ਖਤਮ ਹੋ ਰਹੀ ਇੱਕ ਪੀੜੀ! ਕੁਝ ਸਮਾਜਿਕ ਤੱਥ

ਅਮਨਪ੍ਰੀਤ ਕੌਰ,  ਸ਼ਾਲਿਨੀ ਸ਼ਰਮਾ ,             

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਇਥੋਂ ਦੇ ਲੋਕ ਹਮੇਸ਼ਾਂ ਹੀ ਦ੍ਰਿੜ ਅਤੇ ਮਿਹਨਕਸ਼ ਰਹੇ ਹਨ, ਅਤੇ ਉਨ੍ਹਾਂ ਨੇ ਹਰ ਮੁਸੀਬਤ ਦਾ ਡਟ ਕੇ ਸਾਹਮਣਾ ਕੀਤਾ ਹੈ। ਸਠਸਤਰ ਦੇ ਦਹਾਕੇ ਵਿਚ ਜਦੋਂ ਦੇਸ਼ ਭੋਜਨ ਦੀ ਕਮੀ ਨਾਲ ਜੂਝ ਰਿਹਾ ਸੀ ਤਾਂ ਪੰਜਾਬ ਹਰੀ ਕ੍ਰਾਂਤੀ ਲਿਆਉਣ ਵਾਲਾ ਮੋਹਰੀ ਸੂਬਾ ਸੀ। ਅਸੀ ਦੇ ਦਹਾਕੇ ਵਿਚ ਜਿਸ ਤਰ੍ਹਾਂ ਪੰਜਾਬ ਨੇ ਅਤਵਾਦ ਤੇ ਜਿੱਤ ਪ੍ਰਾਪਤ ਕੀਤੀ, ਉਹ ਅਜ ਵੀ ਬਾਕੀ ਸੂਬਿਆਂ ਲਈ ਇਕ ਉਦਾਹਰਣ ਹੈ। ਇਹਨਾਂ ਵੱਡੀਆਂ ਮੁਸੀਬਤਾਂ ਤੋਂ ਬਾਅਦ ਜਿਸ ਵੱਡੀ ਸਮੱਸਿਆ ਦਾ ਪੰਜਾਬ ਇਸ ਵੇਲੇ ਸਾਹਮਣਾ ਕਰ ਰਿਹਾ ਹੈ ਉਹ ਹੈ ਨਸ਼ਿਆਂ ਦੀ ਮਹਾਂਮਾਰੀ।

ਸਰਵੇਖਣ ਦਸਦੇ ਹਨ ਕਿ 1990 ਤੋਂ 2000 ਦੇ ਦਹਾਕੇ ਤਕ ਜ਼ਿਆਦਾਤਰ ਨਸ਼ੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਪੰਜਾਬ ਆਉਂਦੇ ਸਨ। ਲੋਕ ਆਮ ਮਿਲਣ ਵਾਲੇ ਨਸ਼ੇ ਜਿਵੇਂ ਭੰਗ, ਪੋਸਤ, ਅਫੀਮ, ਸ਼ਰਾਬ, ਭੁਕੀ ਦਾ ਸੇਵਨ ਕਰਦੇ ਸਨ ਪਰ ਹੁਣ ਇਹ ਇਕ ਕਾਰੋਬਾਰ ਬਣ ਗਿਆ ਹੈ ਤੇ ਪਿਛਲੇ ਦਿਨੀ ਤਾਂ ਰਸਾਇਣਿਕ ਨਸ਼ੇ ਬਣਾਉਣ ਵਾਲੀ ਫੈਕਟਰੀ ਦੀ ਵੀ ਗੱਲ ਸਾਹਮਣੇ ਆਈ ਹੈ। ਰਾਜਨੀਤਿਕ ਨੇਤਾ, ਪੁਲਿਸ, ਪ੍ਰਬੰਧਕ ਤੇ ਕਾਰੋਬਾਰੀ ਮਿਲ ਕੇ ਨਸ਼ਿਆਂ ਦਾ ਵਪਾਰ ਕਰ ਰਹੇ ਹਨ। ਬਜ਼ਾਰ ਵਿਚ ਇਹ ਨਸ਼ੇ, ਖਾਣ ਵਾਲੇ ਦੀ ਲੋੜ ਅਤੇ ਜੇਬ ਅਨੁਸਾਰ 25 ਰੁਪਏ ਤੋਂ ਲੈ ਕੇ 25,000/ ਰੁਪਏ ਪ੍ਰਤੀ ਖੁਰਾਕ ਤਕ ਮਿਲ ਰਹੇ ਹਨ। ਇਹ ਸਮਸਿਆ ਐਨਾ ਭਿਆਨਕ ਰੂਪ ਲੈ ਚੁਕੀ ਹੈ ਕਿ ਰਾਸ਼ਟਰੀ ਪੱਧਰ ਤੇ ਨਸ਼ਿਆਂ ਦੀ ਵਰਤੋਂ ਵਿਚ ਪੰਜਾਬ ਦਾ ਨਾਂ ਸੁਰਖੀਆਂ ਵਿਚ ਹੈ।

ਕਾਰਣ :

ਹਰੀ ਕ੍ਰਾਂਤੀ ਆਉਣ ਨਾਲ ਖੇਤੀ ਕਰਨ ਦੇ ਢੰਗ ਤਰੀਕਿਆਂ ਵਿਚ ਵੀ ਬਹੁਤ ਬਦਲਾਅ ਆਇਆ ਹੈ। ਖੇਤੀ ਦਾ ਪੂਰਨ ਤੌਰ ਤੇ ਮਸ਼ੀਨੀਕਰਨ ਹੋ ਗਿਆ। 1975 ਤੋਂ ਬਾਅਦ ਜਿਵੇਂ2 ਝੋਨੇ ਹੇਠ ਰਕਬਾ ਵਧਦਾ ਗਿਆ ਉਵੇਂ2 ਦੂਸਰੇ ਰਾਜਾਂ (ਯੂ.ਪੀ., ਬਿਹਾਰ, ਉੜੀਸਾ) ਤੋਂ ਪ੍ਰਵਾਸੀ ਮਜ਼ਦੂਰ ਵੀ ਵੱਧ ਆਉਣੇ ਸ਼ੁਰੂ ਹੋ ਗਏ ਤੇ 1990 ਦੇ ਦਹਾਕੇ ਤਕ ਪ੍ਰਵਾਸੀ ਮਜ਼ਦੂਰਾਂ ਨੇ ਖੇਤੀ ਦਾ ਜ਼ਿਆਦਾ ਕੰਮ ਸਾਂਭ ਲਿਆ। ਜਿਸ ਨਾਲ ਆਪਣੇ ਕਿਸਾਨਾਂ ਵਿਚ ਹੱਥੀਂ ਕੰਮ ਕਰਨ ਦਾ ਚੱਲਨ ਘੱਟ ਗਿਆ ਤੇ ਉਹ ਖੇਤੀ ਵਲੋਂ ਵੇਹਲੇ ਹੋ ਗਏ। ਇਸੇ ਸਮੇਂ ਦੌਰਾਨ ਗੈਰ ਮਿਆਰੀ ਪੇਂਡੂ ਸਰਕਾਰੀ ਸਿੱਖਿਆ ਪ੍ਰਣਾਲੀ ਦੀ ਉਪਜ ਜ਼ਿਆਦਾਤਰ ਬੱਚੇ ਨਾਂ ਤਾਂ ਉਚੇਰੀ ਸਿੱਖਿਆ ਹਾਸਲ ਕਰ ਸਕੇ ਅਤੇ ਨਾ ਹੀ ਸ਼ਹਿਰਾਂ ਵਿਚ ਰੋਜ਼ਗਾਰ ਦੇ ਜੋ ਵੀ ਥੋੜੇ ਬਹੁਤ ਮੌਕੇ ਸਨ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਾਇਕ ਹੀ ਬਣ ਸਕੇ। ਕਿਸੇ ਹੋਰ ਧੰਦੇ ਦੀ ਗੈਰ ਮੌਜੂਦਗੀ ਵਿਚ ਇਹ ਬੱਚੇ ਵੀ ਵਿਹਲੇ ਹੋ ਗਏ। ਨਤੀਜਨ, ਪਿੰਡਾਂ ਵਿੱਚ ਵਿਹਲਿਆਂ ਦੀ ਸੰਖਿਆ ਵਧਦੀ ਗਈ ਅਤੇ ਨਾਲ ਹੀ ਨਸ਼ਿਆਂ ਦਾ ਰੁਝਾਨ ਵੀ ਵਧਦਾ ਗਿਆ।

ਪੰਜਾਬ ਵਿਚ ਸਿੱਖ ਧਰਮ ਦੀ ਮਾਨਤਾ ਕਾਰਨ, ਤੰਬਾਕੂ, ਬੀੜੀ ਦਾ ਨਸ਼ਾ ਬਿਲਕੁਲ ਹੀ ਵਰਜਿਤ ਸੀ। ਪਰ, ਦੂਸਰੇ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰ ਇਹ ਨਸ਼ਾ ਆਪਣੇ ਨਾਲ ਲੈ ਕੇ ਆਏ ਅਤੇ ਇਥੋਂ ਦੇ ਨੌਜਵਾਨ ਵੀ ਇਸਦੇ ਆਦੀ ਹੋ ਗਏ। ਸ਼ਹਿਰੀਕਰਨ ਹੋਣ ਕਰਕੇ, ਸ਼ਹਿਰਾਂ ਦੇ ਨਾਲ ਲਗਦੀਆਂ ਜ਼ਮੀਨਾਂ ਮਹਿੰਗੀਆਂ ਹੋ ਗਈਆਂ। ਵੱਡੇ ਕਿਸਾਨਾਂ ਕੋਲ ਜ਼ਮੀਨਾਂ ਵੇਚ ਕੇ ਅਸਾਨੀ ਨਾਲ ਪੈਸਾ ਆ ਗਿਆ। ਬਿਨਾਂ ਮਿਹਨਤ ਕੀਤੇ ਆਏ ਇਸ ਪੈਸੇ ਨੇ ਨੌਜਵਾਨੀ ਨੂੰ ਨਸ਼ਿਆਂ ਵਲ ਧਕੇਲ ਦਿਤਾ। ਇਸ ਤੋਂ ਬਿਨਾਂ ਲਗਾਤਾਰ ਵਧਦੀ ਖੇਤੀ ਲਾਗਤ ਕਾਰਨ ਛੋਟੇ ਕਿਸਾਨਾਂ ਲਈ ਖੇਤੀ ਜ਼ਿਆਦਾ ਲਾਹੇਵੰਦ ਨਹੀਂ ਰਹੀ, ਫਲਸਰੂਪ ਨਿਰਾਸ਼ ਹੋ ਕੇ ਉਹ ਵੀ ਨਸ਼ੇ ਕਰਨ ਲਗ ਪਏ। ਸ਼ਰਾਬ ਤਾਂ ਸ਼ੁਰੂ ਤੋਂ ਹੀ ਪੰਜਾਬੀ ਸਭਿਆਚਾਰ ਦਾ ਅੰਗ ਰਹੀ ਹੈ ਪਰ ਹੁਣ ਨਵੀਂ ਤਰ੍ਹਾਂ ਦੇ ਰਸਾਇਣਿਕ ਨਸ਼ੇ ਵੀ ਇਸਦੇ ਨਾਲ ਮਿਲਕੇ ਤਬਾਹੀ ਮਚਾ ਰਹੇ ਹਨ।

ਹੁਣ ਤਾਂ ਪੰਜਾਬ ਵਿਚ ਇਹ ਹਾਲਾਤ ਹਨ ਕਿ 1012 ਸਾਲ ਦੇ ਬੱਚੇ ਵੀ ਨਸ਼ਿਆਂ ਦੇ ਆਦੀ ਹਨ। ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ 1835 ਸਾਲ ਦਾ ਉਮਰ ਵਰਗ ਜੋ ਕਿ ਦੇਸ਼ ਦਾ ਭਵਿੱਖ ਹੈ ਉਹ ਹੀ ਇਸ ਦੱਲਦੱਲ ਵਿਚ ਧੱਸਿਆ ਪਿਆ ਹੈ ਅਤੇ ਪੂਰੀ ਇਕ ਨੌਜਵਾਨ ਪੀੜ੍ਹੀ ਬਰਬਾਦ ਹੋ ਚੁਕੀ ਹੈ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਇਸ ਤੋਂ ਇਲਾਵਾ ਬੇਰੋਜ਼ਗਾਰੀ ਨੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਕਰ ਦਿਤਾ ਹੈ। ਬਾਹਰ ਜਾਣ ਲਈ ਵੱਖ2 ਕਾਨੂੰਨੀ ਤੇ ਗੈਰਕਾਨੂੰਨੀ ਤਰੀਕੇ ਆਪਣਾਏ ਜਾ ਰਹੇ ਹਨ। ਕੋਈ ਆਈਲੈਟਸ (95ਲ਼ਠਸ਼) ਕਰਕੇ ਜਾ ਰਿਹਾ, ਕੋਈ ਵਿਆਹ ਕਰਾ ਕੇ ਕੋਈ ਤੇ ਕਬੂਤਰਬਾਜੀ ਅਤੇ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਕੇ ਲੱਖਾਂ ਰੁਪਇਆਂ ਗਵਾ ਰਿਹਾ ਹੈ। ਬਹੁਤੇ ਨੌਜਵਾਨ ਇਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਵੀ ਨਸ਼ਿਆਂ ਵੱਲ ਜਾ ਰਹੇ ਹਨ।

ਸ਼ੁਰੂਆਤੀ ਦੌਰ ਵਿਚ ਤਾਂ ਦੇਖਾਦੇਖੀ, ਦੋਸਤਾਂ ਦੇ ਦਬਾਅ ਅਧੀਨ ਸ਼ੁਰੂਆਤ ਹੁੰਦੀ ਹੈ ਅਤੇ ਫਿਰ ਹੌਲੀ2 ਆਦਤ ਬਣ ਜਾਂਦੀ ਹੈ। ਨਸ਼ਿਆਂ ਦੇ ਪਸਾਰ ਵਿਚ ਰਾਜਨੀਤੀ ਅਤੇ ਵੋਟਾਂ ਦਾ ਬਹੁਤ ਵੱਡਾ ਹਥ ਹੈ। ਪੰਚਾਇਤੀ ਚੋਣਾਂ ਤੋਂ ਲੈ ਕੇ ਲੋਕ ਸਭਾ ਚੋਣਾਂ ਤਕ ਜਿੱਤ ਦੀ ਚਾਬੀ ਨਸ਼ੇ ਹੀ ਹਨ। ਇਕ ਬੋਤਲ ਇਕ ਵੋਟ ਤਾਂ ਆਮ ਗੱਲ ਹੈ। ਇਸ ਤੋਂ ਬਿਨਾਂ ਰਾਜਨੀਤਿਕ ਨੇਤਾਵਾਂ ਵਲੋਂ ਵੋਟਾਂ ਦੇ ਦਿਨਾਂ ਵਿਚ ਨਸ਼ਈਆਂ ਲਈ ਖਾਸ ਪ੍ਰਬੰਧ ਅਤੇ ਨਸ਼ਿਆਂ ਦੀ ਸਪਲਾਈ ਯਕੀਨੀ ਬਣਾਉਣ ਵਰਗੇ ਵਾਅਦੇ ਵੀ ਕੀਤੇ ਜਾਂਦੇ ਹਨ। ਕਈ ਕੇਸਾਂ ਵਿਚ ਤਾਂ ਨੇਤਾਵਾਂ ਦਾ ਇਕ ਫੋਨ ਹੀ ਨਸ਼ਿਆਂ ਦੀ ਸਪਲਾਈ ਲਈ ਕਾਫੀ ਹੈ। ਇਹਨਾਂ ਵੱਡੇ ਕਾਰਨਾਂ ਤੋਂ ਬਿਨਾਂ ਸਾਂਝੇ ਪਰਿਵਾਰ ਦਾ ਟੁਟਣਾ, ਮਾਤਾ ਪਿਤਾ ਦੇ ਪਿਆਰ ਵਿਚ ਕਮੀ, ਧਾਰਮਿਕ ਕਦਰਾਂ ਕੀਮਤਾਂ ਦਾ ਘਟਣਾ ਵੀ ਅਹਿਮ ਕਾਰਨ ਹਨ।

ਨਸ਼ਿਆਂ ਦੇ ਮਾਰੂ ਅਸਰ:

ਨੌਜਵਾਨਾਂ ਵਿਚ HIV/AIDS ਦੇ ਵਧਦੇ ਖਤਰੇ ਦਾ ਮੁਖ ਕਾਰਨ ਨਸ਼ੇ ਹੀ ਹਨ।
ਨਸ਼ੇ ਨਾ ਕੇਵਲ ਨਸ਼ੇੜੀ ਦੀ ਸਰੀਰਕ ਅਵਸਥਾ, ਮਾਨਸਿਕ ਸੰਤੁਲਨ ਅਤੇ ਸਮਾਜਿਕ ਰੁਤਬੇ ਨੂੰ ਤਬਾਹ ਕਰਦੇ ਹਨ ਬਲਕਿ ਊਸਦੇ ਪਰਿਵਾਰ ਨੂੰ ਵੀ ਖੇਰੂੰਖੇਰੂੰ ਕਰ ਦਿੰਦੇ ਹਨ। ਜਿਹੜੀ ਉਮਰ ਕੁਝ ਕਰਨ, ਕਿਸੇ ਮੁਕਾਮ ਤੇ ਪਹੁੰਚਣ ਦੀ ਹੁੰਦੀ ਹੈ ਉਹ ਕੀਮਤੀ ਵਕਤ/ਉਮਰ ਨਸ਼ਿਆਂ ’ਚ ਰੁਲ ਰਹੀ ਹੈ। ਇਕ ਅਧਿਐਨ ਅਨੁਸਾਰ ਪੰਜਾਬ ਦੀ ਇਕ ਪੂਰੀ ਨੌਜਵਾਨ ਪੀੜੀ ਨਸ਼ਿਆਂ ਦੀ ਭੇਂਟ ਚੜ ਚੁਕੀ ਹੈ, ਜ਼ਰਾ ਸੋਚੋ ਇਸ ਨਾਲ ਇਕ ਪਰਿਵਾਰ, ਸਮਾਜ ਅਤੇ ਦੇਸ਼ ਦਾ ਕਿੰਨਾ ਨੁਕਸਾਨ ਹੋਇਆ ਹੋਵੇਗਾ/ਹੋ ਰਿਹਾ ਹੈ।

ਘਰੇਲੂ ਹਿੰਸਾ, ਜੁਰਮਾਂ ਵਿਚ ਵਾਧਾ, ਲੜਾਈਆਂ-ਝਗੜੇ ਨਸ਼ਿਆਂ ਦੀ ਹੀ ਉਪਜ ਹਨ।

ਰਾਜਿੰਦਰਾ ਮੈਡੀਕਲ ਕਾਲਜ ਦੀ ਇਕ ਰਿਪੋਰਟ ਅਨੁਸਾਰ, ਮਤਰੇਏ ਹੀ ਨਹੀਂ ਬਲਕਿ ਸਕੇ ਬਾਪ ਵੀ ਨਸ਼ਿਆਂ ਲਈ ਆਪਣੀਆਂ ਧੀਆਂ ਤਕ ਵੇਚ ਰਹੇ ਹਨ।

ਨੌਜਵਾਨਾਂ ਵਿਚ ਵੱਧ ਰਹੀ ਨਮਰਦਾਨਗੀ ਵੀ ਨਸ਼ਿਆਂ ਦੀ ਹੀ ਦੇਣ ਹੈ।

ਰੋਕਥਾਮ ਦੇ ਤਰੀਕੇ:

ਨਸ਼ਿਆਂ ਦੀ ਇਸ ਮਹਾਂਮਾਰੀ ਨੂੰ ਠੱਲ ਪਾਉਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪ੍ਰਬਲ ਰਾਜਨੀਤਿਕ ਇੱਛਾ ਸ਼ਕਤੀ। ਇਸ ਵੇਲੇ ਪੰਜਾਬ ਵਿਚ ਨਸ਼ਿਆਂ ਖਿਲਾਫ਼ ਚੱਲ ਰਹੀ ਮੁਹਿੰਮ ਸੂਬਾ ਸਰਕਾਰ ਦੀ ਇੱਛਾ ਸ਼ਕਤੀ ਕਰਕੇ ਹੀ ਸੰਭਵ ਹੋਈ ਹੈ। ਨਸ਼ਿਆਂ ਦੇ ਐਨੇ ਵੱਡੇ ਪੱਧਰ ਤੇ ਚੱਲ ਰਹੇ ਕਾਰੋਬਾਰ ਵਿਚ ਸ਼ਾਮਲ ਵੱਡੇ ਪੱਧਰ ਦੇ ਲੋਕਾਂ ਨੂੰ ਫੜਨਾ ਤਾਂ ਹੀ ਸੰਭਵ ਹੈ ਜੇਕਰ ਸਮੇਂ ਦੀਆਂ ਸਰਕਾਰਾਂ ਅਤੇ ਪੁਲਿਸ ਮਿਲ ਕੇ ਕੰਮ ਕਰਨ।

ਲੋੜ ਹੈ, ਖੇਤੀ ਦੇ ਨਾਲ ਸਹਾਇਕ ਅਤੇ ਗੈਰਖੇਤੀ ਧੰਦੇ ਵਿਕਸਤ ਕਰਨ ਦੀ। ਇਸ ਤੋਂ ਬਿਨਾਂ ਪੇਂਡੂ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਐਨਾ ਪ੍ਰਪਕ, ਮਿਆਰੀ ਤੇ ਸੁਯੋਗ ਬਣਾਇਆ ਜਾਵੇ ਕਿ ਬੱਚੇ ਇਥੋਂ ਪੜ੍ਹ ਕੇ ਕੋਈ ਰੋਜ਼ਗਾਰ ਪ੍ਰਾਪਤ ਕਰ ਸਕਣ, ਕਿਸੇ ਨੌਕਰੀ ਦੇ ਯੋਗ ਹੋਣ ਅਤੇ ਆਪਣੇ ਹੱਥੀਂ ਕੋਈ ਕਿਰਤ ਕਰਨ ਦੇ ਸਮਰਥ ਹੋ ਸਕਣ। ਤਾਂ ਜੋ ਵਿਹਲੇ ਅਤੇ ਬੇਰੁਜ਼ਗਾਰਾਂ ਦੀ ਸੰਖਿਆ ਘਟਾਈ ਜਾਵੇ ਅਤੇ ਨੌਜਵਾਨ ਊਰਜਾ ਨੂੰ ਕੋਈ ਚੰਗੀ ਸੇਧ ਮਿਲ ਸਕੇ ਅਤੇ ਉਹ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾਉਣ।
ਪੰਜਾਬ ਦੇ ਗੁਆਂਢੀ ਰਾਜਾਂ (ਹਿਮਾਚਲ ਪ੍ਰਦੇਸ਼, ਹਰਿਆਣਾ) ਦੇ ਮੁਕਾਬਲੇ ਇਥੇ ਉਦਯੋਗਿਕ ਵਿਕਾਸ ਦੀ ਦਰ ਬਹੁਤ ਘਟ ਹੈ। ਪਿੱਛਲੇ ਕੁਝ ਸਮੇਂ ਦੌਰਾਨ, ਕੁਝ ਗੱਲਤ ਨੀਤੀਆਂ ਕਰਕੇ, ਮੌਜੂਦਾ ਉਦਯੋਗ ਵੀ ਗੁਆਂਢੀ ਰਾਜਾਂ ਵਲ ਜਾਣ ਲਗੇ ਹਨ। ਸੋ, ਲੋੜ ਹੈ ਸੁਚਾਰੂ ਅਤੇ ਸਨਅਤ ਦੇ ਵਿਕਾਸ ਲਈ ਨੀਤੀਆਂ ਬਣਾਉਣ ਦੀ ਤਾਂ ਜੋ ਬਾਹਰ ਜਾ ਰਹੀ ਸਨਅਤ ਨੂੰ ਬਚਾਇਆ ਜਾ ਸਕੇ ਅਤੇ ਨਵੇਂ ਉਦਯੋਗ ਲਾਏ ਜਾਣ, ਮੌਜੂਦਾ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਰੋਜ਼ਗਾਰ ਦੇ ਜ਼ਿਆਦਾ ਮੌਕੇ ਉਪਲੱਬਧ ਹੋਣ।

ਧਾਰਮਿਕ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ਿਆਂ ਖਿਲਾਫ਼ ਸੰਘਰਸ਼ ਵਿਚ ਸ਼ਾਮਲ ਹੋਣ। ਜਿਸ ਤਰ੍ਹਾਂ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੇ ਭਰੂਣ ਹੱਤਿਆ ਖਿਲਾਫ਼ ਹੁਕਮਨਾਮਾ ਜਾਰੀ ਕੀਤਾ ਹੈ, ਇਹੋ ਜਿਹੇ ਉਸਾਰੂ ਕਦਮ ਇਸ ਦਿਸ਼ਾ ਵਿਚ ਵੀ ਚੁੱਕਣ ਦੀ ਲੋੜ ਹੈ। ਪੰਜਾਬ ਵਿਚ ਨਸ਼ਿਆਂ ਖਿਲਾਫ਼ ਚਲ ਰਹੀ ਜੰਗ ਦੌਰਾਨ ਮੀਡੀਆ ਨੇ ਬਹੁਤ ਹੀ ਮਹੱਤਵਪੂਰਨ ਅਤੇ ਸੁਚਾਰੂ ਰੋਲ ਅਦਾ ਕੀਤਾ ਹੈ। ਬਸ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਮੀਡੀਆ ਜਨਤਾ ਅਤੇ ਸਰਕਾਰਾਂ ਨੂੰ ਜਾਗਰੂਕ ਕਰਨ ਵਿਚ ਸ਼ਲਾਘਾਯੋਗ ਕੰਮ ਕਰਦਾ ਰਹੇ।

ਨਸ਼ਿਆਂ ਦੇ ਮਾਰੂ ਅਸਰ ਨੂੰ ਦੇਖਦੇ ਹੋਏ ਨੌਜਵਾਨਾਂ ਨੂੰ ਖੁਦ ਜਾਗਰੂਕ ਹੋਣ ਦੀ ਬਹੁਤ ਲੋੜ ਹੈ। ਇਸ ਤੋਂ ਬਿਨਾਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਮਿਲ ਕੇ ਨਸ਼ਿਆਂ ਖਿਲਾਫ ਜੰਗ ਛੇੜਨ ਤਾਂ ਉਸਾਰੂ ਨਤੀਜੇ ਸਾਹਮਣੇ ਆ ਸਕਦੇ ਹਨ। ਬਾਅਦ ਵਿਚ ਨਸ਼ੇ ਕਰਨ ਤੋਂ ਰੋਕਣ ਦੀ ਬਜਾਇ ਇਸ ਗੱਲ ਤੇ ਜ਼ਿਆਦਾ ਧਿਆਨ ਦਿਤਾ ਜਾਵੇ ਕਿ ਨੌਜਵਾਨ ਪਹਿਲਾਂ ਹੀ ਇਸ ਪਾਸੇ ਨਾਂ ਜਾਣ, ਉਹਨਾਂ ਨੂੰ ਵੱਧ ਤੋਂ ਵੱਧ ਮੌਕੇ ਦਿਤੇ ਜਾਣ ਤਾਂ ਜੋ ਨੌਜਵਾਨ ਊਰਜਾ ਨੂੰ ਉਸਾਰੂ ਪਾਸੇ ਮੋੜਿਆ ਜਾਵੇ ਤੇ ਸਮਾਜ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>