁੰਦਾ ਹੈ ਤਾਂ ਲੋਕਤੰਤਰਿਕ ਢੰਗ ਨਾਲ ਚੋਣ ਜਿੱਤਕੇ ਮੈਦਾਨ ਵਿਚ ਆਵੇ। ਇਸੇ ਦੌਰਾਨ ਬਾਬਾ ਰਾਮਦੇਵ ਨੇ ਅੰਨਾ ਹਜਾਰੇ ਦੀ ਮੁਹਿੰਮ ਨੂੰ ਖੋਰਾ ਲਾਉਣ ਲਈ ਆਪਣਾ ਅੰਦੋਲਨ ਸ਼ੁਰੂ ਕਰ ਦਿੱਤਾ ਜਿਸਨੂੰ ਭਾਰਤੀ ਜਨਤਾ ਪਾਰਟੀ ਨੇ ਅਸਿਧੇ ਰੂਪ ਵਿਚ ਪੂਰਾ ਸਮਰਥਨ ਦਿੱਤਾ ਤਾਂ ਜੋ ਅੰਨਾ ਹਜ਼ਾਰੇ ਦਾ ਅੰਦੋਲਨ ਫੇਲ੍ਹ ਹੋ ਸਕੇ। ਕਾਲਾ ਧਨ ਵਿਦੇਸਾਂ ਵਿਚੋਂ ਲਿਆਉਣ ਵਾਲਾ ਬਾਬਾ ਰਾਮ ਦੇਵ ਆਪ ਹੀ ਆਪਣੀਆਂ ਕਾਰਵਾਈਆਂ ਨਾਲ ਫਲਾਪ ਹੋ ਗਿਆ। ਅੰਨਾ ਹਜਾਰੇ ਨੇ ਸਿਆਸਤ ਵਿਚ ਆਉਣ ਤੋਂ ਇਨਕਾਰ ਕਰ ਦਿਤਾ ਪ੍ਰੰਤੂ ਅੰਨਾ ਹਜਾਰੇ ਦੀ ਟੀਮ ਵਿਚ ਕੁਝ ਵਿਅਕਤੀਆਂ ਨੇ ਸਿਆਸਤ ਵਿਚ ਕੁੱਦਣਾ ਹੀ ਠੀਕ ਸਮਝਿਆ ਜਿਸ ਕਰਕੇ ਅੰਨਾ ਹਜਾਰੇ ਨੇ ਉਨ੍ਹਾਂ ਤੋਂ ਕਿਨਾਰਾਕਸ਼ੀ ਕਰ ਲਈ। ਅੰਨਾ ਹਜਾਰੇ ਦੀ ਟੀਮ ਘਾਗ ਸਿਆਸਤਦਾਨਾਂ ਦੀਆਂ ਸਾਜਸਾਂ ਦੀ ਸ਼ਿਕਾਰ ਹੋ ਕੇ ਬਿਖਰ ਗਈ। ਇਸ ਟੀਮ ਦੇ ਕੁਝ ਖੁਦਗਰਜ ਲੋਕਾਂ ਜਿਨ੍ਹਾਂ ਵਿਚ ਸਾਬਕਾ ਆਰਮੀ ਮੁਖੀ ਵੀ ਕੇ ਸਿੰਘ ਅਤੇ ਕਿਰਨ ਬੇਦੀ ਸ਼ਾਮਲ ਹਨ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਇਨ੍ਹਾਂ ਵਿਚੋਂ ਅਰਵਿੰਦ ਕੇਜਰੀਵਾਲ ਨੇ ਆਪਣੀ ਵੱਖਰੀ ਪਾਰਟੀ-ਆਮ ਆਦਮੀ ਪਾਰਟੀ-ਬਣਾ ਕੇ ਚੋਣਾਂ ਵਿਚ ਕੁੱਦਣ ਦਾ ਫੈਸਲਾ ਕਰ ਲਿਆ ਜਿਸਨੂੰ ਘਾਗ ਸਿਆਸਤਦਾਨਾਂ ਨੇ ਤਾਕਤ ਦਾ ਭੁਖਾ ਤੱਕ ਵੀ ਕਹਿ ਦਿੱਤਾ ਪ੍ਰੰਤੂ ਅਰਵਿੰਦ ਕੇਜਰੀਵਾਲ ਡੋਲ੍ਹਿਆ ਨਹੀਂ। ਉਹ ਇਨ੍ਹਾਂ ਦੂਸ਼ਣਾ ਦੇ ਬਾਵਜੂਦ ਮਸਤ ਹਾਥੀ ਦੀ ਤਰ੍ਹਾਂ ਅੱਗੇ ਵੱਧਦਾ ਰਿਹਾ ਜਿਸਦੇ ਸਿੱਟੇ ਵਜੋਂ ਪਹਿਲੀ ਸੱਟੇ ਹੀ ਉਹ ਦਿੱਲੀ ਵਿਚ ਵਿਧਾਨ ਸਭਾ ਦੀਆਂ ਅਠਾਈ ਸੀਟਾਂ ਜਿੱਤ ਗਿਆ। ਉਸਨੇ ਪਿਛਲੇ ਦਸ ਸਾਲਾਂ ਤੋਂ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ ਅਤੇ ਦਿੱਲੀ ਵਿਚ ਆਪਣੀ ਸਰਕਾਰ ਬਣਾਉਣ ਵਿਚ ਸਫਲ ਹੋਇਆ। ਕਾਂਗਰਸ ਅਤੇ ਬੀ ਜੇ ਪੀ ਦੇ ਪ੍ਰਮੁੱਖ ਨੇਤਾਵਾਂ ਨੇ ਆਪਣੀਆਂ ਲੂੰਬੜਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਜਿਸਦੇ ਸਿੱਟੇ ਵੱਜੋਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਨਕਾਰ ਨੇ ਬਗਾਬਤੀ ਸੁਰਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਬਾਅਦ ਵਿਚ ਉਸਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਇੱਥੇ ਹੀ ਬਸ ਨਹੀਂ ਆਮ ਆਦਮੀ ਪਾਰਟੀ ਦੇ ਮਹੱਤਵਪੂਰਨ ਨੇਤਾਵਾਂ ਦੇ ਕੱਚੇ ਚਿੱਠੇ ਫਰੋਲਣੇ ਸ਼ੁਰੂ ਕਰ ਦਿੱਤੇ। ਅਸਲ ਵਿਚ ਸਰਕਾਰਾਂ ਕੋਲ ਬੜੇ ਸਾਧਨ ਹੁੰਦੇ ਹਨ ਉਨ੍ਹਾਂ ਆਪਣੀਆਂ ਗੁਪਤਚਰ ਏਜੰਸੀਆਂ ਦੀ ਮਦਦ ਨਾਲ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਇਸਦੇ ਮੁੱਖੀ ਅਰਵਿੰਦ ਕੇਜਰੀਵਾਲ-ਪ੍ਰਸਾਂਤ ਭੂਸਨ-ਕਿਰਨ ਬੇਦੀ ਅਤੇ ਵੀ ਕੇ ਸਿੰਘ ਦੇ ਪੁਰਾਣੇ ਕੇਸ ਕੱਢਕੇ ਉਨ੍ਹਾਂ ਨੂੰ ਡਰਾਉਣ ਦੀ ਕੋਸਿਸ਼ ਵੀ ਕੀਤੀ ਗਈ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਹੁੰਦਿਆਂ ਆਮ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਕੇਜਰੀਵਾਲ ਨੂੰ ਕਾਂਗਰਸ ਵੱਲੋਂ ਬਿਨਾ ਸ਼ਰਤ ਦਿੱਤੀ ਇਹ ਮੱਦਦ ਬਹੁਤੀ ਰਾਸ ਨਹੀਂ ਆਈ ਸਗੋਂ ਇਹ ਬਿਨਾ ਸ਼ਰਤ ਦਿੱਤੀ ਮਦਦ ਕਾਂਗਰਸ ਨਾਲ ਸਾਂਠ ਗਾਂਠ ਦਾ ਭੁਲੇਖਾ ਪਾ ਰਹੀ ਸੀ। ਅਸਲ ਵਿਚ ਕਾਂਗਰਸ ਤੋਂ ਮੱਦਦ ਲੈਣਾ ਵੀ ਕੇਜਰੀਵਾਲ ਦੀ ਭੁੱਲ ਸੀ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਚੜ੍ਹਤ ਰਾਸ ਨਹੀਂ ਆ ਰਹੀ ਸੀ। ਕੁਝ ਅਰਵਿੰਦ ਕੇਜਰੀਵਾਲ ਵੀ ਸਿਆਸਤ ਤੋਂ ਅਣਜਾਣ ਸੀ। ਇਸ ਲਈ ਉਹ ਕਾਹਲੀ ਵਿਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਗਿਆ ਜਿਸਨੂੰ ਸਿਆਸੀ ਪੜਚੋਲਕਾਰਾਂ ਨੇ ਬਹੁਤਾ ਚੰਗਾ ਨਹੀਂ ਗਿਣਿਆਂ। ਗੁਪਤਚਰ ਏਜੰਸੀਆਂ ਨੇ ਖਬਰਾਂ ਫੀਡ ਕਰਕੇ ਅਰਵਿੰਦ ਕੇਜਰੀਵਾਲ ਨੂੰ ਭਾਂਜਵਾਦੀ ਕਹਿਕੇ ਮੁੱਖ ਮੰਤਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮਰੱਥ ਸਾਬਤ ਕਰਨ ਦੀ ਕੋਸਿਸ਼ ਕੀਤੀ ਜਿਸ ਨਾਲ ਕੇਜਰੀਵਾਲ ਦੇ ਵਿਅਕਤੀਤਿਤਵ ਨੂੰ ਖੋਰਾ ਲੱਗਿਆ। ਅਸਲ ਵਿਚ ਜਦੋਂ ਕੋਈ ਨਵੀਂ ਪਾਰਟੀ ਹੋਂਦ ਵਿਚ ਆਉਂਦੀ ਹੈ ਤਾਂ ਕੁਝ ਮੌਕਾਪ੍ਰਸਤ ਭਰਿਸਟ ਸਿਆਸਤਦਾਨ ਜੋ ਦੂਜੀਆਂ ਪਾਰਟੀਆਂ ਵਿਚ ਅਸਫਲ ਰਹੇ ਹੁੰਦੇ ਹਨ ਅਤੇ ਅਹੁਦੇ ਪ੍ਰਾਪਤ ਨਹੀਂ ਕਰ ਸਕੇ ਹੁੰਦੇ ਉਹ ਅਜਿਹੇ ਮੌਕਿਆਂ ਦਾ ਲਾਭ ਉਠਾਕੇ ਨਵੀਂਆਂ ਪਾਰਟੀਆਂ ਵਿਚ ਸ਼ਾਮਲ ਹੋ ਜਾਂਦੇ ਹਨ। ਨਵੀਂ ਪਾਰਟੀ ਦੀ ਮਜਬੂਰੀ ਹੁੰਦੀ ਹੈ ਕਿ ਉਸ ਕੋਲ ਕੋਈ ਆਪਣਾ ਕੇਡਰ ਨਹੀਂ ਹੁੰਦਾ। ਉਸਨੂੰ ਬਾਹਰੋਂ ਹੀ ਅਜਿਹੇ ਵਿਅਕਤੀ ਸ਼ਾਮਲ ਕਰਨੇ ਪੈਂਦੇ ਹਨ। ਕੇਜਰੀਵਾਲ ਇਸ ਸਾਰੇ ਕੁਝ ਤੋਂ ਵਾਕਫ ਸੀ ਇਸ ਕਰਕੇ ਉਹ ਸਮੁਚੇ ਦੇਸ ਵਿਚ ਆਪਣੀ ਪਾਰਟੀ ਦਾ ਤਾਣਾ ਬਾਣਾ ਬਣਾਉਣ ਤੋਂ ਝਿਜਕਦਾ ਰਿਹਾ। ਪਾਰਟੀ ਦੀ ਸੰਗਠਨਾਤਮਕ ਅਣਹੋਂਦ ਹੀ ਪਾਰਟੀ ਲਈ ਘਾਤਕ ਸਾਬਤ ਹੋਈ। ਲੋਕ ਸਭਾ ਦੀਆਂ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਆਮ ਲੋਕਾਂ ਦੇ ਉਤਸ਼ਾਹ ਨੂੰ ਵੇਖਕੇ ਬਹੁਤਾ ਹੀ ਆਸਵੰਦ ਹੋ ਕੇ ਸਮੁਚੇ ਦੇਸ ਵਿਚ ਚੋਣਾਂ ਲੜਨ ਲਈ ਤਿਆਰ ਹੋ ਗਿਆ। ਜਦੋਂ ਪਾਰਟੀ ਕੋਲ ਆਪਣਾ ਢਾਂਚਾ ਨਾ ਹੋਵੇ ਉਦੋਂ ਇੰਜ ਕਰਨਾ ਵਾਜਬ ਨਹੀਂ ਹੁੰਦਾ। ਇੱਥੋਂ ਤੱਕ ਕਿ ਆਪ ਵੀ ਭਾਰਤੀ ਜਨਤਾ ਪਾਰਟੀ ਦੇ ਦਿਗਜ ਨੇਤਾ ਨਰਿੰਦਰ ਮੋਦੀ ਦੇ ਖਿਲਾਫ ਚੋਣ ਮੈਦਾਨ ਵਿਚ ਆ ਗਿਆ। ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਤਕੜੇ ਉਮੀਦਵਾਰ ਖੜ੍ਹੇ ਨਾ ਕਰਨਾ ਵੀ ਸੱਕ ਪੈਦਾ ਕਰ ਰਿਹਾ ਸੀ। ਇਹ ਉਸਦੀ ਭੁਲ ਸੀ। ਉਸਨੂੰ ਚੋਣਵੀਆਂ ਸੀਟਾਂ ਤੇ ਚੋਣ ਲੜਨੀ ਚਾਹੀਦੀ ਸੀ ਅਤੇ ਉਨ੍ਹਾਂ ਸੀਟਾਂ ਤੇ ਹੀ ਪੂਰੀ ਤਵੱਜੋ ਦੇਣੀ ਚਾਹੀਦੀ ਸੀ। ਲੋਕ ਸਭਾ ਚੋਣਾਂ ਵਿਚ ਸਮੁਚੇ ਭਾਰਤ ਵਿਚ ਉਸਨੂੰ ਮੂੰਹ ਦੀ ਖਾਣੀ ਪਈ ਸਿਰਫ ਪੰਜਾਬ ਵਿਚ ਚਾਰ ਲੋਕ ਸਭਾ ਦੀਆਂ ਸੀਟਾਂ ਜਿੱਤ ਸਕੇ ਉਹ ਵੀ ਸਿੱਖਾਂ ਦੇ ਹੱਕ ਵਿਚ ਹਾਅਦਾ ਨਾਹਰਾ ਮਾਰਨ ਕਰਕੇ ਜਿੱਤ ਗਏ। ਉਦੋਂ ਵੀ ਸੁਪਰੀਮ ਕੋਰਟ ਦੇ ਉੱਘੇ ਵਕੀਲ ਐਚ ਐਸ ਫੂਲਕਾ ਜੋ ਸਿੱਖਾਂ ਦਾ ਸਰਵਉਚ ਖੈਰਖਾਹ ਸੀ ਨੂੰ ਲੁਧਿਆਣਾ ਤੋਂ ਟਿਕਟ ਦੇ ਕੇ ਗਲਤੀ ਕੀਤੀ ਕਿਉਂਕਿ ਉਹ ਤਾਂ ਹਿੰਦੂ ਬਹੁਮਤ ਵਾਲੀ ਸੀਟ ਸੀ। ਫੂਲਕਾ ਲੁਧਿਆਣਾ ਹਲਕੇ ਦੀਆਂ ਤਿੰਨ ਦਿਹਾਤੀ ਵਿਧਾਨ ਸਭਾ ਦੀਆਂ ਸੀਟਾਂ ਤੋਂ ਵੱਡੀ ਮਾਤਰਾ ਵਿਚ ਜਿਤਿਆ ਜਦੋਂਕਿ ਸ਼ਹਿਰੀ ਸੀਟਾਂ ਤੋਂ ਹਾਰ ਗਿਆ ਫਿਰ ਵੀ ਸਿਰਫ ਵੀਹ ਹਜਾਰ ਵੋਟਾਂ ਹੀ ਨਾਲ ਹਾਰਿਆ ਹੈ। ਅਕਾਲੀ ਉਮੀਦਵਾਰ ਤੋਂ ਵੱਧ ਵੋਟਾਂ ਲੈ ਗਿਆ। ਫੂਲਕਾ ਜੋ ਕਿ ਭਦੌੜ ਦਾ ਰਹਿਣਵਾਲਾ ਸੀ ਨੂੰ ਸੰਗਰੂਰ ਜਾਂ ਬਠਿੰਡਾ ਤੋਂ ਚੋਣ ਲੜਾਉਣੀ ਚਾਹੀਦੀ ਸੀ ਜਿਥੋਂ ਉਹ ਜਿੱਤ ਸਕਦਾ ਸੀ। ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਕੇਜਰੀਵਾਲ ਸਿਰਫ ਦਿੱਲੀ ਵਿਚ ਹੀ ਆਪਣੀ ਸਰਕਾਰ ਬਣਾਉਣ ਲਈ ਤੱਤਪਰ ਹੈ। ਹੋਰ ਕਿਸੇ ਰਾਜ ਵਿਚ ਉਸਦੀ ਦਿਲਚਸਪੀ ਨਹੀਂ। ਜਦੋਂ ਕਿਸੇ ਪਾਰਟੀ ਕੋਲ ਤਾਕਤ ਹੁੰਦੀ ਹੈ ਜਾਂ ਤਾਕਤ ਵਿਚ ਆਉਣ ਦੀ ਉਮੀਦ ਹੁੰਦੀ ਹੈ ਤਾਂ ਕੁਦਰਤੀ ਹੈ ਕਿ ਉਸ ਪਾਰਟੀ ਦੇ ਨੇਤਾਵਾਂ ਵਿਚ ਆਪਸੀ ਖਹਿਬਾਜੀ ਸ਼ੁਰੂ ਹੋ ਜਾਂਦੀ ਹੈ। ਉਹ ਆਪਣੇ ਆਪ ਨੂੰ ਇੱਕ ਦੂਜੇ ਤੋਂ ਅੱਗੇ ਆਉਣ ਦੀ ਕੋਸਿਸ਼ ਕਰਦੇ ਹਨ। ਇਸ ਮੌਕੇ ਉਹ ਆਪਣੇ ਵਿਰੋਧੀਆਂ ਦੇ ਪਾਜ ਉਘਾੜਦੇ ਹਨ। ਅਖਬਾਰਾਂ ਵਿਚ ਆਪ ਹੀ ਖਬਰਾਂ ਪਲਾਂਟ ਕਰਦੇ ਹਨ। ਇਹੋ ਕੁਝ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਿਚ ਹੋਇਆ ਜਿਸਦਾ ਆਮ ਲੋਕਾਂ-ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵੋਟਰਾਂ ਤੇ ਮਾੜਾ ਅਸਰ ਪਿਆ। ਪਾਰਟੀ ਆਮ ਲੋਕਾਂ ਦੀ ਨੁਮਾਇੰਦਾ ਕਹਾਉਂਦੀ ਸੀ ਪ੍ਰੰਤੂ ਇਸ ਪਾਰਟੀ ਵਿਚ ਕਰੋੜਪਤੀ ਦਾਖਲ ਹੋ ਕੇ ਮਨਮਰਜੀਆਂ ਕਰਨ ਲੱਗ ਪਏ। ਪਾਰਟੀ ਵਿਚ ਸਵਰਾਜ ਦੀ ਗੱਲ ਕਰਦੇ ਹੋਏ ਸਵਰਾਜ ਨੂੰ ਭੁਲ ਗਏ ਅਤੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਦੋ ਉਪ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਗ਼ਲਤੀ ਕਰ ਗਏ। ਪਾਰਟੀ ਦੇ ਵਰਕਰਾਂ ਦੀ ਸੁਣੀ ਨਹੀਂ ਗਈ। ਬਾਹਰਲੀਆਂ ਪਾਰਟੀਆਂ ਵਿਚੋਂ ਆਏ ਉਮੀਦਵਾਰਾਂ ਨੂੰ ਪਹਿਲ ਦੇ ਦਿੱਤੀ ਗਈ ਜਿਸ ਨਾਲ ਪਾਰਟੀ ਦੇ ਕੇਡਰ ਵਿਚ ਅਸੰਤੋਸ ਪੈਦਾ ਹੋ ਗਿਆ। ਤਲਵੰਡੀ ਸਾਬੋ ਤੋਂ ਸਹੀ ਉਮੀਦਵਾਰ ਦੀ ਚੋਣ ਵਿਚ ਕੀਤੀ ਗਈ ਦੇਰੀ ਨਾਲ ਪਾਰਟੀ ਦਾ ਨੁਕਸਾਨ ਹੋ ਗਿਆ। ਜੇਕਰ ਬੀਬੀ ਬਲਜਿੰਦਰ ਕੌਰ ਨੂੰ ਪਹਿਲਾਂ ਟਿਕਟ ਦੇ ਦਿੱਤੀ ਜਾਂਦੀ ਤਾਂ ਪਾਰਟੀ ਦੀ ਐਨੀ ਮਾੜੀ ਹਾਲਤ ਨਾ ਹੁੰਦੀ। ਪਟਿਆਲਾ ਲਈ ਉਮੀਦਵਾਰ ਹਲਕੇ ਤੋਂ ਬਾਹਰ ਤੋਂ ਲਿਆਕੇ ਠੋਸ ਦਿੱਤਾ। ਦੋਹਾਂ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ। ਪਟਿਆਲਾ ਵਿਚ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਚੋਣ ਹਾਰਨ ਤੋਂ ਬਾਅਦ ਪਾਰਟੀ ਦੀ ਲੀਡਰਸ਼ਿਪ ਵਿਰੁਧ ਰੋਸ ਮਾਰਚ ਵੀ ਕੱਢਿਆ ਹੈ ਅਤੇ ਪਾਰਟੀ ਵਿਚ ਸਵਰਾਜ ਬਹਾਲ ਕਰਨ ਦੀ ਮੰਗ ਕੀਤੀ ਹੈ। ਜਿਸ ਕਰਕੇ ਉਨ੍ਹਾਂ ਵਰਕਰਾਂ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਵਿਚ ਪਟਿਆਲਾ ਤੋਂ ਪਾਰਟੀ ਕਨਵੀਨਰ ਕੁੰਦਨ ਗੋਗੀਆ ਵੀ ਸ਼ਾਮਲ ਹੈ ਜੋ ਪਾਰਟੀ ਦਾ ਫਾਊਂਡਰ ਮੈਂਬਰ ਵੀ ਹੈ। ਪੰਜਾਬ ਵਿਚ ਐਚ ਐਸ ਫੂਲਕਾ ਚੰਗਾ ਰੋਲ ਪਲੇਅ ਕਰ ਸਕਦਾ ਹੈ ਪ੍ਰੰਤੂ ਉਸਦੀ ਸ਼ਰਾਫਤ ਕਰਕੇ ਉਸਨੂੰ ਅਣਡਿਠ ਕੀਤਾ ਜਾ ਰਿਹਾ ਹੈ। ਪੰਜਾਬ ਦੇ ਉਮੀਦਵਾਰਾਂ ਦੀ ਚੋਣ ਕਰਨ ਵਾਲੇ ਵੀ ਪਤਾ ਨਹੀਂ ਕਿਥੋਂ ਲੱਭਕੇ ਲਿਆਂਦੇ ਜਿਨ੍ਹਾਂ ਨੂੰ ਜਮੀਨੀ ਪੱਧਰ ਦੀ ਜਾਣਕਾਰੀ ਹੀ ਨਹੀਂ ਸੀ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਬਿਗੜਿਆ। ਕੇਜਰੀਵਾਲ ਜੀ ਕੋਟਰੀ ਤੋਂ ਬਾਹਰ ਆਓ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਕੇ ਫੈਸਲੇ ਕਰੋ। ਘਾਗ ਪਾਰਟੀਆਂ ਨੇ ਤੁਹਾਡੇ ਆਲੇ ਦੁਆਲੇ ਆਪਣੇ ਬੰਦੇ ਫਿਟ ਕਰ ਦਿੱਤੇ ਹਨ। ਜਿਨ੍ਹਾਂ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਉਹ ਹੀ ਤੁਹਾਡੀਆਂ ਬੇੜੀਆਂ ਵਿਚ ਵੱਟੇ ਪਾ ਰਹੇ ਹਨ। ਕਲਾਕਾਰ ਜਾਂ ਸੈਲੀਵਰਿਟੀ ਹੀ ਸਭ ਕੁਝ ਨਹੀਂ ਹੁੰਦੇ ਉਹ ਤਾਂ ਆਪਣੇ ਫੰਨ ਦੇ ਮਾਹਰ ਹੁੰਦੇ ਹਨ ਸਿਆਸਤ ਦੇ ਨਹੀਂ। ਸੰਗਰੂਰ ਤੋਂ ਲੋਕ ਸਭਾ ਦੇ ਮੈਂਬਰ ਭਗਵੰਤ ਮਾਨ ਸਰਕਾਰਾਂ ਦੇ ਆਪਦੀ ਕਲਾ ਨਾਲ ਪਾਜ ਉਘੇੜਨ ਵਿਚ ਮਾਹਰ ਹੈ। ਉਸਦਾ ਸਮੁਚੇ ਦੇਸ ਵਿਚ ਲਾਭ ਉਠਾਓ ਪ੍ਰੰਤੂ ਫੈਸਲੇ ਆਪ ਸੋਚ ਸਮਝਕੇ ਕਰੋ। ਆਮ ਜਨਤਾ ਨੂੰ ਕਿਸ ਤਰੀਕੇ ਨਾਲ ਲਾਭ ਪਹੁੰਚਾ ਸਕਦੇ ਹਾਂ ਇਸ ਦੀਆਂ ਸਕੀਮਾਂ ਅਤੇ ਤਰਕੀਬਾਂ ਬਣਾਓ-ਜਿਹਨਾਂ ਤੇ ਅਮਲ ਕੀਤਾ ਜਾ ਸਕੇ। ਲਾਰੇ ਲੱਪੇ ਵਾਲੇ ਵਾਅਦੇ ਨਾ ਕੀਤੇ ਜਾਣ। ਘਾਗ ਪਾਰਟੀਆਂ ਨਾਲ ਲੋਹਾ ਲੈਣ ਲਈ ਉਨ੍ਹਾਂ ਵਾਂਗ ਹੀ ਪੇਸ਼ ਆਉਣਾ ਹੋਵੇਗਾ। ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਕੋਸਿਸ਼ ਕਰਨੀ ਪਵੇਗੀ। ਜੇ ਇਸੇ ਤਰ੍ਹਾਂ ਚਲਦੇ ਰਹੇ ਤਾਂ ਫਿਰ ਜੈ ਪ੍ਰਕਾਸ ਨਰਾਇਣ ਵਾਲਾ ਹਸ਼ਰ ਹੋਵੇਗਾ। ਜਿਹੜੀ ਪੰਜਾਬ ਦੀਆਂ ਉਪ ਚੋਣਾਂ ਵਿਚ ਫੂਕ ਨਿਕਲ ਗਈ ਉਸ ਦਾ ਹੱਲ ਲੱਭਣਾ ਪਵੇਗਾ। ਮੁੜਕੇ ਉਸੇ ਪੁਰਾਣੀ ਪੁਜੀਸਨ ਵਿਚ ਆਉਣ ਲਈ ਹੰਭਲਾ ਮਾਰਨਾ ਪਵੇਗਾ। ਦਿੱਲੀ ਬੈਠਕੇ ਮਸਲੇ ਹੱਲ ਨਹੀਂ ਹੋਣੇ। ਪਰਵਾਸੀ ਵੀਰਾਂ ਦੀ ਤੁਹਾਨੂੰ ਪੂਰੀ ਸਪੋਰਟ ਹੈ ਉਨ੍ਹਾਂ ਨੂੰ ਉਦਾਸ ਨਾ ਕਰੋ। ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ ਪਾਰਟੀ ਨੇ ਪਰਵਾਸੀਆਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਸੀ ਹੁਣ ਤੁਹਾਡੇ ਤੇ ਹੀ ਉਨ੍ਹਾਂ ਦੀ ਟੇਕ ਹੈ। ਲੋਕਾਂ ਦੀ ਨਬਜ ਤੇ ਹੱਥ ਰੱਖੋ। ਪੰਜਾਬ ਵਿਚ ਸੁੱਚਾ ਸਿੰਘ ਛੋਟਪੁਰ ਵਰਗੇ ਇਮਾਨਦਾਰ ਸਿਆਸਤਦਾਨ ਨੂੰ ਪਾਰਟੀ ਦਾ ਮੁੱਖੀ ਬਣਾਕੇ ਚੰਗੀ ਗੱਲ ਕੀਤੀ ਹੈ ਪ੍ਰੰਤੂ ਪਾਰਟੀ ਦਾ ਤਾਣਾ ਬਾਣਾ ਬਣਾਉਣ ਲੱਗਿਆਂ ਇਸਨੂੰ ਧਰਮ ਨਿਰਪੱਖ ਮੁਹਾਂਦਰਾ ਦਿੱਤਾ ਜਾਵੇ ਤਾਂ ਜੋ ਪੰਜਾਬ ਵਿਚ ਪਾਰਟੀ ਤੋਂ ਇੱਕ ਵਰਗ ਦੀ ਨੁਮਾਇੰਦਗੀ ਕਰਨ ਦਾ ਧੱਬਾ ਲਾਹਿਆ ਜਾ ਸਕੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>