ਗੰਗਾ ਸਿੰਘ ਢਿੱਲੋਂ ਦਾ ਸਿੱਖ ਤਵਾਰੀਖ ਵਿਚ ਰੋਲ

ਗੰਗਾ ਸਿੰਘ ਢਿੱਲੋਂ ਦਾ ਜਨਮ ਸ਼ੇਖੂਪੁਰਾ ਦੇ ਪਿੰਡ ਚਕ ਨੰਬਰ 18 (ਨਾਨਕਾਣਾ ਸਾਹਿਬ ਦੇ ਨੇੜੇ) ਵਿਚ 5 ਜੁਲਾਈ 1928 ਦੇ ਦਿਨ ਸ ਕਾਹਨ ਸਿੰਘ ਢਿੱਲੋਂ ਦੇ ਘਰ ਹੋਇਆ ਸੀ। ਉਸ ਨੇ ਨਾਨਕਣਾ ਸਾਹਿਬ ਖਾਲਸਾ ਹਾਈ ਸਕੂਲ ਵਿਚ ਪੜ੍ਹਾਈ ਕੀਤੀ ਸੀ ਤੇ ਫਿਰ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਦਾਖ਼ਿਲਾ ਹੋਇਆ ਸੀ। ਉਸ ਦੀ ਪਹਿਲੀ ਗ੍ਰਿਫ਼ਤਾਰੀ ਸਿੱਖ ਸਟੁਡੈਂਟਸ ਫ਼ੈਡਰੇਸ਼ਨ ਦੀ ਜੱਦੋਜਹਿਦ ਵਿਚ 6 ਜੂਨ 1947 ਦੇ ਦਿਨ ਹੋਈ ਸੀ; ਉਹ 19 ਜੁਲਾਈ 1947 ਦੇ ਦਿਨ ਜ਼ਮਾਨਤ ‘ਤੇ ਰਿਹਾ ਹੋਇਆ। ਪੰਜਾਬ ਦੀ ਵੰਡ ਵੇਲੇ ਹੋਏ ਫ਼ਸਾਦਾਂ ਵਿਚ ਉਸ ਦਾ ਪਿਤਾ 31 ਅਗਸਤ 1947 ਦੁੇ ਦਿਨ ਮਾਰਿਆ ਗਿਆ ਸੀ। ਉਸ ਨੂੰ ਪਾਕਿਸਤਾਨ ਵਿਚਲੀ ਜ਼ਮੀਨ ਦੇ ਬਦਲੇ ਬਸੀ ਪਠਾਣਾਂ (ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ) ਵਿਚ ਜ਼ਮੀਨ ਮਿਲੀ। ਇਸ ਸਮੇਂ ਭਾਵੇਂ ਉਹ 19 ਸਾਲ ਦਾ ਨੌਜਵਾਨ ਸੀ, ਪਰ ਉਹ ਇਕੱਲਾ ਸੀ ਤੇ ਸ. ਜੋਗਿੰਦਰ ਸਿੰਘ ਮਾਨ (ਪਿਤਾ ਸਿਮਰਨਜੀਤ ਸਿੰਘ ਮਾਨ) ਨੇ ਉਸ ਨੂੰ ਪਿਤਾ ਵਰਗਾ ਪਿਆਰ ਦਿੱਤਾ।

1955 ਵਿਚ, ਜਦ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੇ ਨਾਨਕਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਨੂੰ ‘ਇਵੈਕੁਈ ਪ੍ਰਾਪਰਟੀ ਐਕਟ’ (ਜਿਸ ਹੇਠ ਉਹ ਜਾਇਦਾਦਾਂ ਆਉਂਦੀਆਂ ਹਨ ਜਿਸ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ) ਹੇਠ ਲੈ ਆਂਦਾ। ਹੋਮ ਮਨਿਸਟਰ ਪੰਡਤ ਵੱਲਭ ਪੰਤ ਤੇ ਪਾਕਿਸਤਾਨ ਦੇ ਸਰਕਾਰ ਨੇ ਇਸ ਮੁਆਹਿਦੇ ‘ਤੇ ਦਸਤਖ਼ਤ ਕੀਤੇ। ਇਸ ਦੇ ਖ਼ਿਲਾਫ਼ ਗੰਗਾ ਸਿੰਘ ਢਿੱਲੋਂ ਨੇ (27 ਸਾਲ ਦੀ ਉਮਰ ਵਿਚ) ਸਰਹੰਦ ਵਿਚ ਇਕ ਸਖ਼ਤ ਤਕਰੀਰ ਕੀਤੀ ਜਿਸ ਵਿਚ ਉਸ ਨੇ ‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ…’ ਦਾ ਨਾਅਰਾ ਦਿੱਤਾ ਅਤੇ ਇਸ ਦੀ ਬਿਨਾ ‘ਤੇ ਉਸ ਨੂੰ ‘ਸਕਿਊਰਿਟੀ ਐਕਟ’ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਡੇਢ ਸਾਲ ਜੇਲ੍ਹ ਵਿਚ ਰਿਹਾ।

ਸ. ਜੋਗਿੰਦਰ ਸਿੰਘ ਮਾਨ ਦੀ ਪ੍ਰੇਰਣਾ ‘ਤੇ ਉਹ 1958 ਵਿਚ ਅਮਰੀਕਾ ਚਲਾ ਗਿਆ। ਉਥੇ ਉਸ ਦਾ ਇਕ ਪੁਰਾਣਾ ਸਾਥੀ ਸ਼ਮਸ਼ੇਰ ਸਿੰਘ ਵਰਲਡ ਬੈਂਕ ਵਿਚ ਨੌਕਰੀ ਕਰਦਾ ਸੀ। ਉਸ ਦੀ ਮਦਦ ਨਾਲ ਉਹ ਉਥੇ ਵਰਜੀਨੀਆ ਵਿਚ ਸੈਟਲ ਹੋ ਗਿਆ। ਉਥੇ ਜਾ ਕੇ ਉਸ ਨੇ ਕੁਝ ਚਿਰ ਪੜ੍ਹਾਈ ਵੀ ਕੀਤੀ ਤੇ ਫਿਰ ਬਿਜ਼ਨਸ ਦਾ ਕਿੱਤਾ ਅਪਣਾ ਲਿਆ। ਉਥੇ ਹੀ ਉਸ ਨੇ 1963 ਵਿਚ ਇਕ ਹਾਕੀ ਟੀਮ ਬਣਾਈ ਤੇ ਅਮਰੀਕਾ ਦੇ ਮਰਹੂਮ ਪ੍ਰੈਜ਼ੀਡੈਂਟ ਜਾੱਨ ਕਨੇਡੀ ਦੀ ਯਾਦ ਵਿਚ ਮੈਚ ਕਰਵਾਇਆ, ਜਿਸ ਵਿਚ ਕਨੇਡੀ ਦਾ ਭਰਾ ਨੂੰ ਈਨਾਮਾਂ ਦੀ ਵੰਡ ਵਾਸਤੇ ਸੱਦਿਆ। ਇਸ ਮੈਚ ਵਿਚ ਪਾਕਿਸਤਾਨੀ ਟੀਮ ਵੀ ਖੇਡੀ। ਇਸ ਨਾਲ ਉਸ ਦੇ ਸਬੰਧ ਪਾਕਿਸਤਾਨੀਆਂ ਨਾਲ ਵੀ ਬਣ ਗਏ। ਇਸ ਮਗਰੋਂ ਉਹ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਫ਼ੀਲਡ ਮਾਰਸ਼ਲ ਅਯੂਬ ਨੂੰ ਵੀ ਮਿਲਿਆ ਤੇ ਉਸ ਨੂੰ ਪ੍ਰੇਰਣਾ ਦੇ ਕੇ ਭਾਰਤ ਪਾਕਿ ਹਾਕੀ ਮੈਚ ਵਾਸਤੇ ਤਿਆਰ ਕੀਤਾ। 1975 ਵਿਚ ਉਹ ਪਾਕਿਸਤਾਨ ਗਿਆ। ਉਥੇ 1976 ਵਿਚ ਉਸ ਦੀ ਮੁਲਾਕਾਤ ਜ਼ੁਲਫ਼ਕਾਰ ਅਲੀ ਭੁੱਟੋ ਨਾਲ ਹੋਈ। ਉਸ ਵੇਲੇ ਨਾਨਕਾਣਾ ਬੇਅਬਾਦ ਨਗਰ ਸੀ। 1971 ਦੀ ਬੰਗਲਾ ਦੇਸ਼ ਵਾਲੀ ਜੰਗ ਮਗਰੋਂ ਸਿੱਖਾਂ ਦੇ ਜੱਥਿਆਂ ਦਾ ਨਾਨਕਣਾ ਸਾਹਿਬ ਆਉਣਾ ਬੰਦ ਹੋ ਚੁਕਾ ਸੀ। ਇਸ ਮਾਹੌਲ ਵਿਚ ਉਸ ਨੇ ‘ਨਾਨਕਾਣਾ ਸਾਹਿਬ ਫ਼ਾਊਂਡੇਸ਼ਨ’ ਬਣਾਈ ਤੇ ਨਗਰ ਦੀ ਸੇਵਾ ਸੰਭਾਲ ਵਾਸਤੇ ਪ੍ਰਾਜੈਕਟ ਸ਼ੁਰੂ ਕਰਵਾਏ। ਉਸੇ ਸਾਲ ਉਸ ਦੀ ਵਜ਼ੀਰ ਜ਼ਹੂਰ ਇਲਾਹੀ ਨਾਲ ਵੀ ਗੱਲਬਾਤ ਹੋਈ ਜੋ ਦੋਸਤੀ ਵਿਚ ਬਦਲ ਗਈ। ਇਸ ਨਾਲ ਵਿਦੇਸ਼ੀ ਸਿੱਖਾਂ ਵਾਸਤੇ ਪਾਕਿਸਤਾਨ ਦੇ ਦਰਵਾਜ਼ੇ ਖੁਲ੍ਹ ਗਏ ਤੇ ਫਿਰ ਭਾਰਤ ਤੋਂ ਸਿੱਖਾਂ ਦਾ ਆਉਣਾ ਜਾਣਾ ਵੀ ਆਮ ਹੋ ਗਿਆ। ਜ਼ਹੂਰ ਇਲਾਹੀ ਨੇ ਗੁਰੁ ਨਾਨਕ ਪੁਰਬ ‘ਤੇ ਹਰ ਸਾਲ 3000 ਸਿੱਖਾਂ ਨੂੰ ਵੀਜ਼ਾ ਦੇਣ ਦੀ ਸ਼ੁਰੂਆਤ ਕੀਤੀ। ਉਸ ਨੇ ਆਪਣੇ ਅਹਿਦ ਵਿਚ ਆਉਣ ਵਾਲੇ ਜੱਥਿਆਂ ਵਾਸਤੇ ਆਪਣੇ ਫ਼ਾਰਮ ‘ਤੇ ਦਾਅਵਤਾਂ ਦਾ ਇੰਤਜ਼ਾਮ ਵੀ ਕੀਤਾ। ਇਸ ਮਗਰੋਂ ਜਦ ਉਹ ਭਾਰਤ ਆਇਆ ਤਾਂ ਚੀਫ਼ ਖਾਲਸਾ ਦੀਵਾਨ ਨੇ ਉਸ ਦਾ ਸਨਮਾਨ ਕੀਤਾ।

ਮਾਰਚ 1981 ਵਿਚ ਚੀਫ਼ ਖਾਲਸਾ ਦੀਵਾਨ ਨੇ ਸਾਲਾਨਾ ‘ਸਿੱਖ ਐਜੂਕੇਸ਼ਨਲ ਕਾਨਫ਼ਰੰਸ’ ਚੰਡੀਗੜ੍ਹ ਵਿਚ ਕਰਵਾਈ। ਇਸ ਕਾਨਫ਼ਰੰਸ ਦੀ ਪ੍ਰਧਾਨਗੀ  ਗੰਗਾ ਸਿੰਘ ਢਿੱਲੋਂ ਕੋਲੋਂ ਕਰਵਾਈ ਗਈ। ਇਸ ਦੇ 15 ਮਾਰਚ 1981 ਦੇ ਸੈਸ਼ਨ ਵਿਚ ਬਹੁਤ ਸਾਰੇ ਸਿੱਖ ਨੌਜਵਾਨ ਅਤੇ ਵਿਦਵਾਨ ਹਾਜ਼ਿਰ ਸਨ। ਇਸ ਕਾਨਫ਼ਰੰਸ ਵਿਚ ਅਚਾਨਕ ਹੀ ਅਜਿਹਾ ਮਾਹੌਲ ਬਣ ਗਿਆ ਕਿ ਇਸ ਮੌਕੇ ’ਤੇ ਹਾਜ਼ਿਰ ਵਿਦਵਾਨਾਂ ਅਤੇ ਨੌਜਵਾਨਾਂ ਨੇ ‘ਸਿੱਖ ਇਕ ਵੱਖਰੀ ਕੌਮ ਹਨ’ ਅਤੇ ‘ਸਿੱਖਾਂ ਨੂੰ ਯੂ.ਐਨ.ਓ. ਵਿਚ ਐਸੋਸਿਏਟ ਮੈਂਬਰਸ਼ਿਪ ਦਿੱਤੀ ਜਾਵੇ’ ਦਾ ਮਤਾ ਜ਼ੋਰ ਪਾ ਕੇ ਪਾਸ ਕਰਵਾ ਲਿਆ।

ਇਸ ਮਤੇ ਨੂੰ ਪੇਸ਼ ਕਰਨ ਜਾਂ ਪਾਸ ਕਰਵਾਉਣ ਦਾ ਸਿਹਰਾ ਅਮਰੀਕੀ ਸਿੱਖ ਗੰਗਾ ਸਿੰਘ ਢਿੱਲੋਂ ਨੂੰ ਦਿੱਤਾ ਜਾਂਦਾ ਹੈ। ਪਰ ਅਸਲ ਵਿਚ ਇਹ ਸਿਹਰਾ ਉਨ੍ਹਾਂ  ਨੌਜਵਾਨਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਉਸ ਵੇਲੇ ਸਮਾਗਮ ਵਿਚ ਰੌਲਾ ਪਾ ਕੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ‘ਸਿੱਖਾਂ ਦੀ ਕੌਮੀਅਤ ਅਤੇ ਐਸੋਸੀਏਟ ਮੈਂਬਰਸ਼ਿਪ’ ਵਾਲਾ ਮਤਾ ਪਾਸ ਨਹੀਂ ਹੋ ਜਾਂਦਾ ਉਦੋਂ ਤੱਕ ਕਾਨਫ਼ਰੰਸ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਵੇਗੀ। ਸ਼ੋਰ ਪਾਉਣ ਵਾਲੇ ਨੌਜਵਾਨ ਸਨ: ਦਲ ਖਾਲਸਾ ਦੇ ਵਰਕਰ ਹਰਸਿਮਰਨ ਸਿੰਘ, ਹਰਜਿੰਦਰ ਸਿੰਘ ਦਿਲਗੀਰ, ਕਰਨ ਸਿੰਘ ਜੰਮੂ, ਸਤਨਾਮ ਸਿੰਘ ਪਾਉਂਟਾ ਸਾਹਿਬ, ਗਜਿੰਦਰ ਸਿੰਘ, ਉੱਤਮ ਸਿੰਘ, ਗੁਰਪ੍ਰੀਤ ਸਿੰਘ, ਰੂਪਿੰਦਰ ਸਿੰਘ ਨਗਾਰੀ ਵਗ਼ੈਰਾ।

ਆਰੀਆ ਸਮਾਜ ਅਤੇ ਹੋਰ ਫ਼ਿਰਕੂ ਹਿੰਦੂ ਜਮਾਤਾਂ ਤਾਂ ਪਹਿਲਾਂ ਹੀ ਸਿੱਖਾਂ ਦੀ ਅੱਡਰੀ ਪਛਾਣ ਅਤੇ ਆਜ਼ਾਦ ਹਸਤੀ ਦੇ ਖ਼ਿਲਾਫ਼ ਪ੍ਰਚਾਰ ਕਰਦੀਆਂ ਰਹਿੰਦੀਆਂ ਸਨ; ਹੁਣ ਇਸ ਮਤੇ ਦੇ ਪਾਸ ਹੋਣ ’ਤੇ ਉਨ੍ਹਾਂ ਨੇ ਹੋਰ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਪ੍ਰਚਾਰ ਦਾ ਨਤੀਜਾ ਇਹ ਹੋਇਆ ਕਿ ਸਿਰਫ਼ ਸਿੱਖ ਵਿਦਵਾਨ ਤੇ ਨੌਜਵਾਨ ਹੀ ਨਹੀਂ ਬਲਕਿ ਸਾਰੇ ਸਿਰਕਰਦਾ ਸਿੱਖ ਇਸ ਮੁਹਾਜ਼ ਵਿਚ ਇਕ ਪਲੇਟਫ਼ਾਰਮ ’ਤੇ ਇਕੱਠੇ ਹੋ ਗਏ। ਤਕਰੀਬਨ ਹਰ ਸਰਗਰਮ ਵਰਕਰ ਅਤੇ ਆਗੂ, ਹਰ ਪੰਥਕ ਜਥੇਬੰਦੀ ਤੇ ਹਰ ਇਕ ਸਿੱਖ ਵਿਦਵਾਨ ਨੇ ‘ਸਿੱਖ ਇਕ ਕੌਮ ਹਨ’ ਅਤੇ ‘ਯੂ.ਐਨ.ਓ. ਵਿਚ ਸਿੱਖਾਂ ਦੀ ਨੁਮਾਇੰਦਗੀ’ ਦੇ ਹੱਕ ਵਿਚ ਡਟ ਕੇ ਸਟੈਂਡ ਲਿਆ।

ਦੂਜੇ ਪਾਸੇ ਚੀਫ਼ ਖਾਲਸਾ ਦੀਵਾਨ ਨੇ, ਆਪਣੇ ਇਕ ਰਜਵਾੜਾ ਕਿਸਮ ਦੇ ਮੈਂਬਰ ਅਤੇ ਸਰਕਾਰ ਦੇ ਟੋਡੀ, ਉੱਜਲ ਸਿੰਘ ਵੱਲੋਂ ਇਸ ਨੁਕਤੇ ’ਤੇ ਪ੍ਰੋਟੈਸਟ ਕਰਨ ਅਤੇ ਅਸਤੀਫ਼ਾ ਦੇਣ ਤੋਂ ਡਰ ਕੇ, 15 ਮਾਰਚ 1981 ਨੂੰ ਪਾਸ ਕੀਤਾ ਮਤਾ ਵਾਪਿਸ ਲੈ ਲਿਆ। (ਇਸ ਉੱਜਲ ਸਿੰਘ ਦੀ ਤਵਾਰੀਖ਼ ਪਹਿਲੋਂ ਵੀ ਸਿੱਖ ਮਸਲੇ ਬਾਰੇ ‘ਦੁਸ਼ਮਣਾਂ-ਵਰਗੀ’ ਸੀ। ਹੋਰ ਤਾਂ ਹੋਰ ਜਦੋਂ 4 ਜੁਲਾਈ 1955 ਦੇ ਦਿਨ ਪੁਲੀਸ ਦਰਬਾਰ ਸਾਹਿਬ ਕੰਪਲੈਕਸ ਵਿਚ ਦਾਖ਼ਿਲ ਹੋਈ ਸੀ ਤੇ ਚੀਫ਼ ਖਾਲਸਾ ਦੀਵਾਨ ਨੇ ਇਸ ’ਤੇ ਰੋਸ ਜ਼ਾਹਿਰ ਕੀਤਾ ਸੀ ਤਾਂ ਉਦੋਂ ਵੀ ਇਸ ਰੋਸ ਦੇ ਖ਼ਿਲਾਫ਼ ਉੱਜਲ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਸੀ (ਯਾਨਿ ਉਹ ਦਰਬਾਰ ਸਾਹਿਬ ’ਤੇ ਹੋਏ ਹਮਲੇ ਨੂੰ ਜਾਇਜ਼ ਮੰਨਦਾ ਸੀ)। ਉਹ ਹਰ ਸਿੱਖ-ਮੁਫ਼ਾਦ ਦੇ ਨੁਕਤੇ ’ਤੇ ਪੰਥ ਦੇ ਮੁਖਾਲਿਫ਼ਾਂ ਦਾ ਸਾਥ ਦੇ ਕੇ ਪੰਥ-ਦੁਸ਼ਮਣਾਂ ਤੋਂ ਜ਼ਾਤੀ ਫ਼ਾਇਦਾ ਲੈਂਦਾ ਰਹਿੰਦਾ ਸੀ)।

‘ਸਿੱਖ ਇਕ ਕੌਮ ਹਨ’ ਦਾ ਮਤਾ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਨੇ ਪਾਸ ਕੀਤਾ ਸੀ ਤੇ ਚੀਫ਼ ਖ਼ਾਲਸਾ ਦੀਵਾਨ ਵਲੋਂ ਇਸ ਨੂੰ ਵਾਪਿਸ ਨਹੀਂ ਸੀ ਲਿਆ ਜਾ ਸਕਦਾ। ਇਸ ਕਰ ਕੇ ਮਤੇ ਤੋਂ ਅਲਹਿਦਗੀ ਚੀਫ਼ ਖਾਲਸਾ ਦੀਵਾਨ ਦੀ ਹੋ ਸਕਦੀ ਹੈ ਨਾ ਕਿ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਦੀ। ਸਿੱਖ ਐਜੂਕੈਸ਼ਨਲ ਕਾਨਫ਼ਰੰਸ ਇਸ ਨੂੰ ਵਾਪਿਸ ਲੈ ਸਕਦੀ ਸੀ ਪਰ ਉਸ ਨੂੰ ਇਸ ਵਾਸਤੇ ਸਪੈਸ਼ਲ ਇਲਾਸ ਬੁਲਾਉਣਾ ਪੈਣਾ ਸੀ ਜਾਂ ਅਗਲੇ ਸਾਲ ਦੀ ਕਾਨਫ਼ਰੰਸ ਤਕ ਉਡੀਕਣਾ ਪੈਣਾ ਸੀ।

ਉਂਞ ਵੀ ਇਸ ਜਥੇਬੰਦੀ ਵਲੋਂ ਇਹ ਮਤਾ ‘ਵਾਪਿਸ’ ਲੈਣ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ, ਕਿਉਂਕਿ ਇਸ ਜਥੇਬੰਦੀ ਦੀ ਲੋਕਾਂ ਵਿਚ ਕੋਈ ਹਸਤੀ ਨਹੀਂ ਸੀ। ਉਲਟਾ, ਇਸ ਕਾਰਵਾਈ ਮਗਰੋਂ ਹਰ ਪਾਸੇ ਸਿੱਖ ਦੀਵਾਨਾਂ, ਜਲਸਿਆਂ, ਮੀਟਿੰਗਾਂ, ਸੈਮੀਨਾਰਾਂ ਤੇ ਹੋਰ ਇਕੱਠਾਂ ਵਿਚ ‘ਸਿੱਖ ਇਕ ਕੌਮ ਹਨ’ ਅਤੇ ‘ਯੂ.ਐਨ.ਓ. ਵਿਚ ਸਿੱਖ ਨੁਮਾਇੰਦਗੀ’ ਦੀ ਹਿਮਾਇਤ ਵਿਚ ਸੈਂਕੜੇ ਮਤੇ ਪਾਸ ਕਰ ਕੇ ਸਿੱਖਾਂ ਨੇ ਆਪਣੇ ਇੱਤਹਾਦ ਦਾ ਇਜ਼ਹਾਰ ਕੀਤਾ।

1984 ਦੇ ਸਾਕੇ  ਤੋਂ ਬਾਅਦ ਉਸ ਦੇ ਭਾਰਤ ਆਉਣ ’ਤੇ ਪਾਬੰਦੀ ਲਾ ਦਿੱਤੀ। ਇਸ ਦੌਰਾਨ ਉਸ ਦੀ ਮੁਲਾਕਾਤ ਨਰਸਿੰਮ੍ਹਾ ਰਾਓ ਨਾਲ ਵੀ ਹੋਈ ਸੀ। ਪਰ ਉਸ ਨੇ ਉਸ ਦਾ ਨਾਂ ਬਲੈਕ ਲਿਸਟ ਵਿਚੋਂ ਨਹੀਂ ਕੱਢਿਆ। 1991 ਵਿਚ ਉਸ ਨੇ ਭਾਰਤ ਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਦਿੱਲੀ ਤੋਂ ਡਿਪੋਰਟ ਕਰ ਦਿੱਤਾ ਗਿਆ। ਕਈ ਸਾਲ ਮਗਰੋਂ ਜੁਲਾਈ 2010 ਵਿਚ ਜਦ 169 ਨਾਂਵਾਂ ਨੂੰ ਕਾਲੀ ਸੂਚੀ ਵਿਚੋਂ ਕੱਢਿਆ ਤੇ ਉਸ ਦਾ ਵੀ ਨਾਂ, ਜੋ ਕਿ 32 ਨੰਬਰ ‘ਤੇ ਸੀ, ਕੱਢ ਦਿੱਤਾ ਗਿਆ।

ਇਸ ਮਗਰੋਂ ਗੰਗਾ ਸਿੰਘ ਢਿੱਲੋਂ ਨੇ 1999 ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਵਾਈ।  ਪਾਕਿਸਤਾਨ ਦੇ ਪ੍ਰਾਈਮ ਮਨਿਸਟਰ ਨਵਾਜ਼ ਸ਼ਰੀਫ਼ ਨੇ, ਡੇਹਰਾ ਸਾਹਿਬ ਗੁਰਦੁਆਰਾ ਲਾਹੌਰ ਵਿਚ ਹਾਜ਼ਰ ਹੋ ਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕੀਤਾ। ਫਿਰ ਕੁਝ ਮਹੀਨੇ ਮਗਰੋਂ ਭਾਰਤ ਦੇ ਪ੍ਰਾੲਮਿ ਮਨਿਸਟਰ ਅਟਲ ਬਿਹਾਰੀ ਵਾਜਪਾਈ ਤੇ ਪੰਜਾਬ ਦੇ ਚੀਫ਼ ਮਨਿਸਟਰ ਪ੍ਰਕਾਸ਼ ਸਿੰਘ ਬਾਦਲ ਪਾਕਿਸਤਾਨ ਦੇ ਦੌਰੇ ‘ਤੇ ਲਾਹੌਰ ਗਏ ਤੇ ਪਾਕਿਸਤਾਨ ਸਰਕਾਰ ‘ਤੇ ਜ਼ੋਰ ਪਾਇਆ ਕਿ ਪਾਕਿਸਤਾਨ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਕੋਲ ਰਹਿਣ ਦਿੱਤੇ ਜਾਣ ਤੇ ਨਵੀਂ ਕਮੇਟੀ ਨਾ ਬਣਾਈ ਜਾਵੇ। ਪਰ ਪਾਕਿਸਤਾਨ ਸਰਕਾਰ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ।

ਇਹ ਚਰਚਾ ਵੀ ਰਿਹਾ ਕਿ ਉਹ ਜ਼ਿਆ ਉਲ ਹੱਕ ਦਾ ਜਮਾਤੀ ਸੀ, ਪਰ ਇਹ ਸਹੀ ਨਹੀਂ ਹੈ; ਉਸ ਦਾ ਜ਼ਿਆ ਉਲ ਹੱਕ ਨਾਲ ਸਬੰਧ ਉਸ ਦੇ ਪਾਕਿਸਤਾਨ ਦੌਰੇ ਮਗਰੋਂ ਹੀ ਬਣਿਆ ਸੀ। ਉਂਞ ਇਕ ਵਾਰ ਭਾਰਤ ਨੂੰ ਖ਼ੁਸ਼ ਕਰਨ ਵਾਸਤੇ ਉਸ ਦੇ ਪਾਕਿਸਤਾਨ ਵਿਚ ਆਉਣ ਤੇ ਵੀ ਪਾਬੰਦੀ ਲਈ ਗਈ ਸੀ। 82 ਸਾਲ ਦੀ ਉਮਰ ਭੋਗ ਕੇ ਉਹ 24 ਸਤੰਬਰ 2014 ਦੇ ਦਿਨ ਚੜ੍ਹਾਈ ਕਰ ਗਿਆ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>