ਇਸਲਾਮਾਬਾਦ – ਪਾਕਿਸਤਾਨ ਦੇ ਮੁਲਤਾਨ ਸ਼ਹਿਰ ਵਿੱਚ ਇਮਰਾਨ ਖਾਨ ਵੱਲੋਂ ਸਰਕਾਰ ਦੇ ਖਿਲਾਫ਼ ਕੀਤੇ ਜਾ ਰਹੇ ਰਾਜਨੀਤਕ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਮੱਚੀ ਭਗਦੜ ਵਿੱਚ ਘੱਟ ਤੋਂ ਘੱਟ 6 ਲੋਕ ਮਾਰੇ ਗਏ ਅਤੇ 42 ਲੋਕ ਜਖਮੀ ਹੋ ਗਏ ਹਨ।
ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਇਮਰਾਨ ਖਾਨ ਦੇ ਭਾਸ਼ਣ ਤੋਂ ਬਾਅਦ ਜਦੋਂ ਲੋਕ ਸਟੇਡੀਅਮ ਤੋਂ ਬਾਹਰ ਨਿਕਲਣ ਦੀ ਕੋਸਿ਼ਸ਼ ਕਰ ਰਹੇ ਸਨ ਤਾਂ ਉਸ ਸਮੇਂ ਹਫੜਾ-ਦਫੜੀ ਮੱਚ ਗਈ। ਇਮਰਾਨ ਨੇ ਰਾਜ ਦੇ ਪ੍ਰਸ਼ਾਸਨ ਨੂੰ ਇਸ ਲਈ ਜਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਪੁਲਿਸ ਅਤੇ ਪ੍ਰਸ਼ਾਸਨ ਨੇ ਕੋਈ ਸਹਿਯੋਗ ਨਹੀਂ ਦਿੱਤਾ। ਜਖਮੀਆਂ ਨੂੰ ਮੁਲਤਾਨ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕੋਈ ਵੀ ਵਿਅਕਤੀ ਗੰਭਰਿ ਰੂਪ ਵਿੱਚ ਜਖਮੀ ਨਹੀਂ ਹੋਇਆ। ਇਸ ਰੈਲੀ ਵਿੱਚ ਭਾਰੀ ਸੰਖਿਆ ਵਿੱਚ ਲੋਕ ਮੌਜੂਦ ਸਨ।
ਇਮਰਾਨ ਖਾਨ ਪਿੱਛਲੇ ਕੁਝ ਅਰਸੇ ਤੋਂ ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਵੱਲੋਂ ਇਹ ਆਰੋਪ ਲਗਾਇਆ ਜਾ ਰਿਹਾ ਹੈ ਕਿ ਸ਼ਰੀਫ਼ ਨੇ ਪਿੱਛਲੇ ਸਾਲ ਵੋਟਾਂ ਦੀ ਹੇਰਾਫੇਰੀ ਕਰਕੇ ਚੋਣ ਜਿੱਤੀ ਹੈ। ਇਸ ਲਈ ਦੁਬਾਰਾ ਇਲੈਕਸ਼ਨ ਹੋਣੀ ਚਾਹੀਦੀ ਹੈ।
ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪ੍ਰਤੀ ਅਫਸੋਸ ਜਾਹਿਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਸਥਾਨਕ ਸਿਹਤ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤਾ ਹੈ ਕਿ ਜਖਮੀਆਂ ਦਾ ਇਲਾਜ ਬੇਹਤਰ ਢੰਗ ਨਾਲ ਕੀਤਾ ਜਾਵੇ।